ਖਾਲਸੇ ਦਾ ਜਨਮ

ਉਹਨੇ ਹਲ਼ ਛੱਡਿਆ ਤੇ ਝੋਲ਼ਾ ਚੁੱਕ ਲਿਆ ਪੈਂਡਾ ਲਮੇਰਾ ਸੀ ਪਰ ਜਿਗਰਾ ਬਥੇਰਾ,ਉਹ ਤੁਰਦਾ ਗਿਆ ,ਸਿੱਖਰ ਦੁਪਹਿਰੇ ਮਘਦੇ ਸੂਰਜ, ਥੱਕਿਆ ,ਟੁੱਟਿਆ, ਛਾਂਵੇਂ ਬੈਠਣ ਲੱਗਾ,ਫੇਰ ਪੰਜਵਾਂ ਨਾਨਕ ਚੇਤੇ ਆਇਆ,ਕਿੱਥੇ ਤੱਤੀਆਂ ਤੱਵੀਆਂ ਕਿੱਥੇ ਆਹ ਧੁੱਪ,ਉਹ ਤੁਰਦਾ ਗਿਆ,ਰਾਹ’ਚ ਜਿੰਨੇ ਚੁਰਸਤੇ ਆਏ ਉਹਨੇ ਨੌਵਾਂ ਸਤਿਗੁਰ ਵਿੱਚ ਬੈਠਾ ਤੱਕਿਆ,ਤਸੀਹੇ, ਸ਼ਹਾਦਤ,,ਉਹ ਝੋਲੇ ਦੀ ਗੱਠ ਖੋਲਦਾ ਛੋਲਿਆਂ ਦੀ ਮੁੱਠ ਭਰਦਾ,ਐਂ ਦਰੜਦਾ ਜਿਵੇਂ ਪੂਰੀ ਹਕੂਮਤ ਨੂੰ ਚੱਬ ਦਿੱਤਾ ਹੋਵੇ,ਤੁਰ ਪੈਂਦਾ,ਲੰਮੀਆ ਵਾਟਾਂ, ਉੱਚੇ ਟਿੱਬੇ, ਡੂੰਘੇ ਚੌਅ, ਬੁਲੰਦ ਇਰਾਦੇ ,ਓਹ ਦੂਰ ਗੁਰੂ ਦੀ ਨਗਰੀ,ਨਗਾਰੇ ਦੀ ਚੋਟ ਕੰਨੀ ਪਈ,ਚਾਲ ਵਿੱਚ ਫੁਰਤੀ ਆਈ,,,,,ਸਤਲੁਜ, ਇਸ਼ਨਾਨੇ, ਨਮਸ਼ਕਾਰਾਂ, ਨੰਦਪੁਰ ਦੀ ਧਰਤੀ, ਸੱਜਿਆ ਦੀਵਾਨ,ਨਗਾਰਾ ਥੰਮਿਆ,ਜੈਕਾਰੇ ਗੂੰਜੇ,ਕਿਰਪਾਨ ਲਿਸ਼ਕੀ,ਕਿਲੇ ਦੀ ਫਸੀਲ ਤੇ ਬੈਠੇ ਬਾਜ ਨੇ ਖੰਭ ਛੰਡੇ,ਇੱਕ ਅਲੋਕਿਕ ਅਵਾਜ ਗੂੰਜੀ,ਗੁਰੂ ਨੇ ਸੁਆਲ ਪਾਇਆ,ਸਿਰ ਦੀ ਮੰਗ ਉੱਠੀ,,,,,ਸੁੰਨ ਪਸਰੀ,,,,,ਉਹਨੇ ਚੌਂਕੜੀ ਖੋਲੀ,ਝੋਲਾ ਨਾਲਦੇ ਹੱਥ ਫੜਾਇਆ ਤੇ ਉੱਠ ਖੜਾ ਹੋਇਆ,ਨਗਾਰੇ ਤੇ ਜੋਰਦਾਰ ਚੋਟ ਪਈ,ਸਦੀਆਂ ਦੀ ਘਾਲਣਾ ਪੂਰਨ ਹੋਈ,,,,,ਖਾਲਸਾ ਜੰਮ ਪਿਆ ਸੀ….।

ਬਲਵਿੰਦਰ ਸਿੰਘ ਸਮੁੰਦੜੀਆਂ

Leave a Reply

Your email address will not be published. Required fields are marked *