ਅੱਖਾਂ ਕਰਲੋ ਬੰਦ ,ਗੱਡੀ ‘ਚ ਹੀ ਚੜ੍ਹਿਆ ਮਿਲੇਗਾ ਚੰਦ

0
131

ਨਵੀਂ ਦਿੱਲੀ— ਭਾਰਤ ‘ਚ ਬਣੀ ਪਹਿਲੀ ਹਾਈ ਸਪੀਡ ਟਰੇਨ ਇਸ ਮਹੀਨੇ ਤੋਂ ਪਟੜੀ ‘ਤੇ ਦੌੜੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਫਰਵਰੀ ਨੂੰ ‘ਵੰਦੇ ਭਾਰਤ ਐਕਸਪ੍ਰੈੱਸ’ ਨੂੰ ਨਵੀਂ ਦਿੱਲੀ ‘ਚ ਹਰੀ ਝੰਡੀ ਦਿਖਾਉਣਗੇ। ਹਾਲ ਹੀ ‘ਚ ਰੇਲ ਮੰਤਰੀ ਪਿਊਸ਼ ਗੋਇਲ ਨੇ ‘ਟਰੇਨ-18’ ਨੂੰ ਵੰਦੇ ਭਾਰਤ ਐਕਸਪ੍ਰੈੱਸ ਨਾਮ ਦਿੱਤਾ ਹੈ। ਤਕਰੀਬਨ 100 ਕਰੋੜ ਦੀ ਲਾਗਤ ਨਾਲ ਬਣੀ ਇਸ ਟਰੇਨ ਨੂੰ ਪੂਰੀ ਤਰ੍ਹਾਂ ਭਾਰਤ ‘ਚ ਹੀ ਤਿਆਰ ਕੀਤਾ ਗਿਆ ਹੈ। ਇਸ ਨੂੰ ਬਣਾਉਣ ‘ਚ ਸਿਰਫ 18 ਮਹੀਨੇ ਦਾ ਸਮਾਂ ਲੱਗਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਫਰਵਰੀ ਨੂੰ ਸਵੇਰੇ 10 ਵਜੇ ਇਸ ਟਰੇਨ ਨੂੰ ਨਵੀਂ ਦਿੱਲੀ ਤੋਂ ਵਾਰਾਣਸੀ ਲਈ ਰਵਾਨਾ ਕਰਨਗੇ। 17 ਫਰਵਰੀ ਤੋਂ ਆਮ ਯਾਤਰੀ ਇਸ ਟਰੇਨ ‘ਚ ਸਫਰ ਕਰ ਸਕਦੇ ਹਨ। 16 ਡੱਬਿਆਂ ਵਾਲੀ ਇਹ ਟਰੇਨ 30 ਸਾਲ ਪੁਰਾਣੀ ਸ਼ਤਾਬਦੀ ਐਕਸਪ੍ਰੈੱਸ ਦੀ ਜਗ੍ਹਾ ਲਵੇਗੀ।
‘ਵੰਦੇ ਭਾਰਤ’ ਨਵੀਂ ਦਿੱਲੀ ਤੇ ਵਾਰਾਣਸੀ ਵਿਚਕਾਰ 755 ਕਿਲੋਮੀਟਰ ਦੀ ਦੂਰੀ 8 ਘੰਟੇ ‘ਚ ਪੂਰਾ ਕਰੇਗੀ, ਜਿਸ ‘ਚ ਮੌਜੂਦਾ ਸਮੇਂ ਤਕਰੀਬਨ 14 ਘੰਟੇ ਲੱਗਦੇ ਹਨ। ਸਫਰ ਦੌਰਾਨ ਇਹ ਟਰੇਨ ਸਿਰਫ ਦੋ ਸਟੇਸ਼ਨਾਂ ਕਾਨਪੁਰ ਤੇ ਪ੍ਰਯਾਗਰਾਜ ‘ਚ ਰੁਕੇਗੀ। ਟਰਾਇਲ ਦੌਰਾਨ ਇਹ 180 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਵੱਧ ਰਫਤਾਰ ਦਾ ਰਿਕਾਰਡ ਦਰਜ ਕਰ ਚੁੱਕੀ ਹੈ।
ਵੰਦੇ ਭਾਰਤ ਐਕਸਪ੍ਰੈੱਸ ਦੇ ਫੀਚਰ :
ਇਸ ਦੇ ਹਰ ਕੋਚ ‘ਚ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ। ਇਸ ਦੇ ਨਾਲ ਹੀ ਹਰ ਕੋਚ ‘ਚ 2 ਸੰਕਟਕਾਲੀਨ ਸਵਿੱਚ ਵੀ ਹਨ, ਜਿਨ੍ਹਾਂ ਨੂੰ ਸੰਕਟ ਦੀ ਸਥਿਤੀ ‘ਚ ਦਬਾ ਕੇ ਮਦਦ ਲਈ ਜਾ ਸਕਦੀ ਹੈ। ਸੀਟਾਂ ਅਰਾਮਦਾਇਕ ਹਨ, ਇਨ੍ਹਾਂ ਨੂੰ 360 ਡਿਗਰੀ ‘ਤੇ ਘੁਮਾਇਆ ਜਾ ਸਕਦਾ ਹੈ, ਯਾਨੀ ਯਾਤਰੀ ਜਿੱਧਰ ਨੂੰ ਚਾਹੇ ਸੀਟ ਘੁਮਾ ਸਕਦਾ ਹੈ। ਮੈਟਰੋ ਟਰੇਨ ਦੀ ਤਰ੍ਹਾਂ ਦਰਵਾਜ਼ੇ ਆਟੋਮੈਟਿਕ ਹਨ, ਯਾਨੀ ਪਲੇਟਫਾਰਮ ‘ਤੇ ਹੀ ਖੁੱਲ੍ਹਣਗੇ ਅਤੇ ਬੰਦ ਹੋ ਜਾਣਗੇ। ਮੁਸਾਫਰਾਂ ਦਾ ਸਫਰ ਅਨੰਦਮਈ ਬਣਾਉਣ ਲਈ ਇਸ ‘ਚ ਵਾਈ-ਫਾਈ ਦੀ ਵੀ ਸੁਵਿਧਾ ਦਿੱਤੀ ਗਈ ਹੈ। ਇਸ ਦੇ ਇਲਾਵਾ ਟਰੇਨ ‘ਚ ਜੀ. ਪੀ. ਐੱਸ. ਸਿਸਟਮ ਵੀ ਦਿੱਤਾ ਗਿਆ ਹੈ। ਇਸ ਟਰੇਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ‘ਚ ਤੁਹਾਨੂੰ ਦੂਜੀਆਂ ਗੱਡੀਆਂ ਦੀ ਤਰ੍ਹਾਂ ਇੰਜਣ ਨਹੀਂ ਦਿਸੇਗਾ।
ਕਿੰਨਾ ਹੋਵੇਗਾ ਕਿਰਾਇਆ?
ਨਵੀਂ ਦਿੱਲੀ ਤੋਂ ਵਾਰਾਣਸੀ ਲਈ ਘੱਟੋ-ਘੱਟ 1,760 ਰੁਪਏ ਲੱਗਣਗੇ। ਬਿਜ਼ਨੈੱਸ ਕਲਾਸ ‘ਚ ਸਫਰ ਕਰਨਾ ਹੈ ਤਾਂ ਟਿਕਟ 3,310 ਰੁਪਏ ‘ਚ ਮਿਲੇਗੀ। ਇਸ ‘ਚ ਖਾਣ-ਪੀਣ ਸਮੇਤ ਸਾਰੇ ਖਰਚ ਸ਼ਾਮਲ ਹਨ। ਖਾਣ-ਪੀਣ ਦੇ ਸਮਾਨ ‘ਚ ਚਾਹ, ਕੌਫੀ, ਬਿਸਕੁਟ, ਪਿਜ਼ਾ ਤੋਂ ਲੈ ਕੇ ਦੁੱਧ, ਚਾਵਲ, ਪਨੀਰ, ਸਮੋਸਾ, ਮਿਠਾਈ, ਜੂਸ ਸਭ ਮਿਲੇਗਾ। ਫਿਲਹਾਲ ਸ਼ੁਰੂ ‘ਚ ਵੰਦੇ ਭਾਰਤ ਐਕਸਪ੍ਰੈੱਸ ਦਾ ਕਿਰਾਇਆ ਸ਼ਤਾਬਦੀ ਤੋਂ 1.4 ਗੁਣਾ ਜ਼ਿਆਦਾ ਹੈ।