ਏਕਾਂਤਵਾਸ ਦੀ ਉਲੰਘਣਾ ਕਰਕੇ 300 ਵਿਅਕਤੀਆਂ ਦੀ ਜ਼ਿੰਦਗੀ ਖ਼ਤਰੇ ‘ਚ ਪਾਉਣ ਵਾਲੇ ਪਟਿਆਲਾ ਦੇ ਡਿਪਟੀ ਮੇਅਰ ਨੂੰ ਤੁਰਤ ਹਟਾਇਆ ਜਾਵੇ : ਰੱਖੜਾ

ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਏਕਾਂਤਵਾਸ ਦੀ ਉਲੰਘਣਾ ਕਰਕੇ 300 ਵਿਅਕਤੀਆਂ ਦੀ ਜ਼ਿੰਦਗੀ ਖਤਰੇ ਵਿਚ ਪਾਉਣ ਪਟਿਆਲਾ ਦੇ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੂੰ ਤੁਰੰਤ ਅਹੁਦੇ ਤੋਂ ਹਟਾਉਣ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਕਿੰਨੀ ਹੈਰਾਨੀ ਅਤੇ ਦੁੱਖ ਦੀ ਗੱਲ ਹੈ ਕਿ ਸੀਨੀਅਰ ਡਿਪਟੀ ਮੇਅਰ ਨੇ ਇੱਕ ਅਜਿਹੇ ਸਮੇਂ ਦੌਰਾਨ ਭੋਜਨ ਦੇ ਪੈਕਟ ਵੰਡ ਕੇ 300 ਵਿਅਕਤੀਆਂ ਦੀ ਜ਼ਿੰਦਗੀ ਖ਼ਤਰੇ ਵਿਚ ਪਾ ਦਿੱਤੀ ਹੈ, ਜਦੋਂ ਉਸ ਨੂੰ ਏਕਾਂਤਵਾਸ ਵਿਚ ਹੋਣਾ ਚਾਹੀਦਾ ਸੀ। ਉੁਹਨਾਂ ਕਿਹਾ ਕਿ ਸੀਨੀਅਰ ਡਿਪਟੀ ਮੇਅਰ ਨੂੰ 29 ਅਪ੍ਰੈਲ ਤਕ ਘਰ ਅੰਦਰ ਏਕਾਂਤਵਾਸ ਵਿਚ ਰਹਿਣ ਦਾ ਨਿਰਦੇਸ਼ ਦਿੱਤਾ ਗਿਆ ਸੀ, ਪਰ ਉਸ ਨੇ ਸੁਰੱਖਿਆ ਨਿਯਮਾਂ ਦੀ ਧੱਜੀਆਂ ਉਡਾਉਂਦਿਆਂ ਇੱਕ ਜਨਤਕ ਸਮਾਗਮ ਵਿਚ ਭਾਗ ਲਿਆ ਜਦਕਿ ਉਸ ਦਾ ਏਕਾਂਤਵਾਸ ਪੀਰੀਅਡ ਅਜੇ ਛੇ ਦਿਨ ਤਕ ਖ਼ਤਮ ਹੋਣਾ ਸੀ।

ਇਸ ਮਾਮਲੇ ਵਿਚ ਮੁੱਖ ਮੰਤਰੀ ਨੂੰ ਤੁਰੰਤ ਕਾਰਵਾਈ ਕਰਨ ਲਈ ਆਖਦਿਆਂ ਸਰਦਾਰ ਰੱਖੜਾ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਸਿਆਸਤਦਾਨ ਖੁਦ ਨੂੰ ਹੀ ਕਾਨੂੰਨ ਮੰਨਣ ਲੱਗ ਪਏ  ਹਨ। ਉਹਨਾਂ ਕਿਹਾ ਕਿ ਅਜਿਹੀਆਂ ਉਲੰਘਣਾਵਾਂ ਕਰਕੇ ਪਿਛਲੇ ਇੱਕ ਹਫਤੇ ਅੰਦਰ ਪਟਿਆਲਾ ਵਿਚ ਕੋਵਿਡ-19 ਦੇ ਕੇਸਾਂ ਵਿਚ ਭਾਰੀ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਰਾਜਪੁਰਾ ਵਿਚ ਸਿਆਸਤਦਾਨਾਂ ਦੀ ਸਰਪ੍ਰਸਤੀ ਅੰਦਰ ਚੱਲੀਆਂ ਜੂਆ ਅਤੇ ਹੁੱਕਾ ਪਾਰਟੀਆਂ ਕਰਕੇ 24 ਨਵੇਂ ਕੇਸ ਆ ਚੁੱਕੇ ਹਨ।  ਉਹਨਾਂ ਕਿਹਾ ਕਿ ਰਾਜਪੁਰਾ ਮਾਮਲੇ ਲਈ ਜ਼ਿੰਮੇਵਾਰ ਸਾਰੇ ਸਿਆਸਤਦਾਨਾਂ ਖ਼ਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਸਰਦਾਰ ਰੱਖੜਾ ਨੇ ਕਿਹਾ ਕਿ ਸੀਨੀਅਰ ਡਿਪਟੀ ਮੇਅਰ ਖ਼ਿਲਾਫ ਮਿਸਾਲੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਉਸ ਨੇ ਨਾ ਸਿਰਫ ਏਕਾਂਤਵਾਸ ਦੀ ਉਲੰਘਣਾ ਕੀਤੀ ਹੈ, ਸਗੋਂ ਸੰਪਰਕ ਕਰਨ ਤੇ ਮੀਡੀਆ ਕੋਲ ਇਹ ਝੂਠ ਵੀ ਬੋਲਿਆ ਹੈ ਕਿ ਕੱਲ੍ਹ ਜੋ ਉਹਨਾਂ ਦੀਆਂ ਰਾਸ਼ਨ ਵੰਡਦਿਆਂ ਦੀ ਤਸਵੀਰਾਂ ਸਾਹਮਣੇ ਆਈਆਂ ਸਨ, ਉਹ ਪੁਰਾਣੀਆਂ ਤਸਵੀਰਾਂ ਸਨ। ਅਕਾਲੀ ਆਗੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਸੀਨੀਅਰ ਡਿਪਟੀ ਮੇਅਰ ਖ਼ਿਲਾਫ ਸਖ਼ਤ ਕਾਰਵਾਈ ਕਰਨ ਲਈ ਆਖਦਿਆਂ ਕਿਹਾ ਕਿ ਉਸ ਨੂੰ ਤੁਰੰਤ ਪਾਰਟੀ ਵਿਚੋਂ ਵੀ ਕੱਢਿਆ ਜਾਣਾ ਚਾਹੀਦਾ ਹੈ ਤਾਂ ਕਿ ਸਾਰਿਆਂ ਨੂੰ ਸਪੱਸ਼ਟ ਸੁਨੇਹਾ ਜਾਵੇ ਕਿ ਇਸ ਤਰ੍ਹਾਂ ਦੀਆਂ ਉਲੰਘਣਾਵਾਂ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।

Leave a Reply

Your email address will not be published. Required fields are marked *