ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਕੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕੀਤਾ ਜਾਵੇਗਾ-ਕੁਮਾਰ ਅਮਿਤ

ਸ਼ੰਭੂ/ਰਾਜਪੁਰਾ/ਪਟਿਆਲਾ : ਜ਼ਿਲ੍ਹਾ ਮੈਜਿਸਟਰੇਟ ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਅਤੇ ਆਬਕਾਰੀ ਤੇ ਕਰ ਵਿਭਾਗ ਦੇ ਏ.ਈ.ਟੀ.ਸੀ. ਸ੍ਰੀ ਸ਼ੌਕਤ ਅਹਿਮਦ ਪਰੈ ਨੇ ਅੱਜ ਪੰਜਾਬ ਆਉਣ ਵਾਲਿਆਂ ਲਈ ਕੌਮੀ ਸ਼ਾਹਰਾਹ ਅੰਬਾਲਾ-ਰਾਜਪੁਰਾ ਮਾਰਗ ‘ਤੇ ਸਥਿਤ ਮੁੱਖ ਦਾਖਲਾ ਸਥਾਨ ਸ਼ੰਭੂ ਬੈਰੀਅਰ ਵਿਖੇ ਬਣਾਏ ਚੈਕ ਪੁਆਇੰਟ ਦਾ ਦੌਰਾ ਕੀਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸ਼ੰਭੂ ਰਸਤੇ ਪੰਜਾਬ ਪੁੱਜਣ ਵਾਲਿਆਂ ਦੀ ਰਜਿਸਟਰੇਸ਼ਨ, ਉਨ੍ਹਾਂ ਦੇ ਮੋਬਾਇਲ ਫੋਨਾਂ ‘ਚ ਕੋਵਾ ਐਪ ਡਾਊਨਲੋਡ ਕਰਨ ਅਤੇ 14 ਦਿਨਾਂ ਦੇ ਇਕਾਂਤਵਾਸ ਦੀ ਸ਼ਰਤ ਸਬੰਧੀਂ ਉਨ੍ਹਾਂ ਦੇ ਘੋਸ਼ਣਾ ਪੱਤਰ ਭਰਵਾਉਣ ਕੀਤੇ ਜਾ ਰਹੇ ਕਾਰਜਾਂ ਦਾ ਮੁਲੰਕਣ ਕੀਤਾ। ਇਸ ਮੌਕੇ ਰਾਹਗੀਰਾਂ ਦੀ ਸਹੂਲਤ ਲਈ ਇਸ ਚੈਕ ਪੁਆਇੰਟ ‘ਤੇ 3 ਟੀਮਾਂ ਦਾ ਵਾਧਾ ਕਰਦਿਆਂ 6 ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ।

ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਰੰਭੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਦੇ ਸੁਹਿਰਦ ਯਤਨ ਕਰ ਰਿਹਾ ਹੈ।

ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਤੋਂ ਬਾਹਰਲੇ ਰਾਜਾਂ ਤੋਂ ਪਟਿਆਲਾ ਜ਼ਿਲ੍ਹੇ ‘ਚ ਆਉਣ ਵਾਲੇ ਹਰ ਵਿਅਕਤੀ ਨੂੰ ਕੋਵਿਡ-19 ਪ੍ਰੋਟੋਕਾਲ ਮੁਤਾਬਕ ਨਿਰਧਾਰਤ ਸਮੇਂ 14 ਦਿਨਾਂ ਲਈ ਆਪਣੇ ਘਰਾਂ ਵਿੱਚ ਇਕਾਂਤਵਾਸ ਰਹਿਣਾ ਹੋਵੇਗਾ ਕੀਤਾ ਜਾ ਸਕੇ। ਇਸ ਤੋਂ ਬਿਨ੍ਹਾਂ ਆਪਣੇ ਫੋਨਾਂ ਵਿੱਚ ਕੋਵਾ ਐਪ ਵੀ ਡਾਊਨ ਲੋਡ ਕਰਨੀ ਲਾਜਮੀ ਹੈ ਤਾਂ ਕਿ ਬਾਹਰੋਂ ਆਉਣ ਵਾਲਾ ਵਿਅਕਤੀ ਕੋਵਿਡ-19 ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਤੋਂ ਜਾਣੂ ਹੋ ਸਕੇ ਅਤੇ ਆਪਣੀ ਸਿਹਤ ਦੀ ਜਾਣਕਾਰੀ ਵੀ ਇਸ ਐਪ ਰਾਹੀਂ ਪ੍ਰਸ਼ਾਸਨ ਨਾਲ ਸਾਂਝੀ ਕਰ ਸਕੇ।

ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਹਰਿਆਣਾ ਨਾਲ ਲਗਦੇ ਰਾਜਾਂ ਤੋਂ ਆਉਣ ਵਾਲੇ ਵਿਅਕਤੀਆਂ ਲਈ ਪਟਿਆਲਾ ਜ਼ਿਲ੍ਹੇ ਅੰਦਰ ਦਾਖਲ ਹੋਣ ਲਈ ਨਿਰਧਾਰਤ ਕੀਤੇ ਗਏ 4 ਸਥਾਨਾਂ ਤੋਂ ਜ਼ਿਲ੍ਹੇ ‘ਚ ਦਾਖਲ ਹੋਣ ਵਾਲੇ ਵਾਲਿਆਂ ਦੀ ਜਾਣਕਾਰੀ ਇਕੱਤਰ ਕਰਨ ਲਈ ਸਟਾਫ਼ ਤਾਇਨਾਤ ਕੀਤਾ ਗਿਆ ਹੈ ਅਤੇ ਹਰੇਕ ਵਿਅਕਤੀ ਦਾ ਰਿਕਾਰਡ ਰੱਖਿਆ ਜਾ ਰਿਹਾ ਹੈ ਅਤੇ ਅੱਜ ਉਨ੍ਹਾਂ ਨੇ ਆਪਣੇ ਇਸ ਦੌਰੇ ਮੌਕੇ ਸਮੁੱਚੀ ਪ੍ਰਕ੍ਰਿਆ ਦਾ ਮੁਲੰਕਣ ਕੀਤਾ ਹੈ।

ਇਸ ਮੌਕੇ ਐਸ.ਡੀ.ਐਮ. ਸ. ਖੁਸ਼ਦਿਲ ਸਿੰਘ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਜਸ਼ਨਪ੍ਰੀਤ ਕੌਰ ਗਿੱਲ, ਡੀ.ਐਸ.ਪੀ. ਘਨੌਰ ਮਨਪ੍ਰੀਤ ਸਿੰਘ ਸਮੇਤ ਆਬਕਾਰੀ ਤੇ ਕਰ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *