ਨਵੀਂ ਦਿੱਲੀ – ਹਾਲ ਹੀ ਵਿਚ ਹੋਏ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਸਬਕ ਸਿਖਾਉਣ ਦਾ ਪਲਾਨ ਬਣਾ ਲਿਆ ਹੈ, ਜਿਸ ਤੋਂ ਬਾਅਦ ਕਈ ਟਰੇਡਰਸ ਅਤੇ ਕਿਸਾਨਾਂ ਨੇ ਪਾਕਿਸਤਾਨ ਨੂੰ ਮਾਲ ਸਪਲਾਈ ਕਰਨਾ ਬੰਦ ਕਰ ਦਿੱਤਾ ਹੈ, ਜਿਸ ਦਾ ਸਿੱਧਾ ਅਸਰ ਵਪਾਰਕ ਸਬੰਧਾਂ ’ਤੇ ਪੈ ਰਿਹਾ ਹੈ। ਦੱਸਣਯੋਗ ਹੈ ਕਿ ਭਾਰਤ ਨੇ ਪਾਕਿਸਤਾਨ ਤੋਂ ਇੰਪੋਰਟ ਕੀਤੇ ਜਾਣ ਵਾਲੇ ਸਾਮਾਨ ’ਤੇ ਬੇਸਿਕ ਕਸਟਮ ਡਿਊਟੀ ਨੂੰ 200 ਫ਼ੀਸਦੀ ਤੱਕ ਵਧਾ ਦਿੱਤਾ ਹੈ, ਜਿਸ ਦਾ ਸਿੱਧਾ ਅਸਰ ਪਾਕਿਸਤਾਨ ਵਿਚ ਦੇਖਣ ਨੂੰ ਮਿਲ ਰਿਹਾ ਹੈ। ਪਾਕਿਸਤਾਨ ਵਿਚ ਇਸ ਸਮੇਂ ਮਹਿੰਗਾਈ ਆਪਣੇ ਸਿਖਰ ’ਤੇ ਹੈ।
ਸੂਤਰਾਂ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਮੇਂ ਪਾਕਿਸਤਾਨ ਵਿਚ ਜ਼ਿਆਦਾਤਰ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਹਨ, ਜਿਸ ਤੋਂ ਬਾਅਦ ਉਥੇ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ। ਸਾਊਥ ਏਸ਼ੀਆ ਦੀ ਇਕ ਪੱਤਰਕਾਰ ਨੇ ਆਪਣੇ ਆਫੀਸ਼ੀਅਲ ਟਵਿਟਰ ਅਕਾਊਂਟ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨ ਵਿਚ ਟਮਾਟਰ ਅਤੇ ਦੂਜੀਆਂ ਸਬਜ਼ੀਆਂ ਕਾਫ਼ੀ ਮਹਿੰਗੀਆਂ ਹੋ ਗਈਆਂ ਹਨ, ਜਿਸ ਨਾਲ ਉਥੋਂ ਦੇ ਲੋਕ ਕਾਫ਼ੀ ਪ੍ਰੇਸ਼ਾਨ ਹਨ।
180 ਰੁਪਏ ਕਿਲੋ ਵਿਕ ਰਿਹੈ ਟਮਾਟਰ
ਦੱਸਣਯੋਗ ਹੈ ਕਿ ਇਸ ਸਮੇਂ ਪਾਕਿਸਤਾਨ ਵਿਚ ਟਮਾਟਰ ਦਾ ਭਾਅ ਅਾਸਮਾਨ ਛੂਹ ਰਿਹਾ ਹੈ। ਉਥੇ ਟਮਾਟਰ 180 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਉਥੇ ਹੀ ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਟਮਾਟਰ 10 ਰੁਪਏ ਕਿਲੋ ਮਿਲ ਰਿਹਾ ਹੈ। ਪਾਕਿਸਤਾਨ ਵਿਚ ਜ਼ਿਆਦਾ ਫਲ-ਸਬਜ਼ੀਆਂ ਸਪਲਾਈ ਕਰਨ ਵਾਲੀ ਆਜ਼ਾਦਪੁਰ ਮੰਡੀ ਦੇ ਵਪਾਰੀਆਂ ਨੇ ਵੀ ਪਾਕਿਸਤਾਨ ਨੂੰ ਸਬਜ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਇਨ੍ਹਾਂ ਸਬਜ਼ੀਆਂ ਦੇ ਵਧੇ ਮੁੱਲ
ਆਜ਼ਾਦਪੁਰ ਮੰਡੀ ਦੇ ਵਪਾਰੀਆਂ ਦੇ ਇਸ ਫੈਸਲੇ ਨਾਲ ਪਾਕਿਸਤਾਨ ਦੀ ਸਬਜ਼ੀ ਮੰਡੀ ਵਿਚ ਆਲੂ ਦੇ ਮੁੱਲ ਵਿਚ ਵੀ ਵਾਧਾ ਹੋਇਆ ਹੈ। ਪਾਕਿਸਤਾਨ ਵਿਚ ਆਲੂ 10-12 ਰੁਪਏ ਕਿਲੋ ਤੋਂ 30-35 ਰੁਪਏ ਕਿਲੋ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਖੀਰੇ ਅਤੇ ਤੋਰੀ 80 ਰੁਪਏ ਪ੍ਰਤੀ ਕਿਲੋ ਵਿਚ ਵਿਕ ਰਹੇ ਹਨ।
ਛੇਤੀ ਹੀ ਡਬਲਯੂ. ਟੀ. ਓ. ਨੂੰ ਦੇਵੇਗਾ ਸੂਚਨਾ
ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਮੋਦੀ ਸਰਕਾਰ ਨੇ ਪਾਕਿਸਤਾਨ ਨੂੰ ਦਿੱਤੇ ਗਏ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਵਾਪਸ ਲੈ ਲਿਆ ਸੀ ਤੇ ਭਾਰਤ ਹੁਣ ਛੇਤੀ ਹੀ ਆਪਣੇ ਇਸ ਫੈਸਲੇ ਬਾਰੇ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਨੂੰ ਸੂਚਨਾ ਦੇਵੇਗਾ।