ਇੰਗਲੈਂਡ ਦਾ ਨੋਟ ਹੁਣ ਜਗਦੀਸ਼ ਚੰਦਰ ਦੇ ਆਏਗਾ ਲੋਟ

ਲੰਡਨ — ਭਾਰਤ ਦੇ ਮਹਾਨ ਵਿਗਿਆਨੀ ਜਗਦੀਸ਼ ਚੰਦਰ ਬਸੁ ਦੀ ਤਸਵੀਰ ਬ੍ਰਿਟੇਨ ਦੇ 50 ਪੌਂਡ ਦੇ ਨਵੇਂ ਨੋਟ ‘ਤੇ ਛੱਪ ਸਕਦੀ ਹੈ। ਬੈਂਕ ਆਫ ਇੰਗਲੈਂਡ ਵੱਲੋਂ ਸਾਲ 2020 ਵਿਚ ਛਪਣ ਵਾਲੇ ਇਨ੍ਹਾਂ ਨਵੇਂ ਨੋਟਾਂ ‘ਤੇ ਕਿਸੇ ਵਿਗਿਆਨੀ ਦੀ ਤਸਵੀਰ ਲਗਾਉਣ ਦੀ ਯੋਜਨਾ ਹੈ। ਬੈਂਕ ਆਫ ਇੰਗਲੈਂਡ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਕੋਲ ਪਹਿਲੇ ਪੜਾਅ ਵਿਚ ਕਰੀਬ 1 ਲੱਖ 74 ਹਜ਼ਾਰ ਨਾਮ ਆਏ ਹਨ। ਇਨ੍ਹਾਂ ਵਿਚੋਂ ਕਿਸੇ ਇਕ ਨਾਮ ਦੇ ਵਿਗਿਆਨੀ ਦਾ ਚਿਹਰਾ ਸਾਲ 2020 ਵਿਚ ਜਾਰੀ ਹੋਣ ਵਾਲੇ ਨੋਟ ‘ਤੇ ਹੋਵੇਗਾ। ਬਸੁ ਉਨ੍ਹਾਂ ਸੈਂਕੜੇ ਵਿਗਿਆਨੀਆਂ ਵਿਚੋਂ ਇਕ ਹਨ ਜਿਨ੍ਹਾਂ ਨੂੰ ਇਸ ਲਈ ਨਾਮਜ਼ਦ ਕੀਤਾ ਗਿਆ ਹੈ।
ਬ੍ਰਿਟਿਸ਼ ਰਾਜ ਦੌਰਾਨ ਸਾਲ 1858 ਵਿਚ ਭਾਰਤ ਵਿਚ ਜਨਮੇ ਬਸੁ ਨੂੰ ਪੌਦਿਆਂ ਵਿਚ ਜੀਵਨ ਸਾਬਤ ਕਰਨ ਦਾ ਮਾਣ ਹਾਸਲ ਹੈ। ਬਸੁ ਸੰਭਾਵਿਤ ਵਿਗਿਆਨੀਆਂ ਦੀ ਸੂਚੀ ਵਿਚ ਹਾਲ ਹੀ ਵਿਚ ਪੂਰੇ ਹੋਏ ਮਹਾਨ ਵਿਗਿਆਨੀ ਸਟੀਫਨ ਹਾਕਿੰਗ ਨਾਲ ਨਾਮਜ਼ਦ ਹੋਏ ਹਨ। ਇਸ ਸੂਚੀ ਵਿਚ ਬ੍ਰਿਟੇਨ ਦੀ ਸਾਬਕਾ ਪੀ.ਐੱਮ. ਮਾਰਗਰੇਟ ਥੈਚਰ ਵੀ ਸ਼ਾਮਲ ਹੈ। ਥੈਚਰ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਇਕ ਰਸਾਇਣ ਸ਼ਾਸਤਰੀ (ਕੈਮਿਸਟ) ਰਹਿ ਚੁੱਕੀ ਹੈ। ਬੈਂਕ ਦੀ ਸੰਭਾਵਿਤ ਸੂਚੀ ਵਿਚ ਕੰਪਿਊਟਰ ਵਿਗਿਆਨੀ ਐਲਨ ਟਿਊਰਿੰਗ, ਐਡਾ ਲਵਲੇਸ ਟੈਲੀਫੋਨ ਦੇ ਖੋਜੀ ਗ੍ਰਾਹਮ ਬੇਲ, ਖਗੋਲ ਸ਼ਾਸਤਰੀ ਪੈਟਰਿਕ ਮੂਰ, ਪੈਨਸਿਲੀਨ ਦੇ ਖੋਜੀ ਅਲੈਗਜ਼ੈਂਡਰ ਫਲੇਮਿੰਗ ਆਦਿ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਨਾਮਜ਼ਦਗੀ ਭੇਜਣ ਦੀ ਆਖਰੀ ਤਰੀਕ 14 ਦਸੰਬਰ ਹੈ ਜਿਸ ਮਗਰੋਂ ਆਖਰੀ ਫੈਸਲਾ ਲਿਆ ਜਾਵੇਗਾ।

Leave a Reply

Your email address will not be published. Required fields are marked *