ਖ਼ਾਲਸਾ_ਏਡ: ਸੇਵਾ ਅਤੇ ਸਿੱਖੀ ਦੇ ਜਜ਼ਬੇ ਦੀ ਅਰਦਾਸ

ਅੱਜ #ਖ਼ਾਲਸਾ_ਏਡ ਨੂੰ ਅੱਜ 20 ਸਾਲ ਹੋ ਗਏ ਹਨ
ਖ਼ਾਲਸਾ ਏਡ ਆਪਣੇ 20 ਸਾਲ ਦੀ ਵਿਰਾਸਤ ਸੰਗ ਸੇਵਾ ਅਤੇ ਸਿੱਖੀ ਦੇ ਜਜ਼ਬੇ ਦੀ ਅਰਦਾਸ
“ਜਿੱਥੇ ਅਸੀਂ ਜਾਂਦੇ ਹਾਂ,ਉੱਥੇ ਇੱਕ ਉਮੀਦ ਹੈ ਕਿ ਕੋਈ ਉਹਨਾਂ ਲਈ ਆਵੇਗਾ,ਇਸ ਲਈ ਅਸੀਂ ਜਾਂਦੇ ਹਾਂ।” – ਰਵੀ ਸਿੰਘ
1999 ਦੀ ਵਿਸਾਖੀ ਸੀ।ਖ਼ਾਲਸੇ ਦੇ 300 ਸਾਲਾਂ ਜਨਮ ਦਿਹਾੜੇ ਦਾ ਜਲੌਅ ਸੀ। ਖ਼ਾਲਸੇ ਦੇ ਜਨਮ ਦਿਨ ਨੂੰ ਸ਼੍ਰੀ ਆਨੰਦਪੁਰ ਸਾਹਿਬ ਅਤੇ ਪੂਰੀ ਦੁਨੀਆਂ ‘ਚ ਧੂੰਮ-ਧਾਮ ਨਾਲ ਮਨਾਇਆ ਜਾ ਰਿਹਾ ਸੀ।ਇਸੇ ਸਾਲ ‘ਖ਼ਾਲਸਾ ਏਡ’ ਹੋਂਦ ‘ਚ ਆਉਂਦੀ ਹੈ।
ਇੱਕ ਬੰਦਾ ਹੈ।ਨਿਰੀ ਪੁਰੀ ਉਮੀਦ।ਸਿੱਖ ਫਲਸਫੇ ਦੀਆਂ ਰੂਹਦਾਰੀਆਂ ‘ਚ ਪਏ ਸੇਵਾ ਦੇ ਸੰਕਲਪਾਂ ਨੂੰ ਮਨ ‘ਚ ਵਸਾਈ ਇਹ ਆਪਣੀ ਜ਼ਿੰਦਗੀ ਦੇ ਮਕਸਦ ਨੂੰ ਉਲੀਕਦਾ ਹੈ।ਇਹ ਇੱਕ ਅਜਿਹਾ ਕਾਫ਼ਲ਼ਾ ਬਣਾਉਂਦਾ ਹੈ ਜੀਹਨੂੰ ਅੱਜ ਅਸੀਂ ‘ਖ਼ਾਲਸਾ ਏਡ’ ਵਜੋਂ ਜਾਣਦੇ ਹਾਂ।ਇਹ ਰਵੀ ਸਿੰਘ (ਪੂਰਾ ਨਾਮ ਰਵਿੰਦਰ ਸਿੰਘ) ਹਨ।
ਗੋਲ ਦਸਤਾਰ,ਸਧਾਰਣ ਮੰੜਗਾ,ਸਾਦਗੀ ਭਰਿਆ ਇਹ ਸਿੰਘ ਇਨਸਾਨੀਅਤ ਨੂੰ ਜਿਓਂਦਾ ਹੈ।ਮਨੁੱਖਤਾ ਦਾ ਜਿੱਥੇ ਜਿੱਥੇ ਵੀ ਘਾਣ ਹੁੰਦਾ ਹੈ ਉਸ ਲਈ ਬੇਬਾਕੀ ਨਾਲ ਆਪਣੀ ਗੱਲ ਕਹਿਣ ਦੀ,ਰੱਖਣ ਦੀ ਜ਼ੁਰੱਅਤ ਦੇ ਨਾਲ ਨਾਲ ਮਜ਼ਲੂਮਾਂ,ਬੇਸਹਾਰਿਆਂ ਦੀ ਸੇਵਾ ਕਰਨ ਨੂੰ ਹਰਦਮ ਤਿਆਰ ਰਹਿੰਦਾ ਹੈ।
ਰਵੀ ਸਿੰਘ ਕਹਿੰਦੇ ਹਨ,“ਸਿੱਖ ਹੋਣ ਦੇ ਨਾਤੇ ਗੁਰੁ ਸਾਹਿਬ ਦੇ ਦੱਸੇ ਰਾਹ ‘ਤੇ ਚੱਲਣਾ ਸਾਡਾ ਫਰਜ਼ ਹੈ।ਕਿਰਤ ਕਰਨੀ,ਭਾਈਚਾਰਕ ਸਾਂਝ,ਸਾਂਝੀਵਾਲਤਾ ਦੀ ਗੱਲ,ਸੇਵਾ,ਦਸਵੰਦ ਇਸ ਗੁੜਤੀ ਨਾਲ ਤੁਰਦਿਆਂ ਅਸੀਂ ਜੋ ਕਰ ਰਹੇ ਹਾਂ ਇਹੋ ਸਾਡੀ ਵਿਰਾਸਤ ਹੈ ।
ਉਮੀਦ ਦੇ ਬੰਦੇ – ਰਵੀ ਸਿੰਘ
“ਦੁਨੀਆਂ ‘ਚ ਆਗੂ ਦੋ ਤਰ੍ਹਾਂ ਦੇ ਹੁੰਦੇ ਹਨ।ਲਾਲਚੀ ਆਗੂ ਕੁਰਸੀ ਨਾਲ ਜੁੜੇ ਰਹਿੰਦੇ ਹਨ ਅਤੇ ਸੱਚੇ ਆਗੂ ਆਪ ਅਗਵਾਈ ਵੀ ਕਰਦੇ ਹਨ ਅਤੇ ਆਪਣੀ ਥਾਂ ਦੂਜਿਆਂ ਨੂੰ ਆਗੂ ਬਣਾ ਸਥਾਪਤ ਵੀ ਕਰਦੇ ਹਨ।ਰਵੀ ਸਿੰਘ ਹੋਵੇ ਜਾਂ ਨਾ ਹੋਵੇ।ਮੇਰੇ ਤੋਂ ਬਾਅਦ ਕਿੰਨੇ ਹੀ ਰਵੀ ਸਿੰਘ ਬਣ ਰਹੇ ਹੋਣਗੇ।ਇੱਥੇ ਚੰਗੇ ਆਗੂ ਪੈਦਾ ਕਰਨ ਦੀ ਲੋੜ ਹੈ।ਜਿਸ ਦਿਨ ਚੰਗੇ ਸੱਚੇ ਆਗੂ ਅਗਵਾਈ ਕਰਨਗੇ ਉਸ ਦਿਨ ਹਲਾਤ ਉਮੀਦ ਭਰੇ ਹੋਣਗੇ।”
1969 ਨੂੰ ਸਿੰਗਾਪੁਰ ‘ਚ ਪੈਦਾ ਹੋਏ ਰਵੀ ਸਿੰਘ ਦੀਆਂ ਗੱਲਾਂ ‘ਚ ਉਮੀਦ ਹੈ।ਉਸ ਉਮੀਦ ‘ਚ ਇੱਕ ਜਦੋਜਹਿਦ ਵੀ ਹੈ ਕਿ ਆਪਣੀ ਪਛਾਣ ਦੇ ਮਸਲੇ ਨੂੰ ਦੁਨੀਆਂ ਸਾਹਮਣੇ ਰੱਖਣਾ ਅਤੇ ਦੱਸਣਾ ਕਿ ਅਸੀਂ ਕੌਣ ਹਾਂ।ਰਵੀ ਸਿੰਘ ਦੇ ਪਿਤਾ ਬ੍ਰਿਟਿਸ਼ ਫੌਜ ਦੇ ਅੱਗ ਬੁਝਾਊ ਮਹਿਕਮੇ ‘ਚ ਨੌਕਰੀ ਕਰਦੇ ਸਨ।ਜਦੋਂ ਉਹਨਾਂ ਦੀ ਸਿੰਗਾਪੁਰ ਡਿਊਟੀ ਸੀ ਤਾਂ ਸਿੰਗਾਪੁਰ ਦੂਜੀ ਸੰਸਾਰ ਜੰਗ ਵੇਲੇ ਜਪਾਨੀਆਂ ਹੱਥ ਆ ਗਿਆ।ਰਵੀ ਸਿੰਘ ਦੇ ਪਿਤਾ ਜੰਗੀ ਕੈਦੀ ਬਣ ਗਏ।ਜੰਗੀ ਕੈਦੀ ਹੋਣ ਦੀ ਖ਼ਬਰ ਹੁਸ਼ਿਆਰਪੁਰ ਰਵੀ ਸਿੰਘ ਹੁਣਾਂ ਦੇ ਦਾਦੇ ਕੋਲ ਹੋਰ ਤਰ੍ਹਾਂ ਪਹੁੰਚੀ।ਉਹਨਾਂ ਮੁਤਾਬਕ ਉਹਨਾਂ ਦਾ ਪੁੱਤ ਸ਼ਹੀਦ ਹੋ ਗਿਆ ਸੀ।ਇਹ ਸਦਮਾ ਉਹਨਾਂ ਤੋਂ ਸਹਾਰ ਨਾ ਹੋਇਆ ਅਤੇ ਦਿਲ ਦਾ ਦੌਰਾ ਪੈਣ ‘ਤੇ ਉਹਨਾਂ ਦੀ ਮੌਤ ਹੋ ਗਈ।
ਇੱਧਰ ਜਪਾਨੀਆਂ ਦੀ ਹਾਰ ਤੋਂ ਬਾਅਦ ਸਿੰਗਾਪੁਰ ਮੁੜ ਇੰਗਲੈਂਡ ਕੋਲ ਆ ਗਿਆ ਅਤੇ ਸਾਰੇ ਕੈਦੀ ਰਿਹਾ ਹੋ ਗਏ।ਇਹਨਾਂ ਕੈਦੀਆਂ ‘ਚੋਂ ਰਵੀ ਸਿੰਘ ਦੇ ਪਿਤਾ ਵੀ ਸਨ।ਰਵੀ ਸਿੰਘ ਦੇ ਪਿਤਾ ਨੂੰ ਇੰਗਲੈਂਡ ਵੱਲੋਂ ਨਾਗਰਿਕਤਾ ਦੀ ਪੇਸ਼ਕਸ਼ ਹੋਈ।ਰਵੀ ਸਿੰਘ ਦੇ ਪਿਤਾ ਇੰਗਲੈਂਡ ਚਲੇ ਗਏ ਅਤੇ ਬਾਕੀ ਪਰਿਵਾਰ ਹੁਸ਼ਿਆਰਪੁਰ ਪਿੰਡ ਮੁੰਡੀਆਂ ਜੱਟਾਂ ਆ ਗਿਆ।5 ਭੈਣ ਭਰਾਵਾਂ ‘ਚੋਂ ਵੱਡਾ ਭਰਾ ਅਤੇ ਵੱਡੀ ਭੈਣ ਵਾਰੋ ਵਾਰੀ ਇੰਗਲੈਂਡ ਪਹੁੰਚ ਗਏ।ਅਪ੍ਰੈਲ 1981 ‘ਚ ਰਵੀ ਸਿੰਘ ਅਤੇ ਉਹਨਾਂ ਦੇ ਭੈਣ-ਭਰਾ ਨੂੰ ਲੈਣ ਇੰਗਲੈਂਡ ਤੋਂ ਰਵੀ ਸਿੰਘ ਦੇ ਪਿਤਾ ਪੰਜਾਬ ਆਏ।ਇੱਥੇ ਆਕੇ ਰਵੀ ਸਿੰਘ ਦੇ ਪਿਤਾ ਦੀ ਦਿਲ ਦਾ ਦੌਰੇ ਨਾਲ ਮੌਤ ਹੋ ਗਈ ਅਤੇ ਰਵੀ ਸਿੰਘ ਪਿਤਾ ਤੋਂ ਬਿਨਾਂ ਆਪਣੇ ਭੈਣ ਭਰਾ ਅਤੇ ਮਾਂ ਨਾਲ ਇੰਗਲੈਂਡ ਆ ਗਏ।ਇੱਥੇ ਉਹਨਾਂ ਦੇ ਵੱਡੇ ਭੈਣ ਭਰਾ ਪਹਿਲਾਂ ਤੋਂ ਹੀ ਸਨ।
ਇੱਥੇ ਆਕੇ ਨਵੀਂ ਜ਼ੁਬਾਨ,ਨਵੇਂ ਦੇਸ਼ ‘ਚ ਹਲਾਤ ਸੌਖੇ ਨਹੀਂ ਸਨ।ਰਵੀ ਸਿੰਘ ਦੱਸਦੇ ਹਨ ਕਿ ਇੱਥੇ ਨਸਲੀ ਵਿਤਕਰਾ ਸੀ,ਬਿਨ ਪਿਓ ਬੱਚਾ ਹੋਣ ਕਾਰਨ ਕੋਈ ਰੋਕ ਟੋਕ ਨਹੀਂ ਸੀ।ਇਹਨਾਂ ਦਿਨਾਂ ‘ਚ ਅਵਾਰਾਗਰਦੀ ਆਮ ਸੀ।ਕੇਸ ਕਟਾ ਦਿੱਤੇ ਸਨ,ਜ਼ਿੰਦਗੀ ‘ਚ ਕੋਈ ਮਕਸਦ ਨਹੀਂ ਸੀ।ਜ਼ਿੰਦਗੀ ਬੇਮਤਬਲ ਜਹੀ ਸੀ।
1997 ‘ਚ ਰਵੀ ਸਿੰਘ ਹੁਣਾਂ ਦੇ ਪਿੰਡ ਤੋਂ ਉਹਨਾਂ ਦਾ ਜਮਾਤੀ ਤੇ ਪਿਆਰੇ ਮਿੱਤਰ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਪੁਲਿਸ ਨੇ ਝੂਠੇ ਮੁਕਾਬਲੇ ‘ਚ ਮਾਰ ਦਿੱਤਾ ।ਰਵੀ ਸਿੰਘ ਦੇ ਮਨ ‘ਚ ਇਸ ਤੋਂ ਬਾਅਦ ਪਛਤਾਵਾ ਸੀ ਕਿ ਅਸੀਂ ਆਪਣੇ ਪਿੰਡਾਂ ਤੋਂ ਦੂਰ ਆ ਗਏ ਹਾਂ।
ਅਗਲੀ ਸਵੇਰ ਉਹਨਾਂ ਲਈ ਨਵਾਂ ਦਿਨ ਸੀ।ਸਿਰ ‘ਤੇ ਦਸਤਾਰ,ਮਨ ‘ਚ ਵਿਸ਼ਵਾਸ਼ ਅਤੇ ਕੁਝ ਕਰ ਗੁਜ਼ਰਨ ਦਾ ਇਰਾਦਾ ਸੀ।ਰਵੀ ਸਿੰਘ ਕਹਿੰਦੇ ਹਨ ਕਿ ਅਸੀਂ ਇਨਸਾਨੀ ਤੌਰ ‘ਤੇ ਇੱਕ ਪੈਦਾ ਹੋਏ ਹਾਂ।ਖ਼ਾਲਸਾ ਏਡ ਰਾਹੀਂ ਅਸੀਂ ਦੁਨੀਆਂ ਤੱਕ ਇਹ ਲੈਕੇ ਪਹੁੰਚਣਾ ਚਾਹੁੰਦੇ ਹਾਂ ਕਿ ਅਸੀਂ ” ਅੱਤਵਾਦੀ ” ਨਹੀਂ ਹਾਂ।ਸਾਡੇ ਮਨਾਂ ‘ਚ ਇਨਸਾਨੀਅਤ ਲਈ ਹਮਦਰਦੀ ਹੈ।ਅਸੀਂ ਦੂਜਿਆਂ ਦੇ ਹੱਕਾਂ ਲਈ ਲੜਦੇ ਹਾਂ।84 ਤੋਂ ਬਾਅਦ ਸਾਡੇ ਮਨਾਂ ‘ਚ ਪਾਇਆ ਗਿਆ ਹੈ ਕਿ ਤੁਸੀ ਇਨਸਾਫ ਬਾਰੇ ਗੱਲ ਨਾ ਕਰੋ।ਇਸ ਬੇਇਨਸਾਫੀ ਦੇ ਬਾਵਜੂਦ ਅਸੀਂ ਕਿਸੇ ਨੂੰ ਨਫਰਤ ਨਹੀਂ ਕਰਦੇ।ਸਾਡਾ ਕਿਸੇ ਧਰਮ ਨਾਲ ਵੈਰ ਨਹੀਂ ਅਤੇ ਨਾ ਹੀ ਰਿਹਾ ਅਤੇ ਨਾ ਹੀ ਰਹਿਣਾ ਹੈ।
ਰਵੀ ਸਿੰਘ ਕਹਿੰਦੇ ਹਨ ਕਿ 19 ਸਾਲਾਂ ਦੇ ਤਜਰਬੇ ‘ਚੋਂ ਗੱਲ ਹੈ ਕਿ ਜਿਹੜੇ ਕੰਮ ਨੂੰ ਤੁਸੀ ਤੁਰੇ ਹੋ ਉਸ ‘ਤੇ ਤੁਸੀ ਫੋਕਸ ਰਹੋ।ਤੁਸੀ ਸਾਰੇ ਹੀ ਰਵੀ ਸਿੰਘ ਹੋ।ਸਾਨੂੰ ਸਾਰਿਆਂ ਨੂੰ ਸਾਂਝੇ ਮੰਚ ‘ਤੇ ਆਉਣਾ ਚਾਹੀਦਾ ਹੈ।ਇੱਕ ਬਲੂ ਪ੍ਰਿੰਟ ਬਣਾਉਣਾ ਚਾਹੀਦਾ ਹੈ।ਸ਼੍ਰੋਮਣੀ ਕਮੇਟੀ ਅਤੇ ਹੋਰ ਸੰਸਥਾਵਾਂ ਨੂੰ ਇੱਕਠਿਆ ਹੋਣਾ ਚਾਹੀਦਾ ਹੈ।ਇਸ ਦੁਨੀਆਂ ‘ਚ ਨੈਗਟੀਵਿਟੀ ਬਹੁਤ ਹੈ।ਇਸ ਤੋਂ ਦੂਰ ਤਾਜ਼ਗੀ ਦੀ ਗੱਲ ਹੋਵੇ।
ਖ਼ਾਲਸਾ ਏਡ ਦੀ ਫ਼ੌਜ
ਖ਼ਾਲਸਾ ਏਡ 25 ਤੋਂ ਵੱਧ ਦੇਸ਼ਾਂ ‘ਚ ਆਪਣੇ ਮਿਸ਼ਨ ਪੂਰੇ ਕਰ ਚੁੱਕਾ ਹੈ।ਇਸ ਸੰਸਥਾਂ ਦੇ 6 ਮੁੱਖ ਟ੍ਰੱਸਟੀ ਹਨ।2012 ਤੋਂ ਖ਼ਾਲਸਾ ਏਡ ਭਾਰਤ ‘ਚ ਗੈਰ ਸਰਕਾਰੀ ਸੰਸਥਾਂ ਵਜੋਂ ਦਰਜ ਹੋਈ ਹੈ।ਭਾਰਤ ‘ਚ ਇਹਦੇ 9 ਟ੍ਰੱਸਟੀ ਹਨ।ਇਸ ਸਮੇਂ ਖ਼ਾਲਸਾ ਏਡ ਦੇ 18 ਹਜ਼ਾਰ ਸਮਾਜਿਕ ਕਾਰਕੂਨ ਹਨ।
ਖ਼ਾਲਸਾ ਏਡ ਦੇ ਵਿੱਤੀ ਸਾਧਨ
ਖ਼ਾਲਸਾ ਏਡ ਆਪਣੇ ਵਲੰਟੀਅਰ ਦੀ ਦਸਵੰਦ ਅਤੇ ਸੰਸਾਰ ਭਰ ਤੋਂ ਕੀਤੇ ਜਾਂਦੇ ਦਾਨ ਤੋਂ ਚੱਲਦੀ ਹੈ।ਖ਼ਾਲਸਾ ਏਡ ਨੂੰ ਪੈਸਾ ਸਿੱਧਾ ਅਕਾਉਂਟ ‘ਚ ਹੀ ਦਿੱਤਾ ਜਾਂਦਾ ਹੈ।ਖ਼ਾਲਸਾ ਏਡ ਨੂੰ ਇੰਗਲੈਂਡ ‘ਚ ਜਸਟ ਗੀਵਿੰਗ ਵੈਬਸਾਈਟ ਰਾਹੀਂ ਦਾਨ ਦਿੱਤਾ ਜਾਂਦਾ ਹੈ।ਇਹ ਇੰਗਲੈਂਡ ਦੀ ਅਜਿਹੀ ਵੈਬਸਾਈਟ ਹੈ ਜਿੱਥੇ ਇੰਗਲੈਂਡ ‘ਚ ਕੰਮ ਕਰਦੀਆਂ ਸਾਰੀਆਂ ਗੈਰ ਸਰਕਾਰੀ ਸੰਸਥਾਵਾਂ ਦਾ ਫੰਡ ਜਮ੍ਹਾਂ ਹੁੰਦਾ ਹੈ।ਇਸੇ ਥਾਂ ਖ਼ਾਲਸਾ ਏਡ ਨੂੰ ਹੋਏ ਦਾਨ ਦਾ 2.5 ਫੀਸਦੀ ਸਰਕਾਰ ਵੱਲੋਂ ਪੈਸਾ ਪਾਇਆ ਜਾਂਦਾ ਹੈ।ਖ਼ਾਲਸਾ ਏਡ ਦੇ ਪ੍ਰਬੰਧਕੀ ਢਾਂਚੇ ਦੇ ਖਰਚੇ ਅਤੇ ਕਰਮਚਾਰੀਆਂ ਦੀ ਤਨਖਾਹ ਇਸੇ 2.5 ਫੀਸਦੀ ‘ਚੋਂ ਨਿਕਲਦੀ ਹੈ।
ਖ਼ਾਲਸਾ ਏਡ ਦੇ ਮਿਸ਼ਨ
ਸ਼ੁਰੂਆਤ
1999 ਅਪ੍ਰੈਲ – ਅਲਬਾਨੀਆ ਤੇ ਕੋਸੋਵਾ ਮਿਸ਼ਨ
ਕੋਸੋਵੋ ‘ਚ ਖ਼ੂਨੀ ਜੰਗ ‘ਚ ਹਜ਼ਾਰਾਂ ਦੀ ਗਿਣਤੀ ‘ਚ ਲੋਕ ਬੇਘਰ ਹੋ ਗਏ।ਜਦੋਂ ਸਿੱਖ ਕੌਮ ਵਿਸਾਖੀ ਮਨਾ ਰਹੀ ਸੀ ਉਹਨਾਂ ਸਮਿਆਂ ‘ਚ ਕੋਸੋਵੋ ‘ਚ ਜੰਗ ਨੇ ਉੱਥੋਂ ਦੇ ਲੋਕਾਂ ਦੇ ਹਲਾਤ ਮਾੜੇ ਕਰ ਦਿੱਤੇ ਸੀ।ਸਿਰਫ 2 ਹਫਤਿਆਂ ‘ਚ ਇਸ ਜੰਗ ‘ਚ ਉਜੜਿਆਂ ਦੇ ਢਿੱਡ ‘ਚ ਰੋਟੀ ਪਾਉਣ ਲਈ ਇੱਕ ਹੋਕੇ ‘ਤੇ ਹੀ ਖਾਲਸਾ ਏਡ ਨੂੰ ਲੋਕਾਂ ਨੇ ਆਪਣੀ ਦਸਵੰਦ ‘ਚੋਂ ਮਦਦ ਕੀਤੀ ਅਤੇ ਦੋ ਟਰੱਕਾਂ ਦੇ ਕਾਫ਼ਲ਼ੇ ਨਾਲ ਕੋਸੋਵੋ ਦੀ ਜੰਗ ਦਰਮਿਆਨ ਭਾਈ ਘੱਨਈਏ ਵਾਂਗੂ ਰਵੀ ਸਿੰਘ ਅਤੇ ਖ਼ਾਲਸਾ ਏਡ ਲੰਗਰ ਮਾਰਫਤ ਪ੍ਰਸ਼ਾਦੇ ਛਕਾ ਰਹੇ ਸਨ।
2014 ਜਨਵਰੀ – ਯੁਨਾਈਟਡ ਕਿੰਗਡਮ ਹੜ੍ਹ
1999 ਤੋਂ ਸਰਗਰਮ ਖ਼ਾਲਸਾ ਏਡ ਨੂੰ 2014 ਦੇ ਸਮਰਸੈੱਟ ਅਤੇ ਬਰਕਸ਼ਾਇਰ ਖੇਤਰ ਵਾਲੇ ਪਿੰਡਾਂ ਅਤੇ ਆਲੇ ਦੁਆਲੇ ਆਏ ਹੜ੍ਹਾਂ ਦੌਰਾਨ ਮਦਦ ਤੋਂ ਬਾਅਦ ਤੇਜ਼ੀ ਨਾਲ ਪਛਾਣ ਮਿਲੀ।ਇਸ ਦੌਰਾਨ ਖ਼ਾਲਸਾ ਏਡ ਨੇ ਆਪਣੇ ਕਾਰਕੂਨਾਂ ਨਾਲ ਸਾਫ ਸਫਾਈ,ਖਾਣ-ਪੀਣ ਦੀ ਸੇਵਾ ਨਿਭਾਈ।ਖ਼ਾਲਸਾ ਏਡ ਵੱਲੋਂ ਦਿੱਤੀ ਸੇਵਾਂਵਾ ਦਾ ਗੋਰਿਆਂ ਨੇ ਦਿਲੋਂ ਸ਼ੁਕਰਾਨਾ ਕੀਤਾ ਅਤੇ ਖੁਦ ਵੀ ਅੱਗੇ ਆਉਣ ਵਾਲੀਆਂ ਮੁਹਿੰਮਾਂ ‘ਚ ਬਤੌਰ ਵਲੰਟੀਅਰ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ।ਇਸ ਦੌਰਾਨ ਇੰਗਲੈਂਡ ਦੇ ਇੱਕ ਟੈਲੀਵਿਜਨ ਸ਼ੋਅ ‘ਸਰਪ੍ਰਾਈਜ਼ ਸਰਪ੍ਰਾਈਜ਼’ ‘ਚ ਰਵੀ ਸਿੰਘ ਹੁਣਾਂ ਨੂੰ ਉੱਚੇਚਾ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੀ ਮਨਪਸੰਦ ਕਬਾੜ ਹੋ ਗਈ ਗੱਡੀ ਨੂੰ ਸੁਧਾਰਕੇ ਉਹਨਾਂ ਨੂੰ ਤੋਹਫੇ ਵਜੋਂ ਦਿੱਤੀ ਗਈ।
ਇਸ ਦੌਰਾਨ ਖ਼ਾਲਸਾ ਏਡ ਦਾ ਕੰਮ ਸ਼ਲਾਘਾਯੋਗ ਰਿਹਾ ਹੈ।ਖ਼ਾਲਸਾ ਏਡ ਨੇ 1500 ਘੰਟੇ ‘ਚ ਆਪਣੇ 50 ਵੰਲਟੀਅਰਾਂ ਨਾਲ 1 ਲੱਖ ਕੂੜਾ ਕਬਾੜ ਦੇ ਬੈਗਾਂ ਨਾਲ 600 ਟਨ ਕਬਾੜ ਢੋਅ ਸਫਾਈ ਕੀਤੀ ਜੋ ਹੜ੍ਹ ਵੇਲੇ ਘਰਾਂ ‘ਚ ਆ ਵੜਿਆ ਸੀ।
2015 ਅਪ੍ਰੈਲ : ਨੇਪਾਲ ਭੂਚਾਲ
ਭੂਚਾਲ ਤੋਂ ਪ੍ਰਭਾਵਿਤ ਹੋਏ 12000 ਪੀੜਤਾਂ ਤੱਕ ਰੋਜ਼ਾਨਾ 10000 ਬੰਦਿਆਂ ਲਈ ਲੰਗਰ ਦਾ ਪ੍ਰਬੰਧ ਕਰ ਖ਼ਾਲਸਾ ਏਡ ਨੇ ਨੇਪਾਲ ‘ਚ ਵੱਡੀ ਮਦਦ ਕੀਤੀ।ਖ਼ਾਲਸਾ ਏਡ ਨੇ ਲੰਗਰ ਦਾ ਪੂਰਾ ਪ੍ਰਬੰਧ ਲਗਾਤਾਰ 2 ਮਹੀਨੇ ਜਾਰੀ ਰੱਖਿਆ।ਇਸ ਵੇਲੇ ਦੇ ਉਜੜਿਆਂ ਲਈ ਹੁਣ ਤੱਕ ਖ਼ਾਲਸਾ ਏਡ 2 ਸਾਲ ‘ਚ ਨਿਰੰਤਰ ਸੇਵਾ ਆਰੰਭਕੇ 1200 ਘਰ ਬਣਾ ਚੁੱਕਾ ਹੈ।
1999 ਅਪ੍ਰੈਲ : ਅਲਬਾਨੀਆ ਗ੍ਰਹਿ ਯੁੱਧ ‘ਚ ਕੋਸੋਵੋ ਮਿਸ਼ਨ
1999 ਅਗਸਤ : ਤੁਰਕੀ ਭੂਚਾਲ ਮਿਸ਼ਨ
1999 ਦਿੰਸਬਰ : ਉੜੀਸਾ ਸੁਨਾਮੀ
2001 ਜਨਵਰੀ : ਗੁਜਰਾਤ ਭੂਚਾਲ
2002 ਜਨਵਰੀ : ਕਾਂਗੋ ਅਤੇ ਰਵਾਂਡਾ ਜਵਾਲਾਮੁਖੀ ਦੌਰਾਨ ਆਈ ਆਫਤ
2003 ਜੁਲਾਈ : ਕਾਬੁਲ ਸ਼ਰਨਾਰਥੀ ਮਿਸ਼ਨ
2004 ਦਿੰਸਬਰ : ਅੰਡਮਾਨ ਟਾਪੂ ਸੁਨਾਮੀ
2005 ਮਾਰਚ : ਪਾਕਿਸਤਾਨ ਭੂਚਾਲ
2007 ਮਾਰਚ : ਇੰਡੋਨੇਸ਼ੀਆ ਸੁਨਾਮੀ
2007 ਅਗਸਤ : ਪੰਜਾਬ ਹੜ੍ਹ
2010 ਜਨਵਰੀ : ਹੈਤੀ ਭੂਚਾਲ
2011 ਮਾਰਚ : ਲੀਬੀਆ ਅਤੇ ਸੀਰੀਆ ਮਿਸ਼ਨ
2013 ਜੂਨ : ਉਤਰਾਖੰਡ ਹੜ੍ਹ
2013 ਸਿਤੰਬਰ : ਮੁਜ਼ੱਫਰਨਗਰ ਦੰਗੇ
2014 ਜਨਵਰੀ : ਯੂਕੇ ਹੜ੍ਹ
2014 ਅਪ੍ਰੈਲ : ਲੇਬਨਾਨ ਸ਼ਰਨਾਰਥੀ ਮਿਸ਼ਨ
2014 ਜੁਲਾਈ : ਸਹਾਰਣਪੁਰ ਦੰਗੇ
2014 ਸਿੰਤਬਰ : ਜੰਮੂ ਕਸ਼ਮੀਰ ਹੜ੍ਹ
2015 ਅਪ੍ਰੈਲ : ਨੇਪਾਲ ਭੂਚਾਲ
2015 ਜੁਲਾਈ : ਯਮਨ ਗ੍ਰਹਿ ਯੁੱਧ
2016 ਮਈ : ਗ੍ਰੀਸ ਸ਼ਰਨਾਰਥੀ
2017 ਅਗਸਤ : ਰੋਹਿੰਗਿਆ ਮਿਸ਼ਨ
ਸਿਹਤ ਅਤੇ ਸਿੱਖਿਆ ‘ਫੋਕਸ ਪੰਜਾਬ’
ਕਿਸੇ ਸਮਾਜ ਦੀ ਤਰੱਕੀ ‘ਚ ਉੱਥੋਂ ਦੀ ਸਿਹਤ ਅਤੇ ਸਿੱਖਿਆ ਦਾ ਯੋਗਦਾਨ ਖਾਸ ਹੁੰਦਾ ਹੈ।ਪੰਜਾਬ ‘ਚ ਖ਼ਾਲਸਾ ਏਡ 1500 ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕ ਰਿਹਾ ਹੈ।ਪੰਜਾਬ ‘ਚ ਸਸਤੀ ਤੇ ਮਿਆਰੀ ਸਿੱਖਿਆ ਵੱਡੀ ਬਹਿਸ ਹੈ।ਇਸੇ ਦੇ ਚੱਲਦਿਆਂ ਭਾਈ ਲਾਲੋ ਮਿਡਲ ਸਕੂਲ ਪਟਿਆਲਾ ‘ਚ ਭਾਈ ਘੱਨਈਆ ਚੈਰੀਟੇਬਲ ਟ੍ਰਸਟ ਮਾਰਫਤ ਚਲਾਇਆ ਜਾ ਰਿਹਾ ਹੈ।ਦੂਜਾ ਸਕੂਲ ਖ਼ਾਲਸਾ ਏਡ ਦਸ਼ਮੇਸ਼ ਸਕੂਲ ਭਵਾਨੀਗੜ੍ਹ ਨੇੜੇ ਪਿੰਡ ਕਾਕੜਾ,ਜ਼ਿਲ੍ਹੇ ਸੰਗਰੂਰ ‘ਚ ਪੈਂਦਾ ਹੈ।
ਐਂਟੀਨੈਸ਼ਨਲ ‘ਖ਼ਾਲਸਾ ਏਡ’
ਖ਼ਾਲਸਾ ਏਡ ਦੇ ਅਮਰਪ੍ਰੀਤ ਸਿੰਘ ਦੱਸਦੇ ਹਨ ਕਿ ਸਾਡੀ ਸੰਸਥਾ ਵੱਲੋਂ ਕੰਮ ਕਰਨਾ ਸੋਖਾ ਨਹੀਂ ਹੈ।ਬੱਸ ਇਹ ਤਾਂ ਲੋਕਾਂ ਦਾ ਪਿਆਰ ਹੌਂਸਲਾ ਤੇ ਉਮੀਦ ਹੈ ਜਿਸ ਨਾਲ ਅਸੀਂ ਇਹ ਕੰਮ ਕਰ ਪਾਉਂਦੇ ਹਾਂ।ਖ਼ਾਲਸਾ ਏਡ ਵੱਲੋਂ ਕੀਤੇ ਕੰਮਾਂ ਨੂੰ ਦੁਨੀਆਂ ਦੇ ਕੁਝ ਫਿਰਕੂ ਨਜ਼ਰ ਨਾਲ ਵੇਖਦੇ ਹਨ।ਖ਼ਾਲਸਾ ਏਡ ਨੂੰ ਕੋਈ ਐਂਟੀ-ਨੈਸ਼ਨਲ ਕਹਿੰਦਾ ਹੈ ਤੇ ਕੋਈ ਇਹ ਯਾਦ ਕਰਾਉਂਦਾ ਹੈ ਕਿ ਤੁਸੀ ਰੋਹਿੰਗਿਆ ‘ਚ ਮੁਸਲਮਾਨਾਂ ਲਈ ਕੰਮ ਨਹੀਂ ਕਰ ਰਹੇ ਸਗੋਂ ਅੱਤਵਾਦੀਆਂ ਨੂੰ ਮਦਦ ਕਰ ਰਹੇ ਹੋ।ਕੋਈ ਯਾਦ ਕਰਵਾ ਰਿਹਾ ਹੈ ਕਿ ਰੋਹਿੰਗਿਆ ‘ਚ ਮੁਸਲਮਾਨਾਂ ਲਈ ਤਾਂ ਮਦਦ ਕਰਨ ਪਹੁੰਚ ਗਏ ਪਰ ਹਿੰਦੂਆਂ ਵਾਰੀ ਕਿੱਥੇ ਸੀ ?
ਅਮਰਪ੍ਰੀਤ ਸਿੰਘ ਦੱਸਦੇ ਹਨ ਕਿ ਕਈ ਵਾਰ ਮਨ ਪਰੇਸ਼ਾਨ ਹੁੰਦਾ ਹੈ।ਕਿਉਂ ਕਿ ਅਸੀਂ ਸੇਵਾ ਕਰਦਿਆਂ ਸਾਹਮਣੇ ਵਾਲੇ ਦੀ ਜਾਤ,ਧਰਮ,ਨਸਲ ਨਹੀਂ ਵੇਖਦੇ।ਪਰ ਅਖੀਰ ਸਾਨੂੰ ਦੱਸਣਾ ਪੈਂਦਾ ਹੈ ਕਿ ਅਸੀਂ ਨੇਪਾਲ ਭੂਚਾਲ,ਗੁਜਰਾਤ ਭੂਚਾਲ,ਉੜੀਸਾ ਸੁਨਾਮੀ,ਉੱਤਰਖੰਡ ਹੜ੍ਹਾਂ ‘ਚ ਕੇਦਾਰਨਾਥ ਤੋਂ ਲੈਕੇ ਬਹੁਤ ਸਾਰੀਆਂ ਹਿੰਦੂ ਅਬਾਦੀ ਵਾਲੀਆਂ ਥਾਵਾਂ ‘ਤੇ ਵੀ ਮਦਦ ਕੀਤੀ ਸੀ।ਬੇਸ਼ੱਕ ਸਾਨੂੰ ਐਂਟੀਨੇਸ਼ਨਲ ਦੇ ਠੱਪੇ ‘ਚ ਪੀੜਤ ਵੀ ਹੋਣਾ ਪੈਂਦਾ ਹੈ ਪਰ ਸੱਚ ਇਹੋ ਹੈ ਕਿ ਸਾਡੀ ਸੇਵਾ ਇਨਸਾਨੀਅਤ ਨੂੰ ਸਮਰਪਿਤ ਹੈ।
ਰਵੀ ਸਿੰਘ ਕਹਿੰਦੇ ਹਨ ਕਿ ਸਾਡੀ ਵਿਰਾਸਤ ਤਾਂ ਉਹ ਹੈ ਜਿੱਥੇ ਸਾਡਾ ਨਾਇਕ ਭਾਈ ਘੱਨਈਆ ਵਰਗੀਆਂ ਸ਼ਖਸੀਅਤਾਂ ਹਨ।ਭਾਈ ਘੱਨਈਆ ਗੁਰੁ ਗੋਬਿੰਦ ਸਿੰਘ ਅਤੇ ਮੁਗਲ ਹਕੂਮਤ ਵਿਚਕਾਰ ਜੰਗ ਵੇਲੇ ਖ਼ਾਲਸਾ ਫੌਜ ਅਤੇ ਮੁਗਲੀਆ ਫੌਜ ਨੂੰ ਬਰਾਬਰ ਪਾਣੀ ਵੀ ਪਿਆ ਰਿਹਾ ਹੈ ਅਤੇ ਉਹਨਾਂ ਦੇ ਜ਼ਖ਼ਮਾਂ ਲਈ ਮਲ੍ਹਮ-ਪੱਟੀ ਵੀ ਕਰ ਰਹੇ ਹਨ।
ਅਮਰਪ੍ਰੀਤ ਸਾਨੂੰ ਖ਼ਾਲਸਾ ਏਡ ਨੂੰ ਲੈਕੇ ਕੀਤੇ ਫਿਰਕੂ ਟਵੀਟ ਵਿਖਾਉਂਦੇ ਹਨ।ਇਹਨਾਂ ਟਵੀਟ ਨੂੰ ਵੇਖਦਿਆਂ ਸਾਨੂੰ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਵੱਡੀਆਂ ਤ੍ਰਾਸਦੀਆਂ ਦਰਮਿਆਨ ਇਹਨਾਂ ਸੰਸਥਾਵਾਂ ਦੀ ਬੁਨਿਆਦ,ਗੁੰਜਾਇਸ਼ ਸਦਾ ਰਹਿਣੀ ਚਾਹੀਦੀ ਹੈ।

Leave a Reply

Your email address will not be published. Required fields are marked *