ਊਠ ਦੀ ਪਿੱਠ ਤੋਂ ਰੇਗਿਸਤਾਨ ਅਮਰੀਕਾ ਦਾ ਸਫ਼ਰ

ਸਾਊਦੀ ਅਰਬ ਵਿੱਚ ਊਠਾਂ ਦੀ ਦੌੜ ‘ਚ ਇੱਕ ਪੰਜ ਸਾਲਾਂ ਦਾ ਬੱਚਾ ਊਠ ਭਜਾਉਂਦਾ ਸੀ।
ਉਹ ਪਾਕਿਸਤਾਨ ਤੋਂ ਸੀ ਤੇ ਸਾਊਦੀ ਅਰਬ ਵਿੱਚ ਊਠ ਦੌੜਾਂ ਵਿੱਚ ਇਨ੍ਹਾਂ ਜਾਨਵਰਾਂ ਨੂੰ ਦੌੜਾਉਂਦਾ ਸੀ।ਇਸ ਕੰਮ ਦੇ ਬਦਲੇ ਉਸ ਨੂੰ 10,000 ਰੁਪਏ ਮਿਲਦੇ ਸਨ ਜੋ ਉਹ ਆਪਣੇ ਪਰਿਵਾਰ ਨੂੰ ਪਿੱਛੇ ਪਾਕਿਸਤਾਨ ਭੇਜ ਦਿੰਦਾ।ਸਾਲ 1990 ਵਿੱਚ ਇਹ ਇੱਕ ਵੱਡੀ ਰਕਮ ਜ਼ਰੂਰ ਸੀ ਪਰ ਜਾਨ ਦਾ ਖ਼ਤਰਾ ਇਸ ਨੰਨ੍ਹੇ ਊਠ ਸਵਾਰ ਤੇ ਹਮੇਸ਼ਾ ਬਣਿਆ ਰਹਿੰਦਾ ਸੀ। ਉਸਦੇ ਦੋ ਸਾਥੀ ਉੱਠ ਤੋਂ ਡਿੱਗ ਕੇ ਮਰ ਵੀ ਚੁੱਕੇ ਸਨ। ਬੱਚੇ ਨਾਲ ਵੀ ਦੁਰਘਟਨਾ ਹੋਈ ਸੀ ਪਰ ਉਹ ਬਚ ਗਿਆ।ਇਸ ਤਰ੍ਹਾਂ ਪੰਜ ਹੋਰ ਸਾਲ ਲੰਘ ਗਏ। ਸਾਲ 1995 ਵਿੱਚ ਸੰਯੁਕਤਰ ਰਾਸ਼ਟਰ ਦੇ ਯੂਨੀਸੈਫ ਨੇ ਸੈਂਕੜੇ ਊਠਾਂ ਦੀ ਸਵਾਰੀ ਕਰਨ ਵਾਲੇ ਬੱਚਿਆਂ ਨੂੰ ਬਚਾਇਆ ਜੋ ਊਠ ਦੌੜਾਂ ਵਿੱਚ ਵਰਤੇ ਜਾਂਦੇ ਸਨ।ਜਿਉਂਦੇ ਬਚਣ ਵਾਲਿਆਂ ਵਿੱਚ ਇੱਕ ਸਾਡਾ ਇਹ ਨੰਨ੍ਹਾ ਊਠ ਸਵਾਰ ਵੀ ਸੀ। ਉਹ ਸਾਊਦੀ ਤੋਂ ਵਾਪਸ ਆਪਣੇ ਘਰ ਪਾਕਿਸਤਾਨ, ਰਹੀਮਯਾਰ ਖ਼ਾਨ ਪਹੁੰਚ ਗਿਆ ਜਿੱਥੋਂ ਉਸ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ।ਘਰ ਦੀ ਆਰਥਿਕ ਹਾਲਤ ਇੰਨ੍ਹੀ ਚੰਗੀ ਨਹੀਂ ਸੀ ਕਿ ਪਰਵਾਰ ਉਨ੍ਹਾਂ ਦੀ ਪੜ੍ਹਾਈ ਦਾ ਖ਼ਰਚ ਚੁੱਕ ਸਕਦਾ। ਇਸ ਲਈ ਉਸ ਨੇ ਹਰ-ਇੱਕ ਨਿੱਕਾ ਮੋਟਾ ਕੰਮ ਸ਼ੁਰੂ ਕੀਤਾ।
ਦੋ ਸਾਥੀ ਊਠ ਤੋਂ ਡਿੱਗ ਕੇ ਮਰ ਵੀ ਚੁੱਕੇ ਸਨ। ਬੱਚੇ ਨਾਲ ਵੀ ਦੁਰਘਟਨਾ ਹੋਈ ਸੀ ਪਰ ਉਹ ਬਚ ਗਿਆ।
ਉਸ ਨੇ ਗਟਰ ਸਾਫ਼ ਕਰਨ ਵਾਲਿਆਂ ਨਾਲ ਮਿਲ ਕੇ ਕੰਮ ਕਰਨ ਤੋਂ ਇਲਾਵਾ ਰਿਕਸ਼ਾ ਵੀ ਚਲਾਇਆ ਅਤੇ ਆਪਣੀ ਪੜ੍ਹਾਈ ਦਾ ਖ਼ਰਚ ਚੁੱਕਿਆ।
22 ਸਾਲ ਦੇ ਸੰਘਰਸ਼ ਤੋਂ ਬਾਅਦ ਸਾਲ 2017 ਵਿੱਚ ਇਹ ਨੌਜਵਾਨ ਅਮਰੀਕੀ ਸਰਕਾਰ ਦੀ ਇੱਕ ਫੈਲੋਸ਼ਿੱਪ ਸਦਕਾ ਵਾਸ਼ਿੰਗਟਨ ਕਾਲਜ ਆਫ਼ ਲਾਅ ਵਿੱਚ ਪਹੁੰਚ ਗਿਆ।
ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਵਾਪਸ ਆ ਗਿਆ ਅਤੇ ਹੁਣ ਅਜਿਹੇ ਬੱਚਿਆਂ ਦੀ ਸਿੱਖਿਆ ਲਈ ਕੰਮ ਕਰਦਾ ਹੈ ਜੋਂ ਉਸ ਵਰਗੇ ਹਾਲਾਤ ਨਾਲ ਦੋ ਚਾਰ ਹੋ ਰਹੇ ਹਨ।ਪਾਕਿਸਾਤਾਨ ਦੇ ਘੱਟ ਗਿਣਤੀ ਹਿੰਦੂਆਂ ਨਾਲ ਸੰਬੰਧਿਤ ਇਸ ਨੌਜਵਾਨ ਦਾ ਨਾਮ ਰਮੇਸ਼ ਜੈਪਾਲ ਹੈ ਅਤੇ ਇਹ ਉਸੇ ਦੀ ਕਹਾਣੀ ਹੈ।
ਪਾਕਿਸਤਾਨੀ ਪੰਜਾਬ ਦੇ ਰਹੀਮਯਾਰ ਖ਼ਾਨ ਤੋਂ ਕੁਝ ਕਿਲੋਮੀਟਰ ਦੂਰ ਲਿਕਕਤਪੁਰ ਦੇ ਇੱਕ ਪਿੰਡ ਵਿੱਚ ਹਾਲ ਹੀ ਵਿੱਚ ਉਸ ਦੇ ਯਤਨਾਂ ਸਦਕਾ ਹੁਣ ਹਿੰਦੂਆਂ ਲਈ ਇੱਕ ਛੋਟੇ ਜਿਹੇ ਟੈਂਟ ਵਿੱਚ ਸਕੂਲ ਬਣਾਇਆ ਗਿਆ।ਚੇਲਿਸਤਾਨ ਦੀ ਰੇਤ ਉੱਤੇ ਖੁੱਲ੍ਹੀ ਹਵਾ ਵਿੱਚ ਬਣੇ ਇਸ ਸਕੂਲ ਵਿੱਚ ਬੈਠੇ ਜੈਪਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਿੱਖਿਆ ਹਾਸਲ ਕਰਨ ਲਈ ਲਲਕ ਅਰਬ ਦੇ ਇੱਕ ਰੇਗਿਸਤਾਨ ਵਿੱਚ ਲੱਗੀ ਜਿੱਥੇ ਉਹ ਊਠ-ਦੌੜ ਵਿੱਚ ਸ਼ਾਮਲ ਹੁੰਦਾ ਸੀ।
ਉਸ ਨੇ ਕਿਹਾ, “ਮੇਰੀ ਪੜ੍ਹਾਈ ਵਿੱਚ ਕਈ ਰੁਕਾਵਟਾਂ ਆਈਆਂ। ਮੈਂ ਇਸ ਨੂੰ ਟੁਕੜਿਆਂ ਵਿੱਚ ਹੀ ਸਹੀ ਪਰ ਜਾਰੀ ਰੱਖਿਆ।”
ਜਾਨ ਹਥੇਲੀ ’ਤੇ ਲੈ ਕੇ ਸਵਾਰੀ
ਸਾਲ 1980 ਅਤੇ 1990 ਦੇ ਦਹਾਕੇ ਵਿੱਚ ਦਸ ਸਾਲਾਂ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਊਠਾਂ ਦੀ ਦੌੜਾਂ ਵਿੱਚ ਵਰਤਿਆ ਜਾਂਦਾ ਸੀ।ਅਰਬ ਦੇਸਾਂ ਵਿੱਚ ਹੋਣ ਵਾਲੀਆਂ ਇਨ੍ਹਾਂ ਰਵਾਇਤੀ ਦੌੜਾਂ ਵਿੱਚ ਊਠ ਉੱਪਰ ਬੈਠਾ ਬੱਚਾ ਜਿੰਨ੍ਹਾ ਰੋਂਦਾ ਸੀ ਜਾਨਵਰ ਉਨ੍ਹਾਂ ਹੀ ਤੇਜ਼ ਦੌੜਦਾ ਸੀ।ਇਸੇ ਕਾਰਨ ਬੱਚਿਆਂ ਦੀ ਚੋਣ ਬਹੁਤ ਸੋਚ-ਸਮਝ ਕੇ ਕੀਤੀ ਜਾਂਦੀ ਸੀ। ਅਮੀਰ ਊਠ ਮਾਲਕਾਂ ਨੂੰ ਅਜਿਹੇ ਗ਼ਰੀਬ ਬੱਚੇ ਪਿਛੜੇ ਹੋਏ ਦੇਸਾਂ ਤੋਂ ਆਸਾਨੀ ਨਾਲ ਮਿਲ ਜਾਂਦੇ ਸਨ। ਪਾਕਿਸਤਾਨ ਦੇ ਬਹਾਵਲਪੁਰ, ਰਹੀਮਯਾਰ ਖ਼ਾਨ, ਖ਼ਾਨੀਵਾਲ ਅਤੇ ਦੱਖਣੀ ਪੰਜਾਬ ਦੇ ਕਈ ਇਲਾਕੇ ਵੀ ਅਜਿਹੀਆਂ ਹੀ ਥਾਵਾਂ ਸਨ।
ਰਮੇਸ਼ ਜੈਪਾਲ ਆਪਣੇ ਬੇਰੁਜ਼ਗਾਰ ਮਾਮੇ ਦੇ ਨਾਲ ਸੰਯੁਕਤ ਅਰਬ ਅਮੀਰਾਤ ਦੇ ਸ਼ਹਿਰ ਅਲ ਐਨ ਪਹੁੰਚਿਆ ਸੀ। ਆਪਣੇ ਨਾਲ 10 ਸਾਲਾਂ ਤੋਂ ਛੋਟੇ ਬੱਚੇ ਲਿਆਉਣ ਵਾਲਿਆਂ ਨੂੰ ਨੌਕਰੀ ਸੌਖਿਆਂ ਹੀ ਦੇ ਦਿੱਤੀ ਜਾਂਦੀ ਸੀ। ਉਨ੍ਹਾਂ ਦੇ ਖ਼ਾਨਦਾਨ ਦੀ ਵੀ ਆਰਥਿਕ ਹਾਲਾਤ ਖ਼ਰਾਬ ਸੀ।
ਰਮੇਸ਼ ਨੇ ਕਿਹਾ, “ਮੇਰੀ ਮਾਂ ਨੂੰ ਇਹ ਉਮੀਦ ਸੀ ਕਿ ਭਾਈ ਦੇ ਨਾਲ ਜਾ ਰਿਹਾ ਹੈ ਤਾਂ ਉਸ ਦਾ ਖ਼ਿਆਲ ਰੱਖੇਗਾ। ਜੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਉੱਥੇ ਅਜਿਹੇ ਹਾਲਾਤ ਹਨ ਸ਼ਾਇਦ ਉਹ ਕਦੇ ਨਾ ਭੇਜਦੇ।””ਰੇਗਿਸਤਾਨ ਦੇ ਵਿੱਚ-ਵਿਚਕਾਰ ਅਸੀਂ ਟੀਨ ਦੇ ਘਰਾਂ ਜਾਂ ਟੈਂਟਾਂ ਵਿੱਚ ਰਹਿੰਦੇ ਸੀ। ਗਰਮੀਆਂ ਵਿੱਚ ਤਾਪਮਾਨ 41 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਜਾਂਦਾ ਸੀ ਅਤੇ ਸਰਦੀਆਂ ਵਿੱਚ ਕੜਾਕੇ ਦੀ ਠੰਢ ਹੋ ਜਾਂਦੀ ਸੀ।”ਸਰਦੀਆਂ ਵਿੱਚ ਸੁਵਖ਼ਤੇ ਚਾਰ ਵਜੇ ਊਠਾਂ ਦੀ ਦੌੜ ਸ਼ੁਰੂ ਹੋ ਜਾਂਦੀ ਸੀ ਜਦਕਿ ਬਾਕੀ ਦਿਨਾਂ ਵਿੱਚ ਉਨ੍ਹਾਂ ਦੀ ਦੇਖ-ਭਾਲ ਕਰਨੀ ਹੁੰਦੀ ਸੀ। ਇਸ ਦੌਰਾਨ ਊਠਾਂ ਨੂੰ ਚਾਰਾ ਪਾਉਣਾ ਹੁੰਦਾ ਅਤੇ ਉਨ੍ਹਾਂ ਦੀ ਮਾਲਿਸ਼ ਕਰਨੀ ਹੁੰਦੀ ਸੀ।
ਰਮੇਸ਼ ਨੇ ਦੱਸਿਆ, “ਦੌੜ ਦੇ ਦੌਰਾਨ ਇੱਕ ਹਾਦਸੇ ਵਿੱਚ ਮੇਰੇ ਸਿਰ ਵਿੱਚ ਸੱਟ ਲੱਗੀ ਅਤੇ 10 ਟਾਂਕੇ ਲੱਗੇ ਜੋ ਅੱਜ ਵੀ ਦੁਖ਼ਦੇ ਹਨ।”ਰਮੇਸ਼ ਜੈਪਾਲ ਨੇ ਦੱਸਿਆ ਕਿ ਪਾਸਪੋਰਟ ਮਾਲਕ ਕੋਲ ਹੋਣ ਕਾਰਨ ਉਸ ਦੀਆਂ ਵਤਨ ਵਾਪਸੀ ਦੀਆਂ ਕਈ ਕੋਸ਼ਿਸ਼ਾਂ ਨਾਕਾਮ ਰਹੀਆਂ।ਪੰਜ ਸਾਲ ਬਾਅਦ 1995 ਵਿੱਚ ਯੂਨੈਸੈਫ਼ ਨੇ ਊਠਾਂ ਦੀ ਦੌੜ ਵਿੱਚ ਬੱਚਿਆਂ ਦੀ ਵਰਤੋਂ ਉੱਪਰ ਪਾਬੰਦੀ ਲਾ ਦਿੱਤੀ। ਸੈਂਕੜੇ ਬੱਚਿਆਂ ਨੂੰ ਉਸ ਸਮੇਂ ਆਜ਼ਾਦੀ ਮਿਲੀ ਅਤੇ ਰਮੇਸ਼ ਉਨ੍ਹਾਂ ਖ਼ੁਸ਼ਕਿਸਮਤਾਂ ਵਿੱਚੋਂ ਇੱਕ ਸੀ।
ਸੋਸ਼ਲ ਮੀਡੀਆ ਜ਼ਰੀਏ ਰਮੇਸ਼ ਨੇ ਅਮਰੀਕੀ ਸਰਕਾਰ ਦੇ ਹਿਊਬਰਟ ਹਮਫ੍ਰੀ ਫੈਲੋਸ਼ਿਪ ਪ੍ਰੋਗਰਾਮ ਦੇ ਬਾਰੇ ਵਿੱਚ ਪੜ੍ਹਿਆ।
ਪੜ੍ਹਾਈ ਦੀ ਆਦਤ ਪਈ।ਰਮੇਸ਼ ਅਨੁਸਾਰ ਉਸ ਦਾ ਮਾਲਿਕ ਇੱਕ ਅਨਪੜ੍ਹ ਅਤੇ ਬੇਰਹਿਮ ਸ਼ਖਸ ਸੀ। ਇਸ ਦੇ ਮੁਕਾਬਲੇ ਉਸ ਦਾ ਭਰਾ ਕਾਫੀ ਪੜ੍ਹਿਆ-ਲਿਖਿਆ ਅਤੇ ਸੁਲਝਿਆ ਹੋਇਆ ਇਨਸਾਨ ਸੀ। ਇਸੇ ਕਾਰਨ ਉਸ ਦੀ ਇੱਜ਼ਤ ਸੀ।
ਰਮੇਸ਼ ਨੇ ਕਿਹਾ, “ਉੱਥੋਂ ਮੈਨੂੰ ਮਾਲੂਮ ਹੋਇਆ ਕਿ ਇਨਸਾਨ ਦੀ ਇੱਜ਼ਤ ਸਿੱਖਿਆ ਨਾਲ ਹੁੰਦੀ ਹੈ।”ਪਾਕਿਸਤਾਨ ਵਾਪਸ ਆਉਣ ਤੋਂ ਬਾਅਦ ਰਮੇਸ਼ ਦੇ ਘਰ ਵਾਲਿਆਂ ਨੇ ਉਸ ਨੂੰ ਸਕੂਲ ਭੇਜਣਾ ਸ਼ੁਰੂ ਕੀਤਾ। ਉਸ ਦੇ ਪਿਤਾ ਇੱਕ ਸਰਕਾਰੀ ਵਿਭਾਗ ਵਿੱਚ ਮਾਮੁਲੀ ਜਿਹੇ ਮੁਲਾਜ਼ਮ ਸਨ।ਉਸ ਦਾ ਪਰਿਵਾਰ ਪਿੰਡ ਤੋਂ ਨਿਕਲ ਕੇ ਸ਼ਹਿਰ ਦੇ ਦੋ ਕਮਰਿਆਂ ਦੇ ਇੱਕ ਮਕਾਨ ਵਿੱਚ ਰਹਿ ਰਿਹਾ ਸੀ।ਆਰਥਿਕ ਹਾਲਾਤ ਅਜਿਹੇ ਨਹੀਂ ਸਨ ਕਿ ਉਸ ਦੇ ਪਿਤਾ ਬਾਕੀ ਬੱਚਿਆਂ ਨਾਲ ਉਨ੍ਹਾਂ ਦੀ ਸਿੱਖਿਆ ਦਾ ਖਰਚ ਚੁੱਕ ਸਕਣ। ਇਸ ਕਾਰਨ ਰਮੇਸ਼ ਨੂੰ ਮਿਹਨਤ ਮਜ਼ਦੂਰੀ ਕਰਨੀ ਪਈ।ਉਹ ਕਹਿੰਦਾ ਹੈ, ”ਮੈਂ ਗੁੱਬਾਰੇ ਵੇਚੇ, ਪਤੰਗ ਵੇਚੀ, ਗਟਰ ਸਾਫ਼ ਕਰਨ ਵਾਲਿਆਂ ਨਾਲ ਕੰਮ ਕੀਤਾ ਅਤੇ ਫਿਰ ਕੁਝ ਵਕਤ ਤੱਕ ਕਿਰਾਏ ‘ਤੇ ਰਿਕਸ਼ਾ ਚਲਾਇਆ।”ਇਸੇ ਤਰ੍ਹਾਂ ਥੋੜ੍ਹਾ-ਥੋੜ੍ਹਾ ਪੜ੍ਹਦੇ ਹੋਏ ਉਸ ਨੇ ਮੈਟਰਿਕ ਪਾਸ ਕੀਤੀ। ਉਸ ਤੋਂ ਬਾਅਦ ਇੱਕ ਵਾਰ ਫਿਰ ਪੜ੍ਹਾਈ ਛੁੱਟ ਗਈ ਤਾਂ ਉਸ ਨੇ ਮਜ਼ਦੂਰੀ ਕੀਤੀ।
ਭਾਵੇਂ ਉਸ ਨੇ ਕੰਪਿਊਟਰ ਸਿੱਖ ਲਿਆ। ਦੋ ਸਾਲ ਬਾਅਦ ਮੁੜ ਪੜ੍ਹਾਈ ਸ਼ੁਰੂ ਕੀਤੀ ਤਾਂ ਐਡਮਿਨਿਸਟਰੇਸ਼ਨ ਵਿੱਚ ਡਿਪਲੋਮਾ ਕੀਤਾ ਅਤੇ ਫਿਰ ਗ੍ਰੈਜੁਏਸ਼ਨ ਕੀਤੀ।ਰਮੇਸ਼ ਨੇ ਖੈਰਪੁਰ ਯੂਨੀਵਰਸਿਟੀ ਤੋਂ ਪਹਿਲਾਂ ਸਮਾਜਸ਼ਾਸਤਰ ਅਤੇ ਫਿਰ ਪੇਂਡੂ ਵਿਕਾਸ ਵਿੱਚ ਐੱਮ.ਏ. ਕੀਤੀ।
ਰੇਗਿਸਤਾਨ ਤੋਂ ਅਮਰੀਕਾ ਦਾ ਸਫ਼ਰ
ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਸਮਾਜ ਦੀ ਤਰੱਕੀ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ।ਇੱਕ ਸਥਾਨਕ ਸਮਾਜਿਕ ਸੰਗਠਨ ਸ਼ੁਰੂ ਕਰਨ ਤੋਂ ਬਾਅਦ ਸਾਲ 2008 ਵਿੱਚ ਉਸ ਨੇ ਦੋਸਤਾਂ ਦੀ ਮਦਦ ਨਾਲ ਹਰੇ ਰਾਮਾ ਫਾਊਂਡੇਸ਼ਨ ਆਫ਼ ਪਾਕਿਸਤਾਨ ਨਾਂ ‘ਤੇ ਸੰਗਠਨ ਦੀ ਸ਼ੁਰੂਆਤ ਕੀਤੀ।ਉਹ ਕਹਿੰਦਾ ਹੈ, “ਸਮਾਜਿਕ, ਆਰਥਿਕ ਅਤੇ ਸਿੱਖਿਆ ਦੇ ਲਿਹਾਜ਼ ਤੋਂ ਜੇ ਕੋਈ ਭਾਈਚਾਰਾ ਸਭ ਤੋਂ ਪਿੱਛੇ ਸੀ ਤਾਂ ਉਹ ਪਾਕਿਸਤਾਨ ਦਾ ਘੱਟ ਗਿਣਤੀ ਹਿੰਦੂ ਭਾਈਚਾਰਾ ਸੀ। ਇਸ ਕਾਰਨ ਵਿਤਕਰੇ ਹਾ ਸਾਹਮਣਾ ਵੀ ਕਰਨਾ ਪਿਆ। ਹਰੇ ਰਾਮਾ ਫਾਊਂਡੇਸ਼ਨ ਦੇ ਜ਼ਰੀਏ ਅਸੀਂ ਨਾ ਕੇਵਲ ਹਿੰਦੂ ਬਲਕਿ ਤਮਾਮ ਪਿਛੜੇ ਤਬਕਿਆਂ ਦੀ ਬੇਹਤਰੀ ਲਈ ਕੰਮ ਕੀਤਾ।”
ਹੁਣ ਰਮੇਸ਼ ਆਪਣੀ ਸਿੱਖਿਆ ਦੀ ਵਰਤੋਂ ਪਾਕਿਸਤਾਨ ਦੇ ਵਿਕਾਸ ਵਿੱਚ ਕਰਨਾ ਚਾਹੁੰਦਾ ਹੈ।
ਉਸ ਦਾ ਦਾਅਵਾ ਹੈ ਕਿ ਉਹ ਹਿੰਦੂ ਮੈਰਿਜ ਐਕਟ ਲਿਖਣ ਵਾਲਿਆਂ ਵਿੱਚੋਂ ਸ਼ਾਮਿਲ ਸੀ। ਉਹ ਕਹਿੰਦਾ ਹੈ, “ਹਿੰਦੂ ਭਾਈਚਾਰੇ ਦੇ ਹੱਕਾਂ ਲਈ ਮੈਂ ਪੰਜਾਬ ਅਸੈਂਬਲੀ ਲਾਹੌਰ ਦੇ ਸਾਹਮਣੇ ਪ੍ਰਦਰਸ਼ਨ ਦੀ ਅਗਵਾਈ ਤੱਕ ਕੀਤੀ।”ਸੋਸ਼ਲ ਮੀਡੀਆ ਜ਼ਰੀਏ ਉਸ ਨੇ ਅਮਰੀਕੀ ਸਰਕਾਰ ਦੇ ਹਿਊਬਰਟ ਹਮਫ੍ਰੀ ਫੈਲੋਸ਼ਿਪ ਪ੍ਰੋਗਰਾਮ ਦੇ ਬਾਰੇ ਪੜ੍ਹਿਆ। ਐੱਮ.ਏ ਦੀ ਪੜ੍ਹਾਈ ਦੇ ਨਾਲ ਉਸ ਦਾ ਸਮਾਜਿਕ ਕੰਮਾਂ ਦਾ ਤਜ਼ੁਰਬਾ ਕੰਮ ਆਇਆ ਅਤੇ ਸਾਲ 2017 ਵਿੱਚ ਉਸ ਨੂੰ ਇਸ ਪ੍ਰੋਗਰਾਮ ਲਈ ਚੁਣ ਲਿਆ ਗਿਆ।
ਇਸ ਪ੍ਰੋਗਰਾਮ ਤਹਿਤ ਇੱਕ ਸਖ਼ਤ ਮੁਕਾਬਲੇ ਤੋਂ ਬਾਅਦ ਪਾਕਿਸਤਾਨ ਤੋਂ ਹਰ ਸਾਲ ਵੱਖ-ਵੱਖ ਭਾਈਚਾਰੇ ਦੇ ਚੁਣੇ ਹੋਏ ਲੋਕਾਂ ਨੂੰ ਅਮਰੀਕਾ ਵਿੱਚ ਰਹਿਣ ਅਤੇ ਵੱਖ-ਵੱਖ ਯੂਨੀਵਰਸਿਟੀ ਵਿੱਚ ਪੜ੍ਹਨ ਦਾ ਮੌਕਾ ਦਿੱਤਾ ਜਾਂਦਾ ਹੈ।ਅੰਗਰੇਜ਼ੀ ਕਮਜ਼ੋਰ ਹੋਣ ਦੇ ਕਾਰਨ ਰਮੇਸ਼ ਨੇ ਯੂਨੀਵਰਸਿਟੀ ਆਫ ਕੈਲੀਫੌਰਨੀਆ ਤੋਂ ਅੰਗਰੇਜ਼ੀ ਵਿੱਚ ਕੋਰਸ ਕੀਤਾ ਜਿਸ ਤੋਂ ਬਾਅਦ ਉਸ ਨੇ ਵਾਸ਼ਿੰਗਟਨ ਕਾਲੇਜ ਆਫ਼ ਲਾਅ ਤੋਂ ਕਾਨੂੰਨ ਅਤੇ ਮਨੁੱਖੀ ਅਧਿਕਾਰ ਦੀ ਸਿੱਖਿਆ ਹਾਸਿਲ ਕੀਤੀ।ਰਮੇਸ਼ ਕਹਿੰਦਾ ਹੈ, “ਘੱਟ ਗਿਣਤੀ ਭਾਈਚਾਰੇ ਤੋਂ ਹੋਣ ਅਤੇ ਇੱਕ ਪਿਛੜੇ ਇਲਾਕੇ ਤੋਂ ਨਿਕਲ ਕੇ ਮੈਂ ਸਿੱਖਿਆ ਲਈ ਅਮਰੀਕਾ ਤੱਕ ਪਹੁੰਚ ਜਾਵਾਂਗਾ ਅਜਿਹਾ ਮੈਂ ਕਦੇ ਵੀ ਨਹੀਂ ਸੋਚਿਆ ਸੀ।”ਉਸ ਦਾ ਮੰਨਣਾ ਹੈ ਕਿ ਅਮਰੀਕਾ ਵਿੱਚ ਵਕਤ ਗੁਜ਼ਾਰਨ ਅਤੇ ਉੱਥੇ ਸਿੱਖਿਆ ਹਾਸਿਲ ਕਰਨ ਤੋਂ ਬਾਅਦ ਉਸ ਵਿੱਚ ਉਹ ਸਾਰੇ ਗੁਣ ਹਨ ਜਿਨ੍ਹਾਂ ਦਾ ਇਸਤੇਮਾਲ ਕਰਨ ਕੇ ਉਹ ਪਾਕਿਸਤਾਨ ਦੀ ਤਰੱਕੀ ਵਿੱਚ ਆਪਣਾ ਅਹਿਮ ਕਿਰਦਾਰ ਅਦਾ ਕਰ ਸਕਦਾ ਹੈ।
100 ਸਕੂਲ ਬਣਾਉਣ ਦਾ ਮਿਸ਼ਨ
ਰਹੀਮਯਾਰ ਖ਼ਾਨ ਵਿੱਚ ਆਪਣੇ ਘਰ ਨੂੰ ਰਮੇਸ਼ ਨੇ ਕਈ ਕੰਮਾਂ ਦਾ ਹਿੱਸਾ ਬਣਾ ਲਿਆ ਹੈ। ਦਿਨ ਵਿੱਚ ਉਹ ਸਟੇਟ ਆਫ ਲਾਈਫ ਇੰਸ਼ੋਰੈਂਸ ਕੰਪਨੀ ਆਫ ਪਾਕਿਸਤਾਨ ਵਿੱਚ ਸੇਲਸ ਮੈਨੇਜਰ ਹੈ ਅਤੇ ਬਾਅਦ ਵਿੱਚ ਸਮਾਜ ਦੇ ਕੰਮਾਂ ਵਿੱਚ ਰੁਝਿਆ ਰਹਿੰਦਾ ਹੈ।
ਉਹ ਕਹਿੰਦਾ ਹੈ, “ਪਹਿਲਾਂ ਯੂਏਈ ਅਤੇ ਫਿਰ ਅਮਰੀਕਾ ਵਿੱਚ ਰਹਿ ਕੇ ਮੈਨੂੰ ਇਸ ਗੱਲ ਦਾ ਅੰਦਾਜ਼ਾ ਹੋਇਆ ਕਿ ਅੱਜ ਦੇ ਦੌਰ ਵਿੱਚ ਸਿੱਖਿਆ ਸਭ ਤੋਂ ਅਹਿਮ ਹਥਿਆਰ ਹੈ।”
ਅਮਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਉਸ ਨੇ ਵੱਖ-ਵੱਖ ਸੰਗਠਨਾਂ ਅਤੇ ਹਿੰਦੂ ਭਾਈਚਾਰੇ ਦੀ ਮਦਦ ਨਾਲ ਰਹੀਮਯਾਰ ਖਾਨ ਜ਼ਿਲ੍ਹੇ ਦੀਆਂ ਤਿੰਨ ਤਹਿਸੀਲਾਂ ਵਿੱਚ ਹਿੰਦੂ ਬੱਚਿਆਂ ਲਈ ਛੋਟੇ ਸਕੂਲ ਬਣਾਏ ਹਨ।ਦੋ ਦਰਜਨ ਦੇ ਕਰੀਬ ਵਿਦਿਆਰਥੀਆਂ ਵਾਲੇ ਸਕੂਲਾਂ ਵਿੱਚ ਕੇਵਲ ਇੱਕ ਟੀਚਰ ਹੈ ਅਤੇ ਬੱਚੇ ਜ਼ਮੀਨ ‘ਤੇ ਬੈਠਦੇ ਹਨ। ਰਮੇਸ਼ ਜੈਪਾਲ ਦਾ ਕਹਿਣਾ ਸੀ, ਘੱਟੋਂ-ਘੱਟ ਇਸ ਤਰ੍ਹਾਂ ਬੱਚੇ ਸਿੱਖਿਆ ਤਾਂ ਹਾਸਿਲ ਕਰ ਰਹੇ ਹਨ। ਉਨ੍ਹਾਂ ਦੀ ਸਿੱਖਿਆ ਦਾ ਸਿਲਸਿਲਾ ਟੁੱਟੇਗਾ ਤਾਂ ਨਹੀਂ।ਉਸ ਦਾ ਕਹਿਣਾ ਸੀ ਕਿ ਉਸ ਦਾ ਮਿਸ਼ਨ ਹੈ ਕਿ ਸਾਲ 2020 ਤੱਕ ਉਹ ਪਾਕਿਸਤਾਨ ਵਿੱਚ ਅਜਿਹੇ ਸੌ ਤੋਂ ਵੱਧ ਸਕੂਲ ਬਣਾਏ।

ਰਮੇਸ਼ ਜੈਪਾਲ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਉਹ ਪਾਕਿਸਤਾਨ ਦੀ ਸੰਸਦੀ ਸਿਆਸਤ ਦਾ ਵੀ ਹਿੱਸਾ ਬਣਨਾ ਚਾਹੁੰਦਾ ਹੈ।

Leave a Reply

Your email address will not be published. Required fields are marked *