ਚੰਡੀਗੜ੍ਹ : ਪਰਵਾਸੀ ਮਜ਼ਦੂਰਾਂ ਦੀ ਸਮੱਸਿਆ ਹੱਲ ਕਰਨ ਅਤੇ ਸੂਬੇ ਵਿੱਚ ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ ਦੌਰਾਨ ਉਨ੍ਹਾਂ ਨੂੰ ਇਥੋਂ ਬਾਹਰ ਜਾਣ ਤੋਂ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਸੂਬੇ ਵਿੱਚ ਸਾਰੇ ਉਦਯੋਗਿਕ ਯੂਨਿਟ ਅਤੇ ਇੱਟਾਂ ਦੇ ਭੱਠੇ ਆਪਣਾ ਉਤਪਾਦਨ ਸ਼ੁਰੂ ਕਰ ਸਕਦੇ ਹਨ ਬਸ਼ਰਤੇ ਉਨ੍ਹਾਂ ਕੋਲ ਮਜ਼ਦੂਰਾਂ ਨੂੰ ਸੁਰੱਖਿਅਤ ਰੱਖਣ ਦੇ ਸਾਰੇ ਪ੍ਰਬੰਧ ਮੌਜੂਦ ਹੋਣ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਉਦਯੋਗਿਕ ਯੂਨਿਟਾਂ ਅਤੇ ਭੱਠਾ ਮਾਲਕਾਂ ਕੋਲ ਪਰਵਾਸੀ ਮਜ਼ਦੂਰਾਂ ਨੂੰ ਰੱਖਣ ਲਈ ਬਣਦੀ ਥਾਂ ਅਤੇ ਭੋਜਨ ਦੇਣ ਦੀ ਸਮਰੱਥਾ ਹੈ, ਤਾਂ ਉਹ ਆਪਣਾ ਉਤਪਾਦਨ ਸ਼ੁਰੂ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਇਕਾਈਆਂ ਦੇ ਮਾਲਕਾਂ ਨੂੰ ਇਸ ਸਮੇਂ ਦੌਰਾਨ ਸਮਾਜਿਕ ਵਿੱਥ ਕਾਇਮ ਰੱਖਣ ਨੂੰ ਯਕੀਨੀ ਬਣਾਉਣ ਲਈ ਆਖਿਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੀਆਂ ਸਨਅਤੀ ਇਕਾਈਆਂ ਵਿੱਚ ਕਾਮਿਆਂ ਲਈ ਸਾਫ-ਸਫ਼ਾਈ ਦੇ ਸਾਰੇ ਇਹਤਿਆਦੀ ਕਦਮ ਪੂਰੀ ਤਰ੍ਹਾਂ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਇਕਾਈਆਂ ਨੂੰ ਸਾਂਝੀਆਂ ਸਹੂਲਤਾਂ ਵਾਲੀਆਂ ਥਾਵਾਂ ਦੀ ਸਫ਼ਾਈ ਅਤੇ ਵਰਕਰਾਂ ਲਈ ਸਾਬਣ ਤੇ ਖੁੱਲ੍ਹੇ ਪਾਣੀ ਦਾ ਪੁਖਤਾ ਪ੍ਰਬੰਧ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਮੁੱਖ ਥਾਵਾਂ ‘ਤੇ ਹੱਥ ਧੋਣ ਦੀਆਂ ਸਹੂਲਤਾਂ ਅਤੇ ਸੈਨੀਟਾਈਜ਼ਰ ਵੀ ਉਪਲਬੱਧ ਹੋਣੇ ਚਾਹੀਦੇ ਹਨ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਲਕ ਭਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਪਰਵਾਸੀ ਮਜ਼ਦੂਰਾਂ ਦੇ ਫਸੇ ਹੋਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਇਹ ਹਦਾਇਤਾਂ ਅਤੇ ਵਿਚਾਰ-ਵਟਾਂਦਰਾ ਕੀਤਾ ਹੈ ਅਤੇ ਇਹ ਸਮੱਸਿਆ ਕੁਝ ਸੂਬਿਆਂ ਦੀਆਂ ਸਰਹੱਦਾਂ ‘ਤੇ ਵੱਡੀ ਗਿਣਤੀ ਵਿੱਚ ਅਜਿਹੇ ਮਜ਼ਦੂਰਾਂ ਦੇ ਜੁੜਨ ਨਾਲ ਪੈਦਾ ਹੋਈ ਹੈ। ਭਾਰਤ ਸਰਕਾਰ ਨੇ ਖ਼ਤਰਨਾਕ ਵਾਇਰਸ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸੂਬਿਆਂ ਨੂੰ ਲੋਕਾਂ ਦੇ ਚੱਲਣ-ਫਿਰਨ ਤੋਂ ਰੋਕਣ ਲਈ ਸਰਹੱਦਾਂ ਸੀਲ ਕਰਨ ਸਣੇ ਕੌਮੀ ਤਾਲਾਬੰਦੀ ਦੀ ਸਖ਼ਤੀ ਨਾਲ ਪਾਲਣ ਕਰਨ ਦੇ ਆਦੇਸ਼ ਦਿੱਤੇ ਹਨ।