ਸਿਡਨੀ— ‘ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ’ ਨੇ ਇਕ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਜੂਨ 2018 ‘ਚ ਇੱਥੇ ਭਾਰਤੀਆਂ ਦੀ ਗਿਣਤੀ 5,92,000 ਹੋ ਗਈ ਹੈ। ਇਹ 2016 ਦੀ ਗਿਣਤੀ ਤੋਂ 30 ਫੀਸਦੀ ਵਧੇਰੇ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਸਾਲਾਂ ‘ਚ ਇੱਥੇ ਭਾਰਤੀ ਲੋਕਾਂ ਦੀ ਆਬਾਦੀ ਅਤੇ ਸੈਲਾਨੀਆਂ ਦੀ ਗਿਣਤੀ ‘ਚ ਕਾਫੀ ਵਾਧਾ ਹੋਇਆ ਹੈ।
ਇਸ ਦਾ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਸਟੂਡੈਂਟ ਵੀਜ਼ੇ ‘ਤੇ ਗਏ ਵਿਦਿਆਰਥੀ ਆਸਟ੍ਰੇਲੀਆ ‘ਚ ਹੀ ਪੱਕੇ ਹੋਣ ਲਈ ਕੋਸ਼ਿਸ਼ ਕਰਦੇ ਹਨ ਤੇ ਫਿਰ ਜਦ ਉਹ ਪੱਕੇ ਹੋ ਜਾਂਦੇ ਹਨ ਤਾਂ ਆਪਣੇ ਪਰਿਵਾਰ ਨੂੰ ਵੀ ਇੱਥੇ ਹੀ ਸੱਦ ਲੈਂਦੇ ਹਨ। ਬਹੁਤੇ ਲੋਕ ਤਾਂ ਇੱਥੇ ਘੁੰਮਣ-ਫਿਰਨ ਲਈ ਵੀ ਆਉਂਦੇ ਹਨ। ਇੱਥੋਂ ਦੇ ਕੌਮਾਂਤਰੀ ਸੈਲਾਨੀ ਵਿਭਾਗ ਮੁਤਾਬਕ ਉਨ੍ਹਾਂ ਲੋਕਾਂ ਵਲੋਂ ਜੋ ਖਰਚ ਕੀਤਾ ਜਾਂਦਾ ਹੈ, ਉਹ ਹੁਣ ਪਹਿਲਾਂ ਤੋਂ ਕਿਤੇ ਵਧੇਰੇ ਹੈ। ਸਰਵੇਖਣ ਦੀ ਰਿਪੋਰਟ ਮੁਤਾਬਕ ਭਾਰਤੀ ਸੈਲਾਨੀ ਦੂਜੇ ਦੇਸ਼ਾਂ ਦੇ ਸੈਲਾਨੀਆਂ ਤੋਂ ਵਧੇਰੇ ਸਮਾਂ ਅਤੇ ਪੈਸਾ ਖਰਚ ਕਰਦੇ ਹਨ।
ਇਕ ਹੋਰ ਰੌਚਕ ਗੱਲ ਇਹ ਹੈ ਕਿ ਜ਼ਿਆਦਾਤਰ ਵਿਦੇਸ਼ੀ ਆਸਟ੍ਰੇਲੀਆ ‘ਚ 32 ਰਾਤਾਂ ਹੀ ਬਤੀਤ ਕਰਦੇ ਹਨ ਅਤੇ ਵਾਪਸ ਆਪਣੇ ਦੇਸ਼ਾਂ ਨੂੰ ਚਲੇ ਜਾਂਦੇ ਹਨ ਪਰ ਇਸ ਮਾਮਲੇ ‘ਚ ਭਾਰਤੀ ਵੱਖਰੇ ਹਨ। ਜਾਣਕਾਰੀ ਮੁਤਾਬਕ ਭਾਰਤੀ ਇੱਥੇ ਹੋਰਾਂ ਵਿਦੇਸ਼ੀਆਂ ਨਾਲੋਂ ਦੋਗੁਣੀਆਂ ਰਾਤਾਂ ਰਹਿੰਦੇ ਹਨ ਭਾਵ ਵਧੇਰੇ ਭਾਰਤੀ 61 ਰਾਤਾਂ ਰਹਿ ਕੇ ਜਾਂਦੇ ਹਨ। ਇਸੇ ਲਈ ਉਹ ਇੱਥੇ ਖੁੱਲ੍ਹਾ ਪੈਸਾ ਖਰਚਦੇ ਹਨ ਅਤੇ ਆਸਟ੍ਰੇਲੀਆ ਦੀ ਅਰਥ ਵਿਵਸਥਾ ਮਜ਼ਬੂਤ ਹੁੰਦੀ ਹੈ।