ਆਪਣੇ ਸਮਰਥਕਾਂ ਨੂੰ ਜਿਤਾਉਣ ਲਈ ਪੰਜਾਬ ਪੁੱਜਣ ਲੱਗੇ ਐੱਨ. ਆਰ. ਆਈਜ਼

0
105

ਮੋਗਾ—ਪੰਜਾਬ ਦੇ 13,276 ਪਿੰਡਾਂ ‘ਚ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਮੈਦਾਨ ‘ਚ ਨਿੱਤਰੇ ਆਪਣੇ ਸਮਰਥਕ ‘ਪੰਚਾਂ-ਸਰਪੰਚਾਂ’ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਵਿਦੇਸ਼ਾਂ ‘ਚ ਵਸੇ ਪ੍ਰਵਾਸੀ ਭਾਰਤੀ (ਐੱਨ. ਆਰ. ਆਈਜ਼.) ਹੁਣ ਪੰਜਾਬ ਪੁੱਜਣੇ ਸ਼ੁਰੂ ਹੋ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਪਿੰਡਾਂ ਤਲਵੰਡੀ ਭਗੇਰੀਆ, ਡਾਲਾ, ਦੌਲਤਪੁਰਾ ‘ਚੋਂ ਪ੍ਰਵਾਸ ਕਰਨ ਵਾਲੇ ਐੱਨ. ਆਰ. ਆਈਜ਼ ‘ਚੋਂ ਹਾਲੇ ਵੀ ਬਹੁਤਿਆਂ ਲੋਕਾਂ ਨੂੰ ਵਿਦੇਸ਼ਾਂ ਦੀ ਪੱਕੀ ਨਾਗਰਿਕਤਾ ਨਹੀਂ ਮਿਲੀ ਹੈ, ਜਿਸ ਕਰਕੇ ਇਨ੍ਹਾਂ ਪ੍ਰਵਾਸੀ ਭਾਰਤੀਆਂ ਦੇ ਨਾਂ ਹਾਲੇ ਵੀ ਪੰਜਾਬ ਦੀਆਂ ਵੋਟਰ ਸੂਚੀਆਂ ‘ਚ ਹੀ ਦਰਜ ਹਨ, ਜਿਸ ਕਰਕੇ ਹਰ ਵਾਰ ਪ੍ਰਵਾਸੀ ਭਾਰਤੀ ਇਨ੍ਹਾਂ ਚੋਣਾਂ ਸਮੇਤ ਪੰਜਾਬ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਵੋਟਾਂ ਲਈ ਵਿਸ਼ੇਸ਼ ਤੌਰ ‘ਤੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪੰਜਾਬ ਆਉਂਦੇ ਹਨ।
ਜਾਣਕਾਰੀ ਅਨੁਸਾਰ 1998, 2003 ਅਤੇ 2008 ਦੀਆਂ ਪੰਚਾਇਤੀ ਚੋਣਾਂ ਜੂਨ-ਜੁਲਾਈ ਦੇ ਮਹੀਨੇ ਗਰਮੀ ਦੇ ਮੌਸਮ ਵਿਚ ਹੋਈਆਂ ਸਨ, ਜਿਸ ਕਰ ਕੇ ਇਨ੍ਹਾਂ ਚੋਣਾਂ ‘ਚ ਭਾਵੇਂ ਪ੍ਰਵਾਸੀ ਭਾਰਤੀ ਆਏ ਤਾਂ ਸਨ ਪਰ ਇਨ੍ਹਾਂ ਦੀ ਗਿਣਤੀ ਬਹੁਤ ਘਟੀ ਸੀ, ਇਸ ਵਾਰ ਚੋਣਾਂ ਸਰਦ ਰੁੱਤ ‘ਚ ਆਈਆਂ ਹੋਣ ਕਰ ਕੇ ਪ੍ਰਵਾਸੀ ਭਾਰਤੀਆਂ ਦੀ ਇਨ੍ਹਾਂ ਚੋਣਾਂ ਨੂੰ ਦੇਖਣ ਲਈ ਦਿਲਚਸਪੀ ਹੋਰ ਵੀ ਵਧੇਰੇ ਦਿਖਾਈ ਦਿੱਤੀ ਹੈ। ਮਾਲਵਾ ਖਿੱਤੇ ਵਿਚ ਪਿਛਲੇ ਇਕ ਹਫਤੇ ਤੋਂ ਪ੍ਰਵਾਸੀ ਭਾਰਤੀਆਂ ਦੀ ਪੰਜਾਬ ਆਮਦ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਮਿਲੇ ਵੇਰਵਿਆਂ ਵਿਚ ਇਹ ਤੱਥ ਉੱਭਰਿਆ ਹੈ ਕਿ ਆਉਣ ਵਾਲੇ ਇਕ ਹਫ਼ਤੇ ਤੱਕ ਬਹੁ ਗਿਣਤੀ ਹੋਰ ਪ੍ਰਵਾਸੀ ਭਾਰਤੀ ਵੀ ਪੰਜਾਬ ਆ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਆਪਣੇ ਸਮਰਥਕਾਂ ਦੀ ਜਿੱਤ ਲਈ ਪੰਜਾਬ ਪੁੱਜੇ ਇਨ੍ਹਾਂ ਪ੍ਰਵਾਸੀ ਭਾਰਤੀਆਂ ਦੀਆਂ ਆਸਾਂ ਨੂੰ ਬੁਰ ਪੈਂਦਾ ਹੈ ਜਾਂ ਨਹੀਂ।