ਚੰਡੀਗ਼ੜ੍ਹ : ਜਿਥੇ ਦੇਸ਼ ਭਰ ਵਿੱਚ ਕਰੋਨਾ ਦੀ ਲਾਗ ਕਾਰਨ ਹਫੜਾ ਦਫੜੀ ਮਚੀ ਪਈ ਹੈ ਉਥੇ ਸਿਟੀ ਬਿਊਟੀਫ਼ੁੱਲ ਵੀ ਇਸ ਤੋਂ ਬਚ ਨਹੀਂ ਸਕੀ। ਪ੍ਰਾਪਤ ਵੇਰਵਿਆਂ ਮੁਤਾਬਿਕ ਚੰਡੀਗੜ੍ਹ ਵਿਚ ਇਸ ਮਹਾਮਾਰੀ ਦੇ 2 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਗਿਣਤੀ 300 ਤੋਂ ਟੱਪ ਗਈ ਹੈ। ਇਨ੍ਹਾਂ ਵਿਚੋਂ 82 ਐਕਟਿਵ ਕੇਸ ਹਨ ਜਦਕਿ 5 ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਇਥੇ ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਬਾਪੂਧਾਮ ਕਲੋਨੀ ਤੋਂ ਸਾਹਮਣੇ ਆ ਰਹੇ ਹਨ। ਪ੍ਰਸ਼ਾਸਨ ਨੇ ਬਾਪੂਧਾਮ ਕਾਲੋਨੀ ਨੂੰ ਬਫ਼ਰ ਜ਼ੋਨ ਵਿੱਚ ਗਿਣਿਆ ਹੋਇਆ ਹੈ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਥੇ ਚੰਡੀਗੜ੍ਹ ਵਿੱਚ ਕਰੋਨਾ ਦੇ ਰੋਜ਼ਾਨਾ ਮਾਮਲੇ ਸਾਹਮਣੇ ਆ ਰਹੇ ਹਨ ਉਥੇ ਹੀ ਚੰਡੀਗੜ੍ਹ ਵਿਚ ਜ਼ਿੰਦਗੀ ਦਾ ਪਹੀਆ ਵੀ ਰੁੜ ਲੱਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਅਨਲਾਕ-1 ਸਬੰਧੀ ਸੋਮਵਾਰ ਨੂੰ ਵਾਰ ਰੂਮ ਮੀਟਿੰਗ ‘ਚ ਕਈ ਨਵੀਆਂ ਹਦਾਇਤਾਂ ਦਿੱਤੀਆਂ ਹਨ। ਹੁਣ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 10 ਤੋਂ ਰਾਤ 8 ਵਜੇ ਤੱਕ ਤੈਅ ਕਰ ਦਿੱਤਾ ਗਿਆ ਹੈ। ਜ਼ਰੂਰੀ ਸਾਮਾਨ ਜਿਵੇਂ ਦੁੱਧ, ਬ੍ਰੈੱਡ, ਦਵਾਈਆਂ, ਫਲ ਅਤੇ ਸਬਜ਼ੀ ਆਦਿ ਦੀਆਂ ਦੁਕਾਨ ‘ਤੇ ਇਹ ਸਮਾਂ ਅਤੇ ਹੁਕਮ ਲਾਗੂ ਨਹੀਂ ਹੋਣਗੇ। ਦੁਕਾਨਾਂ ਦੇ ਵੀਕਲੀ ਕਲੋਜ਼ਰ ਲਈ ਤਾਲਾਬੰਦੀ ਤੋਂ ਪਹਿਲਾਂ ਦੇ ਦਿਸ਼ਾ-ਨਿਰਦੇਸ਼ ਹੀ ਜਾਰੀ ਰਹਿਣਗੇ। ਪ੍ਰਸ਼ਾਸਨ ਨੇ ਜਿਨ੍ਹਾਂ ਬਾਜ਼ਾਰਾਂ ‘ਤੇ 18 ਮਈ ਨੂੰ ਓਡ-ਈਵਨ ਦਾ ਪਹਿਲਾ ਹੁਕਮ ਜਾਰੀ ਕੀਤਾ ਹੈ, ਉਹ ਪਹਿਲਾਂ ਦੀ ਤਰ੍ਹਾਂ ਹੀ ਲਾਗੂ ਰਹੇਗਾ। ਸਟ੍ਰੀਟ ਵੈਂਡਰਾਂ ‘ਤੇ ਵੀ ਓਡ-ਈਵਨ ਦੇ ਹੁਕਮ ਜਾਰੀ ਰਹਿਣਗੇ।