ਇਤਿਹਾਸ ਵਿੱਚੋਂ ਪੈਦਾ ਹੋਈਆਂ ਇਹ ਵੰਡਾ ਜਿਉਂਦੀਆਂ ਰਹਿਣਗੀਆਂ

ਦਲੀਪ ਸਿੰਘ ਵਾਸਨ, ਐਡਵੋਕੇਟ
ਕਿਸੇ ਨੇ ਸੱਚ ਆਖਿਆ ਹੈ ਕਿ ਇਤਿਹਾਸ ਮੁੜ ਮੁੜ ਦੋਰਾਉਂਦਾ ਰਹਿੰਦਾ ਹੈ। ਇਥੇ ਇਹ ਗੱਲ ਵੀ ਜੋੜੀ ਜਾ ਸਕਦੀ ਹੈ ਕਿ ਮਨੁਖ ਦੇ ਇਤਿਹਾਸ ਵਿੱਚ ਜਿਹੜੀ ਗਲ ਜਾਂ ਪ੍ਰਥਾ ਜਨਮ ਲੈ ਲੈਂਦੀ ਹੈ ਉਹ ਸਦਾ ਜਿਉਂਦੀ ਰਹਿੰਦੀ ਹੈ।  ਰੂਪ ਬਦਲਦੀ ਪਈ ਰਵੇ, ਮਰਦੀ ਕਦੀ ਨਹੀਂ ਹੈ।
ਇਹ ਰੱਬ ਅਜ ਤਕ ਕਿਸੇ ਦੇਖਿਆ ਨਹੀਂ ਹੈ, ਪਰ ਇਹ ਰੱਬ ਦਾ ਸੰਕਲਪ ਪਤਾ ਨਹੀਂ ਕਦ ਆਇਆ ਸੀ ਅਤੇ ਪਤਾ ਨਹੀਂ ਕਿਤਨੀਆਂ ਹੀ ਸਦੀਆਂ ਲਦ ਗਈਆਂ ਹਨ, ਇਹ ਰੱਬ ਵਾਲਾ ਸੰਕਲਪ ਅਜ ਵੀ ਜਿਉਂਦਾ ਹੈ ਅਤੇ ਰਬ ਨਾਲ ਅਜ ਇਹ ਆਦਮੀ ਕਿਤਨੀਆਂ ਹੀ ਸ਼ਕਤੀਆਂ ਜੋੜ ਬੈਠਾ ਹੈ, ਕਿਤਨੀਆਂ ਹੀ ਕਿਤਾਬਾਂ ਲਿਖ ਬੈਠਾ ਹੈ, ਕਿਤਨੀਆਂ ਹੀ ਪਾਠ ਪੂਜਾ ਕਰਨ ਦੇ ਢੰਗ ਤਰੀਕੇ ਕਢ ਬੈਠਾ ਹੈ, ਕਿਤਨੇ ਹੀ ਅਰਦਾਸਾਂ ਕਰਨ ਦੇ ਢੰਗ ਤਰੀਕੇ ਨਿਕਲ ਆਏ ਹਨ, ਕਿਤਨੀਆਂ ਹੀ ਹਸਤੀਆਂ ਅਸੀਂ ਰਬ ਵਰਗੀਆਂ ਥਾਪ ਬੈਠੇ ਹਾਂ ਅਤੇ ਕਿਤਨੇ ਹੀ ਲੋਕੀ ਵੀ ਇਹ ਆਖ ਬੈਠੇ ਹਨ ਕਿ ਉਹ ਰਬ ਦਾ ਅਵਤਾਰ ਹਨ ਅਤੇ ਅਜ ਕਿਤਨੇ ਹੀ ਲੋਕਾਂ ਨੇ ਇਹ ਆਖਣਾ ਵੀ ਸ਼ੁਰੂ ਕਰ ਦਿਤਾ ਹੈ ਕਿ ਰੱਬ ਹੈ ਹੀ ਨਹੀਂ ਹੈ, ਪਰ ਇਹ ਰਬ ਦਾ ਥਾਪਿਆ ਸੰਕਲਪ ਅਜ ਵੀ ਮੌਜੂਦ ਹੈ ਅਤੇ ਦੁਨੀਆਂ ਭਰ ਵਿੱਚ ਮੰਨਿਆ ਵੀ ਜਾ ਰਿਹਾ ਹੈ।  ਕੋਈ ਇਹ ਆਖੇ ਕਿ ਇਹ ਰੱਬ ਦਾ ਸੰਕਲਪ ਕਦੀ ਖਤਮ ਕਰ ਦਿਤਾ ਜਾਵੇਗਾ, ਉਹ ਆਦਮੀ ਗਲਤ ਹੈ ਅਤੇ ਐਵੇਂ ਹੀ ਆਪਣੀ ਸ਼ਕਤੀ ਬਰਬਾਦ ਕਰ ਰਿਹਾ ਹੈ।  ਇਹ ਰੱਬ ਦਾ ਸੰਕਲਪ ਸਦਾ ਹੀ ਜਿਉਂਦਾ ਰਵੇਗਾ ।
ਇਸ ਰੱਬ ਦੇ ਸੰਕਪਲ ਨੇ ਕਿਤਨੇ ਹੀ ਵਿਦਿਵਾਨ ਪੈਦਾ ਕੀਤੇ ਹਨ, ਕਿਤਨੇ ਹੀ ਧਾਰਮਿਕ ਗ੍ਰੰਥ ਲਿਖੇ ਜਾ ਚੁਕੇ ਹਨ, ਕਿਤਨੇ ਹੀ ਅਵਤਾਰ ਮਿਥੇ ਜਾ ਚੁਕੇ ਹਨ, ਕਿਤਨੇ ਹੀ ਲੋਕਾਂ ਨੇ ਸੰਤਾਂ, ਸਾਧੂਆ ਦਾ ਅਸਥਾਨ ਬਣਾ ਲਿਆ ਹੈ ਅਤੇ ਇਸ ਰਾਹ ਨੂੰ ਕਿਤਨੇ ਹੀ ਲੋਕਾਂ ਨੇ ਆਪਣੀ ਰੋਟੀ ਦਾ ਸਾਧਨ ਬਣਾ ਲਿਆ ਹੈ ਅਤੇ ਚੰਗੀ ਰੋਟੀ ਬਣਾ ਰਹੇ ਹਨ, ਇਹ ਸਾਰਾ ਕੁਝ ਚਲ ਪਿਆ ਹੈ, ਚਲਦਾ ਆ ਰਿਹਾ ਹੈ ਅਤੇ ਅਜ ਸਮਾਜ ਦਾ ਵਡਾ ਹਿਸਾ ਇਸ ਵਰਗ ਉਤੇ ਖੜਾ ਆਪਣੀ ਵਖਰੀ ਜਿਹੀ ਹੋਂਦ ਬਣਾ ਬੈਠਾ ਹੈ।
ਅਸੀਂ ਦੇਖਦੇ ਆ ਰਹੇ ਹਾਂ ਕਿ ਰੱਬ ਦੇ ਇਸ ਸੰਕਲਪ ਵਿਚੋਂ ਹੀ ਇਹ ਧਰਮਾਂ ਦਾ ਜਨਮ ਹੋਇਆ ਹੈ। ਅਤੇ ਅਜ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਹਰ ਧਰਮ ਵਾਲੇ ਇਹ ਵੀ ਆਖ ਰਹੇ ਹਨ ਕਿ ਸਭ ਤੋਂ ਵਧੀਆਂ ਧਰਮ ਉਨ੍ਹਾਂ ਦਾ ਹੀ ਹੈ। ਅਜ ਤਾਂ ਧਰਮਾਂ ਵਿੱਚ ਵੀ ਮੁਕਾਬਲਾ ਚਲ ਰਿਹਾ ਹੈ।  ਆਪਣੇ ਆਪਣੇ ਧਰਮਾਂ ਦੇ ਗ੍ਰੰਥਾਂ ਵਿਚੋਂ ਵਧੀਆਂ ਵਧੀਆਂ ਗਲਾਂ ਕਢਕੇ ਧਾਰਮਿਕ ਕਾਨਫ਼ਰੰਸਾਂ ਵਿੱਚ ਬਹਿਸਾਂ ਕੀਤੀਆਂ ਜਾ ਰਹੀਆਂ ਹਨ  ਅਤੇ ਆਪਣੇ ਧਰਮ ਨੂੰ ਸ਼੍ਰੇਸ਼ਟ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜ ਤਾਂ ਧਰਮਾਂ ਵਿੱਚ ਲੜਾਈ ਵੀ ਲਗੀ ਪਈ ਹੈ। ਅਸੀਂ ਅਗਰ ਮਨੁਖ ਦਾ ਇਤਿਹਾਸ ਫਰੋਲੀਏ ਤਾਂ ਸਾਡੇ ਸਾਹਮਣੇ ਇਹ ਵੀ ਆ ਰਿਹਾ ਹੈ ਕਿ ਸਾਡੇ ਹਿੰਦੁਸਤਾਨ ਵਿੱਚ ਹੀ ਜਦ ਮੁਸਲਮਾਨਾਂ ਨੇ ਆਪਣਾ ਰਾਜ ਬਣਾਇਆ ਤਾਂ ਕਿਤਨੇ ਹੀ ਲੋਕਾਂ ਦਾ ਜ਼ਬਰਨ ਧਰਮ ਬਦਲਕੇ ਮੁਸਲਮਾਨ ਬਣਾ ਦਿਤਾ ਗਿਆ ਅਤੇ ਜਦ ਇਸਾਈ ਆਏ ਤਾਂ ਕਿਤਨੇ ਹੀ ਲੋਕਾਂ ਦਾ ਧਰਮ ਬਦਲਕੇ ਇਸਾਈ ਬਣਾ ਦਿਤਾ।  ਇਹ ਵੀ ਆਖਿਆ ਜਾ ਰਿਹਾ ਹੈ ਕਿ ਕਿਤਨੇ ਹੀ ਹਿੰਦੂ ਮੰਦਿਰ ਢਾਹਕੇ ਉਤੇ ਮਸੀਤਾ ਬਣਾ ਦਿਤੀਆਂ ਗਈਆਂ ਸਨ ਅਤੇ ਇਹ ਆਖਿਆ ਗਿਆ ਸੀ ਕਿ ਹਿੰਦੂਆਂ ਵਾਲਾ ਰਬ ਕਮਜ਼ੋਰ ਹੈ ਅਤੇ ਮੁਸਲਮਾਨਾ ਵਾਲਾ ਅਲ੍ਹਾ ਤਕੜਾ ਹੈ।
ਸਾਡੇ ਮੁਲਕ ਵਿੱਚ ਕਈ ਸੁਧਾਰ ਲਹਿਰਾਂ ਵੀ ਚਲੀਆਂ ਸਨ ਅਤੇ ਧਰਮ ਵਿਂਚ ਆਏ ਨੁਕਸਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ, ਪਰ ਲਗਦਾ ਹੈ ਇਹ ਗਲਾਂ ਵੀ ਪੂਰੀਆਂ ਸਿਰੇ ਨਹੀਂ ਲਗ ਸਕੀਆਂ ਸਨ। ਇਹ ਸਮਾਜ ਜਾਤੀਆਂ ਵਿੱਚ ਵੰਡਿਆ ਪਿਆ ਸੀ। ਸਿਰਫ ਜਾਤੀਆਂ ਵਿੱਚ ਵੰਡਿਆ ਹੀ ਨਹੀਂ ਸੀ ਪਿਆ ਬਲਕਿ ਇਹ ਜਾਤੀਆਂ ਦੀ ਵੰਡ ਵਿੱਚ ਕੁਝ ਉਚੀਆਂ ਜਾਤੀਆਂ ਸਨ, ਕੁਝ ਨੀਵੀਆਂ ਜਾਤੀਆਂ ਸਨ, ਕੁਝ ਸਵਰਨ ਜਾਤੀਆਂ ਸਨ ਅਤੇ ਕੁਝ ਨੀਵੀਆਂ ਵੀ ਸਨ ਅਤੇ ਅਛੂਤ ਤਕ ਵੀ ਬਣਾ ਦਿਤੀਆਂ ਗਈਆਂ ਸਨ। ਅਤੇ ਅਸੀਂ ਦੇਖ ਰਹੇ ਹਾਂ ਕਿ ਬਾਅਦ ਵਿੱਚ ਜਿਤਨੇ ਵੀ ਯਤਨ ਕੀਤੇ ਗਏ ਹਨ. ਉਹ ਬੇਸ਼ਕ ਨਵਾਂ ਧਰਮ ਤਕ ਬਣਾ ਪਾਏ ਹਨ, ਪਰ ਇਹ ਜਾਤੀਆਂ ਵਾਲਾ ਸਿਲਸਿਲਾ ਹਾਲਾਂ ਤਕ ਖਤਮ ਨਹੀਂ ਕੀਤਾ ਜਾ ਸਕਿਆ ਅਤੇ ਨਾਂ ਹੀ ਇਹ ਨੀਵੀਂਆਂ ਅਤੇ ਇਹ ਉਚੀਆਂ ਜਾਤੀਆਂ ਵਾਲਾ ਫਰਕ ਹੀ ਮਿਟਾਇਆ ਜਾ ਸਕਿਆ ਹੈ।
ਅੱਜ ਇਹ ਪਿਆਰ, ਇਹ ਦੌਸਤੀਆਂ, ਇਹ ਸਾਂਝਾਂ, ਇਹ ਬਸਤੀਆਂ ਵੀ ਜਾਤੀਆਂ ਦੇਖਕੇ ਬਣਾਈਆਂ ਜਾ ਰਹੀਆਂ ਹਨ। ਦੁਨੀਆਂ ਭਰ ਦੇ ਲੋਕਾਂ ਵਿੱਚ ਧਰਮਾਂ ਦੀ ਵੰਡ ਕੀਤੀ ਜਾ ਚੁਕੀ ਹੈ।  ਇਹ ਧਰਮ ਅਤੇ ਇਹ ਜਾਤੀਆਂ ਦਾ ਸਿਲਸਿਲਾ ਬਹੁਤ ਹੀ ਪਹਿਲਾਂ ਸਾਡੇ ਹੀ ਇਤਿਹਾਸ ਵਿੱਚ ਜਨਮ ਲੈ ਚੁਕਾ ਸੀ ਅਤੇ ਕਿਤਨੇ ਹੀ ਯਤਨ ਕੀਤੇ ਜਾ ਚੁਕੇ ਹਨ, ਪਰ ਅਜ ਤਕ ਜ਼ਰਾ ਜਿਤਨੀ ਵੀ ਤਬਦੀਲੀ ਨਹੀਂ ਆ ਸਕੀ ਹੈ। ਸਗੋਂ ਇਹ ਫਰਕ ਵਧਦੇ ਹੀ ਜਾ ਰਹੇ ਹਨ। ਅਸੀਂ ਕੀ ਦੁਨੀਆਂ ਭਰ ਦੇ ਲੋਕਾਂ ਨੇ ਆਪਣੇ ਆਪਣੇ ਸੰਵਿਧਾਨਾ ਵਿੱਚ ਵੀ ਇਹ ਲਿਖ ਮਾਰਿਆ ਹੈ ਕਿ ਉਹ ਧਰਮ ਨਿਰਪਖ ਹਨ।  ਹਰ ਧਰਮ ਦੇ ਲੋਕੀ ਆਪਣੇ ਆਪਣੇ ਗ੍ਰੰਥਾਂ ਵਿਚੋਂ ਵੀ ਪ੍ਰਮਾਣ ਪੇਸ਼ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ ਕਿ ਉਹ ਧਰਮ ਨਿਰਪਖ ਹਨ, ਜਤੀਆਂ ਦਾ ਭੇਦ ਭਾਵ ਨਹੀਂ ਰਖਦੀਆਂ, ਪਰ ਅਸਲ ਜੀਵਨ ਵਿੱਚ ਇਹ ਸਾਰੀਆਂ ਦੀਆਂ ਸਾਰੀਆਂ ਬੁਰਾਈਆਂ ਜਿੰਨ੍ਹਾਂ ਦਾ ਜਨਮ ਸਾਡੇ ਧਰਮਾਂ ਵਿਚੋਂ ਹੀ ਪੈਦਾ ਹੋ ਚੁਕਾ ਸੀ, ਅਜ ਵੀ ਕਾਇਮ ਹੈ ਅਤੇ ਕੁਝ ਵੀ ਬਦਲਿਆ ਨਹੀਂ ਹੈ।  ਇਹ ਸਾਰਾ ਕੁਝ ਦਿਖਾਵਾ ਜਿਹਾ ਹੀ ਲਗਦਾ ਪਿਆ ਹੈ।
ਸੋ ਕੁਲ ਮਿਲਾਕੇ ਆਦਮੀ ਦਾ ਇਹ ਇਤਿਹਾਸ ਇਹ ਸਮਾਜਾਂ ਦੀ ਸਿਰਜਨਾ ਕਰਦਾ ਰਿਹਾ ਹੈ।  ਇਹ ਰੱਬ ਦੀ ਸੰਕਲਪ ਵੀ ਇਤਿਹਾਸ ਦੀ ਉਪਜ ਹੈ। ਇਹ ਧਰਮ ਵੀ ਇਤਿਹਾਸ ਦੀ ਉਪਜ ਹਨ।  ਇਹ ਜਾਤੀਆਂ ਵੀ ਇਤਿਹਾਸ ਦੀ ਉਪਜ ਹਨ।  ਇਹ ਧਾਰਮਿਕ ਗ੍ਰੰਥ ਵੀ ਇਤਿਹਾਸ ਦੀ ਉਪਜ ਹਨ। ਇਹ ਧਾਰਮਿਕ ਅਸਥਾਨ, ਇਹ ਧਾਰਮਿਕ ਫਲਸਫੇ, ਇਹ ਧਾਰਮਿਕ ਸਿਧਾਂਤ ਵੀ ਸਮਾਜ ਦੀ ਉਪਜ ਹਨ, ਇਤਿਹਾਸ ਦੀ ਉਪਜ ਹਨ।  ਇਹ ਅਜ ਤਕ ਦਾ ਵਖ ਵਾਦ ਵੀ ਇਤਿਹਾਸ ਦੀ ਉਪਜ ਹੈ। ਇਤਿਹਾਸ ਵਿੱਚ ਵੀ ਜੋ ਵੀ ਮਾੜਾ ਲਗਦਾ ਰਿਹਾ ਉਸਦੀ ਸੁਧਾਈ ਕਰਨ ਬਹਾਨੇ ਇਕ ਨਵੀਂ ਇਕਾਈ ਖੜੀ ਕੀਤੀ ਜਾਂਦੀ ਰਹੀ ਹੈ। ਪਰ ਕੋਈ ਇਹ ਆਖੇ ਕਿ ਕੋਈ ਤਬਦੀਲੀ ਆ ਗਈ ਹੈ, ਐਸਾ ਕੁਝ ਨਹੀਂ ਹੋਇਆ ਹੈ। ਇਹ ਦੁਨੀਆਂ ਦੇ ਲੋਕੀਂ ਇਕਠੇ ਰਹਿ ਰਹੇ ਹਨ, ਇਹ ਲੋਕਾਂ ਦੀ ਮਜਬੂਰੀ ਹੈ। ਇਹ ਜਿਹੜੀਆਂ ਧਰਮ ਨਿਰਪਖਤਾ ਦੀਆਂ ਗਲਾਂ ਆਖੀਆਂ ਗਈਆਂ ਹਨ, ਇਹ ਜਿਹੜੀਆਂ ਗਲਾਂ ਕੀਤੀਆਂ ਗਈਆਂ ਹਨ ਕਿ ਸਾਰੇ ਦੇ ਸਾਰੇ ਧਰਮ ਬਰਾਬਰ ਹਨ, ਅਸੀਂ ਸਾਰੇ ਹੀ ਬਰਾਬਰ ਹਾਂ, ਇਹ ਸਾਰੀਆ ਗਲਾਂ ਰਸਮੀ ਜਿਹੀਆਂ ਲਗਦੀਆਂ ਹਨ, ਅਤੇ ਅਸਲ ਵਿੱਚ ਅਜ ਹਰ ਵਰਗ ਇਹ ਆਖ ਰਿਹਾ ਹੈ ਕਿ ਉਸਦਾ ਵਰਗ ਖਤਰੇ ਵਿੱਚ ਹੈ ਅਤੇ ਅਜੀਬ ਕਿਸਮ ਦਾ ਵਖਵਾਦ ਜਿਹਾ ਆ ਬਣਿਆ ਹੈ।  ਇਹ ਵਖ ਵਾਦ ਬਹੁਤ ਹੀ ਖਤਰਨਾਕ ਹੋ ਗਿਆ ਹੈ ਅਤੇ ਇਹ ਅਤਵਾਦ ਅਤੇ ਇਹ ਦੰਗੇ ਫ਼ਦਸਾਦ ਇਸ ਵਖਵਾਦ ਵਿਚੋਂ ਹੀ ਪੈਦਾ ਹੋਈਆਂ ਬੁਰਾਈਆਂ ਹਨ ਜਿਹੜੀਆਂ ਮਾਸੂਮਾਂ ਦਾ ਕਤਲ ਕਰ ਰਹੀਆਂ ਹਨ ਜਾਂ ਕਰਵਾ ਰਹੀਆਂ ਹਨ।  ਅਜ ਕੋਈ ਆਖੇ ਕਿ ਇਹ ਸਾਰੀਆਂ ਬੁਰਾਈਆਂ ਖਤਮ ਕਰਕੇ ਇਕ ਨਵੇਂ ਸਮਾਜ ਦੀ ਸਿਰਜਨਾ ਕੀਤੀ ਜਾ ਸਕਦੀ ਹੈ ਤਾਂ ਐਸਾ ਐਲਾਨ ਬਸ ਬਨਾਵਟੀ ਜਿਹਾ ਹੀ ਲਗਦਾ ਹੈ। ਇਹ ਵਖਵਾਦ ਵਾਲੀਆਂ ਗਲਾਂ ਘਰ ਜਿਹਾ ਕਰ ਗਈਆਂ ਹਨ ਅਤੇ ਸਾਨੂੰ ਹੁਣ ਇਹ ਸਾਰੀਆਂ ਬੁਰਾਈਆਂ ਇਤਿਹਾਸ ਉਤੇ ਹੀ ਛਡਣੀਆਂ ਪੈਣਗੀਆਂ। ਅਰਥਾਤ ਇਹ ਸਵੀਕਾਰ ਕਰਨਾ ਪਵੇਗਾ ਕਿ ਇਹ ਸਾਰਾ ਕੁਝ ਕੂੜਾ ਇਤਿਹਾਸ ਵਿਚੋਂ ਹੀ ਉਪਜਿਆ ਹੈ ਅਤੇ ਕਦੀ ਨਾ ਕਦੀ ਇਹ ਇਤਿਹਾਸ ਹੀ ਇਹ ਸਾਰੀ ਦੀ ਸਾਰੀ ਸਫਾਈ ਕਰ ਸਕੇਗਾ। ਅਜ ਤਕ ਜਿਹੜਾ ਵੀ ਇਹ ਸਫਾਈ ਕਰਨ ਤੁਰਦਾ ਹੈ ਆਪਣਾ ਹੀ ਇਕ ਹੋਰ ਫਿਰਕਾ ਜਿਹਾ ਬਣਾ ਬੈਠਦਾ ਹੈ ਅਤੇ ਇਸ ਤਰ੍ਹਾਂ ਇਹ ਫਿਰਕਿਆ ਦੀ ਇਕ ਭੀਡ ਜਿਹੀ ਬਣਦੀ ਜਾ ਰਹੀ ਹੈ।  ਅਰਥਾਤ ਅਜ ਕਿਤਨੇ ਹੀ ਨਵੇਂ ਉਪ ਧਰਮਾਂ ਦਾ ਜਨਮ ਹੋ ਚੁਕਾ ਹੈ ਅਤੇ ਕਈ ਉਪ ਧਰਮ ਆਪਣੇ ਆਪਨੂੰ ਸੰਪੂਰਨ ਧਰਮ ਵੀ ਆਖਣ ਲਗ ਪਏ ਹਨ।
ਅੱਜ ਹਰ ਧਰਮ ਦੇ ਆਪਣੇ ਧਾਰਮਿਕ ਅਸਥਾਨ ਹਨ। ਅਜ ਹਰ ਧਰਮ ਪਾਸ ਆਪਣਾ ਧਾਰਮਿਕ ਗ੍ਰੰਥ ਹੈ। ਅਜ ਹਰ ਧਰਮ ਪਾਸ ਪਾਠ ਪੂਜਾ ਕਰਨ ਦਾ ਵਖਰਾ ਢੰਗ ਹੈ।  ਅਜ ਹਰ ਧਰਮ ਪਾਸ ਅਰਦਾਸ ਕਰਨ ਅਤੇ ਰਬ ਦੀਆਂ ਆਰਤੀਆਂ ਗਾਉਣ ਦਾ ਵਖਰਾ ਢੰਗ ਆ ਬਣਿਆ ਹੈ।  ਅਜ ਹਰ ਧਰਮ ਦੇ ਲੋਕਾਂ ਦੀ ਸ਼ਕਲ ਸੂਰਤ ਅਤੇ ਲਿਬਾਸ ਵਖਰਾ ਬਣ ਗਿਆ ਹੈ।  ਅੱਜ ਤਾਂ ਹਰ ਧਰਮ ਦਾ ਆਦਮੀ ਵਖਰੀ ਜਿਹੀ ਬੋਲੀ ਵੀ ਬੋਲਣ ਲਗ ਪਿਆਹੈ।  ਹਰ ਧਰਮ ਵਿੱਚ ਮਿਲਣ ਦੇ ਤਰੀਕੇ ਵਖਰੇ ਹਨ।  ਹਰ ਧਰਮ ਨੇ ਖਾਣ ਪੀਣ ਅਤੇ ਜੀਵਨ ਸ਼ੈਲੀ ਵੀ ਵਖਰੀ ਜਿਹੀ ਬਣਾ ਲਈ ਹੈ। ਹਰ ਧਰਮ ਵਾਲਿਆਂ ਨੇ ਸ਼ਾਦੀ ਕਿਥੇ ਕਰਨੀ ਹੈ ਕਿਵੇਵ ਕਰਨੀ ਹੈ ਦਾ ਆਪਣਾ ਹੀ ਢੰਗ ਬਣਾ ਲਿਆ ਹੈ। ਹਰ ਧਰਮ ਚਾਹ ਰਿਹਾ ਹੈ ਕਿ ਉਸਦੇ ਆਪਣੇ ਧਰਮ ਦੇ ਕਾਨੂੰਨ ਹੀ ਉਸ ਉਤੇ ਲਾਗੂ ਹੋਣ। ਸਾਡੇ ਮੁਲਕ ਵਿੱਚ ਤਾਂ ਅਖੌਤੀ ਨੀਵੀਆਂ ਜਾਤੀਆਂ ਅਤੇ ਅਖੌਤੇ ਉਚੀਆਂ ਜਾਤੀਆਂ ਦੀਆਂ ਬਸਤੀਆਂ ਵੀ ਅਡ ਅਡ ਹਨ। ਇਸ ਮੁਲਕ ਵਿਚ ਕੀ ਹੋਰਾਂ ਮੁਲਕਾਂ ਵਿਂਚ ਵੀ ਧਰਮ ਦੇ ਨਾਮ ਉਤੇ ਦੰਗੇ ਫਸਾਦ ਹੁੰਦੇ ਰਹਿੰਦੇ ਹਨ ਅਤੇ ਕਿਤਨੇ ਹੀ ਲੋਕਾਂ ਦਾ ਬਸ ਇਸ ਗਲ ਉਤੇ ਹੀ ਕਤਲ ਕਰ ਦਿਤਾ ਜਾਂਦਾ ਹੈ ਕਿ ਇਹ ਆਦਮੀ ਫਲਾਣੇ ਧਰਮ ਦਾ ਹੈ। ਅਸੀਂ ਇਹ ਵੀ ਦੇਖ ਰਹੇ ਹਾਂ ਕਿ ਲੋਕੀਂ ਵੋਟਾਂ ਵੀ ਆਪਣੇ ਧਰਮ ਵਾਲੇ ਉਮੀਦਵਾਰ ਨੂੰ ਹੀ ਪਾਉਂਦੇ ਹਨ ਅਤੇ ਇਸ ਲਈ ਇਹ ਰਾਜਸੀ ਪਾਰਟੀਆਂ ਵੀ ਜਦ ਉਮੀਦਵਾਰ ਦੀ ਖੋਜ ਕਰ ਰਹੀਆਂ ਹੁੰਦੀਆਂ ਹਨ ਤਾਂ ਇਲਾਕੇ ਵਿੱਚ ਵਸਦੇ ਵੋਟਰਾਂ ਦੀ ਗਿਣਤੀ ਮੁਤਾਬਿਕ ਹੀ ਉਸ ਧਰਮ ਅਤੇ ਉਸ ਜਾਤੀ ਦਾ ਉਮੀਦਵਾਰ ਲਭਿਆ ਜਾਂਦਾ ਹੈ। ਇਹ ਤਾਂ ਕੁਝ ਵੀ ਨਹੀਂ ਅਜ ਤਾਂ ਹਰ ਧਰਮ ਵਿਂਚ ਜਾਤੀਆਂ ਦੇ ਹਿਸਾਬ ਨਾਲ ਧਾਰਮਿਕ ਅਸਥਾਨ ਹਨ ਅਤੇ ਜਲਦੀ ਕੀਤਿਆਂ ਦੂਜੀਆਂ ਜਾਤੀਆਂ ਵਾਲੇ ਦੂਜੀ ਜਾਤੀ ਦਾ ਧਾਰਮਿਕ ਅਸਥਾਨ ਵੀ ਨਹੀਂ ਵਰਤਦੇ।  ਇਥੇ ਹੀ ਬਸ ਨਹੀਂ ਅਜ ਤਾਂ ਮੜ੍ਹੀਆਂ ਵੀ ਵਖ ਵਖ ਜਾਤੀਆਂ ਦੀਆਂ ਹਨ ਅਤੇ ਉਚੀਆਂ ਜਾਤੀਆਂ ਵਾਲੇ ਇਹ ਬਰਦਾਸ਼ਿਤ ਨਹੀਂ ਕਰਦੇ ਕਿ ਕਿਸੇ ਨੀਵੀਂ ਜਾਤੀ ਦਾ ਮ੍ਰਿਤਕ ਸ੍ਰੀਰ ਉਨ੍ਹਾਂ ਦੀਆਂ ਰਾਖਵੀਆਂ ਮੜ੍ਹੀਆਂ ਵਿੱਚ ਸਾੜਿਆ ਜਾਵੇ। ਅਜ ਤਾਂ ਅਖੌਤੀ ਉਚੀਆਂ ਜਾਤੀਆਂ ਵਾਲੇ ਜਲਦੀ ਕੀਤਿਆਂ ਅਖੌਤੀ ਨੀਵੀਆਂ ਜਾਤੀਆਂ ਵਾਲਿਆਂ ਦੇ ਮਰਨ ਭੋਗ ਉਤੇ ਵੀ ਜਾਂਦਿਆ ਕਤਰਾਉਂਦੇ ਹਨ। ਅਤੇ ਨੀਵੀਂਆਂ ਜਾਤੀਆਂ ਵਾਲੇ ਉਚੀਆਂ ਜਾਤੀਆਂ ਵਾਲਿਆਂ ਦੇ ਮਰਨ ਭੋਗ ਉਤੇ ਜਾਦਿਆਂ ਵੀ ਡਰਦੇ ਹਨ ਕਿ ਕਿਧਰੇ ਵਖਰਾ ਜਿਹਾ ਹੋਕੇ ਹੀ ਨਾ ਬੈਠਣਾ ਪਵੇ। ਹਰ ਕੋਈ ਆਪਣੀ ਜਾਤੀ ਦਾ ਨਾਮ ਆਪਣੇ ਨਾਮ ਨਾਲ ਲਿਖਕੇ ਹੀ ਦਰਸਾਉਣ ਲਗ ਪਿਆ ਹੈ ਕਿ ਉਹ ਕੋਣ ਹੈ।  ਇਤਨਾ ਕੁਝ ਵਖਰਾ ਜਿਹਾ ਹੋ ਚੁਕਾ ਹੈ ਅਤੇ ਇਹ ਸਾਰਾ ਕੁਝ ਬਰਾਬਰ ਕਰਨਾ ਕਿਤਨਾ ਮੁਸ਼ਕਿਲ ਹੈ, ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਅਤੇ ਇਸ ਲਈ ਇਹ ਧਰਮ ਨਿਰਪਖਤਾ ਦਾ ਸਿਧਾਂਤ ਬਣਾਕੇ ਲਾਗੂ ਕਰ ਦਿਤਾ ਗਿਆ ਹੈ ਅਤੇ ਸਮਾਜ ਪਾਸੋਂ ਵੀ ਇਹ ਆਸ ਕੀਤੀ ਜਾ ਰਹੀ ਹੈ ਕਿ ਇਹ ਧਰਮ ਨਿਰਪਖਤਾ ਵਾਲਾ ਸਿਧਾਂਤ ਅਪਨਾਇਆ ਜਾਵੇ ਅਰਥਾਤ ਆਪੋ ਵਿੱਚ ਵਰਤਣ ਵਕਤ ਰਸਮੀ ਜਿਹੀ ਬਰਾਬਰਤਾ ਜਿਹੀ ਖੜੀ ਕਰਨ ਦਾ ਯਤਨ ਜਿਹਾ ਕੀਤਾ ਗਿਆ ਹੈ। ਇਸ ਵੰਡੇ ਹੋਈ ਸੰਸਾਰ, ਇਸ ਵੰਡੇ ਹੋਏ ਹਰ ਸਮਾਜ ਦੀ ਏਕਤਾ ਬਨਾਉਣ ਵਾਲੀਆਂ ਗਲਾਂ ਲੋਕਾਂ ਨੇ ਆਪ ਹੀ ਖਤਮ  ਕਰ ਦਿਤੀਆਂ ਹਨ ਅਤੇ ਇਹ ਸਵੀਕਾਰ ਜਿਹਾ ਕਰ ਲਿਤਾ ਗਿਆ ਹੈ ਕਿ ਇਤਿਹਾਸ ਵਿਚੋਂ ਇਹ ਫਰਕ ਜਿਹੜੇ ਆ ਬਣੇ ਹਨ ਕਦੀ ਨਾ ਕਦੀ ਇਹ ਇਤਿਹਾਸ ਵਿੱਚ ਆਪ ਹੀ ਖਤਮ ਹੋ ਜਾਣਗੀਆਂ ਅਤੇ ਉਹ ਵਕਤ ਇਤਨੀ ਦੂਰ ਹੈ ਕਿ ਉਡੀਕਣ ਅਤੇ ਕੋਈ ਮਿਤੀ ਮਿਥਣ ਦੀ ਜ਼ਰੂਰਤ ਨਹੀਂ ਹੈ।
–101-ਸੀ ਵਿਕਾਸ ਕਲੋਨੀ, ਪਟਿਆਲਾ-ਪੰਜਾਬ-ਭਾਰਤ-147001

Leave a Reply

Your email address will not be published. Required fields are marked *