ਕੈਨੇਡਾ ਵਲੋਂ ਭਾਰਤ ”ਚ ਵੀਜ਼ਾ ਸੂਚਨਾ ਮੁਹਿੰਮ ਸ਼ੁਰੂ

ਜਲੰਧਰ— ਅੱਜ ਦੇ ਸਮੇਂ ‘ਚ ਭਾਰਤੀ ਖਾਸ ਕਰਕੇ ਪੰਜਾਬੀ ਕੈਨੇਡਾ ‘ਚ ਪੜਾਈ ਕਰਨ ਤੇ ਮੁੜ ਉਥੇ ਹੀ ਜਾ ਕੇ ਵਸਣ ਦਾ ਸੁਪਨਾ ਦੇਖਦੇ ਹਨ ਫਿਰ ਚਾਹੇ ਉਨ੍ਹਾਂ ਨੂੰ ਕੋਈ ਵੀ ਕੀਮਤ ਕਿਉਂ ਨਾ ਚੁਕਾਉਣੀ ਪਵੇ। ਆਪਣੇ ਇਸੇ ਸੁਪਨੇ ਨੂੰ ਸਾਕਾਰ ਕਰਨ ਲਈ ਕਈ ਬੱਚੇ ਏਜੰਟਾਂ ਜਾਂ ਹੋਰਾਂ ਤਰੀਕਿਆਂ ਨਾਲ ਆਪਣੇ ਲੱਖਾਂ ਰੁਪਏ ਡੋਬ ਲੈਂਦੇ ਹਨ। ਪਰੰਤੂ ਹੁਣ ਕੈਨੇਡਾ ਵਲੋਂ ਭਾਰਤ ‘ਚ ਇਕ ਖਾਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਕਿ ਕੈਨੇਡਾ ਜਾਣ ਦੇ ਚਾਹਵਾਨਾਂ ਦਾ ਪੈਸਾ ਤੇ ਸਮੇਂ ਦੋਵੇਂ ਹੀ ਬਚਣਗੇ।
ਦੱਸਣਯੋਗ ਹੈ ਕਿ ਕੈਨੇਡਾ ਨੇ ਪਿਛਲੇ ਵਰ੍ਹੇ 2,97,000 ਭਾਰਤੀਆਂ ਦਾ ਸਵਾਗਤ ਕੀਤਾ ਤੇ ਇਹ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਅਜਿਹੇ ‘ਚ ਬਿਨੈਕਾਰਾਂ ਲਈ ਵੀਜ਼ਾ ਅਪਲਾਈ ਕਰਨ ਦੌਰਾਨ ਸਹੀ ਤੱਥਾਂ ਬਾਰੇ ਜਾਨਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਕੈਨੇਡਾ ਦੇ ਰਫਿਊਜੀ, ਸਿਟੀਜ਼ਨ ਤੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਸੋਮਵਾਰ ਨੂੰ ਕਿਹਾ ਕਿ ਕੈਨੇਡਾ ਭਾਰਤੀਆਂ ਦਾ ਸਵਾਗਤ ਕਰਦਾ ਰਹੇਗਾ। ਇਸ ਮੁਹਿੰਮ ਨਾਲ ਸਾਡੇ ਭਾਰਤੀ ਤੇ ਹੋਰਾਂ ਦੋਸਤ ਦੇਸ਼ਾਂ ਦੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਦਦ ਮਿਲੇਗੀ ਤੇ ਉਹ ਵੀਜ਼ਾ ਅਪਲਾਈ ਸਿਸਟਮ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਣਗੇ।
ਆਨਲਾਈਨ ਅਪਲਾਈ ਕਰਨ ਨਾਲ ਬਚੇਗਾ ਪੈਸਾ ਤੇ ਸਮਾਂ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਬਿਨੈਕਾਰਾਂ ਨੂੰ ਵੀਜ਼ਾ ਅਪਲਾਈ ਕਰਨ ਦੌਰਾਨ ਇਮੀਗ੍ਰੇਸ਼ਨ ਸਲਾਹਕਾਰ ਕੋਲ ਵਾਧੂ ਪੈਸੇ ਖਰਚਣ ਦੀ ਕੋਈ ਲੋੜ ਨਹੀਂ ਹੈ। ਬਿਨੈਕਾਰ ਆਪਣੇ ਘਰ ‘ਚ ਬੈਠੇ-ਬੈਠੇ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹਨ। ਇੰਨਾਂ ਹੀ ਨਹੀਂ ਜੇਕਰ ਵੀਜ਼ਾ ਅਪਲਾਈ ਕਰਨ ਸਮੇਂ ਕੁਝ ਮੁਸ਼ਕਲ ਪੇਸ਼ ਆਵੇ ਤਾਂ ਆਪਣੇ ਕਿਸੇ ਭਰੋਸੇਯੋਗ ਮਿੱਤਰ ਦੀ ਮਦਦ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਦਾ ਵੀਜ਼ਾ ਸਿਰਫ 100 ਕੈਨੇਡੀਅਨ ਡਾਲਰ ‘ਚ ਅਪਲਾਈ ਕੀਤਾ ਜਾ ਸਕਦਾ ਹੈ, ਜੋ ਕਿ ਕਿਸੇ ਸਲਾਹਕਾਰ ਕੋਲ ਜਾਣ ਤੋਂ ਕਿਸੇ ਜ਼ਿਆਦਾ ਸਸਤਾ ਹੈ। ਆਨਲਾਈਨ ਵੀਜ਼ਾ ਅਪਲਾਈ ਦੌਰਾਨ ਧੋਖਾ ਹੋਣ ਦੇ ਚਾਂਸ ਬਹੁਤ ਘੱਟ ਜਾਂਦੇ ਹਨ।
ਅਣ-ਅਧਿਕਾਰਿਤ ਸਲਾਹਕਾਰਾਂ ਤੋਂ ਬਚੋ
ਅਹਿਮਦ ਹੁਸੈਨ ਨੇ ਇਸ ਦੌਰਾਨ ਬਿਨੈਕਾਰਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਸਮੇਂ ਅਣ-ਅਧਿਕਾਰਿਤ ਸਲਾਹਕਾਰਾਂ ਤੋਂ ਬਚਿਆ ਜਾਵੇ। ਅਜਿਹੇ ਸਲਾਹਕਾਰ ਸਿਰਫ ਸਲਾਹ ਦੇਣ ਦੇ ਵੀ ਪੈਸੇ ਚਾਰਜ ਕਰਦੇ ਹਨ। ਇਸ ਦੌਰਾਨ ਜੇਕਰ ਉਨ੍ਹਾਂ ਨੂੰ ਸਲਾਹਕਾਰ ਦੀ ਲੋੜ ਪਵੇ ਤਾਂ ਉਹ ਪਹਿਲਾਂ ਇਹ ਪੁਖਤਾ ਕਰ ਲੈਣ ਕਿ ਇਮੀਗ੍ਰੇਸ਼ਨ ਸਲਾਹਕਾਰ ਅਧਿਕਾਰਿਤ ਹੋਵੇ। ਅਜਿਹੇ ‘ਚ ਧੋਖੇਬਾਜ਼ ਸਲਾਹਕਾਰਾਂ ਤੇ ਵੀਜ਼ਾ ਘੁਟਾਲਿਆਂ ਤੋਂ ਬਚਣਾ ਜ਼ਰੂਰੀ ਹੈ।
ਦੁਬਾਰਾ ਅਪਲਾਈ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ
ਜੇਕਰ ਤੁਹਾਡੀ ਫਾਈਲ ਕਿਸੇ ਕਾਰਨ ਰਫਿਊਜ਼ ਹੋ ਚੁੱਕੀ ਹੈ ਤਾਂ ਦੁਬਾਰਾ ਅਪਲਾਈ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ। ਦੁਬਾਰਾ ਅਪਲਾਈ ਤਾਂ ਹੀ ਕਰੋ ਜੇਕਰ ਪਹਿਲੀ ਰਫਿਊਜ਼ਲ ਤੋਂ ਬਾਅਦ ਬਦਲੀ ਸਥਿਤੀ ਬਾਰੇ ਜਾਣੂ ਕਰਵਾਇਆ ਜਾ ਸਕਦਾ ਹੋਵੇ। ਮਤਲਬ ਕਿ ਇਹ ਦੱਸਿਆ ਜਾ ਸਕੇ ਕਿ ਪਹਿਲੀਆਂ ਕਮੀਆਂ ਦੂਰ ਕਰ ਲਈਆਂ ਗਈਆਂ ਹਨ। ਜੇਕਰ ਇਕੋ ਜਾਣਕਾਰੀ ਨਾਲ ਵਾਰ-ਵਾਰ ਅਪਲਾਈ ਕੀਤਾ ਜਾ ਰਿਹਾ ਹੈ, ਉਹ ਵੀ ਬਿਨਾਂ ਕਿਸੇ ਸਲਾਹਕਾਰ ਦੇ, ਤਾਂ ਇਸ ਨਾਲ ਆਖਰੀ ਫੈਸਲੇ ‘ਚ ਕੋਈ ਬਦਲਾਅ ਨਹੀਂ ਆਉਂਦਾ। ਇਸ ਨਾਲ ਸਿਰਫ ਸਮਾਂ ਤੇ ਪੈਸੇ ਹੀ ਬਰਬਾਦ ਹੋਣਗੇ।
ਇਹ ਕੈਂਪੇਨ ਅਖਬਾਰਾਂ, ਰੇਡੀਓ, ਫੇਸਬੁੱਕ ਤੇ ਗੂਗਲ ‘ਤੇ ਵੀ ਸ਼ੇਅਰ ਕੀਤਾ ਗਿਆ ਹੈ। ਇਸ ਸਬੰਧੀ ਇਸ਼ਤਿਹਾਰ ਅੰਗਰੇਜ਼ੀ, ਫ੍ਰੈਂਚ, ਪੰਜਾਬੀ ਤੇ ਹਿੰਦੀ ‘ਚ ਜਾਰੀ ਕੀਤੇ ਗਏ ਹਨ ਤੇ ਇਹ ਪੂਰੇ ਜੂਨ ਮਹਿਨੇ ਚੱਲਣਗੇ। ਇਸ ਸਬੰਧੀ ਹੋਰ ਜਾਣਕਾਰੀ ਲਈ ਵੈੱਬਸਾਈਟ ਦੀ ਮਦਦ ਲਈ ਜਾ ਸਕਦੀ ਹੈ ਤੇ ਆਪਣੇ ਭਰੋਸੇਯੋਗ ਮਿੱਤਰ ਰਾਹੀਂ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਹੈ।
ਕੁਝ ਹੋਰ ਤੱਥ
2018 ਦੌਰਾਨ 34 ਲੱਖ ਭਾਰਤੀਆਂ ਨੇ ਕੈਨੇਡਾ ਜਾਣ ਲਈ ਅਪਲਾਈ ਕੀਤਾ ਸੀ, ਜੋ ਕਿ 2013 ਦੀਆਂ 19 ਲੱਖ ਅਰਜ਼ੀਆਂ ਤੋਂ 79 ਫੀਸਦੀ ਜ਼ਿਆਦਾ ਹੈ। ਇਨ੍ਹਾਂ ‘ਚੋਂ ਬਹੁਤੀਆਂ ਅਰਜ਼ੀਆਂ ਅਣ-ਅਧਿਕਾਰਿਤ ਇਮੀਗ੍ਰੇਸ਼ਨ ਸਲਾਕਾਰਾਂ ਵਲੋਂ ਅਪਲਾਈ ਕੀਤੀਆਂ ਗਈਆਂ ਸਨ। ਅਜਿਹੇ ਹੀ ਕਾਰਨਾਂ ਕਰਕੇ ਧੋਖੇ ਤੇ ਰਫਿਊਜ਼ਲ ਕੇਸਾਂ ‘ਚ ਵਾਧਾ ਹੁੰਦਾ ਹੈ। ਅਕਸਰ ਸਲਾਹਕਾਰ ਇਮੀਗ੍ਰੇਸ਼ਨ ਸਬੰਧੀ ਸਲਾਹ, ਐਪਲੀਕੇਸ਼ਨ ਭਰਨ ਤੇ ਕੈਨੇਡੀਅਨ ਸਰਕਾਰ ਨਾਲ ਕਿਵੇਂ ਗੱਲ ਕਰਨੀ ਹੈ, ਸਬੰਧੀ ਕੰਮਾਂ ਲਈ ਪੈਸੇ ਚਾਰਜ ਕਰਦੇ ਹਨ। ਅਧਿਕਾਰਿਤ ਇਮੀਗ੍ਰੇਸ਼ਨ ਸਲਾਹਕਾਰ ਹਮੇਸ਼ਾ ਸਹੀ ਸਲਾਹ ਦੇਵੇਗਾ ਤੇ ਉਸ ਦੀ ਫੀਸ ਵੀ ਘੱਟ ਹੋਵੇਗੀ। ਜੇਕਰ ਕੋਈ ਵੀ ਵਿਅਕਤੀ ਕੈਨੇਡਾ ਜਾਣ ਲਈ ਇਮੀਗ੍ਰੇਸ਼ਨ ਵਿਭਾਗ ਨੂੰ ਗਲਤ ਜਾਣਕਾਰੀ ਦਿੰਦਾ ਹੈ ਤਾਂ ਉਸ ਦੀ ਕੈਨੇਡਾ ਐਂਟਰੀ ‘ਤੇ ਪੰਜ ਸਾਲ ਦਾ ਬੈਨ ਲੱਗ ਸਕਦਾ ਹੈ।

Leave a Reply

Your email address will not be published. Required fields are marked *