ਚੰਡੀਗੜ੍ਹ ਦੀ ਕੁੜੀ ਨੇ ਏਅਰ ਫੋਰਸ ”ਚ ਰਚਿਆ ਇਤਿਹਾਸ

ਚੰਡੀਗੜ੍ਹ : ਭਾਰਤੀ ਹਵਾਈ ਫੌਜ ਨੇ ਬੈਂਗਲੂਰ ਦੇ ਯੇਲਾਹਾਂਕਾ ਏਅਰ ਬੇਸ ਦੀ 112ਵੀਂ ਹੈਲੀਕਾਪਟਰ ਯੂਨਿਟ ਦੀ ਫਲਾਈਟ ਲੈਫਟੀਨੈਂਟ ਹਿਨਾ ਜੈਸਵਾਲ ਨੂੰ ਆਪਣੀ ਪਹਿਲੀ ਮਹਿਲਾ ਫਲਾਈਟ ਲੈਫਟੀਨੈਂਟ ਵਜੋਂ ਸ਼ਾਮਲ ਕੀਤਾ ਹੈ। ਰੱਖਿਆ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਇਥੇ ਇਕ ਬਿਆਨ ‘ਚ ਕਿਹਾ ਕਿ ਫਲਾਈਟ ਲੈਫਟੀਨੈਂਟ ਹਿਨਾ ਜੈਸਵਾਲ ਨੇ ਯੇਲਾਹਾਂਕਾ ਹਵਾਈ ਫੌਜ ਸਟੇਸ਼ਨ ‘ਚ ਕੋਰਸ ਪੂਰਾ ਕਰਨ ਤੋਂ ਬਾਅਦ ਪਹਿਲੀ ਮਹਿਲਾ ਫਲਾਈਟ ਇੰਜੀਨੀਅਰ ਬਣ ਕੇ ਇਤਿਹਾਸ ਰਚ ਦਿੱਤਾ ਹੈ।
ਹਵਾਈ ਫੌਜ ਦੀ ਇੰਜੀਨੀਅਰਿੰਗ ਬਰਾਂਚ ‘ਚ 5 ਜਨਵਰੀ 2015 ਨੂੰ ਭਰਤੀ ਹੋਈ ਹਿਨਾ ਨੇ ਫਲਾਈਟ ਇੰਜੀਨੀਅਰਿੰਗ ਕੋਰਸ ‘ਚ ਸ਼ਾਮਲ ਹੋਣ ਤੋਂ ਪਹਿਲਾਂ ਜ਼ਮੀਨ ਤੋਂ ਹਵਾ ‘ਚ ਮਾਰ ਕਰਨ ਵਾਲੇ ਮਿਜ਼ਾਈਲ ਦਸਤੇ ‘ਚ ਫਾਇਰਿੰਗ ਟੀਮ ਦੀ ਪ੍ਰਮੁੱਖ ਅਤੇ ਬੈਟਰੀ ਕਮਾਂਡਰ ਵਜੋਂ ਕੰਮ ਕੀਤਾ। ਹਿਨਾ ਦਾ ਫਲਾਈਟ ਇੰਜੀਨੀਅਰਿੰਗ ਦਾ ਕੋਰਸ ਸ਼ੁੱਕਰਵਾਰ ਨੂੰ ਪੂਰਾ ਹੋਇਆ।
6 ਮਹੀਨੀਆਂ ਦੇ ਕੋਰਸ ਦੌਰਾਨ ਹਿਨਾ ਨੇ ਟ੍ਰੇਨਿੰਗ ਲੈਂਦੇ ਹੋਏ ਆਪਣੀ ਪ੍ਰਤੀਬੱਧਤਾ, ਸਮਰਪਣ ਅਤੇ ਮਜ਼ਬੂਤੀ ਦਾ ਪ੍ਰਦਰਸ਼ਨ ਕੀਤਾ। ਮੂਲ ਰੂਪ ਤੋਂ ਚੰਡੀਗੜ੍ਹ ਦੀ ਹਿਨਾ ਨੇ ਪੰਜਾਬ ਯੂਨੀਵਰਸਿਟੀ ਤੋਂਂ ਇੰਜੀਨੀਅਰਿੰਗ ‘ਚ ਗ੍ਰੈਜੂਏਸ਼ਨ ਕੀਤੀ ਹੈ।
ਬਚਪਨ ‘ਚ ਪਹਿਨਦੀ ਸੀ ਫੌਜੀਆਂ ਵਾਲਾ ਪਹਿਰਾਵਾ
ਮਹਿਲਾ ਫਲਾਈਟ ਇੰਜੀਨੀਅਰ ਬਣਨ ਦੀ ਮੇਰੀ ਉਪਲਬਧੀ ਸੁਪਨਾ ਪੂਰਾ ਹੋਣ ਵਰਗੀ ਹੈ ਕਿਉਂਕਿ ਮੈਂ ਬਚਪਨ ਤੋਂ ਹੀ ਫੌਜੀਆਂ ਦਾ ਪਹਿਰਾਵਾ ਪਹਿਨਣ ਅਤੇ ਪਾਇਲਟ ਵਜੋਂ ਉਡਣ ਲਈ ਪ੍ਰੇਰਿਤ ਹੁੰਦੀ ਸੀ। ਫਲਾਈਟ ਇੰਜੀਨੀਅਰ ਵਜੋਂ ਹਿਨਾ ਨੂੰ ਜ਼ਰੂਰਤ ਪੈਣ ‘ਤੇ ਸਿਆਚਿਨ ਗਲੇਸ਼ੀਅਰ ਦੀਆਂ ਬਰਫੀਲੀਆਂ ਉੱਚਾਈਆਂ ਤੋਂ ਅੰਡੇਮਾਨ ਦੇ ਸਾਗਰ ‘ਚ ਹਵਾਈ ਫੌਜ ਦੀ ਆਪ੍ਰੇਸ਼ਨਲ ਹੈਲੀਕਾਪਟਰ ਯੂਨਿਟਸ ‘ਤੇ ਤਾਇਨਾਤ ਕੀਤਾ ਜਾ ਸਕਦਾ ਹੈ। ਪੁਰਸ਼ ਫੌਜੀਆਂ ਦੀ ਬਹੁਤਾਤ ਵਾਲੀ ਫਲਾਈਟ ਇੰਜੀਨੀਅਰ ਬ੍ਰਾਂਚ ਨੂੰ 2018 ‘ਚ ਮਹਿਲਾ ਅਧਿਕਾਰੀਆਂ ਲਈ ਵੀ ਖੋਲ੍ਹ ਦਿੱਤਾ ਗਿਆ ਸੀ।

Leave a Reply

Your email address will not be published. Required fields are marked *