ਕਦੇ ਧੁੱਪ ਕਦੇ ਛਾਂ

ਜੀਵਨ ਦਾ ਪੰਧ ਪੂਰਾ ਕਰਨ ਦੇ ਲੱਖਾਂ ਤਰੀਕੇ ਹੋਣਗੇ। ਹਰੇਕ ਵਿਅਕਤੀ ਨੂੰ ਭਾਵੇਂ, ਜਨਮ ਲੈਣ ਲਈ, ਸਮਾਂ ਤੇ ਸਥਾਨ ਚੁਣਨ ਦੀ ਮਰਜ਼ੀ ਨਹੀਂ ਹੁੰਦੀ। ਪਰ ਜੀਵਨ ਨੂੰ ਕਿਵੇਂ ਜਿਊਣਾ ਤੇ ਮਾਣਨਾ ਹੈ, ਇਹ ਸਮਝ, ਉਮਰ ਦੇ ਦੂਜੇ ਦਹਾਕੇ ਵਿਚ ਆਉਣੀ ਸ਼ੁਰੂ ਹੋ ਜਾਂਦੀ ਹੈ। ਜਿਹੜਾ ਮਨੁੱਖ ਆਪਣੇ ਆਲੇ-ਦੁਆਲੇ ਨੂੰ ਪਰਖਣ ਦੀ ਸਮਝ ਰੱਖਦਾ ਹੈ, ਉਹ ਜੀਵਨ ਵਿਚ ਕਦੇ ਵੀ ਕਿਸੇ ਉਲਝਣ ਵਿਚ ਨਹੀਂ ਫਸਦਾ ਹੈ। ਜਿਵੇਂ ਸਾਰੀ ਉਮਰ ਬੱਕਰੀਆਂ ਨੂੰ ਧੁੱਪੇ-ਛਾਵੇਂ ਕਰਦਿਆਂ ਹੀ ਲੰਘਾ ਦੇਣੀ। ਇਹ ਸਬਰ ਦਾ ਜੀਵਨ ਬੰਦੇ ਨੂੰ ਐਨਾ ਤੋਰ ਦਿੰਦਾ ਹੈ ਕਿ ਕੋਈ ਵੀ ਬਿਮਾਰੀ ਸਰੀਰ ਦੇ ਕੋਲੋਂ ਦੀ ਵੀ ਨਹੀਂ ਲੰਘਦੀ। ਬੱਕਰੀ ਦੇ ਦੁੱਧ ਵਿਚ, ਕੁਦਰਤ ਦੀਆਂ ਜੜ੍ਹੀ ਬੂਟੀਆਂ ਦੇ ਸਾਰੇ ਗੁਣ ਹੁੰਦੇ ਹਨ, ਜੋ ਮਨੁੱਖ ਦੀ ਸਿਹਤ ਚੰਗੀ ਬਣਾਈ ਰੱਖਦੇ ਹਨ। ਬੱਕਰੀਆਂ ਦੇ ਮੁੱਲ ਵੀ ਚੰਗੇ ਮਿਲ ਜਾਂਦੇ ਹਨ। ਆਮ ਮਹੀਨੇ ਲੇਲਾ 5000 ਤੱਕ ਵੀ ਵਿਕ ਜਾਂਦਾ ਹੈ। ਪਲਿਆ ਕਾਲਾ ਬੱਕਰਾ, ਖਾਸ ਦਿਨਾਂ ਵਿਚ 65000 ਤੱਕ ਵੀ ਵਿਕ ਗਏ ਦੀਆਂ ਕਨਸੋਆਂ ਹਨ। ਪਰ ਇਹ ਕੰਮ ਮਿਹਨਤ ਬਹੁਤ ਮੰਗਦਾ ਹੈ। ਜੰਗਲੀ ਜਾਨਵਰ, ਜਿਵੇਂ ਕੁੱਤੇ, ਬਿੱਲੇ, ਬਾਘ ਆਦਿ ਬੱਕਰੀ ਚੁੱਕ ਵੀ ਲੈ ਜਾਂਦੇ ਹਨ। ਪੁਰਾਣੇ ਸਮਿਆਂ ‘ਚ ਲੋਕ ਰੋਟੀ ਜਾਂ ਪੱਠੇ ਦੇ ਕੇ, ਇੱਜੜ ਨੂੰ ਆਪਣੇ ਖੇਤਾਂ ਵਿਚ ਠਹਿਰਾਉਂਦੇ ਸਨ ਤਾਂ ਕਿ ਰੇਤਲੇ ਖੇਤ ਵਿਚ ਕੁਦਰਤੀ ਖਾਦ ਦਾ ਮਾਦਾ ਵਧੇ। ਹੁਣ ਸਮੇਂ ਬਦਲ ਚੁੱਕੇ ਹਨ। ਇਹ ਕਿੱਤਾ ਪੰਜਾਬ ਵਿਚ ਬਹੁਤ ਘੱਟ ਗਿਆ ਹੈ। ਸ਼ਾਇਦ ਲੋਕਾਂ ਵਿਚ 70-80 ਧੁੱਪਾਂ ਸਹਿਣ ਦਾ ਮਾਦਾ ਨਹੀਂ ਰਿਹਾ ਜਾਂ ਫਿਰ ਪਿੰਡਾਂ ‘ਚੋਂ ਉਡਾਰੀ ਮਾਰਨ ਦੀ ਕਾਹਲ ਹੈ।

Leave a Reply

Your email address will not be published. Required fields are marked *