ਈ-ਕਾਰ, ਬਾਈਕ ”ਤੇ ਮਿਲੇਗੀ ਸਬਸਿਡੀ, ਜਲਦ ਲਾਂਚ ਹੋਵੇਗੀ ਇਹ ਸਕੀਮ

0
87

ਨਵੀਂ ਦਿੱਲੀ -ਇਲੈਕਟ੍ਰਿਕ ਵਾਹਨਾਂ ਪ੍ਰਤੀ ਲੋਕਾਂ ਨੂੰ ਉਤਸ਼ਾਹਤ ਕਰਨ ਲਈ ਕੇਂਦਰੀ ਮੰਤਰੀ ਮੰਡਲ ਇਸ ਮਹੀਨੇ ਦੇ ਅੰਤ ਤਕ ‘ਫੇਮ ਇੰਡੀਆ-2’ ਯੋਜਨਾ ਨੂੰ ਹਰੀ ਝੰਡੀ ਦੇ ਸਕਦਾ ਹੈ। ਇਸ ਯੋਜਨਾ ਦੇ ਖਰਚ ਲਈ ਪੰਜ ਸਾਲਾਂ ‘ਚ 5,500 ਕਰੋੜ ਰੁਪਏ ਦੀ ਵਿਵਸਥਾ ਕੀਤੀ ਜਾ ਸਕਦੀ ਹੈ।
ਇਕ ਉੱਚ ਸਰਕਾਰੀ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਇਸ ਯੋਜਨਾ ਤਹਿਤ ਵੱਖ-ਵੱਖ ਇਲੈਕਟ੍ਰਿਕ ਅਤੇ ਹਾਈਬ੍ਰਿਡ ਵਾਹਨਾਂ ਦੇ ਰਜਿਸਟਰੇਸ਼ਨ ਅਤੇ ਪਾਰਕਿੰਗ ਚਾਰਜਾਂ ‘ਚ ਛੋਟ ਦੇਣ ਅਤੇ ਰੋਡ ਟੈਕਸ ਤੋਂ ਰਾਹਤ ਦੇਣ ਵਰਗੇ ਕਦਮ ਚੁੱਕੇ ਜਾਣਗੇ। ਇਸ ਯੋਜਨਾ ਦਾ ਮਕਸਦ ਈ-ਵਾਹਨਾਂ ਦੀ ਮੰਗ ਵਧਾਉਣ ਅਤੇ ਦੇਸ਼ ਭਰ ‘ਚ ਚਾਰਜਿੰਗ ਸਟੇਸ਼ਨਾਂ ਦੀ ਵਿਵਸਥਾ ਕਰਨ ‘ਤੇ ਜ਼ੋਰ ਦੇਣ ਦਾ ਹੋਵੇਗਾ।
ਇਸ ਯੋਜਨਾ ਤਹਿਤ ਇਲੈਕਟ੍ਰਿਕ ਵਾਹਨਾਂ ‘ਤੇ ਸਬਸਿਡੀ ਦਿੱਤੀ ਜਾਵੇਗੀ। ‘ਫੇਮ ਇੰਡੀਆ-2’ ਯੋਜਨਾ ਲਾਗੂ ਹੋਣ ਦੇ ਪਹਿਲੇ ਸਾਲ ‘ਚ ਦੋਪਹੀਆ ਇਲੈਕਟ੍ਰਿਕ ਵਾਹਨ ਖਰੀਦਦਾਰ ਨੂੰ 25,000 ਰੁਪਏ ਤਕ ਦੀ ਸਬਸਿਡੀ ਦਾ ਫਾਇਦਾ ਮਿਲੇਗਾ। ਉੱਥੇ ਹੀ ਤਿੰਨ ਪਹੀਆ ਵਾਹਨਾਂ ਲਈ 40,000 ਰੁਪਏ ਅਤੇ ਇਲੈਕਟ੍ਰਿਕ ਕਾਰ ਲਈ 50,000 ਰੁਪਏ ਤਕ ਦੀ ਸਬਸਿਡੀ ਦਾ ਫਾਇਦਾ ਉਠਾਇਆ ਜਾ ਸਕੇਗਾ।
ਜ਼ਿਕਰਯੋਗ ਹੈ ਕਿ ਸਰਕਾਰ ਨੇ ‘ਫੇਮ ਇੰਡੀਆ ਯੋਜਨਾ’ 2015 ‘ਚ ਲਾਂਚ ਕੀਤੀ ਸੀ। ਪਹਿਲਾਂ ਇਸ ਸਕੀਮ ਨੂੰ ਦੋ ਸਾਲ ਯਾਨੀ 31 ਮਾਰਚ 2017 ਤਕ ਚਲਾਉਣ ਦਾ ਪ੍ਰਸਤਾਵ ਸੀ ਪਰ ਇਸ ਨੂੰ ਦੋ ਵਾਰ 6-6 ਮਹੀਨੇ ਲਈ ਵਧਾ ਕੇ 31 ਮਾਰਚ 2018 ਤਕ ਕਰ ਦਿੱਤਾ ਸੀ। ਅਪ੍ਰੈਲ ‘ਚ ਸਰਕਾਰ ਨੇ ਇਸ ਯੋਜਨਾ ਨੂੰ ਸਤੰਬਰ ਜਾਂ ਉਸ ਸਮੇਂ ਤਕ ਲਈ ਵਧਾ ਦਿੱਤਾ ਸੀ ਜਦੋਂ ਤਕ ਇਸ ਦਾ ਦੂਜਾ ਭਾਗ ਲਾਂਚ ਨਹੀਂ ਹੋ ਜਾਂਦਾ।