ਆਸਾਮ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 69 ਹੋਈ

0
131

ਗੋਲਾਘਾਟ— ਆਸਾਮ ਦੇ ਗੋਲਾਘਾਟ ਜ਼ਿਲੇ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 69 ਹੋ ਗਈ ਹੈ। ਜ਼ਿਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਈ ਲੋਕਾਂ ਦਾ ਅਜੇ ਵੱਖ-ਵੱਖ ਹਸਪਤਾਲਾਂ’ਚ ਇਲਾਜ ਚੱਲ ਰਿਹਾ ਹੈ। ਅਜਿਹੇ ‘ਚ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਸਥਾਨਕ ਲੋਕਾਂ ਅਨੁਸਾਰ ਚਾਹ ਬਗੀਚੇ ਦੇ ਮਜ਼ਦੂਰਾਂ ਨੇ ਵੀਰਵਾਰ ਦੀ ਸ਼ਾਮ ਤਨਖਾਹ ਮਿਲਣ ਤੋਂ ਬਾਅਦ ਇਕ ਦੁਕਾਨ ਤੋਂ ਸ਼ਰਾਬ ਖਰੀਦੀ ਸੀ, ਜਿਸ ਨੂੰ ਪੀਂਦੇ ਹੀ ਚਾਰ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਗਲੇ 12 ਘੰਟਿਆਂ ‘ਚ 8 ਹੋਰ ਲੋਕਾਂ ਦੀ ਮੌਤ ਦੀ ਖਬਰ ਆਈ, ਜੋ ਹੁਣ ਵਧ ਕੇ 69 ਹੋ ਗਈ ਹੈ।
ਪੁਲਸ ਨੇ ਇਸ ਮਾਮਲੇ ‘ਚ 2 ਲੋਕਾਂ ਨੂੰ ਗ੍ਰਿ੍ਰਫਤਾਰ ਕਰ ਲਿਆ ਹੈ। ਇਨ੍ਹਾਂ ਦੋਸ਼ੀਆਂ ਦੀ ਪਛਾਣ ਇੰਦੁਕਲਪਾ ਬੋਰਦੋਲੋਈ ਅਤੇ ਦੇਬ ਬੋਰਾ ਦੇ ਰੂਪ ‘ਚ ਹੋਈ ਹੈ, ਜੋ ਚਾਹ ਬਗੀਚੇ ਕੋਲ ਹੀ ਦੇਸੀ ਸ਼ਰਾਬ ਦੀ ਭੱਠੀ ਚਲਾਉਂਦੇ ਸਨ। ਉੱਥੇ ਹੀ ਪੁਲਸ ਇਸ ਮਾਮਲੇ ‘ਚ ਸ਼ਾਮਲ ਹੋਰ ਲੋਕਾਂ ਦੀ ਤਲਾਸ਼ ‘ਚ ਜੁਟੀ ਹੈ। ਡੀ.ਐੱਸ.ਪੀ. ਪਾਰਥ ਪ੍ਰਤੀਮ ਸੈਕੀਆ ਨੇ ਦੱਸਿਆ,”ਅਸੀਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਹੋਰ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਅਨੁਸਾਰ ਇਲਾਕੇ ‘ਚ 10 ਤੋਂ 20 ਰੁਪਏ ‘ਚ ਕੱਚੀ ਸ਼ਰਾਬ ਮਿਲਦੀ ਹੈ। ਘਟਨਾ ਨੂੰ ਲੈ ਕੇ ਜ਼ਿਲੇ ਦੇ 2 ਆਬਕਾਰੀ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਨੇ ਇਨ੍ਹਾਂ ਮੌਤਾਂ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਆਸਾਮ ਮੰਡਲ ਕਮਿਸ਼ਨਰ ਜੂਲੀ ਸੋਨੋਵਾਲ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਅਤੇ ਇਕ ਮਹੀਨੇ ਦੇ ਅੰਦਰ ਸਰਕਾਰ ਦੀ ਇਸ ਦੀ ਰਿਪੋਰਟ ਸੌਂਪਣ ਲਈ ਕਿਹਾ ਹੈ। ਸੋਨੋਵਾਲ ਨੇ ਰਾਜ ਦੇ ਊਰਜਾ ਮੰਤਰੀ ਤਪਨ ਕੁਮਾਰ ਗੋਗੋਈ, ਸੰਸਦ ਮੈਂਬਰ ਕਾਮਾਖਿਆ ਪ੍ਰਸਾਦ ਤਾਸਾ ਅਤੇ ਵਿਧਾਇਕ ਮ੍ਰਿਨਾਲ ਸੈਕੀਆ ਨੂੰ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕਰਨ ਲਈ ਕਿਹਾ ਹੈ। ਉੱਥੇ ਹੀ ਕਾਂਗਰਸ ਵਿਧਾਇਕ ਰੂਪਜੋਤੀ ਕੁਰਮੀ ਨੇ ਆਬਕਾਰੀ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ ਅਤੇ ਮੁੱਖ ਮੰਤਰੀ ਤੋਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਉੱਚਿਤ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ।