ਖਾਲਸਾ ਏਡ ਨੇ ਇਰਾਕੀ ਸ਼ਰਨਾਰਥੀ ਕੈਂਪ ‘ਚ ਕੁਰਾਨ ਤੇ ਭੋਜਨ ਵੰਡਿਆ

0
134

ਬਗਦਾਦ — ਬ੍ਰਿਟੇਨ ਦੇ ਮਦਦ ਸਮੂਹ ‘ਖਾਲਸਾ ਏਡ’ ਨੇ ਇਰਾਕ ਦੇ ਮੋਸੁਲ ਵਿਚ ਸ਼ਰਨਾਰਥੀ ਕੈਂਪ ਵਿਚ ਰਹਿ ਰਹੇ ਮੁਸਲਮਾਨਾਂ ਨੂੰ ਕੁਰਾਨ ਦੀਆਂ ਕਾਪੀਆਂ ਵੰਡੀਆਂ। ਖਾਲਸਾ ਏਡ ਨੇ ਇਹ ਕੰਮ ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ ਕੀਤਾ। ਸੋਸ਼ਲ ਮੀਡੀਆ ‘ਤੇ ਲੋਕ ਖਾਲਸਾ ਏਡ ਦੇ ਇਸ ਕੰਮ ਦੀ ਤਾਰੀਫ ਕਰ ਰਹੇ ਹਨ। ਬੀਤੇ ਕੁਝ ਮਹੀਨਿਆਂ ਵਿਚ ਖਾਲਸਾ ਏਡ ਮਿਡਿਲ-ਈਸਟ ਅਤੇ ਯੂਰਪ ਵਿਚ ਵੀ ਲੋਕਾਂ ਦੀ ਮਦਦ ਕਰ ਚੁੱਕਿਆ ਹੈ। ਖਾਲਸਾ ਏਡ ਦੇ ਮੈਂਬਰ ਨੇ ਕੈਂਪ ਦੇ ਮੈਨੇਜਰ ਨੂੰ ਕੁਰਾਨ ਦੀਆਂ ਕਾਪੀਆਂ ਸੌਂਪੀਆਂ। ਮੈਨੇਜਰ ਨੇ ਉਨ੍ਹਾਂ ਨੂੰ ਪੁੱਛਿਆ ਕੀ ਉਹ ਭੋਜਨ ਵੰਡ ਸਕਦੇ ਹਨ? ਇਸ ਮਗਰੋਂ ਉਨ੍ਹਾਂ ਨੇ ਕੈਂਪ ਵਿਚ ਰਹਿ ਰਹੇ ਲੋਕਾਂ ਨੂੰ ਭੋਜਨ ਵੀ ਛਕਾਇਆ।
ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਕੀਤੀ ਤਾਰੀਫ
ਖਾਲਸਾ ਏਡ ਵੱਲੋਂ ਕੀਤੇ ਗਏ ਇਸ ਨੇਕ ਕੰਮ ਬਾਰੇ ਸੋਸ਼ਲ ਮੀਡੀਆ ਯੂਜ਼ਰ ਸਾਜਿਦ ਵਾਨੀ ਨੇ ਲਿਖਿਆ,”ਇਹ ਨਿਸ਼ਚਿਤ ਰੂਪ ਨਾਲ ਪ੍ਰੇਰਣਾਦਾਇਕ ਹੈ। ਲੱਭਣ ‘ਤੇ ਦੁਨੀਆ ਵਿਚ ਲੋੜਵੰਦ ਲੋਕ ਮਿਲ ਜਾਂਦੇ ਹਨ।” ਇਕ ਯੂਜ਼ਰ ਹਰਜਿੰਦਰ ਸ਼ਿੰਘ ਕੁਕਰੇਜਾ ਨੇ ਲਿਖਿਆ,”ਸਿੱਖਾਂ ਨੇ ਰਮਜ਼ਾਨ ਮਹੀਨੇ ਇਰਾਕ ਦੇ ਸ਼ਰਨਾਰਥੀ ਕੈਂਪ ਵਿਚ ਕੁਰਾਨ ਅਤੇ ਭੋਜਨ ਵੰਡਿਆ। ਇਹ ਧਰਮਾਂ ਵਿਚਾਲੇ ਆਪਸੀ ਸਦਭਾਵਨਾ ਦਰਸਾਉਂਦਾ ਹੈ।”
ਇਕ ਹੋਰ ਯੂਜ਼ਰ ਯੂਸੁਫ ਨੇ ਟਵੀਟ ਕੀਤਾ,”ਮਨੁੱਖਤਾ ਹਮੇਸ਼ਾ ਨਸਲ, ਰੰਗ, ਪੰਥ ਅਤੇ ਧਰਮ ਤੋਂ ਪਹਿਲਾਂ ਆਉਂਦੀ ਹੈ।” ਟਵਿੱਟਰ ਹੈਂਡਲ ‘ਤੇ ਕਾਸਿਮ ਨੇ ਲਿਖਿਆ,”ਦੁਨੀਆ ਵਿਚ ਭਿੰਨਤਾ ਹੈ ਪਰ ਲੋਕਾਂ ਦੀ ਮਦਦ ਕਰ ਕੇ ਅਸੀਂ ਸ਼ਾਂਤੀ ਲਿਆ ਸਕਦੇ ਹਾਂ। ਸਹਿਣਸ਼ੀਲਤਾ ਅਤੇ ਸਨਮਾਨ ਜ਼ਰੂਰੀ ਹੈ।”