ਉਹੀ ਮੈਖਾਨਾ ਉਹੀ ਸਾਕੀ, ਦੱਸੋ ਕਿੱਥੇ ਰੱਖੀਏ ਹਾਕੀ

ਪਰਮਜੀਤ ਸਿੰਘ ਰੰਧਾਵਾ

ਭੁਵਨੇਸ਼ਵਰ ਦਾ ਕਲਿੰਗਾ ਹਾਕੀ ਸਟੇਡੀਅਮ ਜੇ ਇਕ ਪਾਸੇ ਉਸ ਭਾਰਤੀ ਹਾਕੀ ਟੀਮ ਨੂੰ ਪਹਿਲੇ ਗੇੜ ਤੋਂ ਬਾਅਦ ਪੂਰੀ ਤਰ੍ਹਾਂ ਨਿਰਾਸ਼ ਕਰਦਾ ਹੈ, ਜਿਸ ਦਾ ਹਾਕੀ ਦੀ ਦੁਨੀਆ ‘ਚ ਇਕ ਆਪਣਾ ਗੌਰਵਮਈ ਇਤਿਹਾਸ ਸੀ ਤਾਂ ਦੂਜੇ ਪਾਸੇ ਉਸ ਬੈਲਜੀਅਮ ਟੀਮ ਨੂੰ ਟੀਸੀ ‘ਤੇ ਪਹੁੰਚਾਉਂਦਾ, ਜਿਸ ਦੀ ਕੁਝ ਦਹਾਕੇ ਪਹਿਲਾਂ ਹਾਕੀ ਜਗਤ ਵਿਚ ਕੋਈ ਬਹੁਤ ਜਾਣ-ਪਛਾਣ ਵੀ ਨਹੀਂ ਸੀ। ਸਾਡੀ ਜਾਚੇ ਬੈਲਜ਼ੀਅਮ ਹਾਕੀ ਟੀਮ ਦਾ ਨਿਹਾਇਤ ਜੁਝਾਰੂ ਢੰਗ ਨਾਲ ਇਸ ਵਿਸ਼ਵ ਕੱਪ ਹਾਕੀ ਦਾ ਚੈਂਪੀਅਨ ਬਣਨਾ ਆਉਣ ਵਾਲੇ ਸਮੇਂ ‘ਚ ਦੁਨੀਆ ਦੀ ਬਿਹਤਰੀਨ ਟੀਮਾਂ ਲਈ ਇਕ ਸਬਕ ਹੈ। ਭਾਰਤ ਵਾਲੇ ਆਪਣੇ ਸੁਨਹਿਰੇ ਇਤਿਹਾਸ ਦੀ ਖੁਮਾਰੀ ‘ਚ ਹੀ ਅਜੇ ਤੱਕ ਲੀਨ। ਭਲਿਓ ਮਾਣਸੋ! ਜੇ ਹੁਣ ਇਤਿਹਾਸ ਪੜ੍ਹਨਾ ਤਾਂ ਬੈਲਜੀਅਮ ਹਾਕੀ ਦਾ ਪੜ੍ਹੋ।
ਸਾਡੇ ਅਨੁਸਾਰ ਇਸ ਵਿਸ਼ਵ ਕੱਪ ਵਿਚ ਭਾਰਤੀ ਟੀਮ ਦੇ ਕੁਆਰਟਰ ਫਾਈਨਲ ‘ਚ ਨੀਦਰਲੈਂਡ ਹੱਥੋਂ ਹਾਰ ਦਾ ਸਾਨੂੰ ਅਫਸੋਸ ਨਹੀਂ ਹੋਣਾ ਚਾਹੀਦਾ, ਨਾ ਹੀ ਨਿਰਾਸ਼ ਹੋਣਾ ਚਾਹੀਦਾ ਸੀ। ਨਿਰਾਸ਼ਾ ਤਾਂ ਤਦ ਹੁੰਦੀ ਜੇ ਆਸ ਹੋਵੇ। ਕੀ ਵਿਸ਼ਵ ਕੱਪ ਹਾਕੀ ਤੋਂ ਪਹਿਲਾਂ ਕੁਝ ਟੂਰਨਾਮੈਂਟਾਂ ‘ਚ ਭਾਰਤੀ ਹਾਕੀ ਟੀਮ ਨੇ ਕੁਝ ਅਜਿਹਾ ਧਮਾਕੇਦਾਰ ਪ੍ਰਦਰਸ਼ਨ ਕੀਤਾ ਸੀ ਕਿ ਅਸੀਂ ਵਿਸ਼ਵ ਕੱਪ ਹਾਕੀ ‘ਚ ਭਾਰਤੀ ਟੀਮ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੀ ਆਸ ਕਰਦੇ। ਜਵਾਬ ਹੈ-ਇਕ ਵੱਡੀ ਨਾਂਹ। ਬਿਲਕੁਲ ਨਹੀਂ। ਭਾਰਤ ਨੇ ਇਸ ਟੂਰਨਾਮੈਂਟ ਤੋਂ ਪਹਿਲਾਂ ਆਪਣੇ-ਆਪ ਨੂੰ ਏਸ਼ੀਆ ਚੈਂਪੀਅਨ ਵੀ ਸਾਬਤ ਨਹੀਂ ਸੀ ਕੀਤਾ ਤੇ ਤੁਸੀਂ ਵਿਸ਼ਵ ਚੈਂਪੀਅਨ ਬਣਨ ਦੀ ਗੱਲ ਕਰਦੇ ਹੋ। ਭਾਰਤੀ ਟੀਮ ‘ਤੇ ਸਾਡੀ ਲੋੜ ਤੋਂ ਵੱਧ ਆਸ ਇਸ ਮਸਲੇ ਨੂੰ ਹੋਰ ਵੀ ਹਾਸੋਹੀਣੀ ਬਣਾ ਦਿੰਦੀ ਹੈ। ਟੀਮ ‘ਤੇ ਜ਼ਿਆਦਾ ਮਨੋਵਿਗਿਆਨਕ ਦਬਾਅ ਪਾਉਂਦੀ ਹੈ।

ਇਕ ਸੌਖੇ ਜਿਹੇ ਪੂਲ ਵਿਚੋਂ ਭਾਰਤੀ ਟੀਮ ਜੇ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਦੀ ਹੈ ਤਾਂ ਤੁਸੀਂ ਇਸ ਨੂੰ ਭਾਰਤ ਟੀਮ ਦੀ ਕੋਈ ਵੱਡੀ ਪ੍ਰਾਪਤੀ ਨਹੀਂ ਕਹਿ ਸਕਦੇ। ਸਾਡੇ ਕੋਚ ਸਾਹਿਬ ਤੇ ਸਾਡੇ ਕਪਤਾਨ ਸਾਹਿਬ ਮਾੜੀ ਅੰਪਾਇਰਿੰਗ ਦੀ ਗੱਲ ਛੇੜੀ ਬੈਠੇ ਹਨ। ਕੁਝ ਕਹਿਣ ਦੀ ਲੋੜ ਨਹੀਂ। ਦੂਜੇ ਸਿਰ ਦੋਸ਼ ਦੇਣਾ ਸਾਡੀ ਆਦਤ ਬਣ ਚੁੱਕੀ ਹੈ। ਸਾਨੂੰ ਆਪਣੀ ਪੀੜ੍ਹੀ ਹੇਠ ਸੋਟਾ ਮਾਰਨ ਦੀ ਲੋੜ ਹੈ। ਭਾਰਤੀ ਹਾਕੀ ਟੀਮ ਦੇ ਮੈਚਾਂ ਦਾ ਵਿਸ਼ਲੇਸ਼ਣ ਦੀ ਕੋਈ ਲੋੜ ਨਹੀਂ। ਅਤੀਤ ‘ਚ ਬਹੁਤ ਸਾਰੇ ਮੈਚ ਵਿਸ਼ਲੇਸ਼ਣ ਹੋ ਚੁੱਕੇ ਹਨ ਪਰ ਸਾਡੀਆਂ ਕੌਮੀ ਟੀਮਾਂ ਨੇ ਇਨ੍ਹਾਂ ਤੋਂ ਸਿੱਖਿਆ ਕੀ ਹੈ? ਕੋਈ ਕਹਿ ਰਿਹਾ ਹੈ ਗੋਲਕੀਪਰ ਸ੍ਰੀਜਸ਼ ਦੀਆਂ ਖੁੱਲ੍ਹੀਆਂ ਲੱਤਾਂ ‘ਚ ਗੇਂਦ ਅੰਦਰ ਜਾਂਦੀ ਰਹੀ ਹੈ, ਕੋਈ ਦੁਹਾਈ ਦੇ ਰਿਹਾ ਸਾਡੀ ਫਾਰਵਰਡ ਲਾਈਨ ਦੇ ਪੱਲੇ ਕੱਖ ਨਹੀਂ, ਕੋਈ ਬੋਲ ਰਿਹੈ ਡਰੈਗ ਫਲਿਕ ਦਾ ਜਾਦੂ ਸਿਰ ਚੜ੍ਹ ਨਹੀਂ ਬੋਲਿਆ।

ਕੋਈ ਆਲੋਚਨਾ ਕਰ ਰਿਹਾ ਕੋਚ ਦੀ ਰਣਨੀਤੀ ਕੋਈ ਰੰਗ ਲਿਆਉਣ ਵਾਲੀ ਨਹੀਂ ਸੀ, ਕੋਈ ਵਿਚਾਰ ਰਿਹਾ ਹੈ ਕਿ ਟੀਮ ਚੋਣ ‘ਚ ਕੁਝ ਅਨੁਭਵੀ ਖਿਡਾਰੀ ਟੀਮ ਤੋਂ ਬਾਹਰ ਕਰਨ ਦਾ ਭਾਰਤੀ ਟੀਮ ਨੇ ਖਮਿਆਜ਼ਾ ਭੁਗਤਿਆ। ਟੀਮ ਦੀ ਵਾਗਡੋਰ ਵਿਦੇਸ਼ੀ ਹੱਥਾਂ ‘ਚ ਵੀ ਦੇ ਕੇ ਦੇਖ ਲਿਆ, ਸਵਦੇਸ਼ੀ ਹੱਥਾਂ ‘ਚ ਇਸ ਦੀ ਅਜ਼ਮਾਇਸ਼ ਵੀ ਹੋ ਗਈ। ਪੰਜਾਬੀ ਖਿਡਾਰੀਆਂ ਨਾਲ ਵੀ ਟੀਮ ਦੀ ਭਰਮਾਰ ਕਰਕੇ ਦੇਖ ਲਈ। ਵਿਦੇਸ਼ੀ ਧਰਤੀ ‘ਤੇ ਅਸੀਂ ਨਿਰੰਤਰ ਹਾਰਦੇ ਆ ਰਹੇ ਸੀ। ਹੁਣ ਸਰਜ਼ਮੀਨ ‘ਤੇ ਵੀ ਵਿਸ਼ਵ ਕੱਪ ਦਾ ਆਯੋਜਨ ਕਰਕੇ ਦੇਖ ਲਿਆ। ਜਿਸ ਹਾਕੀ ਖਿਡਾਰੀ ਦੀ ਇਕ ਵਾਰ ਕੋਈ ਵਿਸ਼ਵ ਪੱਧਰੀ ਪ੍ਰਾਪਤੀ ਹੋਈ, ਉਸ ਨੂੰ ਸਦਾ ਵਾਸਤੇ ਉੱਚੇ ਅਹੁਦੇ ਵੀ ਦੇ ਕੇ ਦੇਖ ਲਏ, ਉਮਰ ਭਰ ਦਾ ਡੀ.ਐਸ.ਪੀ. ਬਣਾ ਦਿੱਤਾ, ਵੱਡੇ-ਵੱਡੇ ਇਮਾਨ ਵੀ ਦੇ ਕੇ ਦੇਖ ਲਏ ਪਰ ਸਾਡੀ ਹਾਕੀ ਉਥੇ ਦੀ ਉਥੇ ਹੀ ਰਹੀ। ਸਾਡੇ ਖਿਡਾਰੀ ਤਾਂ ਆਪਣੀਆਂ ਪਦਵੀਆਂ ‘ਤੇ ਬਿਰਾਜਮਾਨ ਰਹੇ ਪਰ ਭਾਰਤੀ ਹਾਕੀ ਦਾ ਦਰਜਾ ਘਟਦਾ ਹੀ ਗਿਆ।

ਜੇ ਸਬਰ ਲਈ ਕੋਈ ਇਨਾਮ ਮਿਲਦਾ ਹੋਵੇ ਤਾਂ ਉਹ ਭਾਰਤ ਦੇ ਹਾਕੀ ਪ੍ਰੇਮੀ ਨੂੰ ਮਿਲਣਾ ਚਾਹੀਦਾ, ਜਿਸ ਨੇ ਇਹੋ ਜਿਹੇ ਸਾਡੇ ਹਾਕੀ ਸਿਸਟਮ ‘ਤੇ ਵੀ ਆਸ ਕੀਤੀ। ਸਾਡੇ ਖਿਆਲ ਵਿਚ ਇਹ ਉਹ ਸਹੀ ਵੇਲਾ ਹੈ, ਜਦੋਂ ਭਾਰਤੀ ਹਾਕੀ ਟੀਮ ਦੇ ਕੋਚ ਖਿਡਾਰੀਆਂ ਦੀ ਹਰ ਪੱਖੋਂ ਜ਼ਬਰਦਸਤ ਆਲੋਚਨਾ ਹੋਣੀ ਚਾਹੀਦੀ ਹੈ। ਹਾਕੀ ਇੰਡੀਆ ਦੀਆਂ ਤਮਾਮ ਯੋਜਨਾਵਾਂ ਨੂੰ ਵੀ ਨਿੰਦਿਆ ਜਾਣਾ ਚਾਹੀਦਾ ਹੈ। ਤਮਾਸ਼ਾ ਬਣ ਚੁੱਕੀ ਹੈ, ਸਾਡੇ ਦੇਸ਼ ਦੀ ਹਾਕੀ। ਪਿਛਲੇ ਇਕ ਸਾਲ ਤੋਂ ਟੀਮ ਬਣਤਰ ‘ਚ ਲਗਾਤਾਰ ਅਦਲਾ-ਬਦਲੀ ਨੇ ਕੋਈ ਹਾਕੀ ਖਿਡਾਰੀ ਵਿਸ਼ਵ ਪੱਧਰੀ ਬਣਨ ਹੀ ਨਹੀਂ ਦਿੱਤਾ। ਤੁਸੀਂ ਘੱਟ ਅਨੁਭਵੀ ਖਿਡਾਰੀਆਂ ਨੂੰ ਵਿਸ਼ਵ ਕੱਪ ਖਿਡਾ ਕੇ ਕੀ ਪ੍ਰਾਪਤੀ ਚਾਹੁੰਦੇ ਹੋ? ਸਾਡੇ ਸੀਨੀਅਰ ਖਿਡਾਰੀ ਵੀ ਆਪਣੀ ਫਿਟਨੈਸ ਨੂੰ ਲੈ ਕੇ ਸੁਚੇਤ ਨਹੀਂ ਰਹਿੰਦੇ। ਸਾਰਾ ਸਾਲ ਇਸ ਦੇਸ਼ ਵਿਚ ਹਾਕੀ ਦੇ ਕੈਂਪ ਹੀ ਲੱਗੇ ਰਹਿੰਦੇ ਹਨ। ਕੀ ਸਿੱਖਦੇ ਹੋ ਇਨ੍ਹਾਂ ਕੈਂਪਾਂ ‘ਚ, ਦੇਸ਼ ਨੂੰ ਜ਼ਲੀਲ ਕਰਨਾ ਕਿ ਇਸ ਦੇ ਗੌਰਵ ਨੂੰ ਬਰਕਰਾਰ ਕਰਨਾ। ਸਾਨੂੰ ਚਾਹੀਦਾ ਹੈ ਕਿ ਅਸੀਂ ਹੁਣ ਬੈਲਜੀਅਮ ਹਾਕੀ ਇਤਿਹਾਸ ਪੜ੍ਹੀਏ। ਬੈਲਜੀਅਮ ਹਾਕੀ ਖਿਡਾਰੀਆਂ ਬਾਰੇ ਅਤੇ ਉਸ ਟੀਮ ਦੇ ਜੁਝਾਰੂ ਕੋਚ ਬਾਰੇ ਜਾਣਕਾਰੀ ਇਕੱਠੀ ਕਰੀਏ, ਜਿਸ ਨੇ ਕਲਿੰਗ ਸਟੇਡੀਅਮ ਵਿਚ ਵਿਸ਼ਵ ਭਰ ਦੇ ਖੇਡ ਪ੍ਰੇਮੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।

Leave a Reply

Your email address will not be published. Required fields are marked *