ਕਰੋਨਾ ਕਾਰਨ 3.88 ਲੱਖ ਲੋਕਾਂ ਦੀ ਹੋਈ ਮੌਤ

0
179

ਵਾਸ਼ਿੰਗਟਨ : ਵਿਸ਼ਵ ਨੂੰ ਹਿਲਾ ਕੇ ਰੱਖ ਦੇਣ ਵਾਲੀ ਕਰੋਨਾ ਲਾਗ ਕਾਰਨ ਕੁੱਲ ਦੁਨੀਆ ਵਿੱਚ 3.88 ਲੱਖ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਚੁੱਕੇ ਹਨ। ਵਿਗਿਆਨੀਆਂ ਦੀਆਂ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਹਾਲੇ ਤੱਕ ਇਸ ਵਾਇਰਸ ਦੇ ਇਲਾਜ ਦੀ ਕੋਈ ਵੈਕਸੀਨ ਜਾਂ ਦਵਾਈ ਨਹੀਂ ਮਿਲ ਪਾਈ ਹੈ। ਜ਼ਿਆਦਾਤਰ ਦੇਸ਼ਾਂ ਵਿਚ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਵਰਲਡ ਓ ਮੀਟਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਗਲੋਬਲ ਪੱਧਰ ‘ਤੇ ਇਸ ਜਾਨਲੇਵਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 65 ਲੱਖ 74 ਹਜ਼ਾਰ ਤੋਂ ਵਧੇਰੇ ਹੋ ਚੁੱਕੀ ਹੈ। ਜਦਕਿ 3.88 ਲੱਖ ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੌਰਾਨ ਬ੍ਰਾਜ਼ੀਲ ਵਿਚ ਕੋਰੋਨਾਵਾਇਰਸ ਦਾ ਕਹਿਰ ਭਿਆਨਕ ਰੂਪ ਲੈਂਦਾ ਜਾ ਰਿਹਾ ਹੈ। ਬੀਤੇ 24 ਘੰਟਿਆਂ ਵਿਚ ਇੱਥੇ ਰਿਕਾਰਡ 1,349 ਲੋਕਾਂ ਦੀ ਮੌਤ ਹੋਈ ਹੈ। ਉੱਥੇ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਮਰਨ ਵਾਲਿਆਂ ਦੀ ਕੁੱਲ ਗਿਣਤੀ 109,142 ਦੇ ਪਾਰ ਪਹੁੰਚ ਚੁੱਕੀ ਹੈ। ਇਸ ਦੇ ਨਾਲ ਹੀ ਭਾਰਤ ਵਿਚ ਜਾਨਲੇਵਾ ਮਹਾਮਾਰੀ ਨਾਲ 2,17,187 ਤੋਂ ਵਧੇਰੇ ਲੋਕ ਇਨਫੈਕਟਿਡ ਹਨ।

2 ਲੱਖ 17 ਹਜ਼ਾਰ ਮਾਮਲਿਆਂ ਦੇ ਨਾਲ ਭਾਰਤ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿਚ 7ਵੇਂ ਸਥਾਨ ‘ਤੇ ਹੈ। ਇਸ ਸੂਚੀ ਵਿਚ 19 ਲੱਖ ਮਾਮਲਿਆਂ ਦੇ ਨਾਲ ਅਮਰੀਕਾ ਸਿਖਰ ‘ਤੇ ਹੈ।  5.84 ਲੱਖ ਮਾਮਲਿਆਂ ਦੇ ਨਾਲ ਬ੍ਰਾਜ਼ੀਲ ਦੂਜੇ ਨੰਬਰ ‘ਤੇ, 4.32 ਲੱਖ ਮਾਮਲਿਆਂ ਦੇ ਨਾਲ ਰੂਸ  ਤੀਜੇ ਸਥਾਨ ‘ਤੇ, 2.79 ਲੱਖ ਮਾਮਲਿਆਂ ਦੇ ਨਾਲ ਯੂਕੇ ਪੰਜਵੇਂ, 2.87 ਲੱਖ ਮਾਮਲਿਆਂ ਦੇ ਨਾਲ ਸਪੇਨ ਚੌਥੇ ਅਤੇ 2.33 ਲੱਖ ਮਾਮਲਿਆਂ ਦੇ ਨਾਲ ਇਟਲੀ 6ਵੇਂ ਸਥਾਨ ‘ਤੇ ਹੈ। ਦੁਨੀਆ ਭਰ ਵਿਚ ਇਸ ਵਾਇਰਸ ਦੇ ਇਨਫੈਕਸ਼ਨ ਤੋਂ 3,171,177 ਲੋਕ ਠੀਕ ਵੀ ਹੋਏ ਹਨ।

ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ 9,304 ਮਾਮਲੇ ਸਾਹਮਣੇ ਆਏ ਹਨ। ਜਦਕਿ ਇਸ ਦੌਰਾਨ 260 ਲੋਕਾਂ ਦੀ ਮੌਤ ਹੋਈ ਹੈ। ਸਿਹਤ ਮੰਤਰਾਲੇ ਦੇ ਮੁਤਾਬਕ ਕੋਰੋਨਾਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 2 ਲੱਖ 17 ਹਜ਼ਾਰ ਪਹੁੰਚ ਗਈ ਹੈ। ਇਹਨਾਂ ਵਿਚੋਂ 1,06,992 ਐਕਟਿਵ ਕੇਸ ਹਨ। ਹੁਣ ਤੱਕ 1,04,107 ਲੋਕ ਸਿਹਤਮੰਦ ਹੋ ਚੁੱਕੇ ਹਨ ਜਦਕਿ ਕੁੱਲ 6,088 ਲੋਕਾਂ ਦੀ ਮੌਤ ਹੋ ਚੁੱਕੀ ਹੈ।