ਆਪਣੀ ਪਛਾਣ ਗੁਆ ਲੈਂਦੀਆਂ ਨੇ ਵਿਰਾਸਤ ਦੀ ਅਣਦੇਖੀ ਕਰਨ ਵਾਲੀਆਂ ਕੌਮਾਂ

ਤਰਨਤਾਰਨ -ਸਿੱਖ ਰਾਜ ਦਾ ਸੂਰਜ ਅਸਤ ਹੋ ਜਾਣ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਪੰਜਾਬ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਦੁਆਲੇ ਮਹਾਰਾਜਾ ਰਣਜੀਤ ਸਿੰਘ ਵਲੋਂ ਬਣਵਾਈ ਗਈਫਸੀਲ ਕੰਧ ਅਤੇ ਦਰਵਾਜ਼ੇ ਢਾਹੇ। ਮਹਾਰਾਜਾ ਰਣਜੀਤ ਸਿੰਘ ਦੇ ਸ੍ਰੀ ਅੰਮ੍ਰਿਤਸਰ ਸਥਿਤ ਰਾਮ ਬਾਗ਼ ਵਿਚ ਬਣਿਆ ਸ਼ਾਹੀ ਮਹੱਲ ਸਿਪਾਹੀਆਂ ਨੂੰਰਹਿਣ ਲਈ ਦੇ ਦਿੱਤਾ ਗਿਆ। ਬਾਗ਼ ਦੇ ਦੁਆਲੇ ਬਣੀ ਹੋਈ ਕੰਧ ਢਾਹ ਦਿੱਤੀ ਅਤੇ ਬਾਗ਼ ਅੰਦਰ ਅੱਯਾਸ਼ੀ ਕਰਨ ਲਈ ਕਲੱਬ ਉਸਾਰ ਲਏ। ਅੰਗਰੇਜ਼ ਇਤਿਹਾਸਕ ਇਮਾਰਤਾਂ ਦੀ ਮਹੱਤਤਾ ਨੂੰ ਸਮਝਦੇ ਸਨ। ਉਨ੍ਹਾਂ ਆਪਣੀ ਆਕਸਫੋਰਡ ਨੂੰ ਸਾਂਭਿਆ ਅਤੇ ਯੂਰਪੀ ਇਤਿਹਾਸ ਨਾਲ ਸਬੰਧਿਤ ਸੈਂਕੜੇ ਸਾਲ ਪੁਰਾਣੀਆਂ ਇਮਾਰਤਾਂ ਨੂੰ ਸਾਂਭ ਕੇ ਰੱਖਿਆ ਹੋਇਆ ਸੀ। ਦਰਅਸਲ ਹੁਕਮਰਾਨ ਧਿਰਾਂ ਹਮੇਸ਼ਾ ਆਪਣੀ ਵਿਰਾਸਤ ਨੂੰ ਸੰਭਾਲਦੀਆਂ ਹਨ ਅਤੇ ਗ਼ੁਲਾਮਾਂ ਦੀ ਵਿਰਾਸਤ ਨੂੰ ਮਿਟਾ ਦਿੰਦੀਆਂ ਹਨ, ਤਾਂ ਜੋ ਆਪਣੀ ਵਿਰਾਸਤ ਤੋਂ ਸੇਧ ਲੈ ਕੇ ਇਹ ਗ਼ੁਲਾਮ ਲੋਕ ਦੁਬਾਰਾ ਆਪਣੀਆਂ ਖੁੱਸੀਆਂ ਸ਼ਾਨਾਂ ਜਾਂ ਰਾਜ-ਭਾਗ ਵਾਪਸ ਲੈਣ ਦੀ ਇੱਛਾ ਨਾ ਜਗਾ ਲੈਣ। ਪਰ ਜਿਹੜੀਆਂ ਕੌਮਾਂ ਆਪਣੇ ਸੱਭਿਆਚਾਰ ਅਤੇ ਆਪਣੀ ਵਿਰਾਸਤ ਨੂੰ ਆਪਣੇ ਹੱਥੀਂ ਹੀ ਖ਼ਤਮ ਕਰਨ ਦੇ ਰਾਹ ਪੈ ਜਾਣ, ਉਹ ਆਪਣਾ ਭਵਿੱਖ ਅਤੇ ਆਪਣੀ ਪਛਾਣ ਨੂੰ ਆਪੇ ਗੁਆਉਣ ਦੇ ਰਾਹ ਤੁਰ ਰਹੀਆਂ ਹੁੰਦੀਆਂ ਹਨ।
ਪਿਛਲੇ ਦਿਨੀਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਇਤਿਹਾਸਕ ਦਰਸ਼ਨੀ ਡਿਓੜੀ ਨੂੰ ‘ਕਾਰ-ਸੇਵਾ’ ਦੌਰਾਨ ਢਾਹੇ ਜਾਣ ਦੀ ਕਾਰਵਾਈ ਤੋਂ ਬਾਅਦ ਸਿੱਖ ਕੌਮ ਅੰਦਰ ਆਪਣੀ ਵਿਰਾਸਤ ਨੂੰ ਬਚਾਉਣ ਲਈ ਡਾਢੀ ਚਿੰਤਾ ਉੱਭਰ ਕੇ ਸਾਹਮਣੇ ਆਈ ਹੈ। ਮੰਨਿਆ ਜਾਂਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਓੜੀ ਦੀ ਉਸਾਰੀ 1840 ਦੇ ਆਸਪਾਸ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨੇ ਆਪਣੀ ਦੇਖ-ਰੇਖ ਹੇਠ ਕਰਵਾਈ ਸੀ। ਲਿਖਤੀ ਇਤਿਹਾਸਕ ਸਰੋਤਾਂ ਦੇ ਜ਼ਿਕਰ ਅਨੁਸਾਰ ਕੰਵਰ ਨੌਨਿਹਾਲ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਪਰਿਕਰਮਾ ਪੱਕੀ ਕਰਵਾਈ ਸੀ ਅਤੇ ਮੁਨਾਰਾ ਬਣਵਾਇਆ ਸੀ। ਭਾਵੇਂ ਕਿ ਇਸ ਦਰਸ਼ਨੀ ਡਿਓੜੀ ਨੂੰ ਬਣਾਉਣ ਦਾ ਜ਼ਿਕਰ ਕਿਸੇ ਲਿਖਤੀ ਇਤਿਹਾਸਕ ਸਰੋਤ ਵਿਚੋਂ ਨਹੀਂ ਲੱਭਦਾ ਪਰ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪਰਿਕਰਮਾ ਪੱਕੀ ਕਰਵਾਉਣ ਤੋਂ ਬਾਅਦ ਬਚੀਆਂ ਇੱਟਾਂ ਨਾਲ ਕੰਵਰ ਨੌਨਿਹਾਲ ਸਿੰਘ ਨੇ ਇਸ ਡਿਓੜੀ ਦਾ ਨਿਰਮਾਣ ਕਰਵਾਇਆ ਸੀ।
ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਸਰੋਵਰ ਦੀ ਕਾਰ-ਸੇਵਾ 1931 ‘ਚ ਸੰਤ ਗੁਰਮੁਖ ਸਿੰਘ ਅਤੇ ਸੰਤ ਸਾਧੂ ਸਿੰਘ ਨੇ ਵੀ ਕਰਵਾਈ ਸੀ। ਸੰਨ 1970 ‘ਚ ਵੀ ਸਰੋਵਰ ਦੀ ਕਾਰ-ਸੇਵਾ ਸੰਤ ਜੀਵਨ ਸਿੰਘ ਦੀ ਨਿਗਰਾਨੀ ਹੇਠ ਹੋਈ। ਪਿਛਲੇ ਸਾਲ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਮਿਤੀ 12 ਜੁਲਾਈ, 2018 ਦੇ ਮਤਾ ਨੰ: 550 ਤਹਿਤ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਓੜੀ ਦੀ ਮੁੜ ਉਸਾਰੀ ਦੀ ਕਾਰ-ਸੇਵਾ ਬਾਬਾ ਜਗਤਾਰ ਸਿੰਘ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ। ਕਾਰ-ਸੇਵਾ ਦੀ ਆਰੰਭਤਾ ਵੇਲੇ 14 ਸਤੰਬਰ 2018 ਨੂੰ ਸੰਗਤਾਂ ਦੇ ਭਾਰੀ ਵਿਰੋਧ ਅਤੇ ਲਿਖਤੀ ਇਤਰਾਜ਼ ਕਰਨ ‘ਤੇ ਸ਼੍ਰੋਮਣੀ ਕਮੇਟੀ ਨੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਮਿਤੀ 18 ਅਕਤੂਬਰ 2018 ਦੇ ਮਤਾ ਨੰ: 765 ਤਹਿਤ ਦਰਸ਼ਨੀ ਡਿਓੜੀ ਦੀ ਨਵ-ਉਸਾਰੀ ਦੀ ਕਾਰ-ਸੇਵਾ ਨੂੰ ਵਧੇਰੇ ਵਿਚਾਰ ਲਈ ਮੁਲਤਵੀ ਕਰ ਦਿੱਤਾ ਸੀ। ਲੰਘੀ 30-31 ਮਾਰਚ ਦੀ ਦਰਮਿਆਨੀ ਰਾਤ ਕਾਰ-ਸੇਵਾ ਵਾਲੇ ਸੇਵਾਦਾਰਾਂ ਵਲੋਂ ਚੁੱਪ-ਚਪੀਤੇ ਦਰਸ਼ਨੀ ਡਿਓੜੀ ਦਾ ਗੁੰਬਦ ਢਾਹੇ ਜਾਣ ਦੀ ਕਾਰਵਾਈ ਨੇ ਸਮੁੱਚੀ ਸਿੱਖ ਕੌਮ ਵਿਚ ਜਿਥੇ ਭਾਰੀ ਰੋਸ ਪੈਦਾ ਕਰ ਦਿੱਤਾ, ਉਥੇ ਆਪਣੀ ਵਿਰਾਸਤ ਅਤੇ ਇਤਿਹਾਸਕ ਅਸਥਾਨਾਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਬਾਰੇ ਭਾਰੀ ਫ਼ਿਕਰਮੰਦੀ ਵੀ ਪੈਦਾ ਕਰ ਦਿੱਤੀ।
ਕਾਰ-ਸੇਵਾ ਦਾ ਸੰਕਲਪ ਬੁਨਿਆਦੀ ਤੌਰ ‘ਤੇ ਤਾਂ ਬਹੁਤ ਪਵਿੱਤਰ, ਨਿਸ਼ਕਾਮ ਅਤੇ ਨਿਰਮਲ ਹੈ ਪਰ ਪਿਛਲੇ ਕੁਝ ਸਮੇਂ ਤੋਂ ਕੁਝ ਕਾਰ-ਸੇਵਾ ਸੰਪਰਦਾਵਾਂ ਵਲੋਂ ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਨਵ-ਉਸਾਰੀ ਦੌਰਾਨ ਅਣਗਹਿਲੀ ਜਾਂ ਵਿਰਾਸਤ ਦੀ ਅਹਿਮੀਅਤ ਤੋਂ ਅਨਜਾਣ ਹੋਣ ਕਰਕੇ ਇਤਿਹਾਸਕ ਅਤੇ ਵਿਰਾਸਤੀ ਨਿਸ਼ਾਨੀਆਂ ਤੇ ਇਮਾਰਤਾਂ ਦੀ ਹੋਂਦ ਮਿਟਾਉਣ ਦੇ ਵਰਤਾਰੇ ਨੇ, ਸਮੁੱਚੀ ਕਾਰ-ਸੇਵਾ ਪਰੰਪਰਾ ਦੇ ਸਤਿਕਾਰ ਨੂੰ ਠੇਸ ਪਹੁੰਚਾਈ ਹੈ। ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਦਾ ਪੁਰਾਤਨ ਘਰ ਅਤੇ ਚੁੱਲ੍ਹਾ, ਗੁਰਦੁਆਰਾ ਹੱਟ ਸਾਹਿਬ, ਚਮਕੌਰ ਦੀ ਕੱਚੀ ਗੜ੍ਹੀ, ਫ਼ਤਹਿਗੜ੍ਹ ਸਾਹਿਬ ਵਿਖੇ ਠੰਢਾ ਬੁਰਜ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਦੀ ਪੁਰਾਤਨ ਯਾਦਗਾਰ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਰਾਤਨ ਇਤਿਹਾਸਕ ਕਿਲ੍ਹਿਆਂ ਦੇ ਬਚੇ-ਖੁਚੇ ਅਵਸ਼ੇਸ਼ਾਂ ਨੂੰ ਸੰਗਮਰਮਰੀ ਇਮਾਰਤਾਂ ਹੇਠ ਦੱਬਣ, ਸਾਹਿਬਜ਼ਾਦਿਆਂ ਦੇ ਜਨਮ ਅਸਥਾਨ ਨੂੰ ਅਲੋਪ ਕਰਨ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਆਲੇ-ਦੁਆਲੇ ਬਹੁਤ ਮਹੱਤਵਪੂਰਨ ਇਤਿਹਾਸਕ ਤੇ ਵਿਰਾਸਤੀ ਇਮਾਰਤਾਂ, ਬਾਜ਼ਾਰਾਂ, ਗੁਰੂ ਕਾ ਬਾਗ਼ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸਕ ਬਾਰਾਂਦਰੀ ਨੂੰ ਨਵੀਨੀਕਰਨ ਦੀ ਮਾਰ ਹੇਠ ਮਿਟਾਉਣ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਸਮੇਤ ਬਹੁਤ ਸਾਰੇ ਇਤਿਹਾਸਕ ਗੁਰਦੁਆਰਿਆਂ ਦੇ ‘ਦਰਬਾਰ’ ਵੱਡੇ ਕਰਨ ਦੇ ਨਾਂਅ ‘ਤੇ ਪੁਰਾਤਨ ਗੁਰਦੁਆਰਿਆਂ ਦੀਆਂ ਇਮਾਰਤਾਂ ਢਾਹੁਣੀਆਂ ਆਦਿ, ਸਾਡੇ ਵਿਰਾਸਤੀ ਤੇ ਇਤਿਹਾਸਕ ਤੌਰ ‘ਤੇ ਬਹੁਤ ਵੱਡੇ ਅਤੇ ਨਾ-ਪੂਰਤੀਯੋਗ ਨੁਕਸਾਨ ਹੋ ਚੁੱਕੇ ਹਨ। ਨਵੀਨੀਕਰਨ ਅਤੇ ਸੁੰਦਰੀਕਰਨ ਦੀ ਸਾਡੇ ਗੁਰਧਾਮਾਂ ਦੇ ਪ੍ਰਬੰਧਕਾਂ ਅਤੇ ਕਾਰ-ਸੇਵਾ ਵਾਲਿਆਂ ਨੂੰ ਇੰਨੀ ਹੋੜ ਲੱਗੀ ਹੋਈ ਹੈ ਕਿ ਦੋ-ਚਾਰ ਸਾਲ ਬਾਅਦ ਹੀ ਤੁਸੀਂ ਕਿਸੇ ਇਤਿਹਾਸਕ ਗੁਰਧਾਮ ਦੇ ਦਰਸ਼ਨਾਂ ਲਈ ਜਾਵੋ ਤਾਂ ਉਥੇ ਸਾਰਾ ਨਕਸ਼ਾ ਹੀ ਬਦਲਿਆ ਹੋਇਆ ਨਜ਼ਰ ਆਵੇਗਾ। ਆਪਣੇ ਪਵਿੱਤਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਕੇ ਗੁਰੂ-ਕਾਲ ਜਾਂ ਸਿੱਖ ਇਤਿਹਾਸ ਦੀਆਂ ਸਦੀਆਂ ਪੁਰਾਣੀਆਂ ਯਾਦਾਂ ਦਾ ਅਹਿਸਾਸ ਜਾਂ ਪ੍ਰੇਰਨਾ ਮਿਲਣੀ ਤਾਂ ਦੂਰ ਦੀ ਗੱਲ, ਤੁਹਾਨੂੰ ਪਿਛਲੀ ਯਾਤਰਾ ਦੀਆਂ ਯਾਦਾਂ ਵੀ ਨਹੀਂ ਲੱਭਣਗੀਆਂ।
ਸਾਡੇ ਬਹੁਤੇ ਪਵਿੱਤਰ ਇਤਿਹਾਸਕ ਗੁਰਦੁਆਰੇ ਤੇ ਹੋਰ ਇਮਾਰਤਾਂ ਮਿਸਲ ਰਾਜ ਜਾਂ ਸ਼ੇਰ-ਏ-ਪੰਜਾਬ ਦੇ ਸਿੱਖ ਰਾਜ ਵੇਲੇ ਦੀਆਂ ਬਣੀਆਂ ਹਨ। ਗੁਰਦੁਆਰਾ ਪ੍ਰਬੰਧਕਾਂ ਅਤੇ ਕਾਰ-ਸੇਵਾ ਸੰਪਰਦਾਵਾਂ ਵਲੋਂ ਗੁਰਦੁਆਰਿਆਂ ਦੀਆਂ ਪੁਰਾਤਨ ਤੇ ਵਿਰਾਸਤੀ ਇਮਾਰਤਾਂ ਨੂੰ ਬੇਹੱਦ ਮਜ਼ਬੂਤ ਤੇ ਸੁਰੱਖਿਅਤ ਹੋਣ ਦੇ ਬਾਵਜੂਦ ਢਾਹ ਕੇ ਵੱਡੇ-ਵੱਡੇ ਸੰਗਮਰਮਰੀ ਗੁਰਦੁਆਰੇ ਉਸਾਰ ਦਿੱਤੇ ਗਏ। ਕੁਝ ਸਾਲ ਪਹਿਲਾਂ ਇਕ ਸਿੱਖ ਵਿਦਵਾਨ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਗਿਆ ਤਾਂ ਉਸ ਨੇ ਉਥੇ ਇਤਿਹਾਸਕ ਗੁਰਦੁਆਰੇ ਪੁਰਾਤਨ ਤੇ ਛੋਟੇ-ਛੋਟੇ ਵੇਖ ਕੇ ਉਥੋਂ ਦੇ ਕਿਸੇ ਪ੍ਰਬੰਧਕ ਨੂੰ ਪੁੱਛਿਆ ਕਿ ਸਾਡੇ ਪੂਰਬੀ ਪੰਜਾਬ ‘ਚ ਤਾਂ ਸਮੇਂ ਦੇ ਲਿਹਾਜ਼ ਨਾਲ ਸੰਗਤ ਦੀ ਆਮਦ ਨੂੰ ਵੇਖਦਿਆਂ ਇਤਿਹਾਸਕ ਗੁਰਦੁਆਰਿਆਂ ਦੀਆਂ ਪੁਰਾਤਨ ਇਮਾਰਤਾਂ ਢਾਹ ਕੇ ਵੱਡੇ-ਵੱਡੇ ਗੁਰਦੁਆਰੇ ਉਸਾਰ ਦਿੱਤੇ ਗਏ ਹਨ ਪਰ ਤੁਹਾਡੇ ਇੱਥੇ ਸਾਰੇ ਗੁਰਦੁਆਰੇ ਪੁਰਾਤਨ ਅਤੇ ਨਿੱਕੇ-ਨਿੱਕੇ ਹੀ ਹਨ, ਅਜਿਹਾ ਕਿਉਂ? ਤਾਂ ਉਸ ਪ੍ਰਬੰਧਕ ਨੇ ਜਵਾਬ ਦਿੱਤਾ ਕਿ ਗੁਰਦੁਆਰੇ ‘ਚ ਬੈਠ ਕੇ ਕੀਰਤਨ ਜਾਂ ਗੁਰਬਾਣੀ ਸੁਣਨ ਵਾਲੀ ਸਤਿਸੰਗਤ ਦੀ ਗਿਣਤੀ ਤਾਂ ਏਨੀ ਕੁ ਹੀ ਹੁੰਦੀ ਹੈ, ਜਿੰਨੇ ਕੁ ਸਰੀਰ ਇਨ੍ਹਾਂ ਪੁਰਾਤਨ ਗੁਰਦੁਆਰਿਆਂ ਵਿਚ ਬੈਠ ਸਕਦੇ ਹਨ। ਜੇਕਰ ਖ਼ਾਲਸਾ ਸਾਜਨਾ ਵੇਲੇ 80 ਹਜ਼ਾਰ ਦਾ ਇਕੱਠ ਸ੍ਰੀ ਅਨੰਦਪੁਰ ਸਾਹਿਬ ਵਿਚ ਹੋ ਸਕਦਾ ਹੈ ਤਾਂ ਉਸ ਤੋਂ 50-100 ਸਾਲ ਬਾਅਦ ਸਿੱਖ ਰਾਜ ਵੇਲੇ ਸਿੱਖਾਂ ਦੀ ਗਿਣਤੀ ਘੱਟ ਨਹੀਂ ਹੋਵੇਗੀ। ਗੁਰਦੁਆਰੇ ਉਦੋਂ ਵੀ ਵੱਡੇ ਬਣਾਏ ਜਾ ਸਕਦੇ ਸਨ। ਪਰ ਅਜਿਹਾ ਨਹੀਂ ਕੀਤਾ ਗਿਆ। ਇਸ ਪਿੱਛੇ ਗੁਰਮਤਿ ਵਿਚਲਾ ਸਤਿਸੰਗਤ ਦਾ ਰੂਹਾਨੀ ਅਹਿਸਾਸ ਅਤੇ ਇਕ ਸੰਕਲਪ ਕੰਮ ਕਰਦਾ ਹੈ।
ਕਾਰ-ਸੇਵਾ ਦੇ ਨਾਂਅ ‘ਤੇ ਪੁਰਾਤਨ ਇਤਿਹਾਸਕ ਗੁਰਦੁਆਰਿਆਂ ਨੂੰ ਢਾਹ ਕੇ ਰੂਹਾਨੀ ਤੇ ਗੁਰੂ ਕਾਲ ਦੇ ਅਹਿਸਾਸ ਤੋਂ ਸੱਖਣੀਆਂ ਸੰਗਮਰਮਰੀ ਇਮਾਰਤਾਂ ਉਸਾਰਨ ਦਾ ਰੁਝਾਨ ਹੁਣ ਪਾਕਿਸਤਾਨ ਤੱਕ ਵੀ ਪਹੁੰਚ ਗਿਆ ਹੈ। ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਗੁਰਦੁਆਰਾ ਚੂਨਾ ਮੰਡੀ ਲਾਹੌਰ ਦੀ ਪੁਰਾਤਨ ਇਮਾਰਤ ਨੂੰ ਢਾਹ ਕੇ ਨਵੀਂ ਉਸਾਰਨ ਤੋਂ ਇਲਾਵਾ, ਪਿੱਛੇ ਜਿਹੇ ਪਾਕਿਸਤਾਨ ਦੇ ਗੁਰਦੁਆਰਾ ਤੰਬੂ ਸਾਹਿਬ ਦੇ ਪੁਰਾਤਨ ਦਰਬਾਰ ਸਾਹਿਬ ਨੂੰ ਢਾਹ ਕੇ ਨਵ-ਉਸਾਰੀ ਦੀ ਕਾਰ-ਸੇਵਾ ਅਤੇ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਦੀਵਾਨ ਹਾਲ ਦੀ ਕਾਰ-ਸੇਵਾ ਨੂੰ ਲੈ ਕੇ ਵੀ ਸੰਸਾਰ ਭਰ ਦੀ ਸਿੱਖ ਸੰਗਤ ਨੇ ਭਾਰੀ ਰੋਸ ਜਤਾਇਆ ਸੀ।
ਬਹੁਤੀ ਵਾਰੀ ਪੁਰਾਤਨ ਇਤਿਹਾਸਕ ਜਾਂ ਸਿੱਖ ਵਿਰਾਸਤ ਨਾਲ ਸਬੰਧਿਤ ਇਮਾਰਤਾਂ ਦੀ ਨਵ-ਉਸਾਰੀ ਲਈ ਇਹ ਤਰਕ ਦਿੱਤਾ ਜਾਂਦਾ ਹੈ ਕਿ ਇਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਖ਼ਸਤਾ ਹੈ ਅਤੇ ਇਨ੍ਹਾਂ ਦੀ ਮੁਰੰਮਤ ਨਹੀਂ ਹੋ ਸਕਦੀ। ਜੇਕਰ ਆਪਣੀ ਵਿਰਾਸਤ ਅਤੇ ਮੂੰਹ ਬੋਲਦੇ ਇਤਿਹਾਸ ਨੂੰ ਸਾਂਭਣ ਦੀ ਸ਼ਿੱਦਤ ਹੋਵੇ ਤਾਂ ਹਜ਼ਾਰਾਂ ਸਾਲ ਪੁਰਾਣੀਆਂ ਇਮਾਰਤਾਂ ਨੂੰ ਵੀ ਹੂ-ਬ-ਹੂ ਸਾਂਭ ਕੇ ਰੱਖਿਆ ਜਾ ਸਕਦਾ ਹੈ। ਰੋਮ ਸਥਿਤ 80ਵੀਂ ਈਸਵੀ ਵਿਚ ਬਣਿਆ, ਰੋਮਨ ਭਵਨ ਤੇ ਨਿਰਮਾਣ ਕਲਾ ਦਾ ਸਭ ਤੋਂ ਉੱਤਮ ਨਮੂਨਾ, ਲਗਭਗ 2 ਹਜ਼ਾਰ ਸਾਲ ਪੁਰਾਣਾ ਕੋਲੋਜ਼ੀਅਮ ਭੁਚਾਲ ਅਤੇ ਪੱਥਰ ਚੋਰੀ ਹੋਣ ਕਾਰਨ ਖ਼ਸਤਾ ਹਾਲਤ ਹੋ ਕੇ ਡਿਗਣ ਲੱਗ ਪਿਆ ਸੀ। ਇਟਲੀ ਸਰਕਾਰ ਨੇ ਇਸ ਦੀ ਹੋਂਦ ਨੂੰ ਕਾਇਮ ਰੱਖਣ ਲਈ ਇਸ ਦੇ ਆਸਪਾਸ ਵੱਖਰੀਆਂ ਕੰਧਾਂ ਕੱਢ ਦਿੱਤੀਆਂ ਅਤੇ ਇਹ ਵੀ ਖ਼ਿਆਲ ਰੱਖਿਆ ਗਿਆ ਕਿ ਇਨ੍ਹਾਂ ਨਵੀਨ ਕੰਧਾਂ ਦੀਆਂ ਇੱਟਾਂ ਪੁਰਾਤਨ ਇੱਟਾਂ ਨਾਲੋਂ ਵੱਖਰੀਆਂ ਦਿਖਾਈ ਦੇਣ ਤਾਂ ਜੋ ਇਤਿਹਾਸਕ ਇਮਾਰਤ ਨਾਲ ਰਲੇਵਾਂ ਨਾ ਪਵੇ।
ਦੂਜੇ ਪਾਸੇ ਸਾਡੀਆਂ ਬਹੁਤ ਸਾਰੀਆਂ ਮਹਿਜ 400-500 ਸਾਲ ਪੁਰਾਣੀਆਂ ਇਤਿਹਾਸਕ ਅਤੇ ਵਿਰਾਸਤੀ ਇਮਾਰਤਾਂ ਸਿੱਖ ਭਵਨ ਤੇ ਨਿਰਮਾਣ ਕਲਾ ਤੇ ਵਸਤੂਕਾਰੀ ਦਾ ਨਾਯਾਬ ਨਮੂਨਾ ਅਤੇ ਬੇਹੱਦ ਮਜ਼ਬੂਤ ਹੋਣ ਦੇ ਬਾਵਜੂਦ ਅਣਗਹਿਲੀ ਅਤੇ ਲੋੜੀਂਦੀ ਸਾਂਭ-ਸੰਭਾਲ ‘ਚ ਅਵੇਸਲੇਪਣ ਦੀ ਭੇਟ ਚੜ੍ਹ ਰਹੀਆਂ ਹਨ। ਤਲਵੰਡੀ ਸਾਬੋ ਵਿਖੇ 1729 ‘ਚ ਬਾਬਾ ਦੀਪ ਸਿੰਘ ਜੀ ਸ਼ਹੀਦ ਵਲੋਂ ਉਸਾਰੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਇਮਾਰਤ ਅਤੇ ਨਾਲ ਇਕ ਬੁਰਜ ਸਿੱਖ ਭਵਨ ਤੇ ਨਿਰਮਾਣ ਕਲਾ ਦਾ ਅਜੂਬਾ ਸੀ। ਅੰਗਰੇਜ਼ ਵੀ ਕਹਿੰਦੇ ਸਨ ਕਿ ਇਹ ਇਮਾਰਤ ਘੱਟੋ-ਘੱਟ 1200 ਸਾਲ ਤੱਕ ਕਿਤੇ ਨਹੀਂ ਜਾਣ ਵਾਲੀ। ਪਰ ਕਾਰ-ਸੇਵਾ ਦੇ ਨਾਂਅ ‘ਤੇ ਇਹ ਪੁਰਾਤਨ ਇਮਾਰਤ ਵੀ ਖ਼ਤਮ ਕਰ ਦਿੱਤੀ ਗਈ। ਇੱਥੇ ਬਚੀ ਇਕੋ-ਇਕ ਵਿਰਾਸਤੀ ਧਰੋਹਰ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਪੁਰਾਤਨ ਭੋਰੇ ਦੇ ਅੰਦਰ ਵੀ ਪਿਛਲੇ ਦਿਨੀਂ ਸਿੱਲ੍ਹ ਪੈਦਾ ਹੋ ਗਈ ਤਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਲਾਰਗੰਜ ਅਜਾਇਬ ਘਰ ਹੈਦਰਾਬਾਦ ਦੇ ਪੁਰਾਤਨ ਵਿਰਾਸਤਾਂ ਦੀ ਸਾਂਭ-ਸੰਭਾਲ ਦੇ ਮਾਹਰਾਂ ਨੂੰ ਬੁਲਾ ਕੇ ਇਸ ਦਾ ਨਿਰੀਖਣ ਕਰਵਾਇਆ। ਮਾਹਿਰਾਂ ਨੇ ਦੱਸਿਆ ਕਿ ਇਸ ਦੇ ਆਲੇ-ਦੁਆਲੇ ਬਣਾਈਆਂ ਪਾਰਕਾਂ, ਭੋਰੇ ਦੇ ਰੌਸ਼ਨਦਾਨ ਬੰਦ ਕਰਨ ਅਤੇ ਭੋਰੇ ਦੀਆਂ ਪੁਰਾਤਨ ਇੱਟਾਂ ਨੂੰ ਰੰਗ-ਰੋਗਨ ਕਰਨ ਨਾਲ ਇਸ ਦੀ ਹੋਂਦ ਨੂੰ ਖ਼ਤਰਾ ਪੈਦਾ ਹੋਇਆ ਹੈ। ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੱਦੀ ਘਰ ਚੁਬਾਰਾ ਸਾਹਿਬ ਦੀ ਪੁਰਾਤਨ ਇਮਾਰਤ ਦੀ ਛੱਤ ਉਪਰ ਕਾਰ-ਸੇਵਾ ਵਾਲੇ ਬਾਬਿਆਂ ਵਲੋਂ ਬਗ਼ੈਰ ਤਕਨੀਕੀ ਮਾਹਰਾਂ ਦੀ ਰਾਇ ਦੇ, ਇਕ ਹੋਰ ਛੱਤ ਪਾ ਦੇਣ ਨਾਲ, ਉਸ ਪੁਰਾਤਨ ਇਮਾਰਤ ਅੰਦਰ ਵੀ ਭਾਰੀ ਤਰੇੜਾਂ ਆ ਗਈਆਂ ਸਨ। ਕਾਰ-ਸੇਵਾ ਵਾਲੇ ਬਾਬੇ ਨਾਨਕਸ਼ਾਹੀ ਇੱਟਾਂ ਨਾਲ ਬਣੀ ਉਸ ਪੁਰਾਤਨ ਵਿਰਾਸਤੀ ਇਮਾਰਤ ਨੂੰ ਵੀ ਢਾਹ ਕੇ ਨਵੀਂ ਸੰਗਮਰਮਰੀ ਇਮਾਰਤ ਖੜ੍ਹੀ ਕਰਨੀ ਚਾਹੁੰਦੇ ਸਨ, ਜਿਸ ਨੂੰ ਕਿ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਦੀ ਸੂਝ-ਬੁੂਝ ਕਾਰਨ ਬਚਾਅ ਲਿਆ ਗਿਆ।
‘ਦੇਰ ਆਇਦ, ਦਰੁਸਤ ਆਇਦ’ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੁੱਖ ਸਕੱਤਰ ਡਾ: ਰੂਪ ਸਿੰਘ ਦੀਆਂ ਸਿਫ਼ਾਰਸ਼ਾਂ ‘ਤੇ ਭਵਿੱਖ ਵਿਚ ਸਿੱਖ ਇਤਿਹਾਸਕ ਇਮਾਰਤਾਂ, ਵਿਰਾਸਤੀ ਯਾਦਗਾਰਾਂ, ਇਤਿਹਾਸਕ ਵਸਤਾਂ ਅਤੇ ਪੁਰਾਤਨ ਰੁੱਖਾਂ ਆਦਿ ਨੂੰ ਬਚਾਉਣ ਅਤੇ ਸਾਂਭ-ਸੰਭਾਲ ਕਰਨ ਲਈ ਇਕ ਵਿਰਾਸਤੀ ਕਮੇਟੀ ਦਾ ਗਠਨ ਕਰ ਦਿੱਤਾ ਹੈ, ਜਿਸ ਵਿਚ ਭਵਨ ਤੇ ਨਿਰਮਾਣ ਕਲਾ ਅਤੇ ਪੁਰਾਤੱਤਵ ਇਮਾਰਤਾਂ ਦੀ ਸਾਂਭ-ਸੰਭਾਲ ਦੇ ਮਾਹਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਵੀ ਇਕ ਵੱਖਰਾ ‘ਸਿੱਖ ਹੈਰੀਟੇਜ ਕਮਿਸ਼ਨ’ ਗਠਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਦੇਸ਼-ਵਿਦੇਸ਼ ‘ਚ ਸਥਿਤ ਇਤਿਹਾਸਕ ਗੁਰਦੁਆਰਿਆਂ, ਵਿਰਾਸਤੀ ਇਮਾਰਤਾਂ ਅਤੇ ਅਸਥਾਨਾਂ ਸਬੰਧੀ ਵਿਸਥਾਰਤ ਜਾਣਕਾਰੀ ਸਹਿਤ ਪੰਥਕ ਰਿਕਾਰਡ ਵਜੋਂ ਇਕ ਡਾਇਰੈਕਟਰੀ ਤਿਆਰ ਕਰਵਾਉਣੀ ਚਾਹੀਦੀ ਹੈ। ਗੁਰੂ ਕਾਲ ਜਾਂ ਸਿੱਖ ਕਾਲ ਵੇਲੇ ਦੇ ਜਿਹੜੇ ਇਤਿਹਾਸਕ ਗੁਰਦੁਆਰੇ, ਬੁੰਗੇ ਤੇ ਹੋਰ ਵਿਰਾਸਤੀ ਇਮਾਰਤਾਂ ਬਣੀਆਂ ਹਨ, ਉਨ੍ਹਾਂ ਵਿਚਲੀ ਸਿੱਖ ਭਵਨ ਤੇ ਨਿਰਮਾਣ ਕਲਾ ‘ਤੇ ਅਕਾਦਮਿਕ ਪੱਧਰ ‘ਤੇ ਵਧੇਰੇ ਖੋਜ ਕਾਰਜਾਂ ਦੀ ਪਿਰਤ ਪਾਉਣ ਦੀ ਵੀ ਲੋੜ ਹੈ, ਤਾਂ ਜੋ ਵਿਲੱਖਣ ਸਿੱਖ ਵਸਤੂਕਾਰੀ (1rc}tacture), ਹਸਤ ਕਾਲਾਵਾਂ, ਕੋਮਲ ਹੁਨਰ ਅਤੇ ਸਿੱਖ ਭਵਨ ਤੇ ਨਿਰਮਾਣ ਕਲਾ ਨੂੰ ਗੁਆਚਣ ਤੋਂ ਬਚਾਇਆ ਜਾ ਸਕੇ ਅਤੇ ਦੁਨੀਆ ਨੂੰ ਵੀ ਇਸ ਤੋਂ ਜਾਣੂ ਕਰਵਾਇਆ ਜਾ ਸਕੇ। ਸਿੱਖਾਂ ਅੰਦਰ ਆਪਣੀ ਵਿਰਾਸਤ, ਇਤਿਹਾਸਕ ਅਸਥਾਨਾਂ ਦੀ ਪੁਰਾਤਨਤਾ ਨੂੰ ਕਾਇਮ ਰੱਖਣ ਲਈ ਵਧੇਰੇ ਚੇਤਨਾ ਪੈਦਾ ਹੋਣੀ ਚਾਹੀਦੀ ਹੈ, ਕਿਉਂਕਿ ਵਿਰਾਸਤ ਹੀ ਪ੍ਰੇਰਨਾ-ਸਰੋਤ ਹੁੰਦੀਆਂ ਹਨ ਜਿਹੜੀਆਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ, ਆਪਣੇ ਸੱਭਿਆਚਾਰ ਅਤੇ ਆਪਣੇ ਧਰਮ ਨਾਲ ਜੋੜਦੀਆਂ ਹਨ।

Leave a Reply

Your email address will not be published. Required fields are marked *