ਇੰਜ ਵੀ ਜਿਊਂਦਾ ਸੀ ਉਹ-ਜਤਿੰਦਰ ਸਿੰਘ ਹਾਂਸ

ਸਾਰੇ ਪਿੰਡ ਵਿਚ ਇਹ ਗੱਲ ਅੱਗ ਵਾਂਗ ਫੈਲ ਗਈ ਕਿ ਰੱਖੇ ਨੇ ਖੁਦਕੁਸ਼ੀ ਦੀ ਕੋਸਿ਼ਸ਼ ਕੀਤੀ ਹੈ। ਮੈਨੂੰ ਯਕੀਨ ਨਹੀਂ ਆਉਂਦਾ, ਨਿੱਕੀ ਨਿੱਕੀ ਗੱਲ ਵਿਚੋਂ ਜਿਊਣ ਦੇ ਬਹਾਨੇ ਭਾਲ ਲੈਣ ਵਾਲਾ, ਇੰਜ ਵੀ ਕਰ ਸਕਦਾ। ਮਨ `ਚ ਅਰਦਾਸ ਕੀਤੀ, ‘ਹੇ ਰੱਬਾ ਇਹ ਝੂਠ ਹੋਵੇ।’

ਖੇਤ `ਚੋਂ ਕੰਮ ਛੱਡ ਕੇ ਹਾਅ ਦਾ ਨਾਅਰਾ ਮਾਰਨ ਉਹਦੇ ਘਰ ਤੁਰ ਪਿਆ। ਜਦੋਂ ਤੱਕ ਉਹਦੇ ਘਰ ਪਹੰੁਚਿਆ, ਉਹਨੂੰ ਕਾਰ ਵਿਚ ਪਾ ਕੇ ਪੀ.ਜੀ.ਆਈ ਹਸਪਤਾਲ ਲੈ ਗਏ ਸੀ।

ਜਿਸ ਮੰਜੇ ੳੁੱਤੇ ਉਹ ਪਿਆ ਸੀ ਉਹ ਕਾਫ਼ੀ ਜਲਿ਼ਆ ਹੋਇਆ ਸੀ। ਕੋਲ ਹੀ ਅੱਧਸੜੀ ਦਰੀ ਅਤੇ ਰਜਾਈ ਪਏ ਸੀ। ਆਲੇ ਦੁਆਲੇ ਜਿੱਥੇ ਉਹ ਅੱਗ ਵਿਚ ਜਲਦਾ ਤੜਫਦਾ ਭੱਜਿਆ-ਡਿੱਗਿਆ ਹੋਵੇਗਾ, ਉੱਥੇ ਵੀ ਅੱਗ ਦਾ ਸੇਕ ਲੱਗਿਆ ਹੋਇਆ ਸੀ। ਸੜੇ ਹੋਏ ਦੀ ਬੂਅ ਆ ਰਹੀ ਸੀ। ਸਾਰਾ ਦ੍ਰਿਸ਼ ਹੌਲਨਾਕ ਸੀ।

ਕੁਝ ਲੋਕ ਅਫਸੋਸ ਦੇ ਲਹਿਜੇ `ਚ ਖੜੇ ਗੱਲਾਂ ਕਰ ਰਹੇ ਸੀ।

-“ਚੁ…ਚੁ…ਚੁ…ਬੜਾ ਲੋਹੜਾ ਹੋਇਆ।”

-“ਦਰਵੇਸ਼ ਸੀ ਵਿਚਾਰਾ, ਇਕਲਾਪੇ ਨੇ ਮਾਰ ਲਿਆ। ਕਈ ਦਿਨਾਂ ਦਾ ਕਹਿੰਦਾ ਫਿ਼ਰਦਾ ਤੀ, ‘ਹੁਣ ਹੋਰ ਜੀਉਣ ਨੂੰ ਜੀਅ ਨੀ ਕਰਦਾ। ਜੀਅ ਕਰਦੈ, ਜਿੰਦਗੀ ਦੀ ਅਹੀ-ਤਹੀ ਫੇਰਦਾਂ। ਪਰ ਮੇਰਾ ਹਿਉ ਨੀ ਪੈਂਦਾ।’ ਸਹੁਰੇ ਨੇ ਫੇਰਤੀ ਅਹੀ ਤਹੀ। ਆਪ ਈ ਕਾਰਾ ਕੀਤਾ ਲੱਗਦਾ। ਕਈ ਦਿਨਾਂ ਤੋਂ ਉਹਦਾ ਦਿਮਾਗ ਚੱਕਿਆ ਹੋਇਆ ਸੀ। ਮਿੱਟੀ ਦੇ ਤੇਲ ਦੀ ਪੀਪੀ ਲਈ ਫਿਰਦਾ ਸੀ।”

-“ ਨਾ ਓ ਭਾਈ, ਆਪ ਮਰਨ ਨੂੰ ਕੀਹਦਾ ਦਿਲ ਕਰਦਾ। ਘਰੇ ਖਾਣ ਨੂੰ ਆਟਾ ਨੀ ਵਿਚਾਰੇ ਦੇ। ਮਿੱਟੀ ਦੇ ਤੇਲ ਦੀ ਪੀਪੀ ਕਿੱਥੋਂ ਲਿਆਇਆ। ਮੈਨੂੰ ਲੱਗਦਾ ਬੀੜੀ ਲਾ ਕੇ ਪੈ ਗਿਆ ਹੋਣਾ। ਕਿਤੇ ਬੀੜੀ ਨਾਲ ਰਜਾਈ ਨੂੰ ਅੱਗ ਲੱਗ ਗਈ।”

-“ਚਲੋ ਚੰਗਾ ਈ ਹੋਇਆ ਉਹਦਾ ਨਰਕ ਤੋਂ ਖਹਿੜਾ ਛੁੱਟੂ। ਊਂ ਵੀ ਨਾ ਜੀਊਂਦਿਆ `ਚ ਨਾ ਮਰਿਆਂ `ਚ।”

-“ਮਰ ਤਾਂ ਉਸੇ ਦਿਨ ਗਿਆ ਸੀ ਜਿਸ ਦਿਨ ਇਹਦੀ ਕੁੜੀ ਨੂੰ ਉਹ ਬਾਮ੍ਹਣ ਡਾਕਟਰ ਕੱਢ ਕੇ ਲੈ ਗਿਆ ਸੀ।”

-“ਬਾਮ੍ਹਣ ਕਾਹਦਾ ਸੀ ਢੌਂਸੀ ਸੀ ਸਹੁਰਾ, ਮੰਗ ਖਾਣੀ ਜਾਤ। ਜਿਹੜੇ ਸ਼ਨਿਚਰਵਾਰ ਨੂੰ ਤੇਲ ਮੰਗਦੇ ਹੰੁਦੇ ਨੇ। ਡਾਕਟਰ ਵੀ ਕਾਹਦਾ ਸੀ ਸਹੁਰਾ। ਸ਼ਹਿਰ `ਚ ਕਿਸੇ ਡਾਕਟਰ ਕੋਲ ਚਾਰ ਮਹੀਨੇ ਲਾ ਕੇ ਟੀਕੇ ਲਾਉਣ ਸਿੱਖ ਗਿਆ। ਐਲ. ਐਲ.ਐਮ.ਪੀ ਡਾਕਟਰ ਬਣ ਗਿਆ ਜਿਸ ਦਾ ਮਤਲਬ ਹੰੁਦੈ, ਲਮਕ ਲਮਕ ਕੇ ਮੈਟ੍ਰਿਕ ਪਾਸ। ਉਹਦੀ ਪਿੰਡ `ਚ ਦੁਕਾਨ ਸੀ। ਰੋਜ ਰੱਖੇ ਦੀ ਘਰ ਆਲੀ ਜੀਤੋ ਨੂੰ ਦਵਾਈ ਦੇਣ ਆਉਂਦਾ। ਉਹਦਾ ਇਲਾਜ ਕਰਦਾ ਕਰਦਾ ਰੱਖੇ ਦੀ ਕੁੜੀ ਦੇ ਪਿਆਰ ਦਾ ਮਰੀਜ ਬਣ ਗਿਆ। ਲੋਕਾਂ ਬਥੇਰਾ ਬੁਰਾ ਮਨਾਇਆ। ਕੁੜੀ ਨੇ ਕੋਰਟ `ਚ ਵਿਆਹ ਕਰਵਾ ਕੇ ਸਭ ਦੇ ਮੂੰਹ ਬੰਦ ਕਰਤੇ। ਰੱਖੇ ਨੇ ਤਾਂ ਕਹਿਤਾ, ‘ਕੁੜੀ ਸੁਖੀ ਵਸੇ ਅਹੀ ਤਹੀ ਮਰਾਉਣ ਲੋਕ।` ਮੈਨੂੰ ਤਾਂ ਲਗਦਾ ਜੀਤੋ ਇਸੇ ਦੁੱਖ ਨਾਲ ਮਰੀ ਆ। ਤੇ ਰੱਖੇ ਨੇ ਜੀਤੋ ਦੇ ਦਰੇਗ `ਚ ਇਹ ਕੁਝ ਕੀਤਾ।”

-“ਨਹੀਂ ਇਹ ਗੱਲ ਨੀ, ਗੱਲ ਤਾਂ ਹੋਰ ਆ। ਮੈਨੂੰ ਤਾਂ ਪਹਿਲਾਂ ਈ ਪਤਾ ਲੱਗ ਗਿਆ ਸੀ। ਇਹ ਕੁਝ ਹੋਊਗਾ। ਰੱਖਾ ਬਾਬੇ ਸ਼ਹੀਦਾਂ ਆਲੀ ਝੜੀ `ਚੋਂ ਬਾਲਣ ਲਿਆ ਲਿਆ ਫੂਕਦਾ ਸੀ। ਉਸ ਪੱਕੀ ਥਾਂ ਤੋਂ ਤਾਂ ਡੱਕਾ ਵੀ ਨੀ ਚੁੱਕ ਸਕਦਾ। ਬੱਸ ਬਾਬੇ ਨੇ ਮੂਧਾ ਮਾਰਤਾ।”

-“ਮੈਨੂੰ ਤਾਂ ਲਗਦਾ ਰੱਖੇ ਦਾ ਕਤਲ ਕਰਨ ਦੀ ਕੋਸਿ਼ਸ਼ ਹੋਈ ਆ। ਤੁਸੀਂ ਮੰਨੋ ਭਾਂਵੇ ਨਾ ਮੰਨੋ।”

ਜਿੰਨੇ ਮੂੰਹ ਉਨੀਆਂ ਹੀ ਗੱਲਾਂ।

ਰੱਖੇ ਦੀ ਜੰੁਡੀ ਦਾ ਯਾਰ ਦੀਪਾ ਉਹਦੀ ਛਪਾਰ ਦੇ ਮੇਲੇ ਵਾਲੀ ਗੱਲ ਸੁਣਾਉਣ ਲੱਗ ਗਿਆ, “…ਕੇਰਾਂ ਛਪਾਰ ਦੇ ਮੇਲੇ ‘ਤੇ ਅਸੀਂ ਸਾਰੇ ਪਿੰਡ ਦੀ ‘ਨੰਗਮੰਡਲੀ’ ਮੇਲਾ ਦੇਖਦੇ ਫਿਰੀਏ। ਪੈਸਾ ਕਿਸੇ ਦੀ ਜੇਬ `ਚ ਨਾ। ਇਹ ਕਹਿੰਦਾ ਜਲੇਬੀਆ ਖਾਣ ਨੂੰ ਜੀਅ ਕਰਦਾ ਜਾਂ ਤੁਸੀਂ ਖਿਲਾਓ ਨਹੀਂ ਮੈਂ ਖਿਲਾਉਨਾ।’

ਸਾਰੇ ਕਹਿੰਦੇ, “ਤੂੰ ਹੀ ਖਿਲ੍ਹਾ।”

ਰੱਖਾ ਕਹਿੰਦਾ, “ਆਪਣੀਆਂ ਜਲੇਬੀਆਂ ਲੈ ਕੇ ਤੁਰੀ ਜਾਇਓ।” ਅਸੀਂ ਜਲੇਬੀਆਂ ਆਲੀ ਦੁਕਾਨ `ਤੇ ਚਲੇ ਗਏ।

ਰੱਖਾ ਦੁਕਾਨਦਾਰ ਨੂੰ ਕਹਿੰਦਾ, “ਬਾਈ ਸਿਆਂਹ ਪਾਈਆ-ਪਾਈਆ ਜਲੇਬੀਆਂ ਤੋਲ ਦੇ।”

ਦੁਕਾਨਦਾਰ ਪਾਈਆ-ਪਾਈਆ ਜਲੇਬੀਆਂ ਤੋਲੀ ਜਾਵੇ। ਅਸੀਂ ਲੈ ਕੇ ਤੁਰੀ ਜਾਈਏ। ਜਦੋਂ ਦੋ ਜਣੇ ਰਹਿਗੇ ਰੱਖਾ ਦੁਕਾਨਦਾਰ ਦੇ ਗਲ ਪੈ ਗਿਆ। ਕਹਿੰਦਾ, “ ਘੰਟਾ ਹੋ ਗਿਆ ਸਾਨੂੰ ਖੜ੍ਹਿਆਂ ਨੂੰ ਤੂੰ ਪਾਈਆ-ਪਾਈਆ ਜਲੇਬੀਆਂ ਨੀ ਦਿੰਦਾ। ਲੋਕਾਂ ਨੂੰ ਤੋਰੀ ਜਾਨੈਂ।”

ਦੁਕਾਨਦਾਰ ਮੱਥੇ `ਤੇ ਹੱਥ ਮਾਰ ਕੇ ਕਹਿੰਦਾ, “ ਜਿਹੜੇ ਲੈ ਕੇ ਤੁਰਗੇ ਉਹ ਕੌਣ ਤੀ?” ਰੱਖਾ ਕਹਿੰਦਾ, “ਸਾਰੇ ਮੇਲੇ ਦਾ ਮੇਰਾ ਠੇਕਾ ਲਿਆ ਹੋਇਆ।”

ਦੁਕਾਨਦਾਰ ਉਹਨੂੰ ਜਲੇਬੀਆਂ ਤੋਲਣ ਲੱਗਾ। ਰੱਖੇ ਨੇ ਉਹਦੇ ਗੱਲੇ `ਚ ਪਤਾ ਨੀ ਕੀ ਪਾਇਆ। ਕਹਿੰਦਾ, “ਪੰਜਾਹ ਦਾ ਨੋਟ ਪਾਇਆ। ਹੁਣ ਬਕਾਇਆ ਮੋੜ।”

ਇਹੋ ਜਿਹਾ ਏ ਵੈਲੀ । ਨਾਲੇ ਸਾਰੇ ਪਿੰਡ ਦੀ ਨੰਗ ਮੰਡਲੀ ਨੂੰ ਜਲੇਬੀਆਂ ਖਿਲਾਈਆਂ, ਨਾਲੇ ਬਕਾਇਆ ਮੋੜਵਾ ਲਿਆ। ਵਾਹ ਉਏ ਰੱਖਿਆ ਨਹੀਂ ਰੀਸਾਂ ਤੇਰੀਆਂ। ਹੁਣ ਵਿਚਾਰਾ ਕਈ ਦਿਨਾਂ ਦਾ ਕਹਿੰਦਾ ਫਿਰਦਾ ਸੀ, ‘ਪਿੰਡਾ ਤੂੰ ਸਭ ਚਿੜੀ ਜਨੌਰ ਦਾ ਵੀ ਢਿੱਡ ਭਰਦੈਂ। ਮੈਂ ਸਾਰੀ ਉਮਰ ਤੇਰਾ ਗੋਲਪੁਣਾ ਕੀਤਾ। ਮੈਂ ਭੁੱਖਾ ਮਰਦਾਂ…।” ਉਹਦੀਆ ਅੱਖਾਂ ਦੇ ਕੋਇਆਂ ਕੋਲੋਂ ਪਾਣੀ ਵਹਿ ਰਿਹਾ ਸੀ।

“ਜਾਭਾਂ ਦਾ ਭੇੜ ਫੇਰ ਕਰੀਂ ਜਾਇਓ। ਡਾਕਟਰੀ ਇਲਾਜ ਬੜਾ ਮਹਿੰਗਾ। ਪਿੰਡ `ਚੋਂ ਪੈਸੇ ਇੱਕਠੇ ਕਰੋ।” ਭੀੜ ਵਿਚੋਂ ਕਿਸੇ ਸਿਆਣੇ ਬੰਦੇ ਨੇ ਰਾਇ ਦਿੱਤੀ।

ਦਰਾਂ ਕੋਲ ਰੱਖੇ ਦੀ ਅੱਧਸੜੀ ਉਂਗਲ ਡਿੱਗੀ ਪਈ ਸੀ। ਉਹਨੂੰ ਦੇਖ ਕੇ ਮੇਰੇ ਦਿਲ ਨੂੰ ਕੁਝ ਹੋਣ ਲੱਗਾ।

ਜਦੋਂ ਛੋਟਾ ਸਾਂ, ਇਹਨਾਂ ਉਂਗਲਾ ਵਿਚ ਪੰਜਾਹ ਦਾ ਨੋਟ ਫਸਾ ਕੇ ਨੱਚਦਾ ਰੱਖਾ ਮੈਂ ਦੇਖਿਆ ਸੀ।

ਉਦੋਂ ਰੱਖਾ ਸਾਡੇ ਨਾਲ ਸੀਰੀ ਰਲਿਆ ਹੰੁਦਾ ਸੀ। ਉਹਨੇ ਇੱਕ ਸਾਲ ਹੀ ਸਾਡੇ ਨਾਲ ਸੀਰ ਕਮਾਇਆ ਸੀ। ਕਿਉਂਕਿ ਬਾਪੂ ਦਾ ਸੁਭਾਅ ਬਹੁਤ ਗਰਮ ਸੀ। ਸਾਰੇ ਲੋਕ ਉਹਤੋਂ ਬਹੁਤ ਡਰਦੇ ਸਨ। ਉਹਦਾ ਹਰ ਸਮੇਂ ਬਲੱਡ-ਪੈ੍ਰਸ਼ਰ ਵਧਿਆ ਰਹਿੰਦਾ। ਮੇਰੀ ਤਾਂ ਉਸ ਸਾਹਮਣੇ ਜੁਬਾਨ ਹੀ ਠਾਕੀ ਜਾਂਦੀ।

ਉਸ ਦਿਨ ਐਤਵਾਰ ਸੀ। ਮੈਨੂੰ ਸਕੂਲੋਂ ਛੁੱਟੀ ਸੀ। ਦਿਨ ਕਾਫ਼ੀ ਚੜ੍ਹ ਆਇਆ ਸੀ। ਬਾਪੂ ਸ਼ਹਿਰ ਜਾਣ ਲਈ ਤਿਆਰ ਹੋਇਆ ਫਿਰਦਾ ਸੀ। ਰੱਖਾ ਜਿਹੜਾ ਪਹੁ ਫੁਟਦੀ ਨਾਲ ਆ ਕੇ ਕੰਮ ਲੱਗ ਜਾਇਆ ਕਰਦਾ ਸੀ, ਉਸ ਦਿਨ ਨਹੀਂ ਆਇਆ ਸੀ।

ਬਾਪੂ ਨੇ ਦੇਖਿਆ ਪਸ਼ੂਆਂ ਨੂੰ ਕੱਖ ਨਹੀਂ ਪਾਏ ਸਨ। ਉਹਦਾ ਬਲੱਡ ਪ੍ਰੈਸ਼ਰ ਵਧ ਗਿਆ। ਜੇ ਉਹਨੇ ਨਵੇਂ ਕੱਪੜੇ ਨਾ ਪਾਏ ਹੰੁਦੇ ਤਾਂ ਆਪ ਕੱਖ ਪਾਉਣ ਲੱਗਦਾ। ਉਹ ਖੁਰਦਰੀ ਆਵਾਜ਼ ਵਿਚ ਬੋਲਿਆ, “ਉਏ ਲਾਲੀ! ਜਾਹ ਰੱਖੇ ਨੂੰ ਬੁਲਾ ਕੇ ਲਿਆ। ਸਾਲਾ ਅੱਜ ਘਰੇ ਈ ਮਰ ਗਿਆ। ਇਹ ਬੇਜੁਬਾਨ ਭੁੱਖੇ ਖੜੇ ਨੇ।”

ਬਾਪੂ ਸਾਹਮਣੇ ਅਸੀਂ ਸਾਰੇ ਬੇਜੁਬਾਨ ਸਾਂ। ਜਦੋਂ ਉਹਦਾ ਬਲੱਡ ਪ੍ਰੈਸ਼ਰ ਵਧਿਆ ਹੰੁਦਾ, ਉਹ ਬੋਲਣ ਲੱਗਿਆ ਅੱਗਾ ਪਿੱਛਾ ਨਾ ਦੇਖਦਾ। ਮੇਰਾ ਰੱਖੇ ਨਾਲ ਕਾਫ਼ੀ ਮੋਹ ਸੀ। ‘ਅੱਜ ਰੱਖੇ ਨਾਲ ਪਤਾ ਨਹੀਂ ਕੀ ਕੁੱਤੇਖਾਣੀ ਹੋਊ’ ਇਹ ਸੋਚਦਾ ਮੈਂ ਉਹਦੇ ਘਰ ਵਲ ਭੱਜ ਤੁਰਿਆ ਸੀ।

ਰੱਖੇ ਦੇ ਘਰ ਜਾ ਕੇ ਡਰਦੇ ਜਿਹੇ ਨੇ ਦਰਵਾਜਾ ਅੰਦਰ ਵੱਲ ਧੱਕਿਆ। ਜੀਤੋ ਪਸ਼ੂਆਂ ਦੀ ਖੁਰਲੀ ਵਿਚ ਕੱਖ ਪਾ ਰਹੀ ਸੀ। ਸ਼ਾਇਦ ਉਹ ਵੀ ਦੇਰ ਨਾਲ ਉਠੀ ਹੋਵੇ। ਮੈਨੂੰ ਦੇਖ ਕੇ ਮੁਸਕਰਾਈ। ਕੱਚੇ ਕੋਠੇ ਦੇ ਬੋੜੇ ਜਿਹੇ ਦਰਾਂ ਵਲ ਇਸ਼ਾਰਾ ਕਰਕੇ ਕਹਿਣ ਲੱਗੀ, “ ਅੰਦਰ ਏ ਮਰਦਾ…ਲੈ ਜਾ।”

ਰੱਖਾ ਆਪਣੀ ਪਤਨੀ ਜੀਤੋ ਬਾਰੇ ਕਹਿੰਦਾ, “ ਇਹ ਤੀਵੀਂ ਨੇ ਮੇਰੀ ਅਹੀ-ਤਹੀ ਫੇਰਤੀ। ਮੇਰੀ ਮਾਂ ਬਣਨ ਨੂੰ ਫਿਰਦੀ ਆ, ਐਵੇਂ ਹੁਕਮ ਚਲਾਉਂਦੀ ਰਹਿੰਦੀ ਆ।”

ਮੈਂ ਅੰਦਰ ਚਲਾ ਗਿਆ। ਰੱਖਾ ਇਸ ਤਰ੍ਹਾਂ ਪਿਆ ਸੀ ਜਿਵੇਂ ਲਾਸ਼ ਇੱਕਠੀ ਕਰਕੇ ਰੱਖੀ ਹੋਵੇ। ਉਤੇ ਮੈਲਾ ਜਿਹਾ ਖੇਸ ਸੀ। ਸਰੀਰ ਉਹਦਾ ਦੂਹਰਾ ਹੋਇਆ ਪਿਆ ਸੀ।

ਇਕ ਵਾਰ ਬਾਪੂ ਨੇ ਰੱਖੇ ਨੂੰ ਪੁਰਾਣੀ ਘੜੀ ਦਿੱਤੀ ਸੀ ਤਾਂ ਜੋ ਸਮੇਂ ਸਿਰ ਉਠ ਸਕੇ। ਰੱਖੇ ਨੇ ਕਿਹਾ ਸੀ,…ਲਾਣੇਦਾਰਾ ਕੀ ਕਰਨੀ ਆ ਘੜੀ। ਸਾਰਾ ਦਿਨ ਖੇਤਾਂ ਵਿਚ ਅਹੀ-ਤਹੀ ਮਰਵਾ ਕੇ, ਰਾਤ ਨੂੰ ਸਿੱਧੇ ਸਤੋਰ ਪਈਦਾ। ਸਵੇਰ ਤੱਕ ਚਾਕੂ ਵਾਂਗ ਇੱਕਠੇ ਹੋ ਜਾਈਦਾ। ਟਾਇਮ ਦਾ ਪਤਾ ਕਰਨ ਲਈ ਮੇਰੇ ਕੋਲ ਦੇਸੀ ਟਾਇਮ ਪੀਸ ਹੈਗਾ। ਗੋਡਿਆਂ ਤੇ ਠੋਡੀ ਵਿਚਾਲੇ ਫਾਸਲਾ ਦੇਖ ਲਈਦਾ, ਜੇ ਗਿੱਠ ਦੂਰ ਆ ਤਾਂ ਸਮਝ ਲਈਦਾ ਗਿੱਠ ਰਾਤ ਬਾਕੀ ਆ। ਜਦੋਂ ਠੋਡੀ ਤੇ ਗੋਡੇ ਆਪਸ ਵਿਚ ਮਿਲ ਜਾਣ ਤਾਂ ਸਮਝ ਲਈਦਾ ਦਿਨ ਚੜ੍ਹ ਗਿਆ …ਮੈਨੂੰ ਤਾਂ ਲਾਣੇਦਾਰਾ, ਡੰਗਰ ਪਸ੍ਹੂ ਦਾ ਏਨਾ ਫਿਕਰ ਰਹਿੰਦਾ, ਗਿੱਠ ਰਾਤ ਰਹਿੰਦੀ ਤੋਂ ਉਠ ਖੜੀਦਾ-।”

ਉਸ ਦਿਨ ਰੱਖੇ ਨੂੰ ਜਿਵੇਂ ਡੰਗਰ ਪਸ਼ੂ ਦਾ ਫਿ਼ਕਰ ਭੁੱਲ ਗਿਆ ਹੋਵੇ। ਉਸ ਦੇ ਗੋਡਿਆਂ ਤੇ ਠੋਡੀ ਵਿਚਾਲੇ ਕੋਈ ਫਾਸਲਾ ਨਹੀਂ ਸੀ ਬਚਿਆ।

“ਰੱਖੇ! ਓਏ ਰੱਖੇ।” ਮੈਂ ਉਸ ਨੂੰ ਆਵਾਜ਼ ਮਾਰੀ ਸੀ। ਭਾਵੇਂ ਰੱਖਾ ਬਾਪੂ ਤੋਂ ਵੱਡਾ ਸੀ। ਪਰ ਸਾਰੇ ਉਹਦਾ ਨਾਂ ਲੈ ਕੇ ਬੁਲਾਉਂਦੇ ਸਨ।

ਮੈਨੰੁ ਯਕੀਨ ਨਹੀਂ ਸੀ। ਇਹ ਲਾਸ਼ ਉਠੇਗੀ। ਪਰ ਮੰਜੇ ਉਤੇ ਹਿਲਜੁਲ ਹੋਈ। ਉਹਨੇ ਖੇਸੀ ਵਿਚੋਂ ਮੂੰਹ ਬਾਹਰ ਕੱਢਿਆ। ਜਿਵੇਂ ਉਹਦਾ ਭੂਤ ਹੋਵੇ। ਸਿਰ ਖਿੰਡਿਆ ਜਿਹਾ। ਅੱਖਾਂ ਲਾਲ ਸੁਰਖ।

ਮੇਰੇ ਵੱਲ ਦੇਖ ਕੇ ਹੱਸਣ ਲੱਗਿਆ, “ਲਾਣੇਦਾਰ ਨੇ ਭੇਜਿਆ?” ਉਹ ਅਗਲੀ ਗੱਲ ਕਹਿੰਦਾ ਕਹਿੰਦਾ ਰੁਕ ਗਿਆ।

ਜੀਤੋ ਨੂੰ ਬੋਲਣ ਲੱਗਿਆ, “ਇਹਨੂੰ ਅਹੀ-ਤਹੀ ਮਰਾਉਣੀ ਨੂੰ ਕਿਹਾ ਸੀ, ਟਾਇਮ ਸਿਰ ਚਾਹ ਦੀ ਘੁੱਟ ਦੇ ਕੇ ਮੱਥਾ ਡੰਮਦੀਂ। ਰਾਤ ਬਹੁਤਾ ਥੱਕ ਗਿਆ ਤੀ। ਏਹ ਏਡੀ …ਆ ਬਈ ਪੁੱਛ ਨਾ। ਬਈ ਅੱਗੇ ਵੀ ਕਿਸੇ ਭਲੇਮਾਣਸ ਦੇ ਮੱਥੇ ਲੱਗਣਾ।” ਸ਼ਾਇਦ ਉਹਨੇ ਮੇਰੇ ਉਥੇ ਬੈਠਾ ਹੋਣ ਕਰਕੇ ਬਾਪੂ ਲਈ ਵੱਡਖਾਣਾ ਦੀ ਥਾਂ ਭਲਾਮਾਣਸ ਸ਼ਬਦ ਵਰਤਿਆ ਸੀ। ਸਰ੍ਹਾਣੇ ਪਈ ਬੀੜੀ ਤੇ ਤੀਲਾਂ ਦੀ ਡੱਬੀ ਚੁੱਕ ਕੇ ਬੀੜੀ ਸੁਲਘਾ ਲਈ।

ਜੀਤੋ ਮੱਝਾਂ ਅੱਗੇ ਕੱਖ ਸੁੱਟ ਕੇ ਹੱਥ ਝਾੜਦੀ ਅੰਦਰ ਆ ਵੜੀ ਸੀ, “ਦੋ ਵਾਰ ਤਾਂ ਹਲੂਣ ਕੇ ਗਈ ਆਂ।”

“ਏਕਣ ਉਠ ਹੰੁਦਾ ਨਿਰਣੇ ਕਾਲਜੇ। ਚਾਹ ਦੀ ਅਹੀ-ਤਹੀ ਫੇਰ ਦਿੰਦੀ। ਬਈ ਦੋ ਘੁੱਟਾਂ ਬਣਾ ਕੇ ਬੰਦੇ ਦਾ ਮੱਥਾ ਡੰਮ ਦੇ।” ਉਹਨੇ ਬੀੜੀ ਦਾ ਲੰਮਾ ਸੂਟਾ ਖਿੱਚ ਕੇ ਅੱਧੀ ਬੀੜੀ ਮੁਕਾ ਦਿੱਤੀ।

“ਚਾਹਾਂ ਲਿਆਂਦੀਆਂ ਪਈਆਂ ਤੇਰੀਆਂ ਮੈਂ ਕਿਹਾ।” ਜੀਤੋ ਨੇ ਅੰਦਰੋ ਚਾਹ ਅਤੇ ਗੁੜ ਵਾਲੇ ਖਾਲੀ ਡੱਬੇ ਉਹਦੇ ਅੱਗੇ ਲਿਆ ਸੁੱਟੇ, “ਪਰਸੋਂ ਦੀ ਭੌਂਕਦੀ ਆਂ ਬਈ ਰੱਬ ਦਿਆ ਬੰਦਿਆ, ਸੌਦੇ ਮੁੱਕੇ ਹੋਏ ਨੇ, ਸੌਦੇ ਮੁੱਕੇ ਹੋਏ ਨੇ। ਅਹੀ ਤਹੀ ਫੇਰਨ ਬਥੇਰੀ ਜਾਣਦੈਂ, ਅਖੇ ਅਹੀ-ਤਹੀ ਮਰਾਓ, ਅਹੀ-ਤਹੀ ਮਰਾਓ। ਕੁੜੀ ਬਿਮਾਰ ਪਈ ਆ ਉਹਦਾ ਬੁਖਾਰ ਨੀ ਉਤਰਿਆ। ਅੱਜ ਲਾਣੇਦਾਰ ਤੋਂ ਪੈਸੇ ਲਿਆਈਂ ਕੁੜੀ ਨੂੰ ਖੰਨਿਓ ਦਵਾਈ ਦਿਵਾਈਂ।”

“ ਜਾਹ ਵੱਡੀ ਮਹਾਰਾਣੀ, ਚਾਰ ਮੀਲ ਤੁਰ ਕੇ ਨੀ ਜਾਹ ਸਕਦੇ। ਮੈਥੋਂ ਨੀ ਖਿੱਚ ਹੰੁਦੀਆ ਦੋ ਲੋਥਾਂ ਸਾਇਕਲ ਤੇ …।” ਉਹ ਡੱਬੀਆਂ ਵਾਲਾ ਪਰਨਾ ਲਪੇਟਦਾ ਬੋਲਿਆ। ਉਹਦੇ ਵਾਲਾਂ ਦੀਆਂ ਜਟੂਰੀਆਂ ਪਰਨੇ ਤੋਂ ਬਾਹਰ ਨਿਕਲੀਆਂ ਹੋਈਆਂ ਸਨ।

ਜੀਤੋ ਮੈਨੂੰ ਕਹਿਣ ਲੱਗੀ, “ਪੁੱਤ ਲਾਲੀ! ਆਪਣੇ ਬਾਪੂ ਤੋਂ ਪੈਸੇ ਲੈ ਕੇ ਦੇ ਜਾਈਂ। ਇਹਤੋਂ ਨੀ ਮੰਗ ਹੋਣੇ, ਇਹਦੇ ਮੂੰਹ `ਚ ਤਾਂ ਸਿਉਨਾ ਪਾਇਆ ਹੋਇਆ। ਘਰੇ ਬੋਲਣ ਨੂੰ ਬਥੇਰਾ।”

ਮੈਂ ਉਹਨੂੰ ਸਿਰ ਹਿਲਾਈ ਗਿਆ।

“ਜਾਹ ਅਹੀ-ਤਹੀ ਮਰਾ…।” ਕਹਿੰਦਾ ਰੱਖਾ ਘਰੋਂ ਬਾਹਰ ਨੂੰ ਤੁਰ ਪਿਆ। ਮੈਂ ਉਹਦੇ ਪਿੱਛੇ ਪਿੱਛੇ ਬਾਹਰ ਨਿਕਲ ਗਿਆ।

“ਊਂ ਲਾਣੇਦਾਰ ਦਾ ਮੂਡ ਕਿਵੇਂ ਸੀ?” ਰਾਹ ਵਿਚ ਰੱਖੇ ਨੇ ਦੋ ਤਿੰਨ ਵਾਰ ਪੁੱਛਿਆ।

ਰੱਖੇ ਦਾ ਡਰ ਸੱਚਾ ਸੀ। ਬਾਪੂ ਦੇ ਮੂਡ ਦਾ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ। ਦੀਵਾਲੀ ਨੂੰ ਬਾਪੂ ਮੋਟਰ ‘ਤੇ ਬੈਠਾ ਸ਼ਰਾਬ ਪੀਂਦਾ ਸੀ। ਰੱਖੇ ਨੂੰ ਵੀ ਇਕ ਦੋ ਪੈੱਗ ਉਹਦੇ ਕੱਪ `ਚ ਪਾਏ। ਖਾਲ ਟੱਪਣ ਲੱਗੇ ਬਾਪੂ ਤਿਲਕ ਕੇ ਡਿੱਗ ਪਿਆ, ਰੱਖਾ ਭੱਜਿਆ ਆਇਆ ।” ਓ ਲਾਣੇਦਾਰ ਡਿੱਗ ਗਿਆ। ਓ ਲਾਣੇਦਾਰ ਡਿੱਗ ਗਿਆ।” ਕਹਿੰਦਾ ਰੱਖਾ ਉਹਨੂੰ ਬਾਹੋਂ ਫੜ ਕੇ ਖੜਾ ਕਰਨ ਲੱਗਿਆ।

ਬਾਪੂ ਨੇ ਉਹਦੇ ਦੋ ਤਿੰਨ ਥੱਪੜ ਮਾਰੇ, “ਸਾ…ਲਿ…ਆ ਮੈਨੂੰ ਸ਼ਰਾਬੀ ਸਮਝਦੈਂ।”

“ਓ ਲਾਣੇਦਾਰ ਦਾ ਬਲੱਡ ਵਧ ਗਿਆ।” ਕਹਿੰਦੇ ਰੱਖੇ ਨੇ ਉਹਨੂੰ ਘਰ ਲਿਆਂਦਾ ਸੀ। ਦੁਜੇ ਦਿਨ ਕੰਮ ‘ਤੇ ਨਹੀਂ ਆਇਆ ਸੀ ਕਹਿੰਦਾ “ਅਹੀ-ਤਹੀ ਮਰਾਵੇ ਐਹੋ ਜੀ ਨੌਕਰੀ।” ਫਿਰ ਜੁਬਾਨ ਕੀਤੀ ਹੋਈ ਕਰਕੇ ਹੀ ਸਾਲ ਲਾਇਆ ਸੀ।

“ਊਂ ਲਾਣੇਦਾਰ ਦਾ ਮੂਡ ਕਿਵੇਂ ਸੀ?” ਰੱਖੇ ਨੇ ਇਕ ਵਾਰ ਹੋਰ ਪੁੱਛਿਆ। ਫਿਰ ਗੱਲ ਸੁਣਾਉਣ ਲੱਗ ਗਿਆ, “ਜਦੋਂ ਦੁਨੀਆਂ ਸਾਜੀ ਆ ਉਦੋਂ ਦੀ ਗੱਲ ਆ। ਕਹਿੰਦੇ ਸਾਰੇ ਬੰਦੇ ਰੱਬ ਨੇ ਬੋਲਣ ਲਾ ਤੇ। ਜੱਟ ਦਾ ਮੂੰਹ  ਨਾ ਖੋਹਲਿਆ। ਪਾਰਬਤੀ ਤੇ ਸਿ਼ਵ ਸਾਜੀ ਹੋਈ ਦੁਨੀਆਂ ਦੇਖਣ ਆਏ। ਤਾਂ ਜੱਟ ਵੱਲ ਦੇਖ ਪਾਰਬਤੀ ਨੂੰ ਤਰਸ ਆ ਗਿਆ। ਉਹ ਸਿ਼ਵ ਨੂੰ ਕਹਿੰਦੀ, “ਇਹਦਾ ਵਿਚਾਰੇ ਦਾ ਕੁੱਝ ਕਰੋ। ਇਹ ਤਾਂ ਬੋਲ ਨੀ ਸਕਦਾ।”

ਸਿ਼ਵ ਕਹਿੰਦਾ, “ਇਹ ਇਸੇ ਤਰ੍ਹਾਂ ਠੀਕ ਆ, ਇਹਦਾ ਮੂੰਹ ਨਾ ਖੁਲ੍ਹਵਾ।”

ਜਦੋਂ ਪਾਰਬਤੀ ਬਹੁਤਾ ਈ ਜਿ਼ਦ ਕਰੀ ਗਈ। ਸਿ਼ਵ ਨੇ ਕੁਹਾੜਾ ਫੜਿਆ, ਜ਼ੋਰ ਦੀ ਟੱਕ ਲਾ ਕੇ ਜੱਟ ਦਾ ਮੂੰਹ ਖੋਲ੍ਹ ਕੇ ਕਹਿੰਦਾ “ਤੂੰ ਵੀ ਬੋਲ ਮੇਰਿਆ ਪਿਆਰਿਆ।”

ਜੱਟ ਕਹਿੰਦਾ, “ਹਾਂ ਬਈ ਮੇਰਿਆ ਸਾਲਿਆ।” ਸਿ਼ਵ ਪਾਰਵਤੀ ਨੂੰ ਕਹਿੰਦਾ … “ਲੈ ਬੁਲਾ ਲੈ ਇਹਨੂੰ।”

“ਤੇਰਾ ਬਾਪੂ ਵੀ ਉਹਨਾਂ ਚੋਂ ਈ ਆ। ਕੁਹਾੜੇ ਨਾਲ ਮੂੰਹ ਪਾਟਿਆ ਹੋਇਆ ਉਹਦਾ। ਪਹਿਲਾਂ ਮਾੜਾ ਚੰਗਾ ਬੋਲ ਲੂ, ਫਿਰ ਕਰੂ ਮੇਰਾ ਬਲੱਡ ਵਧ ਗਿਆ ਸੀ। ਜਿਵੇਂ ਉਹਦੇ `ਚ ਈ ਬਲੱਡ ਹੰੁਦਾ ਕਿਸੇ ਹੋਰ `ਚ ਬਲੱਡ ਈ ਨੀ ਹੰੁਦਾ। ਜਦ ਵੀ ਬੋਲੂ ਅੱਗ ਉਗਲੂ …। ਆਪਣੇ ਬਾਪੂ ਨੂੰ ਨਾ ਦੱਸੀਂ, ਬਈ ਰੱਖਾ ਏਕਣ ਕਹਿੰਦਾ ਸੀ।”

“ਦੱਸੂੰ।”

“ਨਾ ਬਈ ਸਾਊ ਰਾਜੇ। ਉਹ ਮੇਰੇ ਨਾਲ ਲੜੂ।”

“ਦੱਸੂੰ

“ਜਾਹ ਅਹੀ-ਤਹੀ ਮਰਾ।”

ਸਾਡੇ ਜਾਂਦਿਆਂ ਨੂੰ ਬਾਪੂ ਸ਼ਹਿਰ ਚਲਿਆ ਗਿਆ ਸੀ। ਰੱਖੇ ਨੇ ਛੇਤੀ-ਛੇਤੀ ਪਸ਼ੂਆਂ ਨੂੰ ਹਰਾ ਪੱਠਾ ਪਾਇਆ ਤੇ ਬਿਨਾ ਚਾਹ ਪੀਤਿਆਂ ਬੀੜੀਆਂ ਫੂਕਦਾ ਖੇਤ ਚਲਿਆ ਗਿਆ। ਉਥੇ ਉਸ ਨੇ ਮੱਝਾਂ ਲਈ ਹਰਾ ਪੱਠਾ ਵੱਢਿਆ। ਜੀਰੀ ਵਿਚ ਰਿਓ ਖਿੰਡਾਇਆ। ਹੋਰ ਸਾਰੇ ਨਿੱਕੇ ਮੋਟੇ ਕੰਮ ਨਿਬੇੜ ਲਏ। ਪਰ ਮੈਂ ਉਹਦੇ ਮੂੰਹ ਉਤੇ ਚਿੰਤਾਂ ਦੀਆਂ ਰੇਖਾਵਾਂ ਦੇਖ ਸਕਦਾ ਸਾਂ। ਉਹ ਜਦੋਂ ਵੀ ਮੇਰੇ ਸਾਹਮਣੇ ਆਉਂਦਾ, ਉਹਦਾ ਚਿਹਰਾ ਪੁੱਛਦਾ ਲੱਗਦਾ, “ਲਾਣੇਦਾਰ ਦਾ ਮੂਡ ਕਿਵੇਂ ਸੀ?

ਸਕੂਲ ਦਾ ਘਰੇ ਦੱਸਿਆ ਕੰਮ ਖਤਮ ਕਰਕੇ ਮੈਂ ਖੇਡਣ ਚਲਿਆ ਗਿਆ। ਮੁੜਦਾ ਹੋਇਆ ਜਦੋਂ ਰੱਖੇ ਦੇ ਘਰ ਕੋਲੋਂ ਲੰਘਿਆ ਉਹਦੀ ਕੁੜੀ ਉਸੇ ਤਰ੍ਹਾਂ ਮੰਜੇ ਉਤੇ ਪਈ ਸੀ। ਮੈਂ ਬੀਬੀ ਕੋਲੋਂ ਰੋ-ਰੋ ਕੇ ਪੰਜਾਹ ਰੁਪਏ ਲੈ ਲਏ। ਬੀਬੀ ਨੇ ਉਹ ਰੁਪਏ ਬਾਪੂ ਤੋਂ ਲਕੋ ਕੇ ਰੱਖੇ ਹੋਏ ਸਨ। ਉਹਨਾਂ ਨੂੰ ਦਿੰਦੀ ਉਹ ਬਹੁਤ ਦੁਖੀ ਹੋ ਗਈ ਸੀ, “ਲੈ ਚੱਕ ਬਾਪ ਵਰਗਿਆ। ਮੇਰੇ ਕੋਲ ਨਾ ਫੁੱਟੀ ਕੌਡੀ ਵੀ ਰਹਿਣ ਦਿਓ।” ਉਹਨੇ ਪੰਜਾਹ ਦਾ ਨੋਟ ਦਿੰਦਿਆ ਕਿਹਾ ਸੀ।

ਰੱਖੇ ਨੇ ਸਾਰਾ ਕੰਮ ਦੁਪਹਿਰੇ ਹੀ ਨਿਬੇੜ ਲਿਆ ਸੀ। ਸ਼ਾਇਦ ਉਹ ‘ਲਾਣੇਦਾਰ’ ਨੂੰ ਖੁਸ਼ ਕਰਨਾ ਚਾਹੰੁਦਾ ਸੀ।

ਮੈਂ ਪੰਜਾਹ ਦਾ ਨੋਟ ਰੱਖੇ ਨੂੰ ਦਿੰਦੇ ਹੋਏ ਕਿਹਾ,  ਕੁੜੀ ਨੂੰ ਦਵਾਈ ਦਵਾ ਆ। ਨਾਲੇ ਸੌਦੇ ਲੈ ਕੇ ਦੇ ਆ।”

“ਕੋਈ ਨਾ ਦੇ ਆਉਨਾ ਆਂ।” ਉਹ ਨਿੱਕੇ ਮੋਟੇ ਕੰਮ ਕਰਦਾ ਰਿਹਾ।

ਉਹ ਸਾਇਕਲ ਚੁੱਕ ਕੇ ਤੁਰਿਆ। ਮੈਂ ਉਹਨੂੰ ਕਿਹਾ, “ਮੈਨੂੰ ਸਾਇਕਲ ਸਿਖਾ ਦੇ।“

ਰੱਖੇ ਨੇ ਬੀੜੀ ਸੁਲਘਾ ਲਈ, “ਲਾਲੀ ਅੱਜ ਅਲੂਣੇ ਆਲੇ ਸ਼ਾਹਾਂ ਦੇ ਗਾਉਣ ਵਾਲੀ ਲੱਗਣੀ ਆ। ਉਹਨੂੰ ਦੇਖ ਆਈਏ, ਕਿਤੇ ਗਾਉਣੋਂ ਨਾ ਹੱਟ ਜਾਵੇਂ।”

“ਮੈਨੂੰ ਵੀ ਲੈ ਚੱਲ।” ਮੈਂ ਤਰਲੇ ਵਾਂਗ ਕਿਹਾ।

“ਕਿਤੇ ਬਲੱਡ ਪੈ੍ਰਸ਼ਰ ਆਲਾ ਬੰਦਾ ਨਾ ਗੁੱਸੇ ਹੋਜੇ।” ਕੁਝ ਸਮੇਂ ਬਾਅਦ ਕਹਿੰਦਾ, “ਚੱਲ ਦੇਖੀ ਜਾਉੂ ।”

ਮੈਂ ਉਹਦੇ ਸਾਇਕਲ ਦੇ ਪਿੱਛੇ ਬੈਠ ਗਿਆ। ਸਾਇਕਲ ਅੱਕਰਾ ਜਿਹਾ ਸੀ, ਰੱਖਾ ਉਹਨੂੰ ਬਹੁਤ ਔਖਾ ਚਲਾ ਰਿਹਾ ਸੀ। ਰਸਤੇ ਵਿਚ ਦਾਰੋ ਬਾਜ਼ੀਗਰਨੀ ਜਾ ਰਹੀ ਸੀ। ਉਹਦੇ ਕੋਲ ਗੱਠੜੀ ਵੀ ਭਾਰੀ ਸੀ।

“ਕਿਉਂ ਦਾਰੋ ਚੱਲਣਂੈ?” ਰੱਖੇ ਨੇ ਉਸ ਕੋਲ ਸਾਇਕਲ ਹੌਲੀ ਕੀਤਾ।

“ਰੱਬ ਤੇਰਾ ਭਲਾ ਕਰੇ ਮੰੁਡੇ ਨੂੰ ਅੱਗੇ ਬਿਠਾ ਲੈ।” ਦਾਰੋ ਹੱਸਣ ਲੱਗ ਪਈ।

“ਮੰੁਡਾ ਤਾਂ ਏਥੇ ਈ ਬੈਠੂ। ਮੂਹਰੇ ਇਹਦੇ ਡੰਡਾ ਚੁਭੂ। ਤੂੰ ਬੈਠ ਜਾ ਜੇ ਡੰਡੇ ਤੇ ਬੈਠਣਾ।”

“ਫੋਟ ਸ਼ਰਮ ਤਾਂ ਨੀ ਆਉਂਦੀ …।” ਉਹ ਹੱਸੀ ਗਈ।

“ਆਉਂਦੀ ਆ। ਤੈਨੂੰ ਦੇਖ ਕੇ ਚਲੀ ਜਾਂਦੀ ਆ। ਜੇ ਬੈਠਣਾ ਛੇਤੀ ਬੈਠ ਕਿਤੇ ਗੌਣ ਆਲੀ ਨਾ ਗਾਉਣੋਂ ਹੱਟ ਜੇ।”

“ਨਹੀਂ ਮੈਂ ਤੁਰ ਕੇ ਆਉਂਦੀ ਆ।”

“ਜਾਹ ਅਹੀ-ਤਹੀ ਮਰਾ।”

ਰੱਖੇ ਨੇ ਸਾਇਕਲ ਭਜਾ ਲਿਆ। ਉਹਦਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ।

“ਦਾਰੋ ਮੋਟੀ ਆ। ਆਪਾਂ ਤੋਂ ਖਿੱਚ ਨੀ ਸੀ ਹੋਣੀ।” ਮੈਂ ਕਿਹਾ।

“ਭਾਰੀ ਕਿੱਥੇ ਆ, ਉਹ ਤਾਂ ਫੁਲਕਾ ਈ ਆ।” ਰੱਖਾ ਹੱਸਣ ਲੱਗਾ। ਅਸੀਂ ਸ਼ਾਹਾਂ ਦੇ ਖੇਤ ਵਿਚ ਪਹੰੁਚ ਗਏ ਜਿੱਥੇ ਟੈਂਟ ਲੱਗਿਆ ਹੋਇਆ ਸੀ। ਉੱਥੇ ਗਾਉਣ ਵਾਲੀ ਗਾਉਣ ਲੱਗੀ ਹੋਈ ਸੀ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਉਹਨੂੰ ਸੁਣ ਰਹੇ ਸਨ। ਅਸੀਂ ਵੀ ਜਾ ਖੜੇ। ਮੈਨੂੰ ਸਟੇਜ ਦਿਖਾਈ ਨਹੀਂ ਸੀ ਦੇ ਰਹੀ। ਰੱਖੇ ਨੇ ਭੀੜ ਨੂੰ ਇੱਧਰ ਉਧਰ ਕਰਕੇ ਮੈਨੂੰ ਖੜੇ ਬੰਦਿਆਂ ਦੇ ਅੱਗੇ ਖੜਾ ਦਿੱਤਾ।

ਸਟੇਜ ਉਤੇ ਢੋਲਕੀ, ਸ਼ੈਣੇ, ਵਾਜਾ ਅਤੇ ਹੋਰ ਸਾਜ ਸਾਜੀ ਬਜਾ ਰਹੇ ਸਨ। ਤੁਰਲੇ ਵਾਲੀ ਪੱਗ ਬੰਨੀ ਚਾਦਰਾ ਪਾਈ ਗਾਉਣ ਵਾਲਾ ਅਤੇ ਪੰਜਾਬੀ ਸੂਟ ਪਾਈ ਗਾਉਣ ਵਾਲੀ ਗਾ ਰਹੇ ਸੀ। ਗਾਉਣ ਵਾਲੀ ਦੇ ਚਿਹਰੇ ਉਤੇ ਭੜਕੀਲਾ ਮੇਅਕੱਪ ਸੀ।

ਗਾਉਣ ਵਾਲੀ- ਮਾਹੀ ਵੇ ਮਾਹੀ

ਮੈਨੂੰ ਵੈਦ ਮੰਗਾ ਦੇ

ਆਵੇ ਭਲਾ ਜੇ ਸਾਹ ਸੁੱਖਦਾ ਵੇ,

ਮੇਰਾ ਕੱਲ੍ਹ ਦਾ

ਕੱਲ੍ਹ ਦਾ ਕਾਲਜਾ ਦੁਖਦਾ ਵੇ। ਮੇਰਾ ਕੱਲ੍ਹ ਦਾ

ਗਾਉਣ ਵਾਲਾ-         ਤੇਰਾ ਨਹੀਓਂ ਤੇਰੇ ਗੋਰੇ ਰੰਗ ਦਾ ਕਸੂਰ

ਸੰਹੁ ਰੱਬ ਦੀ ਲੱਗੇ ਤੂੰ ਪੱਕੀ ਖਿੱਲ ਵਰਗੀ

ਛੜੇ ਬੰਦੇ ਦੀ,

ਛੜੇ ਬੰਦੇ ਦੀ ਹੰੁਦੀ ਆ , ਅੱਖ ਇੱਲ ਵਰਗੀ।

“ਹਾਏ ਓਏ ਕੱਢ ਲਿਆ ਕਾਲਜਾ।” ਰੱਖਾ ਦਿਲ ਉਤੇ ਹੱਥ ਰੱਖ ਕੇ ਉਚੀ ਬੋਲਿਆ। ਫਿਰ ਮੁੱਛਾਂ ਨੂੰ ਵੱਟ ਚਾੜ੍ਹਣ ਲੱਗਿਆ। ਉਥੇ ਸ਼ਰਾਬ ਦੇ ਵਰ੍ਹ ਰਹੇ ਮੀਂਹ ਵਿਚ ਉਹ ਵੀ ਦੋ ਪੈਗ ਲਗਾ ਆਇਆ ਸੀ। ਉਹ ਸਿਰ ਹਿਲਾਈ ਜਾ ਰਿਹਾ ਸੀ। ਜਿਵੇਂ ਉਹਦੇ ਉਤੇ ਕੋਈ ਜਾਦੂ ਹੋ ਗਿਆ ਹੋਵੇ। ਗਾਉਣ ਵਾਲੀ ਜੋੜੀ ਨਵੇਂ ਤੋਂ ਨਵਾਂ ਗੀਤ ਸੁਣਾ ਰਹੀ ਸੀ। ਉਹ ਇਕ ਹੋਰ ਗੀਤ ਗਾਉਣ ਲੱਗੇ।

ਗਾਉਣ ਵਾਲਾ- ਲੜਗੀ ਨੀ ਤੂੰ ਲੜਗੀ ਨੀ

ਨੀ ਤੂੰ ਕਾਹਤੋਂ ਗੱਡੀ ਚੜ੍ਹਗੀ ਨੀ

ਐਵੇਂ ਗੁੱਸਾ ਕਰ ਬੈਠੀ

ਤੂੰ ਵੱਖੀ ਵਿਚ ਵੱਜੇ ਹੂਰੇ ਦਾ।

ਬੰਦ ਪਿਆ ਦਰਵਾਜਾ ਨੀ

ਜਿਉਂ ਫਾਟਕ ਕੋਟਕਪੂਰੇ ਦਾ

ਗਾਉਣ ਵਾਲੀ- ਲੜਦਾ ਸੀ ਤੂੰ ਲੜਦਾ ਸੀ।

ਘਰ ਅੱਧੀ ਰਾਤੀਂ ਵੜਦਾ ਸੀ।

ਨਿੱਤ ਨਵਾਂ ਕੋਈ ਸਿੜੀ ਸਿਆਪਾ

ਆਪਣੇ ਘਰ ਵਿਚ ਰਹਿੰਦਾ ਸੀ।

ਤੂੰ ਜੈ ਵੱਢੀ ਦਿਆ ਦਾਰੂ ਪੀ ਕੇ

ਧਰਮ ਰਾਜ ਬਣ ਬਹਿੰਦਾ ਸੀ।

“ਵਾਹ ਨੀ ਪੰਜਾਬ ਦੀਏ ਸ਼ੇਰ ਬੱਚੀਏ।” ਰੱਖਾ ਦੋਵੇਂ ਹੱਥ ਖੜ੍ਹੇ ਕਰਕੇ ਉਹਨੂੰ ਦਾਦ ਦੇ ਰਿਹਾ ਸੀ। ਜਿਵੇਂ ਉਹ ਧਰਮ ਰਾਜ ਹੋਵੇ, ਉਹਨੂੰ ਆਸ਼ੀਰਵਾਦ ਦੇ ਰਿਹਾ ਹੋਵੇ।

ਅਗਲਾ ਗੀਤ ਗਾਉਂਦਿਆਂ ਗਾਉਣ ਵਾਲਾ ਗਾਉਣ ਵਾਲੀ ਦੇ ਦੁਆਲੇ ਗੇੜੇ ਜਿਹੇ ਕੱਢਦਾ ਤੂੰਬੀ ਵਜਾ ਰਿਹਾ ਸੀ।

ਗਾਉਣ ਵਾਲੀ-         ਮੈਂ ਬੱਕਰਾ ਦਿੰਨੀ ਆ ਪੀਰ ਦਾ

ਮੇਰੇ ਸਿਰ ਦਾ ਸਾਈਂ ਮਰੇ

ਪੰਜ ਸੱਤ ਮਰਨ ਗੁਆਂਢਣਾਂ

ਬਾਕੀਆਂ ਨੂੰ ਤਾਪ ਚੜ੍ਹੇ।

ਕੁੱਤੀ ਮਰੇ ਫ਼ਕੀਰ ਦੀ

ਜਿਹੜੀ ਟਊਂ-ਟਊਂ ਨਿੱਤ ਕਰੇ ।

ਹੱਟੀ ਢਹੇ ਕਰਾੜ ਦੀ

ਜਿੱਥੇ ਦੀਵਾ ਨਿੱਤ ਬਲੇ

ਗਲੀਆਂ ਹੋ ਜਾਣ ਸੰੁਨੀਆਂ

ਵਿਚ ਮਿਰਜ਼ਾ ਯਾਰ ਫਿਰੇ।

ਰੱਖਾ ਮੁੱਛਾਂ ਤੋਂ ਹੱਥ ਚੁੱਕ ਕੇ ਉਛਲਿਆ, “ਲੈ ਬਈ ਫੇਰ ਤੀ ਅਹੀ-ਤਹੀ। ਲੁੱਟ ਲਿਆ ਮੇਲਾ। ਓਏ ਆਹ ਤਾਂ ਮੇਲਾ ਈ ਲੁੱਟ ਲਿਆ। ਵਾਹ ਬਈ ਵਾਹ।”

ਕਈ ਬੰਦੇ ਉਸ ਵੱਲ ਵੇਖ ਕੇ ਹੱਸੇ। ਪਰ ਉਹਨੂੰ ਕੋਈ ਪਰਵਾਹ ਨਹੀਂ ਸੀ। ਜਿਵੇਂ ਉਹ ਮਿਰਜ਼ਾ ਹੋਵੇ। ਸਾਹਿਬਾਂ ਨੂੰ ਮਿਲਣ ਲਈ ਸੰੁਨੀਆਂ ਗਲੀਆਂ ਵਿਚ ਫਿਰ ਰਿਹਾ ਹੋਵੇ। ਉਹ ਅਜੀਬ ਕਿਸਮ ਦੀ ਲੈਅ ਵਿਚ ਸੀ। ਉਹਨੇ ਜੇਬ ਵਿਚੋਂ ਪੰਜਾਹ ਦਾ ਨੋਟ ਕੱਢਿਆ। ਉਹਨੂੰ ਲੰਮੇ ਲੋਟ ਨੂੰ ਪੂਣੀ ਜਿਹੀ ਬਣਾਈ। ਉਂਗਲਾਂ ਵਿਚ ਨੋਟ ਫਸਾ ਲਿਆ। ਬਾਹਾਂ ਆਲੇ ਦੁਆਲੇ ਨੂੰ ਖਿਲਾਰ ਲਈਆਂ। ਭੰਗੜਾ ਪਾਉਣ ਦੇ ਅੰਦਾਜ਼ ਵਿਚ ਸਟੇਜ ਵੱਲ ਤੁਰ ਪਿਆ। ਉਸੇ ਤਰ੍ਹਾਂ ਭੰਗੜਾ ਪਾਉਂਦਾ ਗਾਉਣ ਵਾਲੀ ਨੂੰ ਪੰਜਾਹ ਦਾ ਨੋਟ ਦੇਣ ਲੱਗਿਆ।

ਉਥੇ ਸ਼ਾਹ ਨੋਟਾਂ ਦੀਆਂ ਗੁੱਥੀਆਂ ਸੁੱਟ ਰਹੇ ਸਨ। ਰੱਖੇ ਦੇ ਰੁਪਈਆ ਵੱਲ ਕਿਹਦਾ ਧਿਆਨ ਜਾਣਾ ਸੀ। ਜਦੋਂ ਗਾਉਣ ਵਾਲੇ ਦਾ ਰੱਖੇ ਵੱਲ ਧਿਆਨ ਗਿਆ। ਉਹ ਬੋਲਿਆ, “ਹੁਣ ਇਹੋ ਜਿਹੇ ਜਹਾਜ਼ ਇੱਥੇ ਬਹੁਤ ਉਤਰਨਗੇ।” ਸਾਰੇ ਪੰਡਾਲ ਵਿਚ ਹਾਸਾ ਮਚ ਗਿਆ। ਜਦੋਂ ਰੱਖਾ ਹਟਿਆ ਹੀ ਨਾ ਤਾਂ ਗਾਉਣ ਵਾਲੇ ਨੇ ਨੋਟ ਫੜ ਲਿਆ। ਫਿਰ ਰੱਖਾ ਉਸੇ ਤਰ੍ਹਾਂ ਭੰਗੜਾ ਪਾਊਂਦਾ ਮੇਰੇ ਕੋਲ ਆ ਗਿਆ।

ਮੈਂ ਹੈਰਾਨ ਹੋਈ ਜਾ ਰਿਹਾ ਸੀ। ਸਾਡੇ ਪਿੰਡ ਦੀ ਆਲੇ ਦੁਆਲੇ ਪਿੰਡਾਂ ਵਿਚ ‘ਭੱਲ’ ਬਣੀ ਹੋਈ ਸੀ। ਲੋਕ ਕਹਿੰਦੇ ਇਸ ਪਿੰਡ ਨੂੰ ‘ ਮਾਰ੍ਹਾਜ ਦੀ ਬਖ਼ਸ਼’ ਈ ਆ ਕੋਈ, ਵੱਡੇ ਤੋਂ ਵੱਡਾ ਸਰਦਾਰ ਵੀ ਕਲਾਕਾਰ ਦੀ ਹੌਂਸਲਾ ਅਫ਼ਜਾਈ ਨਹੀਂ ਕਰਦਾ, ਇਹ ਰੱਖੇ ਨੂੰ ਕੀ ਹੋ ਗਿਆ ਸੀ। ਉਹਦੇ ਘਰ ਤਾਂ ਸੌਦਿਆਂ ਵਾਲੇ ਭਾਂਡੇ ਵੀ ਖਾਲੀ ਸਨ। ਕੁੜੀ ਵੀ ਬਿਮਾਰ ਪਈ ਸੀ। ਮੈਂ ਮਸੀਂ ਮਾਂ ਤੋਂ ਰੋ ਕੇ ਰੁਪਈਏ ਲਏ ਸਨ। ਮੈਥੋਂ ਰਹਿ ਨਾ ਹੋਇਆ। ਥੋੜ੍ਹੇ ਰੋਹ ਜਿਹੇ ਨਾਲ ਬੋਲਿਆ, “ਰੱਖੇ ਓਏ ਰੱਖੇ”

ਉਹ ਮੰਤਰ ਮੁਗਧ ਹੋਇਆ। ਗੀਤ ਸੁਣੀ ਜਾ ਰਿਹਾ ਸੀ। ਸਟੇਜ ਵੱਲ ਦੇਖੀ ਜਾ ਰਿਹਾ ਸੀ। ਸਿਰ ਹਿਲਾਈ ਜਾ ਰਿਹਾ ਸੀ। ਮੈਂ ਗੁੱਸੇ ਵਿਚ ਉਹਦਾ ਹੱਥ ਫੜ ਕੇ ਹਲੂਣ ਕੇ ਕਿਹਾ, “ਰੱਖੇ ਓਏ ਰੱਖੇ! ਇਹ ਤੂੰ ਕੀ ਕੀਤਾ? ਰੁਪਈਏ ਗਾਉਣ ਆਲਿਆਂ ਨੂੰ ਕਿਉਂ ਦੇ ਆਇਆ ?” ਉਹ ਬੇਪਰਵਾਹੀ ਨਾਲ ਬੋਲਿਆ, ‘ਜਾਹ ਉਏ ਲਾਲੀ ਤੂੰ ਨਿਰਾ ਬੁੱਧੂ ਈ ਰਿਹਾ। ਤੂੰ ਨੀ ਦੇਖਿਆ? ਗਾਉਣ  ਆਲੇ ਨੇ ਗਾਉਣ ਆਲੀ ਨੂੰ ਅੱਖ ਮਾਰੀ ਤੀ” ਮੈਂ ਦੇਖਿਆ ਰੱਖੇ ਦੇ ਪੀਲੇ ਚਿਹਰੇ ਉਤੇ ਕੋਈ ਲਾਲੀ ਜਿਹੀ ਸੀ। ਉਸ ਦੀਆ ਅੱਖਾਂ ਚਮਕ ਰਹੀਆਂ ਸਨ।

ਰੱਖੇ ਲਈ ਪਿੰਡ `ਚੋਂ ਪੈਸੇ ਇੱਕਠੇ ਕਰ ਰਹੇ ਬੰਦਿਆਂ ਨਾਲ ਫਿਰ ਰਿਹਾ ਮੈਂ ਰੱਬ ਨੂੰ ਅਰਦਾਸ ਕਰ ਰਿਹਾ ਸਾਂ, “ਰੱਬਾ ਰੱਖੇ ਨੂੰ ਹੱਥ ਦੇ ਕੇ ਰੱਖ ਲੈ।”

 

Leave a Reply

Your email address will not be published. Required fields are marked *