ਗੁਰਦੇ ਖ਼ਰਾਬ ਤਾਂ ਜੀਵਨ ਬਰਬਾਦ

ਘੱਟ ਪਾਣੀ ਪੀਣਾ
ਕਹਿੰਦੇ ਹਨ ਕਿ ਜੇ ਤੁਸੀਂ ਘੱਟ ਪਾਣੀ ਪੀਓਗੇ ਤਾਂ ਗੁਰਦੇ ਨੂੰ ਖੂਨ ਸਾਫ਼ ਕਰਨ ਲਈ ਜੋ ਤਰਲ ਚਾਹੀਦੇ ਹਨ, ਉਹ ਲੋੜੀਂਦੀ ਮਾਤਰਾ ਵਿਚ ਨਹੀਂ ਮਿਲਦੇ ਅਤੇ ਤੁਹਾਡੇ ਖੂਨ ਵਿਚ ਇਕੱਤਰ ਗੰਦਗੀ ਤੁਹਾਡੇ ਸਰੀਰ ਵਿਚ ਹੀ ਰਹਿ ਜਾਂਦੀ ਹੈ। ਨਤੀਜੇ ਵਜੋਂ ਤੁਹਾਡਾ ਗੁਰਦਾ ਕੰਮ ਕਰਨਾ ਬੰਦ ਕਰ ਦਿੰਦਾ ਹੈ।
ਜ਼ਿਆਦਾ ਦੇਰ ਪਿਸ਼ਾਬ ਰੋਕਣ ਨਾਲ
ਬਹੁਤੇ ਡਾਕਟਰ ਦੱਸਦੇ ਹਨ ਕਿ ਜੇ ਤੁਸੀਂ ਰੋਜ਼ਾਨਾ ਪਿਸ਼ਾਬ ਨੂੰ ਰੋਕਦੇ ਹੋ ਤਾਂ ਇਹ ਤੁਹਾਡੇ ਗੁਰਦੇ ਲਈ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ ਹੈ, ਕਿਉਂਕਿ ਇਸ ਤਰ੍ਹਾਂ ਗੁਰਦੇ ਵਿਚ ਪੱਥਰੀ ਬਣਨ ਦੀ ਸੰਭਾਵਨਾ ਕਾਫੀ ਵਧ ਜਾਂਦੀ ਹੈ। ਇਸ ਲਈ ਜਦੋਂ ਵੀ ਪਿਸ਼ਾਬ ਆਵੇ ਤਾਂ ਰੋਕਣ ਦੀ ਕੋਸ਼ਿਸ਼ ਕਦੇ ਨਾ ਕਰੋ।
ਤੇਜ਼ ਨਮਕ ਖਾਣ ਨਾਲ
ਭੋਜਨ ਵਿਚ ਜ਼ਿਆਦਾ ਨਮਕ ਖਾਣ ਦੀ ਆਦਤ ਖੂਨ ਦੇ ਦਬਾਅ ਨੂੰ ਵਧਾਉਂਦੀ ਹੈ, ਨਾਲ ਹੀ ਗੁਰਦੇ ‘ਤੇ ਵੀ ਵਾਧੂ ਬੋਝ ਪਾਉਂਦੀ ਹੈ। ਸੋ, ਦਿਨ ਵਿਚ 5 ਗ੍ਰਾਮ ਤੋਂ ਜ਼ਿਆਦਾ ਲੂਣ ਨਹੀਂ ਖਾਣਾ ਚਾਹੀਦਾ।
ਜ਼ਿਆਦਾ ਦਵਾਈਆਂ ਲੈਣ ਨਾਲ
ਅਸੀਂ ਸਾਰੇ ਅਕਸਰ ਛੋਟੀਆਂ-ਛੋਟੀਆਂ ਸਮੱਸਿਆਵਾਂ ਵਿਚ ਦਰਦ-ਨਿਵਾਰਕ ਅਤੇ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਕਰਨ ਵਿਚ ਕਦੇ ਗੁਰੇਜ਼ ਨਹੀਂ ਕਰਦੇ ਤਾਂ ਹੁਣ ਜ਼ਰਾ ਸੰਭਲ ਜਾਓ। ਇਹ ਦਵਾਈਆਂ ਸਾਡੇ ਗੁਰਦੇ ਨੂੰ ਖਰਾਬ ਕਰਦੀਆਂ ਹਨ, ਇਸ ਲਈ ਅਜਿਹੀਆਂ ਦਵਾਈਆਂ ਦੇ ਜ਼ਿਆਦਾ ਸੇਵਨ ਤੋਂ ਬਚੋ।
ਜ਼ਿਆਦਾ ਕੋਲਡ ਡ੍ਰਿੰਕਸ ਪੀਣ ਨਾਲ
ਵਿਆਹ-ਪਾਰਟੀ ਵਗੈਰਾ ਵਿਚ ਜ਼ਿਆਦਾ ਕੋਲਡ ਡ੍ਰਿੰਕਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਦਾ ਪ੍ਰੋਟੀਨ ਤੁਹਾਡੇ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦਾ ਹੈ, ਜਿਸ ਦਾ ਸਿੱਧਾ ਅਸਰ ਤੁਹਾਡੇ ਗੁਰਦਿਆਂ ‘ਤੇ ਪੈਂਦਾ ਹੈ। ਇਸ ਤਰ੍ਹਾਂ ਇਹ ਸਹੀ ਸਮੇਂ ‘ਤੇ ਕੰਮ ਕਰਨ ਵਿਚ ਅਸਮਰੱਥ ਹੋ ਜਾਂਦੇ ਹਨ ਅਤੇ ਅਖੀਰ ਨਕਾਰਾ ਹੋ ਜਾਂਦੇ ਹਨ।
ਭਰਪੂਰ ਨੀਂਦ ਨਾ ਲੈਣ ਨਾਲ
ਤੰਦਰੁਸਤ ਸਰੀਰ ਲਈ ਹਮੇਸ਼ਾ ਪੂਰੀ ਅਤੇ ਚੰਗੀ ਨੀਂਦ ਦਾ ਹੋਣਾ ਬਹੁਤ ਲਾਜ਼ਮੀ ਹੁੰਦਾ ਹੈ। ਜੇ ਤੁਸੀਂ ਰਾਤ ਨੂੰ ਸਹੀ ਤਰ੍ਹਾਂ ਨਹੀਂ ਸੌਂਦੇ ਹੋ ਤਾਂ ਯਕੀਨ ਮੰਨੋ, ਇਸ ਕਿਰਿਆ ਵਿਚ ਵੀ ਰੁਕਾਵਟ ਆਵੇਗੀ ਅਤੇ ਤੁਹਾਡੇ ਗੁਰਦੇ ਖਰਾਬ ਹੋ ਜਾਣਗੇ।
ਮਾਸਾਹਾਰੀ ਭੋਜਨ ਕਰਨ ਨਾਲ
ਯਾਦ ਰੱਖੋ ਕਿ ਜ਼ਿਆਦਾ ਮਾਸਾਹਾਰੀ ਭੋਜਨ ਕਰਨ ਨਾਲ ਵੀ ਤੁਹਾਡੇ ਗੁਰਦੇ ਦੇ ਮੈਟਾਬਾਲਿਜ਼ਮ ‘ਤੇ ਜ਼ਿਆਦਾ ਦਬਾਅ ਪੈਂਦਾ ਹੈ। ਜੇ ਤੁਸੀਂ ਆਪਣੀ ਖੁਰਾਕ ਵਿਚ ਜ਼ਿਆਦਾ ਪ੍ਰੋਟੀਨ ਲੈਣ ਤੋਂ ਬਾਜ ਨਹੀਂ ਆਉਂਦੇ ਤਾਂ ਸਪੱਸ਼ਟ ਹੈ ਕਿ ਤੁਹਾਡੇ ਗੁਰਦੇ ਨੂੰ ਬਹੁਤ ਜ਼ਿਆਦਾ ਨੁਕਸਾਨ ਉਠਾਉਣਾ ਪੈ ਸਕਦਾ ਹੈ।
ਜ਼ਿਆਦਾ ਸ਼ਰਾਬ ਪੀਣ ਨਾਲ
ਜਾਣਕਾਰ ਲੋਕਾਂ ਅਨੁਸਾਰ ਜ਼ਿਆਦਾ ਮਾਤਰਾ ਵਿਚ ਅਤੇ ਲਗਾਤਾਰ ਅਲਕੋਹਲ ਦਾ ਸੇਵਨ ਕਰਨ ਨਾਲ ਵੀ ਤੁਹਾਡੇ ਲਿਵਰ ਅਤੇ ਗੁਰਦੇ ‘ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਨਤੀਜੇ ਵਜੋਂ ਤੁਹਾਡਾ ਗੁਰਦਾ ਛੇਤੀ ਆਪਣਾ ਕੰਮ ਕਰਨਾ ਬੰਦ ਕਰ ਦਿੰਦਾ ਹੈ।
ਵਿਟਾਮਿਨਜ਼ ਦੀ ਕਮੀ ਨਾਲ
ਦੇਖਣ ਵਿਚ ਆਉਂਦਾ ਹੈ ਕਿ ਕਈ ਵਾਰ ਗੁਰਦੇ ਦੇ ਫੇਲ੍ਹ ਹੋਣ ਅਤੇ ਪੱਥਰੀ ਬਣਨ ਦੀ ਜ਼ਿਆਦਾ ਸੰਭਾਵਨਾ ਉਦੋਂ ਹੁੰਦੀ ਹੈ ਜਦੋਂ ਸਾਡੇ ਭੋਜਨ ਵਿਚ ਮਿਨਰਲਸ ਅਤੇ ਵਿਟਾਮਿਨਾਂ ਦੀ ਕਮੀ ਹੁੰਦੀ ਹੈ। ਇਸ ਲਈ ਜਿਥੋਂ ਤੱਕ ਸੰਭਵ ਹੋ ਸਕੇ, ਇਨ੍ਹਾਂ ਦੀ ਕਮੀ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰੋ।
ਜ਼ਿਆਦਾ ਮਿੱਠਾ ਖਾਣ ਨਾਲ
ਇਹ ਸੱਚੀ ਗੱਲ ਹੈ ਕਿ ਜਦੋਂ ਅਸੀਂ ਖਾਣੇ ਵਿਚ ਖੰਡ ਦੀ ਜ਼ਿਆਦਾ ਵਰਤੋਂ ਕਰਦੇ ਹਾਂ ਤਾਂ ਇਹ ਸਾਡੇ ਖੂਨ ਦਾ ਸ਼ੂਗਰ ਦਾ ਪੱਧਰ ਵਧਾ ਦਿੰਦੀ ਹੈ, ਜੋ ਕਿ ਅੱਗੇ ਚੱਲ ਕੇ ਸਾਡੇ ਲਿਵਰ ਅਤੇ ਗੁਰਦੇ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਲਈ ਖੰਡ ਦਾ ਸੇਵਨ ਘੱਟ ਤੋਂ ਘੱਟ ਕਰੋ।
ਇੰਜ ਬਚਾਓ ਆਪਣੇ ਗੁਰਦੇ ਨੂੰ ਖ਼ਰਾਬ ਹੋਣ ਤੋਂ
* ਰੋਜ਼ਾਨਾ ਵੱਧ ਤੋਂ ਵੱਧ ਪਾਣੀ ਪੀਣ ਦੀ ਕੋਸ਼ਿਸ਼ ਕਰੋ। ਘੱਟ ਤੋਂ ਘੱਟ 8 ਤੋਂ 10 ਗਿਲਾਸ ਪਾਣੀ ਜ਼ਰੂਰ ਪੀਓ।
* ਫਲ ਅਤੇ ਹਰੀਆਂ ਸਬਜ਼ੀਆਂ ਨੂੰ ਆਪਣੇ ਭੋਜਨ ਵਿਚ ਜ਼ਿਆਦਾ ਮਾਤਰਾ ਵਿਚ ਸ਼ਾਮਿਲ ਕਰੋ। ਅੰਗੂਰ ਖਾਣੇ ਬਿਲਕੁਲ ਵੀ ਨਾ ਭੁੱਲੋ, ਕਿਉਂਕਿ ਇਹ ਗੁਰਦੇ ਵਿਚੋਂ ਫਾਲਤੂ ਯੂਰਿਕ ਐਸਿਡ ਬਾਹਰ ਕੱਢ ਕੇ ਸੁੱਟਦੇ ਹਨ।
* ਕਹਿੰਦੇ ਹਨ ਕਿ ਮੈਗਨੀਸ਼ੀਅਮ ਗੁਰਦੇ ਨੂੰ ਸਹੀ ਕੰਮ ਕਰਨ ਵਿਚ ਮਦਦ ਕਰਦਾ ਹੈ। ਇਸ ਲਈ ਜ਼ਿਆਦਾ ਮੈਗਨੀਸ਼ੀਅਮ ਵਾਲੀਆਂ ਚੀਜ਼ਾਂ ਅਰਥਾਤ ਗੂੜ੍ਹੇ ਰੰਗ ਵਾਲੀਆਂ ਸਬਜ਼ੀਆਂ ਜ਼ਰੂਰ ਖਾਓ।
* ਆਪਣੇ ਖਾਣੇ ਵਿਚ ਨਮਕ ਦੀ ਮਾਤਰਾ ਨੂੰ ਘੱਟ ਕਰੋ। ਸੋਡੀਅਮ ਅਤੇ ਪ੍ਰੋਟੀਨ ਦੀ ਮਾਤਰਾ ਵੀ ਘਟਾ ਦਿਓ।
* 30 ਸਾਲ ਦੀ ਉਮਰ ਤੋਂ ਬਾਅਦ ਸਾਲ ਵਿਚ ਘੱਟ ਤੋਂ ਘੱਟ ਇਕ ਵਾਰ ਖੂਨ ਦੇ ਦਬਾਅ ਅਤੇ ਸ਼ੂਗਰ ਦੀ ਜਾਂਚ ਜ਼ਰੂਰ ਕਰਾਓ। ਇਸ ਤੋਂ ਇਲਾਵਾ ਖੂਨ ਦੇ ਦਬਾਅ ਅਤੇ ਸ਼ੂਗਰ ਦੇ ਲੱਛਣ ਮਿਲਣ ‘ਤੇ ਹਰ ਛੇ ਮਹੀਨੇ ਵਿਚ ਪਿਸ਼ਾਬ ਅਤੇ ਖੂਨ ਦੀ ਵੀ ਜਾਂਚ ਕਰਾਉਣੀ ਕਦੇ ਨਾ ਭੁੱਲੋ।
* ਅਖੀਰ ਵਿਚ ਨਿਊਟ੍ਰੀਸ਼ੀਅਨ ਨਾਲ ਭਰਪੂਰ ਭੋਜਨ ਕਰਨ, ਲਗਾਤਾਰ ਮਿਹਨਤ ਅਤੇ ਭਾਰ ਕਾਬੂ ਕਰਨ ਨਾਲ ਵੀ ਗੁਰਦੇ ਦੀ ਭਿਆਨਕ ਬਿਮਾਰੀ ਨੂੰ ਖੁਦ ਤੋਂ ਦੂਰ ਰੱਖਿਆ ਜਾ ਸਕਦਾ ਹੈ।

Leave a Reply

Your email address will not be published. Required fields are marked *