ਚੱਕਰਵਾਤ – ਮੇਜਰ ਮਾਂਗਟ

ਉਹ ਕੰਧ ਦਾ ਆਸਰਾ ਲੈ ਕੇ ਖਿੜਕੀ ਕੋਲ ਆ ਖੜ੍ਹਿਆ। ਬਾਹਰ, ਸੜਕ ‘ਤੇ ਕਾਰਾਂ ਅੰਨ੍ਹੇਵਾਹ ਦੌੜ ਰਹੀਆਂ ਸਨ। ‘ਪਤਾ ਨਹੀਂ ਲੋਕਾਂ ਨੂੰ ਕੀ ਕਾਹਲ ਪਈ ਹੋਈ ਆ’ ਉਹ ਸੋਚਣ ਲੱਗਿਆ। ‘ਸਾਰਿਆਂ ਨੇ ਇੱਕ ਦਿਨ ਏਸੇ ਤਰ੍ਹਾਂ ਮੁੱਕ ਜਾਣੈ ਜਿਵੇਂ ਲੈਸਲੀ ਮੁੱਕ ਗਿਆ’ ਪਰ ਫਿਊਨਰਲ ਵਾਲੀਆਂ ਕਾਰਾਂ, ਉਸ ਨੂੰ ਦੂਰ ਤੱਕ ਦਿਖਾਈ ਨਾ ਦਿੱਤੀਆਂ। ਉਸ ਨੇ ਘੜੀ ਦੇਖੀ। ਦੋ ਵੱਜ ਚੁੱਕੇ ਸਨ। ਏਹੋ ਤਾਂ ਸਮਾਂ ਸੀ ਫਿਊਨਰਲ ਦਾ। ਉਹ ਉਦਾਸ ਹੋ ਗਿਆ। ਫੇਰ ਸੋਚਣ ਲੱਗਿਆ ‘ਜਾਣਾ ਤਾਂ ਇੱਕ ਦਿਨ ਮੈਂ ਵੀ ਏ… ਪਤਾ ਨਹੀਂ ਮੇਰੇ ਨਾਲ ਵੀ ਕੀ ਬੀਤੇਗੀ? ਮੁੰਡੇ ਮੇਰੇ ਫਿਊਨਰਲ ‘ਤੇ ਆਉਂਣਗੇ ਵੀ ਜਾ ਨਹੀਂ?’ ਉਸ ਨੇ ਫੇਰ ਨਜ਼ਰ ਦੁਮੇਲ ‘ਤੇ ਗੱਡ ਦਿੱਤੀ।

Major Mangat
Major Mangat

ਅੱਜ ਉਸ ਦੇ ਦੁਆਲੇ ਰੌਬਰਟ, ਗਰਿੱਗ ਅਤੇ ਜੌਰਜ ਵਿਚੋਂ ਕੋਈ ਵੀ ਨਹੀਂ ਸੀ। ਰੌਬਰਟ ਜੋ ਵਾਕਰ ਲੈ ਕੇ ਇਸ ਵੇਲੇ ਰੋਜ਼ਾਨਾ ਹਾਲ ਵੇਅ ਵਿਚ ਚਾਰ ਪੰਜ ਗੇੜੇ ਕੱਢਦਾ ਹੈ। ਗੈਸਟ ਰੂਮ ਵਿੱਚ ਟੀ.ਵੀ. ਇਕੱਲਾ ਹੀ ਚੱਲ ਰਿਹਾ ਸੀ ਅਤੇ ਖਾਲੀ ਸੋਫੇ ਮਹਿਮਾਨਾਂ ਨੂੰ ਉਡੀਕ ਰਹੇ ਸਨ। ਕਦੇ ਹੈਰੀ ਵੀ ਇਸੇ ਤਰ੍ਹਾਂ ਭਾਰਤ ਤੋਂ ਆਉਣ ਵਾਲੀਆਂ ਚਿੱਠੀਆਂ ਨੂੰ ਉਡੀਕਿਆ ਕਰਦਾ ਸੀ। ਪਰ ਹੁਣ ਤਾਂ ਉਸ ਦਾ ਭਾਰਤ ਵਿੱਚ ਕੋਈ ਵੀ ਨਹੀਂ ਸੀ। ਕਦੇ ਕਦੇ ਉਸ ਨੂੰ ਅਪਣਾ ਪਿੰਡ ਬਹੁਤ ਯਾਦ ਆਉਂਦਾ। ਪਰ ਉਸ ਨੇ ਉੱਥੇ ਜਾਣਾ ਕਿਸ ਕੋਲ ਸੀ? ਉਹ ਸੋਚਦਾ, ‘ਹੁਣ ਤਾਂ ਮੈਨੂੰ ਸਾਰੇ ਭੁੱਲ ਭੁਲਾ ਗਏ ਹੋਣੇ ਨੇ’ ਉਸ ਨੇ ਇੱਕ ਵਾਰ ਫੇਰ ਖਿੜਕੀ ਦਾ ਪਰਦਾ ਹਟਾਇਆ। ਮੇਪਲ ਅਤੇ ਸੀਡਰ ਦੇ ਦਰਖ਼ਤ ਹਵਾ ਨਾਲ ਝੂਮ ਰਹੇ ਸਨ। ਮਿਊਂਸਪੈਲਿਟੀ ਦੇ ਫੁਹਾਰੇ ਹਰੇ ਕਚੂਰ ਘਾਹ ‘ਤੇ ਵਰਖਾ ਕਰ ਰਹੇ ਸਨ। ‘ਜ਼ਿੰਦਗੀ ਕਿੰਨੀ ਖੂਬਸੂਰਤ ਹੈ। ਪਰ ਜਦੋਂ ਇਹ ਹੱਥੋਂ ਤਿਲਕਦੀ ਏ, ਤਾਂ ਹੋਰ ਵੀ ਖੂਬਸੂਰਤ ਲੱਗਣ ਲੱਗ ਜਾਂਦੀ ਆ’ ਲੈਸਲੀ ਦੀ ਮੌਤ ਨੇ ਉਸ ਨੂੰ ਧੁਰ ਅੰਦਰ ਤੱਕ ਹਲੂਣ ਦਿੱਤਾ ਸੀ।
ਇੱਕ ਹੌਲ ਜਿਹਾ ਉਸਦੀ ਨਾਭੀ ‘ਚੋਂ ਉੱਠਦਾ ਤੇ ਸਿਰ ਨੂੰ ਚੜ੍ਹ ਜਾਂਦਾ। ਹਰਨਾਮ ਨੂੰ ਅੱਜ ਅਪਣੇ ਬੇਟੇ ਦਾਨਵੀਰ ਅਤੇ ਰਵਨੀਤ ਬਹੁਤ ਯਾਦ ਆ ਰਹੇ ਸਨ। ਦਾਨਵੀਰ ਦਾ ਇਹ ਨਾਂ ਤਾਂ ਸਿਰਫ਼ ਹਰਨਾਮ ਨੂੰ ਹੀ ਪਤੈ। ਬਾਕੀ ਤਾਂ ਸਾਰੇ ਉਸ ਨੂੰ ਡੈਨੀ ਹੀ ਕਹਿੰਦੇ ਨੇ। ਜੋ ਦਾਨਵੀਰ ਧਨੋਆ ਤੋਂ ਡੈਨੀ ਡਨੋਆ ਬਣ ਗਿਆ। ਰਵਨੀਤ ਦੀ ਪਛਾਣ ਹੁਣ ਰੌਨ ਹੈ। ਕਿੰਨੇ ਚੁਣ ਚੁਣ ਕੇ ਨਾਂ ਰੱਖੇ ਸਨ ਉਸਦੀ ਪਤਨੀ ਤੇਜੋ ਨੇ। ਫੇਰ ਹਰਨਾਮ ਨੂੰ ਉਹ ਦਿਨ ਵੀ ਯਾਦ ਆਏ ਜਦੋਂ ਉਹ ਬੱਚਿਆਂ ਦੇ ਨਾਂ ਦਾ ਪਹਿਲਾ ਅੱਖਰ ਕਢਵਾਉਣ ਗੁਰਦੁਵਾਰੇ ਗਏ ਸਨ। ਉਦੋਂ ਟੋਰਾਂਟੋ ਏਰੀਏ ਵਿੱਚ ਸਿਰਫ ਇੱਕ ਹੀ ਗੁਰਦੁਵਾਰਾ ਸੀ, ਪੇਪ ਵਾਲਾ। ਫੇਰ ਜਿਉਂ ਜਿਉਂ ਗੁਰਦੁਵਾਰੇ ਵਧਦੇ ਗਏ, ਲੜਾਈਆਂ ਵੀ ਵਧ ਗਈਆਂ। ਪਰ ਉਸ ਦੀ ਤਾਂ ਅਪਣੇ ਬੱਚਿਆਂ ਨਾਲ ਕੋਈ ਲੜਾਈ ਨਹੀਂ ਸੀ ਹੋਈ। ਫੇਰ ਕਿਹੜਾ ਸੱਪ ਸੁੰਘ ਗਿਆ ਸੀ, ਉਨ੍ਹਾਂ ਦੇ ਰਿਸ਼ਤੇ ਨੂੰ? ਉਹ ਹੋਰ ਵੀ ਪ੍ਰੇਸ਼ਾਨ ਹੋ ਗਿਆ।

ਉਸ ਨੇ ਦੇਖਿਆ ਕਿ ਸਪੈਨਸ਼ ਮਰੀਆ ਟੌਮ ਐਮਬਰੋ ਨੂੰ ਵ੍ਹੀਲ ਚੇਅਰ ‘ਚ ਬਿਠਾਈ ਘੁਮਾਉਣ ਲਈ ਆ ਰਹੀ ਸੀ। ਉਸ ਨੇ ‘ਹੈਲੋ ਹੈਰੀ’ ਕਿਹਾ, ਤੇ ਲੰਘ ਗਈ। ਹਰਨਾਮ ਤੋਂ ਹੈਰੀ ਤਾਂ ਉਸਦੇ ਦੋਸਤਾਂ ਨੇ ਉਸ ਨੂੰ ਮੁਦੱਤਾਂ ਪਹਿਲਾਂ ਹੀ ਬਣਾ ਦਿੱਤਾ ਸੀ। ਹੁਣ ਤਾਂ ਉਹ ਵੀ ਹਰ ਕਿਸੇ ਨੂੰ ਅਪਣਾ ਨਾਂ ਹੈਰੀ ਹੀ ਦੱਸਣ ਲੱਗ ਪਿਆ ਸੀ। ਇਸ ਸੀਨੀਅਰ ਹੋਮ ਵਿੱਚ ਵੀ ਸਾਰੇ ਉਸ ਨੂੰ ਹੈਰੀ ਦੇ ਨਾਮ ਨਾਲ ਹੀ ਜਾਣਦੇ ਹਨ।

ਫੇਰ ਉਸ ਨੇ ਖਿੜਕੀ ‘ਚੋਂ ਬਾਹਰ ਦੇਖਿਆ, ਸਾਰੀ ਕੁਈਨ ਸਟਰੀਟ ਕਾਰਾਂ ਨਾਲ ਭਰੀ ਪਈ ਸੀ। ਸਕੌਟ ਫਿਊਨਰਿਲ ਹੋਮ ਵੀ ਏਥੋਂ ਕੋਈ ਬਹੁਤਾ ਦੂਰ ਨਹੀਂ ਸੀ। ਕਰੈਡਿਟ ਵੈਲੀ ਸਮਿੱਟਰੀ ਨੂੰ ਜਾਣ ਵਾਲੇ ਕਾਫ਼ਲੇ ਏਸੇ ਰਸਤਿਓ ਗੁਜ਼ਰਦੇ ਸਨ। ਹਰਨਾਮ ਅਪਣੇ ਪਿਆਰੇ ਮਿੱਤਰ ਲੈਸਲੀ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਤਾਂ ਨਹੀਂ ਸੀ ਹੋ ਸਕਿਆ, ਘੱਟੋ ਘੱਟ ਉਸਦੀ ਅੰਤਿਮ ਯਾਤਰਾ ਦੇਖ ਤਾਂ ਸਕਦਾ ਸੀ?

ਉਸਨੇ ਮੈਡੀ-ਕਾਰਟ ਲਈ ਜਾ ਰਹੀ ਨਰਸ ਮੈਰੀ ਤੋਂ ਪੁੱਛਿਆ, “ਭਲਾਂ ਲੈਸਲੀ ਦੇ ਫਿਊਨਰਲ ਦਾ ਕੀ ਟਾਈਮ ਸੀ?” “ਮਿਸਟਰ ਹੈਰੀ ਟੂ ਓ ਕਲਾਕ” ਉਹ ਬੋਲੀ। ਪਰ ਹਰਨਾਮ ਅੱਗੋਂ ਹੋਰ ਕੋਈ ਸਵਾਲ ਨਾ ਪੁੱਛ ਸਕਿਆ। ਹੁਣ ਉਹ ਸੋਚ ਰਿਹਾ ਸੀ, ‘ਲੈਸਲੀ ਵੀ ਤਾਂ ਅਪਣੇ ਧੀਆਂ ਪੁੱਤਰਾਂ ਦੀਆਂ ਐਨੀਆਂ ਗੱਲਾਂ ਕਰਿਆ ਕਰਦਾ ਸੀ। ਪਤਾ ਨਹੀਂ ਉਹ ਹੁਣ ਅੰਤਿਮ ਵੇਲੇ ਆਏ ਹੋਣਗੇ ਕਿ ਨਹੀਂ? ਦੱਸਿਆ ਕਰਦਾ ਸੀ ਕਿ ‘ਦੋ ਵੱਡੇ ਤਾਂ ਫਿਲਪਾਈਨ ਵਿੱਚ ਈ ਨੇ, ਇੱਕ ਇੰਗਲੈਂਡ ‘ਚ ਹੈ ਤੇ ਇੱਕ ਏਥੇ ਹੀ ਹੈ ਕੈਨੇਡਾ ਵਿੱਚ’ ਕਿਵੇਂ ਵਿਚਾਰਾ ਸਾਰੀ ਉਮਰ ਫੈਕਟਰੀਆਂ ਵਿੱਚ ਕੰਮ ਕਰਦਾ ਰਿਹਾ। ਜਦੋਂ ਬੁਢਾਪੇ ‘ਚ ਸੰਭਾਲਣਾ ਪਿਆ ਤਾਂ ਸੁੱਟ ਗਏ ਸੀਨੀਅਰ ਹੋਮ। ਅਖੇ ਸਾਡੇ ਕੋਲ ਟਾਈਮ ਨੀ… ਗਧੇ ਕਿਸੇ ਥਾਂ ਦੇ’

ਉਹ ਕਮਰਿਆਂ ਦੇ ਅੱਗੋਂ, ਹਾਲ ਵੇਅ ਵਿੱਚ ਫੇਰ ਗੈਸਟ ਰੂਮ ਵਲ ਨੂੰ ਤੁਰ ਪਿਆ। ਮੌਰਗਨ ਦੇ ਕਮਰੇ ਅੱਗੇ ਇੱਕ ਔਰਤ ਅਪਣੇ ਦੋ ਬੱਚੇ ਲਈ ਖੜੀ ਸੀ। ਇਹ ਉਸ ਦੀ ਸਭ ਤੋਂ ਵੱਡੀ ਧੀ ਮਿਸ਼ੈੱਲ ਸੀ। ਜੋ ਕਦੀ ਕਦਾਈਂ ਬੱਚਿਆਂ ਨੂੰ ਅਪਣੇ ਨਾਨੇ ਨੂੰ ਮਿਲਾਉਣ ਲੈ ਆਂਉਦੀ। ਜਦੋਂ ਆਉਂਦੀ ਤਾਂ ਘਰੋਂ ਬਣਾਇਆ ਖਾਣਾ ਵੀ ਲਿਆਉਂਦੀ। ਪਰ ਹਰਨਾਮ ਨੂੰ ਤਾਂ ਘਰਦਾ ਖਾਣਾ ਖਾਧਿਆਂ ਯੁੱਗੜੇ ਬੀਤ ਗਏੇ ਸਨ। ਕਦੇ ਕਦੇ ਉਸਦਾ ਦਿਲ ਸਾਗ ਅਤੇ ਮੱਕੀ ਦੀ ਰੋਟੀ ਖਾਣ ਨੂੰ ਕਰਦਾ ਤੇ ਕਦੇ ਬੇਬੇ ਦੀ ਬਣਾਈ ਮਾਂਹ ਛੋਲਿਆਂ ਦੀ ਤੁੜਕੀ ਹੋਈ ਦਾਲ਼ ਵੀ ਬਹੁਤ ਯਾਦ ਆਉਂਦੀ। ਪਰ ਬੇਬੇ ਦੇ ਜਹਾਨੋਂ ਤੁਰ ਜਾਣ ਨਾਲ ਇਹ ਸਾਰਾ ਕੁੱਝ ਵੀ ਤਾਂ ਤੁਰ ਗਿਆ ਸੀ। ਉਸਦੀ ਬੇਬੇ ਉਸਦੇ ਸੁਪਨਿਆਂ ਵਿੱਚ ਅਜੇ ਵੀ ਅਕਸਰ ਆਉਂਦੀ ਹੈ। ਉਹ ਸੋਚਦਾ ਹੈ, ‘ਜ਼ਿੰਦਗੀ ਹੈ ਤਾਂ ਬਹੁਤ ਖੂਬਸੂਰਤ ਪਰ ਲੋਕਾਂ ਨੂੰ ਇਸਦੇ ਮਾਨਣ ਦਾ ਪਤਾ ਹੀ ਨਹੀਂ। ਫੇਰ ਜਦੋਂ ਇਹ ਸਾਬਣ ਦੀ ਗਿੱਲੀ ਟਿੱਕੀ ਵਾਂਗੂੰ ਹੱਥਾਂ ‘ਚੋਂ ਤਿਲਕਣ ਲੱਗਦੀ ਆ ਤਾਂ ਕਿਤੇ ਜਾ ਕੇ ਪਤਾ ਲੱਗਦੈ’ ਉਸਦੇ ਧੀਆਂ-ਪੁੱਤਰ ਵੀ ਤਾਂ ਉਸਦੀ ਜ਼ਿੰਦਗੀ ‘ਚੋਂ ਏਵੇਂ ਹੀ ਤਿਲਕ ਗਏ ਨੇ…। ਉਹ ਸੋਚਣ ਲੱਗਿਆ।

ਅੱਜ ਤਾਂ ਹਰਨਾਮ ਨੂੰ ਅਪਣੀ ਦਸ ਸਾਲ ਪਹਿਲਾਂ ਵਿਛੜ ਚੁੱਕੀ ਪਤਨੀ ਤੇਜੋ ਵੀ ਬਹੁਤ ਯਾਦ ਆ ਰਹੀ ਸੀ। ਉਹ ਸੋਚਣ ਲੱਗਿਆ ‘ਭਲਾਂ ਇਕੱਲੇ ਬੰਦੇ ਦੀ ਵੀ ਕੀ ਜੂਨ ਆ? ਮਾਂ ਤੋਂ ਬਾਅਦ ਜੇ ਕੋਈ ਸਾਥ ਨਿਭਿਆ ਤਾਂ ਪਤਨੀ ਦਾ ਈ ਸੀ। ਕਿਵੇਂ ਉਹ ਹਰ ਦੁੱਖ ਸੁੱਖ ਵਿੱਚ ਮੇਰੇ ਨਾਲ ਨਿਭਦੀ ਰਹੀ। ਮੇਰੇ ਖਾਣ ਪੀਣ ਦਾ ਵੀ ਕਿੰਨਾ ਖ਼ਿਆਲ ਰੱਖਿਆ ਕਰਦੀ ਸੀ। ਜਦੋਂ ਉਹ ਤੁਰ ਗਈ, ਬੱਸ ਜੀਵਨ ਦੇ ਸਾਕ ਹੀ ਜਿਵੇਂ ਤੁਰ ਗਏ। ਧੀਆਂ-ਪੁੱਤ ਵੀ ਉਦੋਂ ਤੱਕ ਹੀ ਸਨ ਜਦ ਤੱਕ ਤੇਜੋ ਸੀ। ਤੇਜੋ ਦੀਆਂ ਕਿਡਨੀਆਂ ਸ਼ੂਗਰ ਖਾਅ ਗਈ। ਨਹੀਂ ਉਹ ਕਿੱਥੇ ਮਰਦੀ ਸੀ? ਮੈਂ ਕਿੰਨੇ ਸਾਲ ਉਸ ਨੂੰ ਡਾਇਲਸਿਸ ‘ਤੇ ਲੈ ਕੇ ਜਾਂਦਾ ਰਿਹਾ। ਮੁੰਡੇ, ਰੰਨਾਂ ਦੇ ਮੁਰੀਦ, ਤਾਂ ਉਦੋਂ ਵੀ ਆਖਦੇ ਰਹੇ ਕਿ ‘ਸਾਡੇ ਕੋਲ ਟੈਮ ਨੀ’। ਅਖੇ ਮੌਮ ਨੂੰ ਸੀਨੀਅਰ ਹੋਮ ਛੱਡ ਦਿੰਦੇ ਆਂ। ਆਪੇ ਟੇਕ ਕੇਅਰ ਕਰਨਗੇ’। ਮੈਂ ਕਿਹਾ ਖ਼ਬਰਦਾਰ ਜੇ ਮੁੜ ਕੇ ਇਹ ਕਿਹੈ। ਮੈਂ ਮਰ ਤਾਂ ਨੀ ਗਿਆ? ਆਪੇ ਕਰਾਂਗਾ ਤੇਜੋ ਦੀ ਟੇਕ ਕੇਅਰ। ਹੁਣ ਜੇ ਉਹ ਜੀਊਂਦੀ ਹੁੰਦੀ ਤਾਂ ਕਿਤੇ ਮੈਨੂੰ ਇਉਂ ਰੁਲਣ ਦਿੰਦੀ? ਹਰਨਾਮ ਦੀਆਂ ਅੱਖਾਂ ‘ਚੋਂ ਆਪ ਮੁਹਾਰੇ ਹੰਝੂਆਂ ਦੀਆਂ ਘਰਾਲ਼ਾਂ ਵਹਿ ਤੁਰੀਆਂ। ਜਿਨ੍ਹਾਂ ਨੂੰ ਉਸ ਨੇ ਟਿਸ਼ੂ ਪੇਪਰ ਨਾਲ ਪੂੰਝ ਸੁੱਟਿਆ।

ਹੁਣ ਉਹ ਲੱਤਾਂ ਘਸੀਟਦਾ ਗੈਸਟ ਰੂਮ ਵਲ ਨੂੰ ਤੁਰਿਆ ਜਾ ਰਿਹਾ ਸੀ। ਅੱਗੇ ਟੀ.ਵੀ ਤੇ ਸੀ.ਬੀ.ਸੀ ਤੋਂ ਨਿਊਜ਼ ਚੱਲ ਰਹੀਆਂ ਸਨ। ਪਾਕਿਸਤਾਨ ਵਿੱਚ ਕੁੱਝ ਅੱਤਵਾਦੀ ਸਰਗਣਿਆਂ ਦਾ ਬਦਲਾ ਆਮ ਸਧਾਰਨ ਲੋਕਾਂ ਨੂੰ ਬੰਬਾਂ ਦਾ ਸ਼ਿਕਾਰ ਬਣਾ ਕੇ ਲਿਆ ਜਾ ਰਿਹਾ ਏ। ਇਹ ਵੀ ਉਸ ਨੇ ਖ਼ਬਰਾਂ ਵਿੱਚ ਹੀ ਸੁਣਿਆ ਸੀ ਕਿ ਕਿਵੇਂ ਅਮਰੀਕਨ ਨੇਵੀ ਸੀਲਜ਼ ਦੇ ਕਮਾਂਡੋਜ਼ ਨੇ ਚੌਪਰਜ਼ ਹੈਲੀਕਾਪਟਰਾਂ ਰਾਹੀਂ ਓਪ੍ਰੇਸ਼ਨ ਕਰਕੇ ਵਿਸ਼ਵ ਪ੍ਰਸਿੱਧ ਦਹਿਸ਼ਤਗਰਦ ਓਸਾਮਾ ਨੂੰ ਮਾਰ ਮੁਕਾਇਐ। ਹੁਣ ਅਮਰੀਕਾ ਖੁਸ਼ ਸੀ ਕਿ ਉਸ ਨੇ ਨੌਂ ਗਿਆਰਾਂ ਵਾਲਾ ਬਦਲਾ ਲੈ ਲਿਆ ਹੈ। ਵਾe੍ਹੀਟ ਹਾਊਸ ਅੱਗੇ ਖੁਸ਼ੀ ‘ਚ ਨੱਚ ਰਹੇ ਲੋਕਾਂ ਦੇ ਦ੍ਰਿਸ਼ ਦਿਖਾਏ ਜਾ ਰਹੇ ਸਨ। ਪਰ ਹਰਨਾਮ ਦਾ ਮੂਡ ਤਾਂ ਅੱਜ ਬੁਝਿਆ ਪਿਆ ਸੀ।

ਇਸਦੇ ਨਾਲ ਹੀ ਦੂਸਰੀ ਵੱਡੀ ਖ਼ਬਰ ਦਿਖਾਈ ਜਾ ਰਹੀ ਸੀ ਕਿ ਕਿਵੇਂ ਉੱਤਰੀ ਅਮਰੀਕਾ ਵਿੱਚ ਇੱਕ ਟਰਨੈਡੋ ਨੇ ਅਲਬਾਮਾ, ਵਹਾਮਸ, ਮਿਆਮੀ ਅਤੇ ਅਰਲੈਂਡੋ ਵਿੱਚ ਤਬਾਹੀ ਮਚਾਈ ਹੋਈ ਹੈ। ਲੋਕ ਇਸ ਦੀ ਦਹਿਸ਼ਤ ਤੋਂ ਤ੍ਰਾਹ ਤ੍ਰਾਹ ਕਰ ਰਹੇ ਸਨ। ਘਰ ਢਹਿ ਗਏ। ਸੈਂਕੜੇ ਲੋਕ ਮਰ ਗਏ। ਗੱਡੀਆਂ ਮੋਟਰਾਂ ਤਬਾਹ ਹੋ ਗਈਆਂ। ਕਈ ਕਾਰਾਂ ਤਾਂ ਦਰਖ਼ਤਾਂ ‘ਤੇ ਪੁੱਠੀਆਂ ਲਟਕ ਰਹੀਆਂ ਸਨ। ਅਮਰੀਕਾ ਵਿੱਚ ਅਜਿਹਾਂ ਹਰ ਵਰ੍ਹੇ ਹੀ ਵਾਪਰਦਾ ਹੈ। ਕਦੇ ਟਰਨੈਡੋ ਤੇ ਕਦੀ ਸਾਈਕਲੋਨ। ਖ਼ਬਰਾਂ ਵਿੱਚ ਇਸ ਵਾਵਰੋਲੇ ਦੀ ਅਸਮਾਨ ਛੂੰਹਦੀ ਬੋਦੀ ਨੂੰ ਘੁੰਮਦਿਆਂ ਤੇ ਸਾਰਾ ਕੁੱਝ ਅਪਣੀ ਲਪੇਟ ਵਿੱਚ ਲੈਂਦਿਆ ਲਾਈਵ ਦਿਖਾਇਆ ਜਾ ਰਿਹਾ ਸੀ। ਇਸੇ ਤਰ੍ਹਾਂ ਸਮੁੰਦਰੀ ਤੂਫ਼ਾਨ ਆਉਣ ਵੇਲੇ ਵੀ ਰਿਪੋਰਟਰ ਅਪਣੀ ਜਾਨ ਜੋਖ਼ਮ ਵਿੱਚ ਪਾ ਕੇ ਕਵਰੇਜ਼ ਕਰਦੇ। ਟੈਲੀਵੀਜ਼ਨ ‘ਤੇ ਅਸਮਾਨ ਵਿੱਚ ਧੂੰਆ ਤੇ ਗਹਿਰ ਛਾਈ ਹੋਈ ਦਿਖਾਈ ਦੇ ਰਹੀ ਸੀ। ਪਰ ਟੋਰਾਂਟੋ ਵਿੱਚ ਤਾਂ ਅਜਿਹਾ ਕੁੱਝ ਵੀ ਨਹੀਂ ਸੀ। ਬੱਸ ਹਰਨਾਮ ਦੇ ਅਪਣੇ ਅੰਦਰ ਹੀ ਕੋਈ ਤੂਫ਼ਾਨ ਝੁੱਲ ਰਿਹਾ ਸੀ।

ਇਹ ਵਾਵਰੋਲਾ ਦੇਖਕੇ ਤਾਂ ਉਸ ਨੂੰ ਅਪਣਾ ਬਚਪਨ ਯਾਦ ਆ ਗਿਆ ਸੀ। ਜਦੋਂ ਉਸਦੀ ਮਾਂ ਪ੍ਰਸਿੰਨੀ ਕਿਹਾ ਕਰਦੀ ਸੀ “ਵੇ ਨ੍ਹਾਮਿਆਂ ਵਰਵਰੋਲਿਆ ‘ਚ ਨੀ ਖੇਡੀਦਾ, ਵੇ ਏਹਨਾਂ ‘ਚ ਭੂਤ ਹੁੰਦੇ ਨੇ” ਫੇਰ ਇਹ ਵਾਵਰੋਲੇ ਕਣਕ ਦੀਆਂ ਭਰੀਆਂ ਉਡਾ ਕੇ ਲੈ ਜਾਂਦੇ। ਕਦੇ ਉਸ ਨੂੰ ਰਮਾਇਣ ਤੇ ਮਹਾਭਾਰਤ ‘ਚ ਸੁਣੀਆਂ ਕਹਾਣੀਆਂ ਯਾਦ ਆ ਜਾਂਦੀਆਂ, ਜਿਸ ਵਿੱਚ ਪੂਤਨਾ ਅਤੇ ਤਾੜਕਾ ਵਰਗੀਆਂ ਚੁੜੇਲਾਂ ਮੂੰਹ ‘ਚੋਂ ਅਗਨੀ ਕੱਢਦੀਆਂ ਤੂਫ਼ਾਨ ਬਣਕੇ ਝੁਲਦੀਆਂ ਤੇ ਸਭ ਕੁੱਝ ਨਾਸ਼ ਕਰ ਦਿੰਦੀਆਂ। ‘ਇਹ ਪੱਛਮੀ ਸੰਸਕ੍ਰਿਤੀ ਵੀ ਤਾਂ ਪੂਤਨਾ ਤੇ ਤਾੜਿਕਾ ਸਮਾਨ ਹੀ ਸਮਝ ਲੈ, ਜੋ ਮੇਰਾ ਸਭ ਕੁੱਝ ਉਡਾ ਕੇ ਲੈ ਗਈ’ ਉਹ ਸੋਚਦਾ ਰਿਹਾ।
ਉਹ ਵਾਕਰ ਕੰਧ ਨਾਲ ਖੜ੍ਹਾ ਕਰਕੇ ਸੋਫੇ ‘ਤੇ ਬਹਿ ਗਿਆ। ਓਹਕਲੋਹਾਮਾ ਸਿਟੀ ਨੂੰ ਵੀ ਤੂਫ਼ਾਨ ਘੇਰਨ ਵਾਲਾ ਸੀ। ਏਸੇ ਸ਼ਹਿਰ ਤਾਂ ਉਸਦਾ ਪੁੱਤਰ ਦਾਨਵੀਰ ਵਸਦਾ ਸੀ। ਦਾਨਵੀਰ ਉਰਫ਼ ਡੈਨੀ। ਉਹ ਝੂਠਾ ਜਿਹਾ ਹੱਸਿਆ। ‘ਪੈਣ ਢੱਠੇ ਖੂਹ ਵਿੱਚ’ ਖ਼ਬਰਾਂ ਤਾਂ ਹੋਰ ਵੀ ਆ ਰਹੀਆਂ ਸਨ। ਇਸ ਕੈਟਰੀਨਾ ਨਾਂ ਦੇ ਤੂਫ਼ਾਨ ਨੇ ਹਜ਼ਾਰਾਂ ਲੋਕਾਂ ਨੂੰ ਬੇਘਰ ਕਰ ਦਿੱਤਾ ਸੀ। ਉਸ ਨੇ ਬਥੇਰਾ ਸਮਝਾਇਆ ਸੀ ਅਪਣੇ ਪੁੱਤ ਨੂੰ ਕਿ ‘ਕੈਨੇਡਾ ਛੱਡ ਕੇ ਅਮਰੀਕਾ ਨਾ ਜਾ’। ਪਰ ਉਸਦੀ ਸਪੈਨਿਸ਼ ਘਰ ਵਾਲੀ ਸੈਂਡਰਾ ਨਹੀਂ ਸੀ ਮੰਨੀ ਤੇ ਲਿਜਾ ਸੁੱਟਿਆ ਸੀ ਅਮਰੀਕਾ। ਤੇਜੋ ਨੂੰ ਕਿੰਨਾ ਚਾਅ ਹੁੰਦਾ ਸੀ ਕਿ ਮੁੰਡੇ ਵਿਆਹੇ ਜਾਣਗੇ, ਨੂੰਹਾਂ ਆਉਣਗੀਆਂ ਅਤੇ ਸੇਵਾ ਕਰਨਗੀਆਂ। ਹੁਣ ਫੜ ਲਓ ਮੁੰਡਿਆ ਦੀ ਪੂੰਛ…। ਇਉਂ ਭੱਜ ਗਏ ਸਾਰੇ ਖਹਿੜਾ ਛੁਡਾਕੇ, ਜਿਵੇਂ ਪਿਓ ਕੋਈ ਦੁਸ਼ਮਣ ਹੋਵੇ।

ਉਸ ਨੇ ਦੇਖਿਆ ਕਿ ਸਾਹਮਣੇ ਦੌਲਤ ਭਾਈ ਪਟੇਲ ਵੀ ਖੂੰਡੀ ਖੜਕਾਉਂਦਾ ਗੈਸਟ ਰੂਮ ਵਲ ਹੀ ਆ ਰਿਹਾ ਸੀ। ਹੁਣ ਪਟੇਲ ਨੇ ਵੀ ਤਾਂ ਇਹ ਹੀ ਰੋਣੇ ਲੈ ਕੇ ਬਹਿ ਜਾਣਾ ਸੀ।

“ਆ ਜਾ, ਆ ਜਾ ਪਟੇਲ ਭਾਈ” ਉਹ ਬੋਲਿਆ।
“ਮੈਂ ਤੋਂ ਕੁੱਝ ਖਾਨੇ ਕੋ ਨਿਕਲਾ ਸੈ। ਲੰਚ ਰੂਮ ਮੇਂ ਗਯਾ। ਪਰ ਮਨ ਨਹੀ ਮਾਨੈ ਸੈ”
“ਕਮਰੇ ਮੇਂ ਅਭੀ ਅਭੀ ਨਰਸ ਆਈ ਛੈ। ਨੁਹਲਾ ਕੇ ਬਸਤਰ ਵੀ ਬਦਲ ਗੀ ਛੈ। ਫੇਰ ਬੋਲੀ ਲੰਚ ਰੂਮ ਮੇਂ ਆਓ ਔਰ ਕੁੱਝ ਖਾਅ ਲੋ, ਔਰ ਆਧਾ ਘੰਟਾ ਵਾਕ ਕਰੋ। ਪਰ ਮੇਰਾ ਤੋ ਕਾਹੇ ਕੋ ਵੀ ਦਿਲ ਨਾ ਕਰੇ ਛੈ”

ਪਟੇਲ ਕੁੱਝ ਦੇਰ ਰੁਕ ਕੇ ਫੇਰ ਬੋਲਿਆ ” ਮਿਸਟਰ ਸਿੰਘ ਗੁਜਰਾਤੀ ਖਾਨਾ ਖਾਨੇ ਕੋ ਆਜ ਬੜਾ ਦਿਲ ਕਰੇ ਛੈ। ਆਲੂ ਵੜਾ, ਢੋਕਲਾ, ਔਰੇ ਡੋਸਾ ਖਾਏ ਕੋ ਤੋਂ ਵਰਸੋਂ ਬੀਤ ਗਏ ਛੈ । ਯਹਾਂ ਤੋਂ ਜਲਦੀ ਮੌਤ ਵੀ ਨਹੀਂ ਆਤੀ?” ਫੇਰ ਉਹ ਮੁਸਕਰਾਇਆ “ਮੌਤ ਆਏ ਵੀ ਕੈਸੇ ਯਹ ਨਰਸੇਂ ਹਮਾਰਾ ਇਤਨਾ ਖਿਯਾਲ ਜੋ ਰੱਖਤੀ ਛੈ। ਹਮਾਰੇ ਅਪਣੇ ਬੱਚੇ ਤੋਂ ਮਰਨੇ ਕੇ ਲੀਏ ਫੈਂਕ ਗਏ ਯਹਾਂ। ਅਭ ਤੋ ਹਮਾਰੇ ਬੇਟੇ ਬੇਟੀਆਂ ਯਹੀਂ ਲੋਗ ਛੈ। ਮੇਰਾ ਤੋ ਦਿਲ ਕਰਤਾ ਹੈ ਕੇ ਇੰਡੀਆ ਵਾਲੀ ਸਾਰੀ ਕੀ ਸਾਰੀ ਪ੍ਰੌਪਰਟੀ ਵੇਚ ਕੇ ਸਾਰਾ ਪੈਸਾ ਇਸੀ ਸੀਨੀਅਰ ਹੋਮ ਕੋ ਦੇ ਜਾਊਂ ਛੈ। ਮਿਸਟਰ ਸਿੰੰਘ ਆਪ ਨੇ ਵੀ ਐਸਾ ਹੀ ਕਰਨਾ। ਲਾਲਚੀ ਉਲਾਦ ਜੋ ਮਰਨੇ ਕੇ ਲੀਏ ਛੋੜਗੀ ਉਨਕੋ ਤੋ ਫੂਟੀ ਕੌਡੀ ਵੀ ਮੱਤ ਦੇਨਾ” ਉਹ ਬੁੜਬੜਾ ਰਿਹਾ ਸੀ ਤੇ ਹਰਨਾਮ ਹਾਂ ਹੂੰ ਕਰੀ ਜਾ ਰਿਹਾ ਸੀ।

ਫੇਰ ਉਨ੍ਹਾਂ ਲੈਸਲੀ ਦੀਆਂ ਗੱਲਾਂ ਤੋਰ ਲਈਆਂ, ਕਿ ਕਿੰਨਾ ਚੰਗਾ ਹੁੰਦਾ ਸੀ ਲੈਸਲੀ। ਹੈਰੀ ਨੇ ਇਹ ਵੀ ਦੱਸਿਆ ਕਿ ਉਸਦਾ ਅੰਤਿਮ ਸਫ਼ਰ ਦੇਖਣ ਲਈ ਉਹ ਕਿੰਨੀ ਦੇਰ ਤੋਂ ਇਸ ਖਿੜਕੀ ਵਿੱਚ ਖੜਾ ਹੈ ਪਰ ਅਜੇ ਤੱਕ ਵੀ ਫਿਊਨਰਲ ਵਾਲੀਆਂ ਕਾਰਾਂ ਨਹੀਂ ਲੰਘੀਆਂ। ਪਟੇਲ ਨੇ ਦੱਸਿਆ ਕਿ ਟਾਈਮ ਤਾਂ ਦੋ ਵਜੇ ਦਾ ਸੀ, ਹੋ ਸਕਦਾ ਹੈ ਕਿਸੇ ਕਾਰਨ ਕਰਕੇ ਉਨ੍ਹਾਂ ਗੱਡੀਆਂ ਦਾ ਰੂਟ ਬਦਲ ਲਿਆ ਹੋਵੇ।

ਫੇਰ ਉਹ ਦੋਵੇਂ ਗੱਲਾਂ ਮਾਰਦੇ ਲੰਚ ਰੂਮ ਵਲ ਨੂੰ ਤੁਰ ਪਏ। ਜਿੱਥੇ ਉਨ੍ਹਾਂ ਵਰਗੇ ਘਰਾਂ ‘ਚੋਂ ਧੱਕੇ ਹੋਏ, ਕਈ ਹੋਰ ਤੁਰੇ ਫਿਰਦੇ ਸਨ। ਪਰ ਇਨ੍ਹਾਂ ਵਿੱਚ ਪੰਜਾਬੀ ਮੂਲ਼ ਦਾ ਕੋਈ ਵੀ ਬੰਦਾ ਨਹੀਂ ਸੀ। ਹਾਂ ਕਦੇ ਕਦੇ ਕੋਈ ਪੰਜਾਬੀ ਆ ਵੀ ਜਾਂਦੈ। ਜੋ ਆ ਜਾਂਦਾ ਉਸਨੂੰ ਇਹ ਹੀ ਨਮੋਸ਼ੀ ਮਾਰੀ ਜਾਂਦੀ ਕਿ ਲੋਕ ਕੀ ਕਹਿਣਗੇ? ਬਈ ਹੁਣ ਟੱਬਰ ਨੇ ਸਾਰੀ ਉਮਰ ਰੱਤ ਨਿਚੋੜ ਕੇ ਬੁੜਾ ਘਰੋਂ ਕੱਢ ਦਿੱਤਾ।

ਫੇਰ ਹੈਰੀ ਨੂੰ ਦੋ ਸਾਲ ਪਹਿਲਾਂ ਸੀਨੀਅਰ ਹੋਮ ਆਏ ਹਰਬੰਸ ਸਿੰਘ ਦੀ ਯਾਦ ਆਈ। ਕਿਵੇਂ ਏਥੇ ਆ ਕੇ ਉਹ ਪਾਣੀ ‘ਚੋਂ ਕੱਢੀ ਮੱਛੀ ਵਾਂਗ ਤੜਫਿਆ ਸੀ। ਜਿਵੇਂ ਉਸ ਦੀ ਧੌਣ ‘ਤੇ ਕੋਈ ਛੁਰੀ ਚਲਾ ਰਿਹਾ ਹੋਵੇ। ਕਈ ਦਿਨ ਉਸ ਨੇ ਖਾਣੇ ਨੂੰ ਮੂੰਹ ਨਹੀਂ ਸੀ ਲਾਇਆ। ਉਹ ਪੰਜਾਬੀ ਵਿੱਚ ਡਾਕਟਰਾਂ ਤੇ ਨਰਸਾਂ ਨੂੰ ਗੰਦੀਆਂ ਗਾਲ਼ਾਂ ਕੱਢਦਾ। ਪੰਜਾਬਣ ਕੁੜੀਆਂ ਤਾਂ ਉਸ ਦੇ ਨੇੜੇ ਹੀ ਨਹੀਂ ਸੀ ਜਾਂਦੀਆਂ ਕਿ ਪਤਾ ਨਹੀਂ ਕੀ ਕਹਿ ਦੇਵੇ। ਫੇਰ ਇੱਕ ਦਿਨ ਤਾਂ ਉਸਦਾ ਦਿਮਾਗ ਹੀ ਹਿੱਲ ਗਿਆ। ਉਹ ਬਾਕੀਆਂ ਦੇ ਕੁਰਸੀਆਂ ਚੁੱਕ ਚੁੱਕ ਮਾਰਨ ਲੱਗਾ। ਸਕਿਉਰਟੀ ਵਾਲਿਆਂ ਨੇ ਮਸਾਂ ਕਾਬੂ ਕਰਕੇ ਉਸ ਨੂੰ ਮੈਂਟਲ ਵਾਰਡ ਵਿੱਚ ਭੇਜਿਆ। ਹਰਨਾਮ ਦਾ ਵੀ ਤਾਂ ਪਹਿਲਾਂ ਏਹੋ ਹਾਲ ਸੀ।

ਫੇਰ ਪਟੇਲ ਨੇ ਅਪਣੀ ਕਹਾਣੀ ਤੋਰ ਲਈ। ਉਹ ਦੱਸ ਰਿਹਾ ਸੀ ਕਿ ਕਿਵੇਂ ਉਸ ਦੀ ਘਰਵਾਲੀ ਨੂੰ ਹੱਡੀਆਂ ਭੁਰਨ ਦੀ ਬਿਮਾਰੀ ਹੈ। ਜਦੋਂ ਨੂਹਾਂ ਉਸ ਦੀ ਸਾਂਭ ਸੰਭਾਲ ਤੋਂ ਅੱਕ ਗਈਆਂ ਤਾਂ ਲੱਗੇ ਘਰੋਂ ਕੱਢਣ ਦੀਆਂ ਸਕੀਮਾਂ ਬਣਾਉਣ। ਜਦੋਂ ਵੱਡੀ ਕੁੜੀ ਨੂੰ ਪਤਾ ਲੱਗਿਆ ਉਹ ਕਹਿੰਦੀ ‘ਮੈਂ ਮਾਂ ਨੂੰ ਇੰਗਲੈਂਡ ਅਪਣੇ ਕੋਲ ਲੈ ਜਾਂਦੀ ਆਂ’ ਅੰਤ ਨੂੰ ਉਸ ਨੇ ਵੀ ਹੱਥ ਖੜੇ ਕਰ ਦਿੱਤੇ। ਇੱਕ ਦਿਨ ਉਹ ਵੀ ਦਮਿਅੰਤੀ ਨੂੰ ਸੀਨੀਅਰ ਹੋਮ ਦਾਖ਼ਲ ਕਰਵਾ ਆਈ। ਪੰਜ ਸਾਲ ਤੋਂ ਉਹ ਹੁਣ ਉਥੇ ਰੁਲਦੀ ਹੈ ਤੇ ਮੈਂ ਏਥੇ…’

ਪਟੇਲ ਨੇ ਲੰਬਾ ਸਾਹ ਭਰਕੇ ਗੱਲ ਅੱਗੇ ਤੋਰੀ। “ਕੱਲ ਬੜੇ ਲੜਕੇ ਕਾ ਫੋਨ ਆਇਆ ਛੈ। ਅਖੇ ਮੈਂ ਇੰਗਲੈਂਡ ਹੋ ਆਇਆਂ ਛੂ। ਵੋਅ ਕਹਿ ਰਹਾ ਥਾ ਕਿ ‘ਦੀਦੀ ਦਾ ਫੋਨ ਆਇਆ ਛੈ ਕਿ ਮਾਂ ਸੀਰੀਅਸ ਛੈ ਔਰ ਹੋਸ਼ ਵਿੱਚ ਵੀ ਨਹੀਂ। ਪਰ ਜਬ ਮੈਂ ਵਹਾਂ ਗਯਾ ਤਾਂ ਮਾਂ ਤੋ ਮੇਰੀ ਤਰਫ਼ ਦੇਖਨੇ ਲਗੀ। ਮੇਰੀ ਆਵਾਜ਼ ਵੀ ਉਸਨੇ ਤੁਰੰਤ ਪਹਿਚਾਨ ਲੀ। ਮਾਂ ਕੋ ਤੋ ਕੁਛ ਨਹੀਂ ਹੂਆ ਥਾ। ਮੈਨੇ ਤੋ ਪੰਦਰਾਂ ਸੌ ਡਾਲਰ ਭੀ ਭਾੜ ਮੇਂ ਝੌਂਕਾ ਔਰ ਪੂਰਾ ਵੀਕ ਖਰਾਬ ਕਰਕੇ ਵਾਪਸ ਆ ਗਯਾ ਵੈਸੇ ਕਾ ਵੈਸਾ। ਅਗਰ ਮਾਂ ਕੋ ਦੁਬਾਰਾ ਕੁਛ ਹੋ ਗਯਾ ਤੋ ਫੇਰ ਜਾਨਾ ਪੜੇਗਾ। ਇਤਨਾ ਹਮ ਅਫੋਰਡ ਨਹੀਂ ਕਰਤੇ’ “ਮੁਝੇ ਵੀ ਉਸਕਾ ਕਹਿਨਾ ਥਾ ਕੇ ਇੰਡੀਆ ਵਾਲੀ ਪ੍ਰੌਪਰਟੀ ਵੇਚ ਕੇ ਪੈਸਾ ਇਧਰ ਕਿਉਂ ਨਹੀਂ ਮੰਗਵਾਤੇ? ਉਸ ਨਾਲਾਇਕ ਕੋ ਇਸ ਬਾਤ ਕੀ ਚਿੰਤਾ ਥੀ ਕਿ ਆਖਿਰ ਮਾਂ ਮਰਤੀ ਕਿਉਂ ਨਹੀ? ਕਿਉਂ ਉਸਨੇ ਇਤਨਾ ਸਟਰੈੱਸ ਬਨਾ ਰੱਖਾ ਹੈ” ਦੌਲਤ ਭਾਈ ਦਾ ਗੱਲ ਕਰਦਿਆਂ ਸਾਹ ਫੁੱਲ ਗਿਆ ਉਸਨੇ ਅਪਣੀ ਸਟਿੱਕ ਜ਼ੋਰ ਨਾਲ ਫਰਸ਼ ‘ਤੇ ਮਾਰੀ ਤੇ ਗੁੱਸੇ ‘ਚ ਬੋਲਿਆ ਸੀ “ਏਕ ਪੈਨੀ ਵੀ ਨਹੀਂ ਦੂੰਗਾ”

ਫੇਰ ਉਹ ਦੋਨੋ ਤੁਰਦੇ ਤੁਰਦੇ ਇੱਕ ਹੋਰ ਕਮਰੇ ਅੱਗੇ ਆ ਗਏ। ਜਿੱਥੇ ਕਿੰਨੇ ਸਾਰੇ ਹੋਰ ਬਜ਼ੁਰਗ ਇਕੱਠੇ ਹੋਏ ਬੈਠੇ ਸਨ। ਅੱਗੇ ਤਾਂ ਉਹ ਤਾਸ਼ ਖੇਡਦੇ ਹੁੰਦੇ ਨੇ ਪਰ ਅੱਜ ਕਿਸੇ ਦਾ ਜਨਮ ਦਿਨ ਕੇਕ ਕੱਟਿਆ ਜਾ ਰਿਹਾ ਸੀ। ਪਤਾ ਲੱਗਾ ਕਿ ਮਿਸਟਰ ਜੌਰਜ ਦਾ ਨੱਬੇਵਾਂ ਜਨਮ ਦਿਨ ਹੈ। ਬਹੁਤ ਸਾਰੀਆਂ ਨਰਸਾਂ ਡਾਕਟਰ ਕਲੀਨਰ ਤੇ ਹੋਰ ਸਟਾਫ ਵੀ ਏਥੇ ਇਕੱਠਾ ਹੋ ਗਿਆ ਸੀ। ਪਤਾ ਲੱਗਿਆ ਕਿ ਜੌਰਜ ਲਈ ਇੱਕ ਵੱਡਾ ਕੇਕ ਵਾਰਡ ਸੁਪਵਾਈਜ਼ਰ ਕੈਰੋਲੀਨ ਨੇ ਖੁਦ ਮੰਗਵਾਇਆ ਸੀ। ਇਸੇ ਦੇ ਨਾਲ ਨਾਲ ਕੁੱਕੀਆਂ, ਡੋਨਿਟ ਤੇ ਕੌਫੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਤਦ ਮਿੱਸ ਮਾਰਥਾ ਬੋਲੀ ਮਿਸਟਰ ਹੈਰੀ ਕਿੱਥੇ ਚਲਾ ਗਿਆ ਸੀ? ਮੈਂ ਸਾਰੇ ਕਮਰਿਆਂ ਵਿੱਚ ਲੱਭ ਆਈ ਆਂ? ਤੈਨੂੰ ਤੇ ਮਿਸਟਰ ਪਟੇਲ ਨੂੰ ਹੀ ਉਡੀਕ ਰਹੇ ਸੀ। ਦੋਨਾਂ ਨੇ ਮਾਰਥਾ ਨੂੰ ਥੈਂਕਸ ਕਿਹਾ। ਹੈਰੀ ਸੋਚਣ ਲੱਗਿਆ ‘ਜਿਸ ਦਿਨ ਮੈਂ ਚਰਾਸੀਆਂ ਦਾ ਹੋਇਆ ਸੀ, ਮੇਰਾ ਕੇਕ ਵੀ ਤਾਂ ਏਵੇਂ ਕੱਟਿਆ ਗਿਆ ਸੀ। ਇਹ ਸਾਰੇ ਤਾਂ ਕਿੰਨੇ ਖੁਸ਼ ਸਨ, ਪਰ ਮੇਰੇ ਆਪਣਿਆਂ ‘ਚੋਂ ਕਿਸੇ ਦਾ ਵੀ ਫੋਨ ਨਹੀਂ ਸੀ ਆਇਆ’
ਹਰਨਾਮ ਦਾ ਦਿਲ ਅੱਜ ਉਖੜਿਆ ਪਿਆ ਸੀ। ਉਸਦਾ ਦਿਲ ਕਰਦਾ ਸੀ ਕਿ ਇਸ ਇਮਾਰਤ ਦੀ ਖਿੜਕੀ ਵਿੱਚੋਂ ਬਾਹਰ ਛਾਲ ਮਾਰ ਦੇਵੇ। ਜਾਂ ਉਸ ਦਾ ਦਿਲ ਕਰਦਾ ਸੀ ਕਿ ਜੋ ਵੀ ਉਸ ਨੇ ਪੈਨਸ਼ਨ ਦਾ ਪੈਸਾ ਜੋੜਿਆ ਹੈ ਸਾਰਾ ਲੈ ਕੇ ਹੀ ਇੰਡੀਆ ਨੂੰ ਭੱਜ ਜਾਵੇ। ਜਿਸ ਘਰ ਵਿੱਚ ਉਸਦਾ ਬਚਪਨ ਬੀਤਿਆ ਸੀ ਉਸ ਨੂੰ ਦੇਖਣ ਲਈ ਮਨ ‘ਚੋਂ ਇੱਕ ਹੂਕ ਜਿਹੀ ਉੱਠਦੀ ਰਹਿੰਦੀ।

ਫੇਰ ਉਹ ਸੋਚਣ ਲੱਗਿਆ ‘ਹੁਣ ਤਾਂ ਉਹ ਘਰ ਵੀ ਖੋਲਾ ਬਣ ਗਿਆ ਹੋਣੈ ਜਾਂ ਕਿਸੇ ਨੇ ਦੱਬ ਲਿਆ ਹੋਊ। ਘਰ ਵੀ ਤਾਂ ਵਸਦਿਆਂ ਨਾਲ ਹੀ ਹੁੰਦੇ ਨੇ’ ਮਨ ਵਿੱਚ ਇਹ ਵੀ ਆਇਆ ਕਿ ‘ਨਵਾਂ ਘਰ ਬਣਾ ਕੇ ਵੀ ਤਾਂ ਰਿਹਾ ਜਾ ਸਕਦਾ ਹੈ। ਨਾਲੇ ਪਿੰਡ ‘ਚ ਅਜੇ ਵੀ ਕਈ ਬੁੱਢੇ ਠੇਰੇ ਹੋਣਗੇ ਜੋ ਮੈਨੂੰ ਜਾਣਦੇ ਹੋਣੇ ਨੇ। ਕਹਿਣਗੇ ਗੰਢਾ ਸਿਉਂ ਦਾ ਹਰਨਾਮਾ ਆ ਗਿਆ’ ਪਰ ਦੂਸਰਾ ਮਨ ਕਹਿੰਦਾ ‘ਹੁਣ ਤੂੰ ਕੈਨੇਡੀਅਨ ਸਿਟੀਜਨ ਏਂ। ਏਥੇ ਤੈਨੂੰ ਸਭ ਸੁੱਖ ਸਹੂਲਤਾਂ ਨੇ। ਓਥੇ ਤੈਨੂੰ ਕਿਹਨੇ ਪੁੱਛਣੈ? ਐਂਵੇ ਚੌਹ ਛਿੱਲੜਾਂ ਪਿੱਛੇ ਤੇਰਾ ਕੋਈ ਘੋਗਾ ਚਿੱਤ ਕਰਦੂ। ਕੀਹਦੇ ਕੀਹਦੇ ਨਾਲ ਲੜਦਾ ਫਿਰੇਂਗਾ? ਓਥੇ ਵੀ ਕਹਿੰਦੇ ਹੁਣ ਕੋਈ ਕਿਸੇ ਦਾ ਸਕਾ ਨਹੀਂ। ਨਾਲੇ ਲੋਕ ਕਹਿਣਗੇ ਹੁਣ ਮਰਨ ਨੂੰ ਏਥੇ ਆ ਗਿਆ’ ਫੇਰ ਉਸਦੇ ਮਨ ਵਿੱਚ ਏਹੋ ਜਿਹੇ ਖਿਆਲਾਂ ਦੀ ਹਨੇਰੀ ਸ਼ੂਕਦੀ ਰਹੀ।

ਹਰਨਾਮ ਨੇ ਵੀ ਜੌਰਜ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਕੇਕ ਦਾ ਪੀਸ ਵੀ ਖਾਧਾ, ਪਰ ਕੌਫੀ ਪੀਣ ਨੂੰ ਉਸਦਾ ਦਿਲ ਨਾ ਕੀਤਾ। ਡੇਨੀਅਲ ਨੇ ਤਾਸ਼ ਖੇਡਣ ਨੂੰ ਕਿਹਾ, ਉਸ ਨੇ ਤਾਂ ਵੀ ਨਾਂਹ ਵਿੱਚ ਸਿਰ ਫੇਰ ਦਿੱਤਾ। ਜ਼ਿੰਦਗੀ ਦੀ ਬਾਜ਼ੀ ਤਾਂ ਉਹ ਪਹਿਲਾਂ ਹੀ ਹਾਰ ਗਿਆ ਸੀ। ਹੋਰ ਹੁਣ ਖੇਡਣ ਨੂੰ ਕੀ ਰਹਿ ਗਿਆ ਸੀ? ਮਨ ਕਹਿ ਰਿਹਾ ਸੀ ਤੇਰੇ ਪੁੱਤ ਨਾ ਹੋਏ ਲਹੂ ਪੀਣੀਆਂ ਜੋਕਾਂ ਹੋ ਗਈਆਂ। ਲੋੜ ਵੇਲੇ ਤੂੰ ਬਾਪ ਸੀ ਤੇ ਫੇਰ ਸਰਾਪ ਬਣ ਗਿਆ। ਤਾਂ ਹੀ ਤਾਂ ਸਾਰੇ ਖਹਿੜਾ ਛੁਡਾ ਕੇ ਭੱਜ ਗਏ।
ਹੁਣ ਉਹ ਕੰਧ ਨਾਲ ਡਹੇ ਇੱਕ ਹੋਰ ਬੈਂਚ ‘ਤੇ ਬੈਠ ਗਿਆ ਤੇ ਫੇਰ ਖੁਦ ਨਾਲ ਹੀ ਗੱਲਾਂ ਕਰਨ ਲੱਗਾ। ਹਰਗਣਾ ਵਾਲਾ ਬਲਦੇਵ ਸੂੰਅ ਦੱਸਦਾ ਸੀ ਕਿ ਹੁਣ ਤਾਂ ਇੰਡੀਆ ਵਿੱਚ ਧੀਆਂ-ਪੁੱਤਰ ਬੁੜੇ-ਬੁੜੀਆਂ ਨੂੰ ਬਿਰਧ ਆਸ਼ਰਮਾਂ ਵਿੱਚ ਛੱਡ ਆਉਂਦੇ ਨੇ। ਮਾਂ ਬਾਪ ਤਾਂ ਸਾਰੀ ਉਮਰ ਫਰਜ਼ ਪੂਰੇ ਕਰਦੇ ਰਹਿੰਦੇ ਨੇ ਪਰ ਉਲਾਦ ਪੂਰੀਆਂ ਕਰਦੀ ਹੈ ਗਰਜ਼ਾਂ…। ਲੋਕ ਏਨੇ ਸੁਆਰਥੀ ਕਿਉਂ ਹੋ ਗਏ ਨੇ? ਕਿੱਥੇ ਭਲਾ ਹੋਊ ਇਹਨਾ ਦਾ?

ਫੇਰ ਉਸ ਨੂੰ ਕਈ ਬੀਬੀਆਂ ਦਾੜੀਆਂ ਦਾ ਵੀ ਖਿਆਲ ਆਇਆ ਜੋ ਬਿਰਧ ਆਸ਼ਰਮਾਂ ਲਈ ਬਗਲੀਆਂ ਪਾ ਪੰਜਾਬੀ ਰੇਡੀਓ, ਟੈਲੀਵਿਜ਼ਨਾਂ ‘ਤੇ ਅਕਸਰ ਹੀ ਆ ਬੈਠਦੇ। ਅੱਜ ਕੱਲ੍ਹ ਇੰਡੀਆ ਤੋਂ ਦਾਨ ਇੱਕਠਾ ਕਰਨ ਕੈਨੇਡਾ ਆਉਣਾ ਵੀ ਇੱਕ ਬਿਜ਼ਨਸ ਹੀ ਸੀ। ਉਸ ਨੂੰ ਤਾਂ ਸਾਰੀ ਉਮਰ ਏਹੋ ਜਿਹੇ ਤੌਰ ਤਰੀਕੇ ਆਏ ਨਹੀਂ ਸਨ। ਉਹ ਤਾਂ ਅਪਣੀ ਬੇਬੇ ਦੇ ਸੁੱਖ ਲਈ ਬਾਹਰਲੇ ਦੇਸ਼ ਨੂੰ ਆ ਗਿਆ ਸੀ। ਬੇਬੇ ਵਿਚਾਰੀ ਨੂੰ ਸੁੱਖ ਤਾਂ ਕੀ ਮਿਲਣਾ ਸੀ ਉਹ ਤਾਂ ਉਡੀਕਦੀ ਹੀ ਤੁਰ ਗਈ। ਫੇਰ ਉਹ ਸੋਚਣ ਲੱਗਿਆ ਸ਼ਾਇਦ ਮੈਨੂੰ ਬੇਬੇ ਦਾ ਹੀ ਸਰਾਪ ਲੱਗ ਗਿਆ ਏ, ਜੋ ਇਸ ਤਰ੍ਹਾਂ ਰੁਲਦਾ ਹਾਂ। ਟੱਬਰ ਨੇ ਮਖਣੀ ‘ਚੋਂ ਵਾਲ ਵਾਂਗੂ ਕੱਢ ਕੇ ਬਾਹਰ ਰੱਖ ‘ਤਾ।
ਹਰਨਾਮ ਚੌਵੀਵੇਂ ਸਾਲ ਵਿੱਚ ਸੀ ਜਦੋਂ ਉਹ ਇੱਕ ਕਿੱਲਾ ਜ਼ਮੀਨ ਗਹਿਣੇ ਧਰ ਪਿੰਡ ਦੇ ਕੁੱਝ ਹੋਰ ਮੁੰਡਿਆਂ ਨਾਲ, ਏਜੰਟ ਨੂੰ ਪੈਸੇ ਦੇ ਕੇ ਸਨ 1968 ਵਿੱਚ ਲਿਬੀਆ ਆ ਗਿਆ ਸੀ। ਪੰਜ ਸਾਲ ਲਿਬੀਆ ਰਹਿ ਕੇ ਉਹ ਗਰੀਸ ਨਿੱਕਲ ਗਿਆ ਤੇ ਸ਼ਿੱਪ ‘ਤੇ ਜੌਬ ਕਰਦਾ ਰਿਹਾ। ਜਦੋਂ ਇੱਕ ਵਾਰ ਉਨ੍ਹਾਂ ਦਾ ਜਹਾਜ਼ ਕੈਨੇਡਾ ਦੀ ਬੰਦਰਗਾਹ ‘ਤੇ ਵੈਨਕੂਵਰ ਲੱਗਿਆ ਤਾਂ ਉਹ ਉੱਤਰ ਗਿਆ। ਤੇ ਲੁਕ ਕੇ ਰਹਿਣ ਲੱਗਿਆ। ਫੇਰ ਸਰਕਾਰ ਨੇ ਇੱਕ ਵਾਰ ਸਾਰੇ ਗੈਰ ਕਨੂੰਨੀ ਵਾਸਿੰæਦੇ ਪੱਕੇ ਕਰਨ ਦਾ ਐਲਾਨ ਕੀਤਾ ਤਾਂ ਉਸ ਦਾ ਵੀ ਦਾਅ ਲੱਗ ਗਿਆ। ਵੈਨਕੂਵਰ ਵਿੱਚ ਟਿੰਬਰ ਦੇ ਕੰਮ ਦਾ ਸਤਾਇਆ ਉਹ ਟੋਰਾਂਟੋ ਆ ਗਿਆ ਤੇ ਲੱਗਾ ਫੈਕਟਰੀਆਂ ‘ਚ ਕੰਮ ਕਰਨ।

ਜਦੋਂ ਚਾਰ ਪੈਸੇ ਜੁੜ ਗਏ ਤਾਂ ਉਹ ਇੰਡੀਆ ਜਾ ਕੇ ਤੇਜਵੰਤ ਨਾਲ ਵਿਆਹ ਕਰਵਾ ਆਇਆ। ਪਰ ਉਦੋਂ ਤੱਕ ਤਾਂ ਉਸਦੀ ਬੇਬੇ ਉਸ ਨੂੰ ਉਡੀਕਦੀ ਹੀ ਤੁਰ ਗਈ ਸੀ। ਉਦੋਂ ਕੈਨੇਡਾ ‘ਚ ਅਜੇ ਟੱਬਰ ਮੰਗਵਾਉਣ ਦੀ ਖੁੱਲ੍ਹ ਨਹੀਂ ਸੀ। ਫੇਰ ਦਾਨਵੀਰ ਦਾ ਜਨਮ ਪੰਜਾਬ ਵਿੱਚ ਹੀ ਹੋਇਆ। ਜਦੋਂ ਪ੍ਰਧਾਨ ਮੰਤਰੀ ਟਰੂਡੋ ਨੇ ਫੈਮਲੀਆਂ ਮੰਗਵਾਉਣ ਦੀ ਖੁੱਲ੍ਹ ਦੇ ਦਿੱਤੀ ਤਾਂ ਉਸ ਨੇ ਵੀ ਤੇਜੋ ਤੇ ਦਾਨਵੀਰ ਨੂੰ ਮੰਗਵਾ ਲਿਆ। ਦਾਨਵੀਰ ਤੋਂ ਛੋਟੇ ਦੋਨੋਂ, ਮੁੰਡਾ ਤੇ ਕੁੜੀ ਤਾਂ ਕੈਨੇਡਾ ਆ ਕੇ ਹੀ ਹੋਏ। ਫੇਰ ਇਨ੍ਹਾਂ ਬੱਚਿਆਂ ਦੀ ਪ੍ਰਵਰਿਸ਼ ਲਈ ਉਸ ਨੇ ਜ਼ਿੰਦਗੀ ਭਰ ਕੀ ਕੀ ਪਾਪੜ ਨਹੀ ਸੀ ਵੇਲੇ?

ਮਨ ਦਾ ਝੱਖੜ ਹੋਰ ਤੇਜ਼ ਹੋ ਗਿਆ। ਜਿਵੇਂ ਕਿਵੇਂ ਦਾ ਝੱਖੜ ਅਮਰੀਕਾ ਵਿੱਚ ਝੁੱਲਦਾ, ਉਸ ਨੇ ਟੈਲੀਵਿਜ਼ਨ ‘ਤੇ ਵੇਖਿਆ ਸੀ। ਪਿਛਲੇ ਕੁੱਝ ਸਮੇਂ ਤੋਂ ਅਮਰੀਕਾ ਵਿੱਚ ਕੁੱਝ ਜ਼ਿਆਦਾ ਹੀ ਝੱਖੜ ਝੁੱਲ ਰਹੇ ਸਨ। ਨੌਂ ਗਿਆਰਾਂ ਵਾਲਾ ਝੁੱਲਿਆ ਝੱਖੜ ਤਾਂ ਅਜੇ ਰੁਕਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਜੋ ਹੁਣ ਸਾਰੀ ਦੁਨੀਆ ਵਿੱਚ ਫੈਲਦਾ ਜਾ ਰਿਹਾ ਸੀ। ਦਹਿਸ਼ਤਗਰਦੀ ਦਾ ਇਹ ਵਾਵਰੋਲਾ ਅਮਰੀਕਾ ਦੇ ਜੜ੍ਹੀਂ ਤੇਲ ਦੇਣ ਲੱਗਿਆ ਸੀ। ਜੋ ਹੁਣ ਉਸਦੇ ਸਰਵਸ਼ਕਤੀਮਾਨ ਹੋਣ ਦਾ ਤਾਜ ਕਦੇ ਵੀ ਉਡਾ ਸਕਦਾ ਸੀ। ਤਾਜ ਉੱਡਣ ਦੇ ਡਰ ਨੇ ਅਮਰੀਕਾ ਨੂੰ ਏਨਾ ਡਰਾ ਦਿੱਤਾ ਸੀ ਕਿ ਉਸ ਦੀਆਂ ਫੌਜਾਂ ਆਦਮ ਬੋਅ, ਆਦਮ ਬੋਅ ਕਰਦੀਆਂ ਦੁਨੀਆ ਭਰ ਵਿੱਚ ਫੈਲੀਆਂ ਪਈਆਂ ਸਨ। ਫੌਜੀ ਖਰਚਿਆਂ ਨੇ ਦੇਸ਼ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਸੀ।

ਹਰਨਾਮ ਨੇ ਅਪਣੇ ਸਿਰ ‘ਤੇ ਹੱਥ ਫੇਰਿਆ, ਨਾ ਪਗੜੀ, ਨਾ ਟੋਪੀ, ਤਾਜ ਕਿੱਥੇ ਹੋਣਾ ਸੀ? ਸਿਰ ਦੀ ਟਿੰਡ ਵੀ ਖੁਸ਼ਕ ਪਈ ਸੀ। ਜਿਸ ‘ਤੇ ਕਦੇ ਕਦੇ ਤੇਜੋ ਤੇਲ ਝੱਸ ਦਿਆ ਕਰਦੀ ਸੀ। ਉਹ ਸੋਚਣ ਲੱਗਿਆ ਕਿ ਅਮਰੀਕਾ ਨੇ ਵੀ ਤਾਂ ਵਿਸ਼ਵ ‘ਤੇ ਸਰਦਾਰੀ ਕਾਇਮ ਰੱਖਣ ਲਈ ਥਾਣੇਦਾਰਾਂ ਵਾਂਗੂੰ, ਦੂਸਰੇ ਦੇਸ਼ਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਦੇ ਕੁਦਰਤੀ ਸਰੋਤ ਹੜੱਪ ਲਏ ਨੇ। ਤੇਲ ਦੇ ਭੰਡਾਰਾਂ ‘ਤੇ ਕਬਜ਼ੇ ਕਰਨ ਹੀ ਤਾਂ ਉਹ ਇਰਾਕ ਗਿਆ ਸੀ? ਤੇ ਇਸੇ ਤਰ੍ਹਾਂ ਉਸਦਾ ਅਗਲਾ ਨਿਸ਼ਾਨਾ ਲਿਬੀਆ ਤੇ ਇਰਾਨ ਸਨ। ਅਫ਼ਗ਼ਾਨਿਸਤਾਨ ‘ਚ ਫੌਜੀ ਅੱਡੇ ਬਣਾ ਕੇ ਉਹ ਚੀਨ ਅਤੇ ਭਾਰਤ ਦੇ ਸਿਰ ‘ਤੇ ਤਲਵਾਰ ਲਟਕਾਈਂ ਰੱਖਣਾ ਚਾਹੁੰਦੈ ਤਾਂ ਕਿ ਵਿਸ਼ਵ ਸ਼ਕਤੀ ਰੂਪ ਵਿੱਚ ਕੋਈ ਹੋਰ ਸ਼ਰੀਕ ਨਾ ਜੰਮ ਪਵੇ। ਪਰ ਹਰਨਾਮ ਨੇ ਤਾਂ ਅਪਣੀ ਸਰਦਾਰੀ ਕਾਇਮ ਰੱਖਣ ਲਈ ਧੀਆਂ-ਪੁੱਤਰਾਂ ਵਿਚਕਾਰ, ਪਾੜੋ ਤੇ ਰਾਜ ਕਰੋ ਵਾਲੀ ਕੋਈ ਨੀਤੀ ਨਹੀਂ ਸੀ ਅਪਣਾਈ। ਫੇਰ ਅਜਿਹਾ ਕਿਉਂ ਹੋਇਆ ਸੀ?

ਇਹਨਾਂ ਠੰਢੇ-ਤੱਤੇ ਮੌਸਮਾਂ ਵਿੱਚ ਹਰਨਾਮ ਨੇ ਕੈਨੇਡਾ ਵਿੱਚ ਕਈ ਮੰਦਵਾੜੇ ਦੇਖੇ। ਜਦੋਂ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਬੁਰਾਇਨ ਮੁਲਰੋਨੀ ਨੇ ਪੂੰਜੀਪਤੀ ਧਨਾਡਾਂ ਦਾ ਝੋਲੀ ਚੁੱਕ ਬਣਦਿਆਂ, ਲਿਬਰਲ ਟਰੂਡੋ ਦੀਆਂ ਪਾਲਸੀਆਂ ਨੂੰ ਪੁੱਠਾ ਗੇੜਾ ਦੇ ਕੇ ਦੂਸਰੇ ਮੁਲਕਾਂ ਨਾਲ ਫਰੀ ਟਰੇਡ ਸਮਝੌਤਾ ਕਰ ਲਿਆ ਤਾਂ ਕਿਵੇਂ ਸਸਤੀ ਮਜ਼ਦੂਰੀ ਖਾਤਰ, ਮੁਨਾਫ਼ਾਖੋਰਾਂ ਦੀਆਂ ਕੰਪਨੀਆਂ, ਗਰੀਬ ਦੇਸ਼ਾਂ ਵਿੱਚ ਜਾ ਵੜੀਆਂ ਸਨ? ਰਾਤੋ-ਰਾਤ ਹਜ਼ਾਰਾਂ ਫੈਕਟਰੀਆਂ ਬੰਦ ਹੋ ਗਈਆਂ। ਕੰਮਾਂ ਤੋਂ ਲੇਅ ਆਫ ਹੋ ਗਈ। ਲੋਕ ਵਿਹਲੇ ਹੋ ਕੇ ਘਰ ਬੈਠ ਗਏ। ਆਮਦਨ ਦੇ ਸਾਰੇ ਵਸੀਲੇ ਖ਼ਤਮ ਹੋਣ ਨਾਲ ਕਈਆਂ ਨੇ ਬਿਜ਼ਨਸ ਤੇ ਘਰ ਗੁਆ ਲਏ। ਉਦੋਂ ਹੀ ਤਾਂ ਹਰਨਾਮ ਦਾ ਕੰਮ ਬੰਦ ਹੋ ਗਿਆ ਸੀ। ਪੂਰੇ ਕੈਨੇਡਾ ਵਿੱਚ ਹੋਈ ਸਟੀਲ ਵਰਕਰਾਂ ਦੀ ਹੜਤਾਲ ਨੇ ਅੱਗ ਉੱਪਰ ਤੇਲ ਦਾ ਕੰਮ ਕੀਤਾ ਸੀ। ਸਾਰੀਆਂ ਸਟੀਲ ਫੈਕਟਰੀਆਂ ਨੂੰ ਤਾਲੇ ਲੱਗ ਗਏ ਸਨ। ਉਦੋਂ ਹੀ ਉਲਾਦ ਖ਼ਾਤਰ ਉਸ ਨੇ ਘਰ ਬਚਾਉਣ ਦੀ ਕਸਮ ਖਾਧੀ ਸੀ। ਤੇ ਭਾਰਤ ਵਾਲੀ ਜਾਇਦਾਦ ਵੇਚੀ ਤਾਂ ਕਿ ਬੱਚੇ ਬੇਸਮੈਂਟਾਂ ਵਿੱਚ ਨਾ ਰੁਲਣ। ਪਰ ਉਨ੍ਹਾਂ ਤਾਂ ਪਿਓ ਨੂੰ ਰੋਲਣ ਲੱਗਿਆਂ ਇੱਕ ਵਾਰ ਵੀ ਨਾ ਸੋਚਿਆ?

ਫੇਰ ਹਰਨਾਮ ਕਿੰਨੀ ਹੀ ਦੇਰ ਬੇਚੈਨੀ ਵਿੱਚ ਵਾਕਰ ਖੜਕਾਉਂਦਾ ਹਾਲ ਵਿੱਚ ਘੁੰਮਦਾ ਰਿਹਾ। ਕਈਆਂ ਨੂੰ ਲੱਗਦਾ ਸੀ ਕਿ ਉਹ ਸੈਰ ਕਰ ਰਿਹਾ ਹੈ। ਏਸੇ ਕਰਕੇ ਤਾਂ ਨਰਸ ਏਮੀ ਕਹਿ ਗਈ ਸੀ “ਵੈਰੀ ਗੁੱਡ ਮਿਸਟਰ ਹੈਰੀ ਵਾਕ ਇਜ਼ ਸੋ ਗੁੱਡ ਫਾਰ ਯੂਅਰ ਹੈਲਥ” ਪਰ ਉਸਦੇ ਅੰਦਰ ਝਾਕ ਕੇ ਤਾਂ ਕਿਸਨੇ ਦੇਖਣਾ ਸੀ? ਉਸਨੇ ਸੋਚਿਆ, ‘ਕਈ ਵਾਰ ਬੰਦਾ ਸਿਰਫ਼ ਅਪਣੇ ਨਾਲ ਹੀ ਗੱਲਾਂ ਕਰਨ ਜੋਗਾ ਰਹਿ ਜਾਂਦੈ। ਮੇਰਾ ਵੀ ਤਾਂ ਹੁਣ ਇਹ ਹੀ ਹਾਲ ਹੈ?’

ਫੇਰ ਉਸ ਨੂੰ ਛੋਟੇ ਬੇਟੇ ਰੌਨ ਦਾ ਖ਼ਿਆਲ ਆਇਆ ਜਿਸ ਨੂੰ ਉਹ ਅਜੇ ਤੱਕ ਵੀ ਰਣਜੀਤ ਹੀ ਕਹਿੰਦਾ ਸੀ। ‘ਕਿਵੇਂ ਉਸਦੀ ਟ੍ਰਿਨੀਡਾਡੀਅਨ ਗਰਲ ਫਰੈਂਡ ਨੇ ਉਸ ‘ਤੇ ਜਾਦੂ ਧੂੜਿਆ ਸੀ ਕਿ ਬਾਕੀ ਉਹ ਸਾਰਾ ਕੁੱਝ ਹੀ ਭੁੱਲ ਗਿਆ। ਪੜ੍ਹਾ ਲਿਖਾ ਕੇ ਆਟੋ ਇੰਜਨੀਅਰ ਮੈਂ ਬਣਾਇਆ ਤੇ ਉਹ ਸਿਰਫ਼ ਉਸੇ ਦਾ ਬਣ ਕੇ ਰਹਿ ਗਿਆ। ਨਾਲੇ ਉਸ ਵਿੱਚ ਤਾਂ ਇੰਡੀਅਨ ਕੁੜੀਆਂ ਵਾਲੀ ਕੋਈ ਸ਼ਰਮ ਹਯਾ ਹੀ ਨਹੀਂ ਸੀ ਤੇ ਨਾ ਹੀ ਕਿਸੇ ਵੱਡੇ ਛੋਟੇ ਦਾ ਸਤਿਕਾਰ। ਅਖੇ ਜੀ ‘ਸਾਡੀ ਓਅਨ ਲਾਈਫ ਆ, ਪ੍ਰਾਈਵੇਸੀ ਚਾਹੀਦੀ ਆ’ ਜਿਉਂ ਹੀ ਫੋਰਡ ਕੰਪਨੀ ‘ਚ ਜੌਬ ਮਿਲੀ, ਜਾ ਕੇ ਓਕਵਿੱਲ ਰਹਿਣ ਲੱਗ ਪਏ। ਨਾਲੇ ਓਕਵਿੱਲ ਕਿਹੜਾ ਕਲਾਖਰ ਆ? ਆ ਪੰਦਰਾਂ ਮਿੰਟ ਲੱਗਦੇ ਨੇ ਕਾਰ ‘ਚ … ਨਹੀਂ ਕਦੇ ਬੰਦਾ ਆ ਕੇ ਮਿਲ ਹੀ ਜਾਵੇ?’

ਫੇਰ ਹਰਨਾਮ ਨੂੰ ਉਹ ਦਿਨ ਯਾਦ ਆਇਆ ਜਦ ਰੌਨ ਨੇ ਵਿਚਾਰਾ ਜਿਹਾ ਮੂੰਹ ਬਣਾ ਕੇ ਕਿਹਾ ਸੀ ਅਖੇ “ਡੈਡ ਸਬਰੀਨਾ ਮੇਰੇ ਨਾਲ ਈ ਪੜ੍ਹਦੀ ਆ। ਉਸਦੇ ਗਰੈਂਡ ਪੇਂਟਰਸ ਵੀ ਇੰਡੀਅਨ ਸੀ ਤੇ ਆਪ ਉਹ ਟ੍ਰਿਨੀ ਨੇ। ਇੰਡੀਅਨ ਕਲਚਰ ਦੀ ਉਹ ਹੁਣ ਵੀ ਬਹੁਤ ਰਿਸਪੈਕਟ ਕਰਦੇ ਨੇ, ਹਿੰਦੀ ਗੀਤ ਵੀ ਸੁਣਦੇ ਨੇ। ਫੇਰ ਜਦੋਂ ਮੈਨੂੰ ਮਿਲਾਉਣ ਲੈ ਕੇ ਗਿਆ ਤਾਂ ਅੱਗੋਂ ਉਹ ਅੱਧ ਪਚੱਧ ਜਿਹੇ ਕੱਪੜੇ ਪਾਈਂ ਬੀਅਰ ਦੀ ਬੋਤਲ ਫੜੀ ਬੈਠੀ, ਤੇ ਦੂਸਰੇ ਹੱਥ ‘ਚ ਸਿਗਰਟ। ਮੈਂ ਕਿਹਾ ਜੇ ਹੁਣ ਬੇਬੇ ਹੁੰਦੀ ਤਾਂ ਛਿੱਤਰ ਲਾਹ ਲੈਂਦੀ। ਪਰ ਇਹ ਅੱਗੋਂ ਮਾਊਂ ਜਿਹਾ ਬਣਿਆ ਉਸ ਦੀ ਲੋਲੋਪੋਪੋ ਜਿਹੀ ਕਰਦਾ ਰਿਹਾ। ਮੇਰਾ ਛੋਟੀ ਉਮਰ ਵਿੱਚ ਹੀ ਬਾਪ ਮਰ ਗਿਆ ਸੀ। ਮੈਨੂੰ ਪਿਓ ਵਾਹਰੇ ਬੱਚਿਆਂ ਦਾ ਦੁੱਖ ਪਤਾ ਸੀ। ਤਾਂ ਹੀ ਤਾਂ ਮੈਂ ਏਨਾਂ ਨੂੰ ਰੋਟੀ ਦਿੰਦਾ ਰਿਹਾ। ਪਰ ਮੈਨੂੰ ਰੋਟੀ ਦੇਣ ਲੱਗਿਆਂ ਉਨ੍ਹਾਂ ਦੀ ਜਾਨ ਨਿਕਲ ਗਈ।

‘ਮੈਂ ਤਾਂ ਫੇਰ ਵੀ ਕੋਈ ਕਸਰ ਨਹੀਂ ਛੱਡੀ ਬਈ ਕਿਤੇ ਤੇਜੋ ਦੀ ਰੂਹ ਨਾ ਤੜਫੇ ਕਿ ਮੈਂ ਉਲਾਦ ਦੀ ਖੁਸ਼ੀ ਦਾ ਖਿਆਲ ਨਹੀਂ ਰੱਖਿਆ। ਮੈਂ ਰੌਨ ਨੂੰ ਵੀ ਕਿਹਾ ਜੇ ਤੈਨੂੰ ਠੀਕ ਲੱਗਦੀ ਆ ਕਰਵਾ ਲਾ ਵਿਆਹ। ਫੇਰ ਵਿਆਹ ‘ਤੇ ਵੀਹ ਹਜ਼ਾਰ ਡਾਲਰ ਵੀ ਕਢਵਾ ਕੇ ਦਿੱਤਾ। ਤਾਂ ਹੀ ਸ਼ਾਨਦਾਰ ਪਾਰਟੀ ਕੀਤੀ ਸੀ। ਪਰ ਪਾਰਟੀ ‘ਤੇ ਮੈਨੂੰ ਕਿਸੇ ਨੇ ਪੁੱਛਿਆ ਈ ਨਹੀਂ। ਹੋਰ ਤਾਂ ਹੋਰ ਅਖੇ ਇੰਡੀਅਨ ਨਹੀਂ ਸੱਦਣੇ। ਉਹ ਤਾਂ ਖਾਅ ਪੀ ਕੇ ਬਾਹਰ ਜਾ ਕੇ ਗੱਲਾਂ ਹੀ ਬਣਾਉਣਗੇ। ਆਪ ਦੀ ਲੱਲੀ ਛੱਲੀ ਬਥੇਰੀ ‘ਕੱਠੀ ਕਰ ਲੀ’।

‘ਸਿਰਫ਼ ਇੱਕ ਵਾਰ ਮਜਬੂਰਨ ਮੇਰਾ ਪਿਓ ਦੇ ਤੌਰ ‘ਤੇ ਸਟੇਜ ਤੋਂ ਨਾਂ ਲਿਆ, ਪਰ ਤੇਜੋ ਨੂੰ ਤਾਂ ਉੱਕਾ ਹੀ ਯਾਦ ਨਹੀਂ ਕੀਤਾ। ਮੈਂ ਇਕੱਲਾ ਹੀ ਖੂੰਜੇ ਲੱਗਿਆ ਬੈਠਾ ਰਿਹਾ ਤੇ ਇਹ ਬੀਅਰ ਦੀਆਂ ਬੋਤਲਾਂ ਫੜੀਂ ਨੱਚਦੇ ਰਹੇ। ਪਾਰਟੀ ਮੁੱਕਣ ਤੱਕ ਨੂੰਹ ਰਾਣੀ ਪੂਰੀ ਡਰੰਕ ਸੀ। ਕੀ ਵਿਆਹ ਵਾਲੀਆਂ ਕੁੜੀਆਂ ਦੇ ਇੱਹ ਲੱਛਣ ਹੁੰਦੇ ਨੇ? ਉਹ ਤਾਂ ਇੱਕ ਦਿਨ ਆ ਕੇ ਵੀ ਘਰ ਨਹੀਂ ਰਹੀ…। ਅਖੇ ਅਸੀਂ ਕੌਂਡੋ ਕਿਰਾਏ ‘ਤੇ ਲਿਆ ਹੋਇਆ। ਜੇ ਮੇਰੇ ਨਾਲ ਰਹਿੰਦੇ, ਮੈਂ ਤਾਂ ਅਪਣਾ ਘਰ ਵੀ ਦੇ ਦਿੰਦਾ। ਫੇਰ ਕਿਵੇਂ ਮੋਮੋਠਗਣੀਆਂ ਮਾਰ ਕੇ ਮੇਰਾ ਉਹ ਘਰ ਵੀ ਵਿਕਵਾ ਦਿੱਤਾ। ਮੈਨੂੰ ਤਾਂ ਮਰਨੋ ਪਹਿਲਾਂ ਹੀ ਮਾਰ ਗਏ। ਆਹ ਲੈਸਲੀ ਵਾਲੀ ਮੌਤ ਤਾਂ ਇੱਕ ਦਿਨ ਹੀ ਆਉਂਦੀ ਆ ਪਰ ਮੈਂ ਤਾਂ ਰੋਜ਼ ਹੀ ਮਰਦਾ ਰਿਹਾ ਆਂ’

ਫੇਰ ਉਸ ਨੂੰ ਪਿਛਲੇ ਸਾਲ ਸੀਨੀਅਰ ਹੋਮ ‘ਚ ਆਏ ਇੱਕ ਹੋਰ ਪੰਜਾਬੀ ਬੰਦੇ ਦੀ ਯਾਦ ਆਈ ਜੋ ਅਪਣੇ ਆਪ ਨੂੰ ਲੰਬੜਦਾਰ ਦੱਸਿਆ ਕਰਦਾ ਸੀ। ਉਸਦੇ ਪੁੱਤਰ ਵੀ ਉਸ ਨੂੰ ਮਰਨ ਲਈ ਏਥੇ ਸੁੱਟ ਗਏ ਸਨ। ਪਰ ਉਹ ਏਥੇ ਕਿਸੇ ਨਰਸ ਤੋਂ ਕਾਲਿੰਗ ਕਾਰਡ ਮੰਗਵਾ ਕੇ ਅਪਣੀ ਇੰਡੀਆ ਰਹਿੰਦੀ ਕੁੜੀ ਨੂੰ ਫੋਨ ਕਰ ਲੈਂਦਾ। ਫੇਰ ਇੱਕ ਦਿਨ ਉਸਦੀ ਕੁੜੀ ਨੇ ਇੰਡੀਆ ਤੋਂ ਟਿਕਟ ਦਾ ਪ੍ਰਬੰਧ ਵੀ ਕਰਵਾ ਦਿੱਤਾ। ਕਹਿੰਦੀ ‘ਮੈਂ ਸਾਂਭਾਂਗੀ ਬਾਪੂ। ਤੂੰ ਇਉਂ ਰੁਲਣ ਨਾਲੋਂ ਪਿੱਛੇ ਈ ਮੁੜ ਆ’ ਤੇ ਇੱਕ ਦਿਨ ਉਹ ਚੁੱਪ ਚਾਪ ਕਿਸੇ ਦੀ ਮਦਦ ਨਾਲ ਜਹਾਜ਼ ਚੜ੍ਹ ਗਿਆ। ਤੇ ਇੰਡੀਆ ਜਾਣ ਸਾਰ, ਕੈਨੇਡਾ ਰਹਿੰਦੇ ਮੁੰਡਿਆਂ ਨੂੰ ਜ਼ਮੀਨ ਤੋਂ ਬੇਦਖ਼ਲ ਕਰ ਦਿੱਤਾ। ਜ਼ਮੀਨ ਵੇਚ ਕੇ ਕੁਝ ਪੈਸੇ ਕੁੜੀ ਨੂੰ ਦੇ ਦਿੱਤੇ, ਬਾਕੀ ਸਾਰੇ ਪਿੰਡ ਦੇ ਸਕੂਲ ਅਤੇ ਹਸਪਤਾਲ ਨੂੰ ਦੇ ਦਿੱਤੇ। ਕਹਿੰਦਾ ‘ਅੇਹੋ ਜਿਹੀ ‘ਲਾਦ ਨੂੰ ਕੀ ਕਰਨੈ’

ਹੁਣ ਹਰਨਾਮ 1991 ਦੇ ਉਸ ਸਮੇਂ ਬਾਰੇ ਸੋਚ ਰਿਹਾ ਸੀ, ਜਦੋਂ ਵੱਡੇ ਬੁਸ਼ ਨੇ ਇਰਾਕ ‘ਤੇ ਹਮਲਾ ਕੀਤਾ ਸੀ। ਕਿਵੇਂ ਮੀਂਹ ਵਾਂਗੂੰ ਬੰਬ ਵਰਸਾਏ ਗਏ ਸਨ। ਇੱਕ ਪਾਸੇ ਬੰਬਾਂ, ਬੰਦੂਕਾਂ ‘ਤੇ ਪੈਸਾ ਫੂਕਿਆ ਜਾ ਰਿਹਾ ਸੀ ਤੇ ਦੂਸਰੇ ਪਾਸੇ ਕੈਨੇਡਾ ਦੇ ਮੰਦਵਾੜੇ ਨੇ ਆਮ ਬੰਦੇ ਨੂੰ ਰੋਟੀ ਦੇ ਲਾਲੇ ਪਾਏ ਹੋਏ ਸਨ। ਉਹ ਦੋਵੇ ਪੱਖ ਟੈਲੀਵਿਜ਼ਨ ‘ਤੇ ਦੇਖਦਾ ਰਿਹਾ। ਉਧਰ ਇਰਾਕ ਤਬਾਹ ਹੋ ਰਿਹਾ ਸੀ ਤੇ ਏਧਰ ਹਰਨਾਮ ਦਾ ਘਰ। ਉਸ ਸਮੇਤ ਦੋਨਾਂ ਮੁੰਡਿਆਂ ਨੂੰ ਕੰਮਾਂ ਤੋਂ ਜਵਾਬ ਮਿਲ ਗਿਆ ਸੀ। ਉਦੋਂ ਕਿਵੇਂ ਸਾਰੇ ਉਸਦੇ ਹਾੜੇ ਕੱਢਦੇ ਸਨ ਕਿ ਡੈਡ ਤੁਸੀਂ ਘਰ ਨੂੰ ਬਚਾ ਲਵੋ। ਇੰਡੀਆ ਵਾਲੀ ਜ਼ਮੀਨ ਆਪਾਂ ਕੀ ਕਰਨੀ ਆ ਜਦ ਉੱਥੇ ਜਾਣਾ ਈ ਨੀ। ਉਦੋਂ ਤਾਂ ਤੇਜੋ ਨੂੰ ਵੀ ਹੱਥਾਂ ‘ਤੇ ਚੁੱਕੀ ਫਿਰਦੇ ਸੀ। ਉਹ ਅੱਡ ਮੇਰੇ ਮਗਰ ਪੈ ਗਈ। ਅਖੇ ਜੌਬਾਂ ਕਰਕੇ ਫੇਰ ਖਰੀਦ ਲੈਣਗੇ ਜ਼ਮੀਨਾਂ। ਨਾਲੇ ਅਖੇ ਮੁੰਡੇ ਦਾ ਦੂਜੀ ਕਮਿਊਨਟੀ ਵਿੱਚ ਵਿਆਹ ਹੋਣਾ ਏ, ਅਗਲੇ ਕੀ ਕਹਿਣਗੇ? ਉਦੋਂ ਜ਼ਮੀਨ ਵੇਚਣ ਨੂੰ ਤਾਂ ਝੱਟ ਮੇਰੇ ਨਾਲ ਇੰਡੀਆ ਜਾਣ ਨੂੰ ਵੀ ਤਿਆਰ ਹੋ ਗਏ। ਗੁਰਾਇਆ ਸ਼ਹਿਰ ਨਾਲ ਲੱਗਦੀ ਜੋ ਜ਼ਮੀਨ ਹੁਣ ਕਰੋੜਾਂ ਦੀ ਹੈ, ਉਦੋਂ ਲੱਖਾਂ ‘ਚ ਵੇਚ ‘ਤੀ, ਭੋਅ ਦੇ ਭਾਅ। ਚਾਲੀ-ਚਾਲੀ ਲੱਖ ਦੋਹਾਂ ਨੂੰ ਵੰਡ ਕੇ ਦੇ ਦਿੱਤਾ ਤੇ ਅਪਣੇ ਹੱਥ ਵਢਵਾ ਲਏ। ਬੱਸ ਪੈਸੇ ਮਿਲਣ ਦੀ ਦੇਰ ਸੀ ਕਿ ਪਿੱਠ ‘ਤੇ ਲੱਤ ਮਾਰ ਕੇ ਔਹ ਗਏ ਔਹ ਗਏ। ਹੁਣ ਤਾਂ ਕੁੜੀ ਨਾਲ ਵੀ ਨਹੀਂ ਵਰਤਦੇ।

ਬਹਾਨਾ ਅਖੇ ‘ਕੁੜੀ ਨੇ ਗੋਰੇ ਨਾਲ ਵਿਆਹ ਸਾਡੀ ਮਰਜ਼ੀ ਨਾਲ ਨਹੀਂ ਕਰਵਾਇਆ? ਜਦ ਸਾਡੀ ਮੰਨੀ ਹੀ ਨੀ। ਹੁਣ ਲੋਕ ਕੀ ਕਹਿਣਗੇ?’ ਅੱਗੋਂ ਉਸਦਾ ਗੋਰਾ ਘਰ ਵਾਲਾ ਵੀ ਤਾਂ ਅਜਿਹਾ ਹੀ ਨਿੱਕਲਿਆ? ਜੋ ਉਸ ਨੂੰ ਲੈ ਕੇ ਸ਼ਿਕਾਗੋ ਚਲਾ ਗਿਆ। ਨਾ ਕਦੇ ਕੋਈ ਫੋਨ ਨਾ ਖ਼ਬਰਸਾਰ…। ਮੇਰੇ ਭਾਅ ਦਾ ਤਾਂ ਸਾਰੇ ਹੀ ਮਰ ਗਏ।

ਹੁਣ ਆਪ ਤਾਂ ਸਾਰੇ ਘੁੰਮਦੇ ਨੇ ਕਦੇ ਡਿਜ਼ਨੀਲੈਂਡ ਤੇ ਕਦੇ ਕਿਊਬਾ, ਬੱਸ ਮੇਰੇ ਲਈ ਹੀ ਟਾਈਮ ਨਹੀਂ। ਮੈਂ ਹੀ ਪੁੱਛਾਂ ਪੜਤਾਲਾਂ ਕਰਦਾ ਰਹਿੰਦਾ ਆਂ। ਪਤਾ ਲੱਗਿਆ ਸੀ ਪਿੱਛੇ ਜਿਹੇ ਸ਼ਿੱਪ ਕਰੂਜ਼ ਤੇ ਬਾਰਵੈਡੋ ਜਾ ਕੇ ਆਏ ਨੇ। ਦੋਨੋਂ ਅਪਣੀਆਂ ਘਰ ਵਾਲੀਆਂ ਤੇ ਨਿਆਣਿਆਂ ਸਮੇਤ। ਮੈਂ ਤਾਂ ਪੋਤੇ-ਪੋਤੀਆਂ ਦੇ ਮੂੰਹ ਦੇਖਣ ਨੂੰ ਵੀ ਤਰਸ ਗਿਆ। ਪੁਰਖ਼ਿਆਂ ਦੀ ਜਾਇਦਾਦ ਵੇਚ ਕੇ ਵੱਡ ਵਡੇਰਿਆਂ ਤੋਂ ਵੀ ਮੂੰਹ ਮੋੜ ਲਿਆ। ਤੇ ਤੇਜੋ ਵੀ ਛੱਡ ਕੇ ਤੁਰ ਗਈ। ਜੇ ਸੱਚ ਪੁੱਛਦੇ ਹੋ ਤਾਂ ਤੇਜੋ ਵੀ ਇਹਨਾਂ ਦੀ ਲਾਪਰਵਾਹੀ ਨਾਲ ਹੀ ਗਈ ਆ। ਹੁਣ ਅਪਣੀਆਂ ਘਰ ਵਾਲੀਆਂ ਨੂੰ ਬਥੇਰਾ ਚੁੱਕੀ ਤੁਰੇ ਫਿਰਦੇ ਆ। ਉਨ੍ਹਾਂ ਲਈ ਤਾਂ ਬਥੇਰਾ ਟਾਈਮ ਆ ਪਰ ਮਾਂ ਲਈ ਨਹੀਂ ਸੀ। ਆਹ ਇੱਕ ਲੈਸਲੀ ਸੀ ਏਹਦੇ ਨਾਲ ਦਿਲ ਫੋਲ ਲਈਦਾ ਸੀ, ਅੱਜ ਉਹ ਵੀ ਤੁਰ ਗਿਆ। ਮਨਾਂ ਮਰਿਆਂ ਨਾਲ ਤਾਂ ਮਰਿਆ ਨਹੀਂ ਜਾਂਦਾ। ਸੰਸਾਰ ਤਾਂ ਹੈ ਈ ਪੈਸੇ ਦਾ…।

ਅਮਰੀਕਾ ਹੁਣ ਘੋਰ ਮੰਦਵਾੜੇ ਦਾ ਸ਼ਿਕਾਰ ਏ। ਕੰਮ ਸਾਰੇ ਬੰਦ ਹੋ ਰਹੇ ਨੇ। ਜੌਬਾਂ ਜਾ ਰਹੀਆਂ ਨੇ ਤੇ ਘਰ ਵਿਕ ਰਹੇ ਨੇ। ਓਬਾਮਾਂ ਤੋਂ ਤਾਂ ਬੁਸ਼ ਦਾ ਪਾਇਆ ਖਲਾਰਾ ਹੀ ਠੀਕ ਨਹੀਂ ਹੋ ਰਿਹਾ। ਕੋਈ ਬਫਲੋ ਸ਼ਹਿਰ ਗਿਆ ਸੀ, ਦੱਸਦਾ ਸੀ ਕਿ ਸਾਰੇ ਬਿਜ਼ਨਸਾਂ ਨੂੰ ਤਾਲੇ ਲੱਗੇ ਪਏ ਨੇ। ਸੜਕਾਂ ਇਉਂ ਖਾਲੀ ਪਈਆਂ ਨੇ ਜਿਵੇਂ ਕਰਫਿਊ ਲੱਗਿਆ ਹੋਵੇ। ਕੀ ਮੇਰੇ ਮੁੰਡੇ ਬਚ ਜਾਣਗੇ ਹੁਣ ਏਸ ਕਹਿਰ ਤੋਂ? ਜੇ ਮੇਰੇ ਕੋਲ ਆਉਣਗੇ ਮੈਂ ਤਾਂ ਪੈਨੀ ਵੀ ਨਹੀਂ ਦਿੰਦਾ। ਨਾਲੇ ਕਾਹਦੇ ਰਿਸ਼ਤੇ ਨਾਤੇ ਰਹਿ ਗਏ ਹੁਣ? ਅਸਲ ਵਿੱਚ ਅਮਰੀਕੀ ਸਿਸਟਮ ਨੇ ਲੋਕਾਂ ਦੀ ਸੋਚ ਵੀ ਅਪਣੇ ਵਰਗੀ ਹੀ ਬਣਾ ਦਿੱਤੀ ਆ। ਲੋੜ ਵੇਲੇ ਗਧੇ ਨੂੰ ਵੀ ਬਾਪ ਬਣਾ ਲੈਂਦੇ ਨੇ ਤੇ ਲੋੜ ਪੂਰੀ ਕਰਕੇ ਬਾਪ ਨੂੰ ਵੀ ਗਧਾ ਸਮਝਦੇ ਨੇ।

ਫੇਰ ਉਹ ਸੋਚਣ ਲੱਗਿਆ ‘ਕਹਿੰਦੇ ਯੂਰਪ ਦਾ ਵੀ ਇਹ ਹੀ ਹਾਲ ਹੈ। ਇਕੱਲੇ ਚੀਨ ਤੇ ਭਾਰਤ ਹੀ ਬਚੇ ਨੇ। ਅਮਰੀਕਾ ਦੀਆਂ ਅੱਖਾਂ ਵਿੱਚ ਉਹ ਰੜਕਦੇ ਤਾਂ ਬਹੁਤ ਨੇ ਪਰ ਕਰ ਕੁੱਝ ਨਹੀਂ ਸਕਦਾ। ਜੇ ਭਾਰਤ ਵੀ ਦੁਨੀਆ ਦਾ ਅਮੀਰ ਮੁਲਕ ਬਣ ਜਾਵੇ। ਤਾਂ ਮੇਰੇ ਵਰਗਿਆਂ ਨੂੰ ਬਾਹਰਲੇ ਮੁਲਕਾਂ ‘ਚ ਤਾਂ ਨਾ ਧੱਕੇ ਖਾਣੇ ਪੈਣ? ਤੇ ਅਪਣੀ ਉਲਾਦ ਵੀ ਨਾ ਐਵੇਂ ਗੁਆਉਣੀ ਪਵੇ। ਬੰਦਾ ਜਿੱਥੇ ਜਨਮ ਲਵੇ ਮਰੇ ਵੀ ਉਥੇ ਹੀ’

ਹਰਨਾਮ ਦੀ ਇਹ ਵੀ ਇੱਛਾ ਸੀ ਕਿ ਮਰ ਕੇ ਉਸ ਦੇ ਪੰਜ ਭੂਤਕ ਸਰੀਰ ਦੀ ਮਿੱਟੀ ਪੁਰਖ਼ਿਆਂ ਦੀ ਮਿੱਟੀ ਨਾਲ ਹੀ ਮਿਲੇ। ਪਰ ਹੁਣ ਅਜਿਹਾ ਸੰਭਵ ਨਹੀਂ ਸੀ ਲੱਗਦਾ। ਇੱਕ ਦਿਨ ਉਸ ਨੇ ਵੀ ਮੈਡੋਵਿੱਲ ਸਮਿੱਟਰੀ ਦੇ ਉਸੇ ਹੀਟਰ ‘ਤੇ ਸੜਨਾ ਸੀ, ਜਿੱਥੇ ਅੱਜ ਲੈਸਲੀ ਜਾ ਰਿਹਾ ਸੀ। ਫੇਰ ਉਹ ਵਾਕਰ ਸਹਾਰੇ ਤੁਰਦਾ ਤੁਰਦਾ ਖਿੜਕੀ ਕੋਲ ਜਾ ਖੜਿਆ, ਤੇ ਪਰਦਾ ਚੁੱਕ ਕੇ ਬਾਹਰ ਦੇਖਣ ਲੱਗਿਆ।

ਲੈਸਲੀ ਤੇ ਹਰਨਾਮ ਦੀ ਹੋਣੀ ਵੀ ਤਾਂ ਇੱਕੋ ਜਿਹੀ ਸੀ। ਦੋਨੋਂ ਆਪੋ ਅਪਣੇ ਮੁਲਕ ਛੱਡਕੇ ਚੰਗੇ ਭਵਿੱਖ ਦੀ ਆਸ ਵਿੱਚ ਕੈਨੇਡਾ ਆਏ ਸਨ। ਤੇ ਫੇਰ ਇਸ ਸੀਨੀਅਰ ਹੋਮ ਵਿੱਚ ਵੀ। ਦੋਹਾਂ ਦਾ ਸਾਂਝਾ ਦਰਦ ਉਨ੍ਹਾਂ ਨੂੰ ਇੱਕ ਦੂਜੇ ਦੇ ਨੇੜੇ ਲੈ ਆਇਆ। ਲੈਸਲੀ ਉਸ ਨੂੰ ਅਕਸਰ ਸਮਝਾਉਂਦਾ ਕਿ ਭੁੱਲ ਜਾ ਸਭ ਕੁੱਝ…। ‘ਜੋ ਜ਼ਿੰਦਗੀ ਦਾ ਬਾਕੀ ਸਮਾਂ ਬਚਿਆ ਹੈ ਉਸ ਨੂੰ ਇਨਜੁਆਏ ਕਰ। ਦੇਖ ਨਰਸਾਂ ਸਾਡਾ ਕਿੰਨਾ ਕਰਦੀਆਂ ਨੇ। ਰੋਜ਼ ਨੁਹਾ ਧੁਆ ਕੇ ਕੱਪੜੇ ਬਦਲਦੀਆਂ ਨੇ। ਹਰ ਰੋਜ਼ ਨਵੇਂ ਬੈੱਡ ਬਣਾਉਂਦੀਆਂ ਨੇ। ਹਸ ਕੇ ਬੋਲਦੀਆਂ ਨੇ। ਕਦੇ ਮੱਥੇ ਵੱਟ ਨਹੀਂ ਪਾਉਂਦੀਆਂ। ਇਸ ਇਮਾਰਤ ਵਿੱਚ ਆਪਾਂ ਕਿੰਨੇ ਸੁਰੱਖਿਅਤ ਹਾਂ। ਕੋਈ ਤੂਫ਼ਾਨ ਦਾ ਡਰ ਨਹੀਂ ਤੇ ਨਾ ਹੀ ਬੇਘਰ ਹੋਣ ਦਾ। ਕੋਈ ਗ੍ਰੌਸਰੀ ਦਾ ਵੀ ਫ਼ਿਕਰ ਨਹੀਂ। ਫੇਰ ਸਾਰੀਆਂ ਦਵਾਈਆਂ ਫਰੀ ਨੇ ਤੇ ਅਪਣੇ ਕੋਲ ਕਿੰਨਾ ਵਕਤ ਹੈ। ਮਰਿਆਂ ਨੂੰ ਕੋਈ ਮੋਢਾ ਦੇਵੇ ਜਾ ਨਾਂ ਦੇਵੇ ਕੀ ਫ਼ਰਕ ਪੈਂਦਾ ਹੈ? ਤੇਰੇ ਅਸਤ ਭਾਵੇਂ ਕੀਰਤਪੁਰ ਪੈਣ ਜਾਂ ਲੇਕ ਉਨਟਾਰੀਓ, ਤੂੰ ਕੁੱਝ ਵੀ ਨਾ ਸੋਚ’ ਪਰ ਹਰਨਾਮ ਕੋਲੋਂ ਅਜਿਹਾ ਹੋ ਨਹੀਂ ਸੀ ਰਿਹਾ।
ਹਰਨਾਮ ਨੂੰ ਲੈਸਲੀ ਦੀ ਕਹੀ ਇੱਕ ਹੋਰ ਗੱਲ ਯਾਦ ਆਈ।” ਦੇਖ ਤੂੰ ਅਪਣੀ ਜ਼ਿੰਦਗੀ ਹੁਣ ਕੱਢ ਲਈ ਆ ਹੁਣ ਤੇਰੇ ਧੀਆਂ ਪੁੱਤਰਾਂ ਦੀ ਵਾਰੀ ਆ। ਜੀਣ ਦੇ ਉਨ੍ਹਾਂ ਨੂੰ ਆਜ਼ਾਦ ਹੋ ਕੇ। ਕਿਉਂ ਉਹਨਾਂ ਦੇ ਖੰਭਾਂ ਨਾਲ ਰਿਸ਼ਤਿਆਂ ਦੇ ਪੱਥਰ ਬਨਣਾ ਚਾਹੁੰਨਾ ਏ? ਕਿਉਂ ਤੇਰੇ ਮਨ ਨੂੰ ਨਹੀਂ ਟਿਕਾ? ਹੁਣ ਤੂੰ ਬਾਕੀ ਬਚੀ ਜ਼ਿੰਦਗੀ ਨੂੰ ਮਾਣ…’ ਹਰਨਾਮ ਨੂੰ ਜਾਪਿਆ ਜਿਵੇਂ ਲੈਸਲੀ ਠੀਕ ਹੀ ਤਾਂ ਕਹਿ ਰਿਹਾ ਸੀ।

ਤਦੇ ਉਸ ਨੂੰ ਟਿਮਟਿਮਾਉਂਦੇ ਤਾਰਿਆਂ ਦੀ ਤਰ੍ਹਾਂ ਕਿੰਨੀਆਂ ਹੀ ਕਾਰਾਂ ਦੇ ਫਲੈਸ਼ਰ ਨਜ਼ਰ ਆਏ। ਇੱਕ ਕਾਲੀ ਕਾਰ ਫਿਊਨਰਲ ਵਾਲੇ ਕਾਫ਼ਲੇ ਦੀ ਅਗਵਾਈ ਕਰ ਰਹੀ ਸੀ। ਉਸ ਨੇ ਸੋਚਿਆ ਕਿ ਇਹ ਲੈਸਲੀ ਤਾਂ ਨਹੀਂ ਹੋ ਸਕਦਾ, ਹੁਣ ਤਾਂ ਤਿੰਨ ਵੱਜਣ ਵਾਲੇ ਨੇ। ਫੇਰ ਉਸਦੇ ਮਨ ਨੇ ਕਿਹਾ ਚਲੋ ਕੋਈ ਵੀ ਹੋਵੇ ਚੱਲਿਆ ਤਾਂ ਓਥੇ ਹੀ ਹੈ, ਜਿੱਥੇ ਮੇਰਾ ਯਾਰ ਗਿਆ ਹੈ। ਤੇ ਆਖ਼ਰ ਨੂੰ ਸਭ ਨੇ ਉਸੇ ਹੀ ਰਸਤੇ ਜਾਣਾ ਹੈ। ਹੌਲੀ ਹੌਲੀ ਇਹ ਕਾਫ਼ਲਾ ਵੀ ਲੰਘ ਗਿਆ। ਉਹ ਅੱਖਾਂ ਭਰੀ ਦੇਖਦਾ ਰਿਹਾ।
ਹੁਣ ਉਹ ਅਪਣੇ ਆਪ ਨੂੰ ਕਹਿ ਰਿਹਾ ਸੀ ‘ਦਰਅਸਲ ਤੈਨੂੰ ਹੀ ਜ਼ਿੰਦਗੀ ਜੀਣੀ ਨਹੀਂ ਆਈ। ਅਪਣੇ ਲਈ ਤਾਂ ਤੂੰ ਕਦੇ ਜੀਵਿਆ ਹੀ ਨਹੀਂ। ਕਦੇ ਮਾਪਿਆਂ ਲਈ ਤੇ ਕਦੇ ਪਤਨੀ ਜਾਂ ਧੀਆਂ ਪੁੱਤਰਾਂ ਲਈਂ ਜੀਊਂਦਾ ਰਿਹਾ। ਕਾਸ਼ ਤੂੰ ਵੀ ਪੱਛਮੀ ਲੋਕਾਂ ਵਾਂਗ ਜੀਣਾ ਸਿੱਖ ਲੈਂਦਾ?

ਉਸ ਨੇ ਦੇਖਿਆ ਬਾਹਰ ਖੂਬਸੂਰਤ ਫੁੱਲ ਖਿੜੇ ਹੋਏ ਸਨ। ਮੈਪਲ ਤੇ ਦਿਆਰ ਦੇ ਦਰਖ਼ਤ ਹਵਾ ਨਾਲ ਝੂਮ ਰਹੇ ਸਨ। ਮਿਊਂਸਪੈਲਿਟੀ ਦੇ ਫੁਹਾਰੇ ਹਰੇ ਕਚੂਰ ਘਾਹ ‘ਤੇ ਵਰਖਾ ਕਰ ਰਹੇ ਸਨ ਤੇ ਧੁੱਪ ਚਮਕ ਰਹੀ ਸੀ। ‘ਜ਼ਿੰਦਗੀ ਕਿੰਨੀ ਖੂਬਸੂਰਤ ਹੈ’ ਹਰਨਾਮ ਨੂੰ ਜਾਪਿਆ ਜਿਵੇਂ ਲੈਸਲੀ ਹੁਣ ਉਸ ਦੇ ਨਾਲ ਤੁਰ ਰਿਹਾ ਸੀ।

e-mail :major.mangat@gmail.com

Leave a Reply

Your email address will not be published. Required fields are marked *