ਕੁਰੂਕਸ਼ੇਤਰ/ਹਰਿਆਣਾ — ਕੁਰੂਕਸ਼ੇਤਰ ਦੇ ਧੀਰਪੁਰ ਸਟੇਸ਼ਨ ‘ਤੇ ਮੰਗਲਵਾਰ ਸਵੇਰੇ ਇਕ ਵੱਡਾ ਰੇਲ ਹਾਦਸਾ ਵਾਪਰ ਗਿਆ। ਕਾਲਕਾ-ਹਾਵੜਾ ਐਕਸਪ੍ਰੈੱਸ ਕੁਰੂਕਸ਼ੇਤਰ ਦੇ ਧੀਰਪੁਰ ਰੇਲਵੇ ਸਟੇਸ਼ਨ ਨੇੜੇ ਪੁੱਜੀ ਤਾਂ ਉਸ ‘ਚ ਅੱਗ ਲੱਗ ਗਈ। ਇਸ ਹਾਦਸੇ ਵਿਚ 5 ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਟਰੇਨ ਕਾਲਕਾ ਤੋਂ ਦਿੱਲੀ ਵੱਲ ਜਾ ਰਹੀ ਸੀ ਕਿ ਜਿਵੇਂ ਹੀ ਧੀਰਪੁਰ ਰੇਲਵੇ ਸਟੇਸ਼ਨ ਨੇੜੇ ਪਹੁੰਚੀ ਤਾਂ ਉਸ ਦੀ ਬੋਗੀ ਵਿਚ ਅੱਗ ਲੱਗ ਗਈ।
ਹਾਦਸੇ ਤੋਂ ਮਗਰੋਂ ਟਰੇਨ ਨੂੰ ਰੋਕਣਾ ਪਿਆ ਅਤੇ ਜ਼ਖਮੀਆਂ ਨੂੰ ਕੁਰੂਕਸ਼ੇਤਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜ਼ਖਮੀਆਂ ਵਿਚ 3 ਔਰਤਾਂ ਅਤੇ 2 ਬੱਚੇ ਸ਼ਾਮਲ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਪੁਲਸ, ਬਚਾਅ ਦਲ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਅੱਗ ‘ਤੇ ਕਾਬੂ ਪਾਇਆ। ਇਸ ਹਾਦਸੇ ਤੋਂ ਬਾਅਦ ਟਰੈੱਕ ਨੂੰ ਬੰਦ ਕਰ ਦਿੱਤਾ ਗਿਆ ਅਤੇ ਕਰਨਾਲ ਤੋਂ ਪੰਜਾਬ, ਪੰਜਾਬ ਤੋਂ ਦਿੱਲੀ ਜਾਣ ਵਾਲੀਆਂ ਸਾਰੀਆਂ ਟਰੇਨਾਂ ਨੂੰ ਪਿੱਛੇ ਹੀ ਰੋਕ ਦਿੱਤਾ ਗਿਆ। ਇਹ ਘਟਨਾ ਅੱਜ ਤੜਕਸਾਰ 4 ਵਜੇ ਦੀ ਦੱਸੀ ਜਾ ਰਹੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਬੋਗੀ ਪੂਰੀ ਤਰ੍ਹਾਂ ਸੜ ਗਈ। ਤੜਕਸਾਰ ਹੋਣ ਕਾਰਨ ਜ਼ਿਆਦਾਤਰ ਯਾਤਰੀ ਸੌਂ ਰਹੇ ਸਨ। ਯਾਤਰੀ ਕੁਝ ਸਮਝ ਸਕਦੇ, ਇਸ ਤੋਂ ਪਹਿਲਾਂ ਕਿ ਅੱਗ ਤੇਜ਼ ਹੋ ਗਈ। ਬੋਗੀ ਵਿਚ ਅਫੜਾ-ਦਫੜੀ ਮਚ ਗਈ।