ਇੱਟਾਂ ਦੀ ਦਾਸਤਾਨ

ਗੁਰਦੁਆਰਾ ਦਰਬਾਰ ਸਾਹਿਬ, ਤਰਨ ਤਾਰਨ ਦੇ ਵਿਹੜੇ ਵਿੱਚ ਖਿੱਲਰੀਆਂ ਇਹ ਇੱਟਾਂ ਮਹਿਜ ਮਿੱਟੀ ਨੂੰ ਆਵੇ ਵਿੱਚ ਪਕਾਉਣ ਨਾਲ ਆਕਾਰ ਵਿੱਚ ਆਈਆਂ ਇੱਟਾਂ ਨਹੀਂ ਸਗੋਂ ਜਬਰ, ਸਿੱਦਕ , ਨਾਬਰੀ ਤੇ ਰਾਜ ਦੀ ਚੌਹ ਸਦੀਆਂ ਦੀ ਦਾਸਤਾਨ ਏ ।
ਸੰਨ ੧੫੯੧ ਵਿੱਚ ਗੁਰੂ ਅਰਜਨ ਦੇਵ ਜੀ ਨੇ ਪਿੰਡ ਨੂਰਦੀ , ਖਾਰਾ ਅਤੇ ਪਲਸੌਰਾ ਦਰਮਿਆਨ ਪੈਂਦੀ ਇੱਕ ਮਨਮੋਹਕ ਥਾਂ ਉੱਤੇ ੪੮ ਕਿਲੇ ਜਮੀਨ ਵਿੱਚ ਤਰਨ ਤਾਰਨ ਤਲਾਬ ਪੁਟਾਉਣਾ ਸ਼ੁਰੂ ਕੀਤਾ । ਪਾਤਸ਼ਾਹ ਨੇ ਆਪ ਟੱਕ ਲਾਇਆ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਤੇ ਸੰਗਤਾਂ ਨੂੰ ਹੁਕਮਨਾਮੇ ਭੇਜੇ ਅਰ ਛੇ ਮਹੀਨੇ ਪਿੱਛੋਂ ਸਰੋਵਰ ਦੀ ਸੇਵਾ ਮੁਕੰਮਲ ਹੋਈ ।
ਸਰੋਵਰ ਦੀ ਪ੍ਰਕਰਮਾਂ ਨੂੰ ਪੱਕਾ ਕਰਵਾਉਣ ਲਈ ਗੁਰੂ ਸਾਹਿਬ ਨੇ ਇੱਟਾਂ ਪਥਵਾਈਆਂ ਅਤੇ ਆਵਾ ਤਪਾਇਆ ਗਿਆ । ਜਦੋਂ ਇੱਟਾਂ ਤਿਆਰ ਹੋ ਗਈਆਂ ਤਾਂ ਪੱਟੀ ਦੇ ਹਾਕਮ ਨੂਰਦੀਨ ਦੇ ਪੁੱਤਰ ਅਮੀਰ ਦੀਨ ਨੇ ਸਾਰੀਆਂ ਇੱਟਾਂ ਜ਼ਬਤ ਕਰ ਲਈਆਂ ਤੇ ਸਰਾਏ ਨੂਰ ਦੀਨ ਦੀ ਤਮੀਰ ਲਈ ਵਰਤ ਲਈਆਂ ।
ਸਿੱਖਾਂ ਨੇ ਪਾਤਸ਼ਾਹ ਨੂੰ ਬੇਨਤੀ ਕਰੀਂ ਕਿ ਉਂਹ ਹੁਕਮ ਕਰਨ ਕਿ ਸਿੱਖ ਇੱਟਾਂ ਮੋੜ ਲਿਆਉਣ । ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿੱਖਾਂ ਨੂੰ ਸਮਝਾਉਣਾ ਕੀਤਾ ਕਿ ਅਜੇ ਅਕਾਲ ਪੁਰਖ ਦਾ ਹੁਕਮ ਨਹੀਂ ਕਿ ਤਲਾਬ ਪੱਕਾ ਹੋਵੇ । ਜਦੋਂ ਹੁਕਮ ਹੋਵੇਗਾ ਉਦੋਂ ਇਹ ਇੱਟਾਂ ਆਪ ਹੀ ਵਾਪਸ ਮੁੜ ਆਉਣਗੀਆਂ ਤੇ ਸਰੋਵਰ ਪੱਕਾ ਹੋ ਜਾਵੇਗਾ ।
ਲਗਭਗ 184 ਸਾਲ ਪਿਛੋਂ ਸੰਨ ੧੭੭੫ ਵਿੱਚ ਸਰਦਾਰ ਖੁਸ਼ਹਾਲ ਸਿੰਘ ਤੇ ਸਰਦਾਰ ਬੁੱਧ ਸਿੰਘ ਫੈਜਲਪੁਰ ਨੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਕਮਾਨ ਹੇਠ ਨੂਰਦੀਨ ਦੀ ਸਰਾਂ ਢਾਹ ਦਿੱਤੀ ਤੇ ਸਾਰੀਆਂ ਇੱਟਾਂ ਤਰਨ ਤਾਰਨ ਸਾਹਿਬ ਲੈ ਆਏ ।
ਸਰੋਵਰ ਪੱਕਾ ਕਰਨ ਤੋਂ ਬਾਅਦ ਵੱਡੀ ਤਾਦਾਦ ਵਿੱਚ ਇੱਟਾਂ ਬਚੀਆਂ ਹੋਈਆਂ ਸਨ । ਜਿੰਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਤੇ ਖੜਕ ਸਿੰਘ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਨੇ ਇਹ ਡਿਊੜੀ ਬਣਾਉਣ ਲਈ ਵਰਤ ਲਿਆ । ਨੌਨਿਹਾਲ ਸਿੰਘ ਤਰਨ ਤਾਰਨ ਸਰੋਵਰ ਦੀਆਂ ਚੌਹਾਂ ਨੁੱਕਰਾਂ ਤੇ ਮਿਨਾਰ ਬਣਾਉਣੇ ਚਾਹੁੰਦਾ ਸੀ ਪਰ ਉੱਨੀ ਸਾਲ ਦਾ ਇਹ ਗੱਭਰੂ ਮਹਾਰਾਜਾ ਲਾਹੌਰ ਦਰਬਾਰ ਦੀ ਖਾਨਾਜੰਗੀ ਦੀ ਭੇੰਟ ਚੜ੍ਹ ਗਿਆ । ਇਕ ਮਿਨਾਰ ਅੱਜ ਵੀ ਕਾਇਮ ਹੈ।
ਜੋ ਕਿ 113 ਫੁੱਟ ਉੱਚਾ ਅੱਠ ਨੁਕਰਾ ਹੈ ਜਿਸ ਦਾ ਘੇਰਾ 67 ਫੁੱਟ ਹੈ । ਕਿਸੇ ਵੇਲੇ ਇਹ ਇਲਾਕੇ ਦੀ ਸਭ ਤੋਂ ਉੱਚੀ ਇਮਾਰਤ ਹੁੰਦੀ ਸੀ ਜਿਸ ਨੂੰ ਪੰਦਰਾਂ ਪਿੰਡਾਂ ਦਾ ਰਕਬਾ ਦਿੱਸਦਾ ਸੀ ।
ਕਾਰ ਸੇਵਾ ਵਾਲੇ ਜਗਤਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੋੜੇ ਗਏ ਇਸ ਡਿਉਢੀ ਦੀਆਂ ਇੱਟਾਂ ਨੂੰ ਸੰਗਤਾਂ ਮਲਬਾ ਨਾ ਸਮਝਣ ।
ਲਿਖ ਦਿੱਤਾ ਹੈ ਤਾਂ ਕਿ ਸਨਦ ਰਹੇ !

Leave a Reply

Your email address will not be published. Required fields are marked *