ਕਿਲ੍ਹਾ ਰਾਏਪੁਰ ਦੀਆਂ ਖੇਡਾਂ ”ਚ ਮੁੜ ਧੂੜਾਂ ਪੁੱਟਣਗੀਆਂ ਬੈਲ ਗੱਡੀਆਂ

0
100

ਚੰਡੀਗੜ੍ਹ : ਪੰਜਾਬ ਦੀਆਂ ਮਸ਼ਹੂਰ ਅਤੇ ਮਿੰਨੀ ਓਲੰਪਿਕ ਕਹੀਆਂ ਜਾਣ ਵਾਲੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਬਲਦਾਂ ਦੀਆਂ ਦੌੜਾਂ ਨੂੰ ਲੈ ਕੇ ਰਾਹ ਲਗਭਗ ਪੱਧਰਾ ਹੋ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਚੰਡੀਗੜ੍ਹ ਵਿਖੇ ਹੋਈ ਪੰਜਾਬ ਕੈਬਨਿਟ ਮੀਟਿੰਗ ‘ਚ ਕਿਲ੍ਹਾ ਰਾਏਪੁਰ ਦੀਆਂ ਖੇਡਾਂ ‘ਚ ਬਲਦਾਂ ਦੀ ਦੌੜਾਂ ਕਰਵਾਉਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸੂਬੇ ਦੇ ਬੈਲ ਦੌੜਾਕਾਂ ਦੇ ਚਿਹਰਿਆਂ’ਤੇ ਰੌਣਕ ਪਰਤ ਆਈ ਹੈ। ਇਸ ਨਾਲ ਹੁਣ ਪੰਜਾਬ ਦੇ ਪੇਂਡੂ ਖੇਡ ਮੇਲਿਆਂ ‘ਚ ਬੈਲ ਗੱਡੀਆਂ ਦੀਆਂ ਦੌੜਾਂ ਮੁੜ ਧੂੜਾਂ ਪੱਟ ਸਕਣਗੀਆਂ।
ਦੱਸਣਯੋਗ ਹੈ ਕਿ 2014 ਦੌਰਾਨ ਮਿੰਨੀ ਪੇਂਡੂ ਉਲੰਪਿਕ ਕਹੇ ਜਾਣ ਵਾਲੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ‘ਚ ਸੁਪਰੀਮ ਕੋਰਟ ਨੇ ਬਲਦਾਂ ਦੇ ਦੌੜਨ ‘ਤੇ ਰੋਕ ਲਗਾ ਦਿੱਤੀ ਸੀ। ਜਿਸ ਕਾਰਨ ਸੂਬੇ ਦੇ ਬੈਲ ਗੱਡੀਆਂ ਦੇ ਦੌੜਾਕ ਨਿਰਾਸ਼ਾ ਦੇ ਆਲਮ ‘ਚ ਸਨ। ਮੇਲੇ ਦੇ ਪ੍ਰਬੰਧਕਾਂ ਵਲੋਂ ਵੀ ਇਨ੍ਹਾਂ ਦੌੜਾਂ ਨੂੰ ਮੁੜ ਸ਼ੁਰੂ ਕਰਨ ਲਈ ਸੈਰ-ਸਪਾਟਾ ਅਤੇ ਸੱਭਿਆਚਾਰ ਵਿਭਾਗ ਨੂੰ ਅਪੀਲ ਕੀਤੀ ਗਈ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਬਲਦਾਂ ਦੀਆਂ ਦੌੜਾਂ ਮੇਲੇ ਦਾ ਮੁੱਖ ਆਕਰਸ਼ਨ ਹਨ। ਪ੍ਰਬੰਧਕਾਂ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਦੇ ਰਸਮੀ ਖੇਡ ਮੇਲੇ ਨੂੰ ਦਰਸਾਉਂਦੇ ਹੋਏ ਬਲਦਾਂ ਨਾਲ ਕੋਈ ਵੀ ਬੇਰਹਿਮੀ ਨਹੀਂ ਵਰਤੀ ਜਾਂਦੀ, ਸਗੋਂ ਬਲਦਾਂ ਨੂੰ ਖੇਡ ਮੇਲੇ ਦੌਰਾਨ ਦੌੜ ਲਈ ਤਿਆਰ ਕਰਦੇ ਹੋਏ ਇਨ੍ਹਾਂ ਨੂੰ ਚੰਗੀ ਖੁਰਾਕ ਤੇ ਬੱਚਿਆਂ ਤੋਂ ਵੱਧ ਸੁਚੱਜੇ ਢੰਗ ਨਾਲ ਪਾਲਿਆ ਜਾਂਦਾ ਹੈ। ਹੁਣ ਜਦੋਂ ਪੰਜਾਬ ਸਰਕਾਰ ਨੇ ਬਲਦਾਂ ਦੀਆਂ ਦੌੜਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ ਤਾਂ ਸੰਭਵ ਹੈ ਕਿ ਜਲਦ ਹੀ ਮੁੜ ਬੈਲ ਗੱਡੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਦੌੜਦੀਆਂ ਨਜ਼ਰ ਆਉਣਗੀਆਂ।