ਅਰਦਾਸ ਕਰਾਂ ਕਰ ਨੀ ਸਕੀ ‘ਅਰਦਾਸ’

ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੇ ਤਾਣੇ ਬਾਣੇ ਦੀ ਨਬਜ਼ ਅਮਰਿੰਦਰ ਗਿੱਲ ਆਪਣੀ ਫ਼ਿਲਮਾਂ ‘ਚ ਜ਼ਿਆਦਾ ਸਹਿਜ ਅਤੇ ਸੁਹਿਰਦ ਹੋਕੇ ਪੇਸ਼ ਕਰਦਾ ਹੈ।ਗਿੱਪੀ ਗਰੇਵਾਲ ਆਪਣੀਆਂ ਫ਼ਿਲਮਾਂ ‘ਚ ਇਸ ਪਾਸੇ ਤੋਂ ਥੋੜ੍ਹਾ ਖੁੰਝ ਜਾਂਦਾ ਹੈ।ਮੰਜੇ ਬਿਸਤਰੇ ਤੋਂ ਲੈਕੇ ਇਸ ਤੋਂ ਪਹਿਲਾਂ ਵਿਦੇਸ਼ੀ ਸਰਜ਼ਮੀਨ ‘ਤੇ ਬਣੀਆਂ ਗਿੱਪੀ ਗਰੇਵਾਲ ਦੀਆਂ ਫ਼ਿਲਮਾਂ ਮੁੰਕਮਲ ਮਨੋਰੰਜਨ ਦੀ ਭਾਵਨਾ ਤੋਂ ਸਨ ਪਰ ‘ਅਰਦਾਸ ਕਰਾਂ’ ‘ਚ ਡਾਇਸਪੋਰਾ ਪੰਜਾਬੀ ਸਮਾਜ ਦੇ ਹਲਾਤ ਅਤੇ ਉਹਨਾਂ ਹਲਾਤਾਂ ‘ਚ ਜ਼ਿੰਦਗੀ ਦੀ ਜ਼ਿੰਦਾਦਿਲੀ ਨੂੰ ਪੰਜਾਬ ਦੇ ਗੁਰੂਆਂ ਵਾਲੇ ਫ਼ਲਸਫ਼ੇ ਤੋਂ ਸਮਝਣ ਦੇ ਕ੍ਰਾਫਟ ਨੂੰ ਆਪਣੇ ਨਾਟਕੀ ਅਤੇ ਮੈਜਿਕ ਸਿੰਘ ਦੇ ਹੀਰੋਇਕ ਅਕਸ ‘ਚ ਆਪਣੇ ਮੂਲ ਤੋਂ ਕਮਜ਼ੋਰ ਕਰਦੇ ਗਏ।

ਫਿਲਮ ਅਰਦਾਸ ਗਿੱਪੀ ਦੀ ਬੇਹੱਦ ਸ਼ਾਨਦਾਰ ਕ੍ਰਾਫਟ ਦੀ ਫ਼ਿਲਮ ਸੀ ਪਰ ਅਰਦਾਸ ਕਰਾਂ ‘ਚ ਗਿੱਪੀ ਕਥਾਨਕ ਦੀ ਸਾਦਗੀ ਨੂੰ ਨਾਟਕੀ ਘੁੰਮਣਘੇਰੀਆਂ ‘ਚ ਕਮਜ਼ੋਰ ਕਰ ਜਾਂਦੇ ਹਨ।ਮਸਲਾ ਪ੍ਰਤਿਭਾ ਦਾ ਜਾਂ ਕਹਾਣੀ ਦਾ ਨਹੀਂ ਹੈ।ਮਸਲਾ ਹੈ ਕਿ ਇਸ ਫ਼ਿਲਮ ਨੂੰ ਵੇਖਣ ਲੱਗਿਆ ਵਿਦੇਸ਼ਾਂ ਦੀ ਜ਼ਿੰਦਗੀ ਨੂੰ ਸਹਿਜਤਾ ਨਾਲ ਸਮਝਣਾ ਅਤੇ ਪੇਸ਼ ਕਰਨਾ ਜੋ ਨਹੀਂ ਹੋ ਸਕਿਆ।ਮਸਲਾ ਹੈ ਇਸ ਫ਼ਿਲਮ ਨੂੰ ਵੇਖਣ ਲੱਗਿਆ ਸਾਡੇ ਕੋਲ ਪਹਿਲੀ ਅਰਦਾਸ ਦਾ ਹਵਾਲਾ ਹੈ।ਗਿੱਪੀ ਗਰੇਵਾਲ ਦੀ ਫ਼ਿਲਮ ਅਰਦਾਸ ਪੰਜਾਬ ਦੇ ਹਲਾਤ ਨੂੰ ਪੇਸ਼ ਕਰਦੀ ਕਿਰਦਾਰਾਂ ਦੀ ਕਹਾਣੀ ਸੀ ਅਤੇ ਉਹਨਾਂ ਕਿਰਦਾਰਾਂ ਦੀ ਜ਼ੁਬਾਨ ‘ਚ ਗਲੀਆਂ ਮੁਹੱਲਿਆਂ ਦੇ ਸੁਭਾਅ ਮੌਜੂਦ ਸਨ।

ਫ਼ਿਲਮ ਅਰਦਾਸ ਦੇ ਕਥਾਨਕ ‘ਚ ਪੰਜਾਬ ਦੀ ਜ਼ਿੰਦਗੀ ‘ਚ ਫੈਲੀ ਬੇਉਮੀਦੀ ਨੂੰ ਉਮੀਦ ‘ਚ ਬਦਲਣ ਦਾ ਤਹੱਈਆ ਸੀ।ਅਰਦਾਸ ਦੀ ਕਹਾਣੀ ‘ਚ ਕਿਰਦਾਰਾਂ ਦੀ ਆਪਸੀ ਤੰਦ ਸੀ।ਸਭ ਕਹਾਣੀਆਂ ਇੱਕ ਦੂਜੇ ਨਾਲ ਜੁੜੀਆਂ ਸਨ ਅਤੇ ਬਣਾਉਟੀ ਨਹੀਂ ਸਨ।ਕਿਰਦਾਰ ਸਹਿਜ ਸਨ,ਕਿਰਦਾਰਾਂ ਦੀ ਜ਼ੁਬਾਨ ਸਹਿਜ ਸੀ।ਅਰਦਾਸ ਦਾ ਮਾਸਟਰ ਪਿੰਡ ਦਾ ਸਿਆਣਾ ਸੀ।ਉਹ ਮੋਹਤਬਰ ਬੰਦਾ ਸੀ ਪਰ ਰੱਬ ਨਹੀਂ ਸੀ।ਉਸ ਕੋਲ ਗੁਰਬਾਣੀ ਦਾ ਆਸਰਾ ਸੀ,ਲੋਕ ਉਹਦੀ ਸਲਾਹ ਮੰਨਦੇ ਸਨ ਪਰ ਅਰਦਾਸ ਕਰਾਂ ਦਾ ਮੈਜਿਕ ਸਿੰਘ ਕੋਈ ਫਰਿਸ਼ਤੇ ਰੂਪੀ ਮੈਜਿਕਨੁੰਮਾ ਕਿਰਦਾਰ ਹੈ ਅਤੇ ਉਹਦੇ ਬਾਰੇ ਸਭ ਦੀ ਸਮਝ ਇੰਝ ਹੈ ਜਿਵੇਂ ਉਹ ਕਿਰਦਾਰ ਕੋਈ ਉਹਨਾਂ ਵਿਚਲਾ ਨਹੀਂ ਹੈ ਉਹ ਕੋਈ ਹੋਰ ਹੈ।ਮੈਜਿਕ ਸਿੰਘ ਦਾ ਮੁਹਾਵਰਾ ਮੈਨੂੰ ਪੰਜਾਬੀ ਰੂਹਦਾਰੀ ਵਾਲਾ ਮਹਿਸੂਸ ਨਹੀਂ ਹੁੰਦਾ।ਮਾਸਟਰ ਗੁਰਮੁੱਖ ਸਿੰਘ ਨੂੰ ਮੈਂ ਆਪਣੇ ਗੁਆਂਢ ‘ਚ ਕਿਤੇ ਵੀ ਮਹਿਸੂਸ ਕਰ ਸਕਦਾ ਹਾਂ।

ਕਿਸੇ ਵੀ ਫ਼ਿਲਮ ਦੀ ਫ੍ਰੈਂਚਾਇਜ਼ੀ ਦੌਰਾਨ ਪੁਰਾਣੀ ਅਤੇ ਨਵੀਂ ਫ਼ਿਲਮ ਦੇ ਤੁਲਨਾਤਮਕ ਪੱਖ ਦੀ ਗੁੰਜਾਇਸ਼ ਸਦਾ ਰਹੇਗੀ।ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵਿਦੇਸ਼ਾਂ ‘ਚ ਉਹਨਾਂ ਬਜ਼ੁਰਗਾਂ ਦੀ ਜ਼ਿੰਦਗੀ ਦੇ ਜਾਂ ਪੰਜਾਬੀ ਸਮਾਜ ਦੇ ਅਜਿਹੇ ਪੱਖ ਹੋਣਗੇ ਪਰ ਮਸਲਾ ਹੈ ਉਸ ਨੂੰ ਪੇਸ਼ ਕਰਨ ਦਾ ਜੋਕਿ ਸਕਰੀਨਪਲੇ ਅਤੇ ਬਤੌਰ ਹਦਾਇਤਕਾਰ ਥਾਂ ਥਾਂ ‘ਤੇ ਖੁੰਝਦਾ ਹੈ।ਫ਼ਿਲਮ ਦੇ ਸੰਵਾਦ ਮਨ ਨੂੰ ਟੁੰਬਦੇ ਹਨ।ਇਹਨਾਂ ਨੂੰ ਲਿਖਿਆ ਸੋਹਣਾ ਹੈ ਪਰ ਮੈਜਿਕ ਸਿੰਘ ਦੇ ਕਿਰਦਾਰ ਰਾਹੀਂ ਜ਼ਿੰਦਗੀ ਦੀ ਊਰਜਾ ਵਿਖਾਉਣ ਲੱਗਿਆ ਇਹਨਾਂ ਬੋਲਾਂ ਦੀ ਬਣਾਵਟ ਹੀ ਇਹਨਾਂ ਨੂੰ ਫਿੱਕਾ ਕਰਦੀ ਹੈ।ਇਹ ਸੰਵਾਦ ਕਿਸੇ ਮੋਟੀਵੇਸ਼ਨਲ ਸਪੀਕਰ ਦੀ ਤਰ੍ਹਾਂ ਲੱਗਦੇ ਹਨ ਨਾਂਕਿ ਪੰਜਾਬੀ ਮੁਹਾਵਰੇ ਦੇ ਕਿਸੇ ਸਿਆਣੇ ਵੱਲੋਂ ਪਾਈ ਸਿਆਣੀ ਬਾਤ ਦੀ ਤਰ੍ਹਾਂ ਮਹਿਸੂਸ ਹੁੰਦੇ ਹਨ।

ਫ਼ਿਲਮ ਦੇ ਅਜਿਹੇ ਤਕਨੀਕੀ ਕ੍ਰਾਫਟ ‘ਚ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਫ਼ਿਲਮ ਕਈ ਥਾਂਵੇ ਦਿਲ ਨੂੰ ਛੂੰਹਦੀ ਹੈ ਪਰ ਸਿਨੇਮਾ ਦੇ ਕ੍ਰਾਫਟ ‘ਚ ਕੁਝ ਹੈ ਜਿਹਦੇ ਨਾਲ ਦਰਸ਼ਕ ਦੇ ਤੌਰ ‘ਤੇ ਮੇਰਾ ਤਾਲਮੇਲ ਨਹੀਂ ਬਹਿੰਦਾ।ਵਿਦੇਸ਼ਾਂ ਦੀ ਜ਼ਿੰਦਗੀ ਨੂੰ 2003 ਤੋਂ ਮਨਮੋਹਨ ਸਿੰਘ ਹੁਣਾਂ ਆਪਣੇ ਖਾਸ ਅੰਦਾਜ਼ ਨਾਲ ਸਮੇਂ ਦਰ ਸਮੇਂ ਪੇਸ਼ ਕੀਤਾ ਹੈ।ਮਨਮੋਹਨ ਸਿੰਘ ਦਾ ਸਿਨੇਮਾ ਪ੍ਰਭਾਵ ਉਦੋਂ ਛੱਡਦਾ ਹੈ ਜਦੋਂ ਉਸ ‘ਚ ਦੁਹਰਾਅ ਸ਼ੁਰੂ ਹੋਇਆ।
ਅਮਰਿੰਦਰ ਗਿੱਲ ਦੀਆਂ ਫ਼ਿਲਮਾਂ ਲਵ ਪੰਜਾਬ,ਅਸ਼ਕੇ ਅਤੇ ਲਾਈਏ ਜੇ ਯਾਰੀਆਂ ‘ਚ ਡਾਇਸਪੋਰਾ ਜ਼ਿੰਦਗੀ ਦੀ ਪੇਸ਼ਕਾਰੀ ਦਾ ਕ੍ਰਾਫਟ ਹੀ ਹੈ ਜੋ ਬਤੌਰ ਦਰਸ਼ਕ ਅਪੀਲ ਕਰਦਾ ਹੈ।ਫ਼ਿਲਮ ਅਰਦਾਸ ਪੰਜਾਬੀ ਸਿਨੇਮਾ ਦਾ ਯਾਦਗਾਰ ਹਾਸਲ ਹੈ।ਗੁਰਮਤਿ ਫਲਸਫੇ ਨਾਲ ਔਤ ਪ੍ਰੋਤ ਪੰਜਾਬੀ ਜ਼ਿੰਦਗੀ ‘ਚ ਇਹਦੀ ਪੇਸ਼ਕਾਰੀ ਬਹੁਤ ਸਹਿਜ ਸੀ ਪਰ ਅਰਦਾਸ ਕਰਾਂ ਇਹਨਾਂ ਪਹਿਲੂਆਂ ਤੋਂ ਪੇਸ਼ਕਾਰੀ ਦੇ ਲਿਹਾਜ਼ ਨਾਲ ਥੌੜ੍ਹੀ ਕਮਜ਼ੋਰ ਹੈ।

ਜਦੋਂ ਸਮੁੱਚੇ ਤੌਰ ‘ਤੇ ਸਿਨੇਮਾ ਆਪਣੀ ਜ਼ੁਬਾਨ ਤੋਂ ਏਨਾ ਸੂਝਵਾਨ ਹੋ ਰਿਹਾ ਹੈ ਕਿ ਹਿੰਦੀ ਫ਼ਿਲਮ ‘ਗਲ਼ੀ ਬੁਆਏ’ ਤੱਕ ਆਉਂਦੇ ਆਉਂਦੇ ਹਦਾਇਤਕਾਰ ਵਿਖਾ ਰਿਹਾ ਹੈ ਕਿ ਧਰਮ ਬੰਦੇ ਦੀ ਆਪਣੀ ਪਛਾਣ ਹੈ ਪਰ ਸਮਾਜ ‘ਚ ਏਹਦੇ ਰੂਪ ਹੁਣ ਏਦਾਂ ਨਹੀਂ ਕਿ ਕਿਸੇ ਹਿੰਦੂ ਸਿੱਖ ਮੁਸਲਮਾਨ ਦੀ ਪਛਾਣ ਅਸੀਂ ਉਹਦੀ ਪੱਗ,ਟੋਪੀ ਜਾਂ ਅਜਿਹੀਆਂ ਪਛਾਣਾ ਤੋਂ ਹੀ ਕਰੀਏ।

ਸਿਨੇਮੇ ਦਾ ਇਹ ਅੰਦਾਜ਼ 60-70 ਦੇ ਦਹਾਕੇ ਦਾ ਸੀ ਕਿ ਮੁਸਲਮਾਨ ਕਿਰਦਾਰ ਲਈ ਉਰਦੂ ਅਤੇ ਸ਼ੇਰਵਾਨੀ ਮੁਕੱਰਰ ਸੀ ਪਰ ਹੁਣ ਸਮਾਜ ‘ਚ ਪਹਿਰਾਵੇ ਤੋਂ ਇੱਕ ਸਹਿਜਤਾ ਆਈ ਹੈ।ਅਸੀਂ ਆਪਣੇ ਆਪਣੇ ਧਰਮ ‘ਚ ਰਹਿਕੇ ਵੀ ਆਪਣੀ ਪਛਾਣ ਧਾਰਨ ਕਰਕੇ ਵੀ ਇੰਝ ਉਭਰਵੀ ਪਛਾਣ ਨਾਲ ਨਹੀਂ ਰਹਿੰਦੇ।ਗਿੱਪੀ ਅਰਦਾਸ ਕਰਾਂ ‘ਚ ਅਜਿਹਾ ਕਿਉਂ ਪੇਸ਼ ਕਰ ਰਹੇ ਹਨ? ਵਿਦੇਸ਼ਾਂ ਦੀ ਅਜਿਹੀ ਜ਼ਿੰਦਗੀ ਦੀ ਪੇਸ਼ਕਾਰੀ ‘ਚ ਕਿਰਦਾਰ ਹਿੰਦੂ ਮੁਸਲਮਾਨ ਸਿੱਖ ਜ਼ਰੂਰੀ ਕਿਉਂ ਹੈ? ਦੂਜਾ ਕਿਸੇ ਵੀ ਟ੍ਰੈਵਲਰ ਕਥਾਨਕ ‘ਚ ਤਾਜ਼ਗੀ ਦਾ ਹੋਣਾ ਬਹੁਤ ਜ਼ਰੂਰੀ ਹੈ।ਫਿਲਮ ਦੀ ਗਤੀ ‘ਚ ਇਸ ਲਿਹਾਜ਼ ਤੋਂ ਘਾਟ ਹੈ।ਇਸੇ ਸਫ਼ਰ ‘ਚ ਹਰ ਕਿਰਦਾਰ ਨੂੰ ਮਿਲਣ ਅਤੇ ਉਹਨਾਂ ਨਾਲ ਗੁਜ਼ਰਨ ਦਾ ਸਬੱਬ ਬੇਹੱਦ ਨਾਟਕੀ ਹੈ ਜੋ ਆਮ ਜ਼ਿੰਦਗੀ ਦੇ ਪ੍ਰਵਾਹ ਜਿਹਾ ਨਹੀਂ ਲੱਗਦਾ।

ਫ਼ਿਲਮ ਅਰਦਾਸ ਪੰਜਾਬੀ ਸਿਨੇਮਾ ਦਾ ਖਾਸ ਮੁਕਾਮ ਹੈ।ਉਹ ਸਾਡੇ ਚੇਤਿਆਂ ‘ਚ ਰਹੇਗੀ ਅਤੇ ਗਿੱਪੀ ਨੇ ਬਤੌਰ ਹਦਾਇਤਕਾਰ ਸਭ ਨੂੰ ਪ੍ਰਭਾਵਿਤ ਕੀਤਾ ਸੀ।ਗਿੱਪੀ ਅਤੇ ਰਾਣਾ ਰਣਬੀਰ ਦੀ ਪ੍ਰਤਿਭਾ ‘ਤੇ ਕੋਈ ਸ਼ੱਕ ਨਹੀਂ ਹੈ।ਗਿੱਪੀ ਨੇ ਹਵਾ ਤੋਂ ਉਲਟ ਤਜ਼ਰਬੇ ਕੀਤੇ ਹਨ।ਚਾਹੇ ਉਹ ਮਰਾਠੀ ਫ਼ਿਲਮ ਸ਼ਟਰ ਦੀ ਰੀਮੇਕ ‘ਲੋਕ’ ਹੋਵੇ ਜਾਂ ਅਰਦਾਸ ਵਰਗੀ ਬੇਹੱਦ ਭਾਵਭਰੀ ਸਮਾਜਿਕ ਫ਼ਿਲਮ ਹੋਵੇ।ਗਿੱਪੀ ਦੀ ਫ਼ਿਲਮ ਕੈਰੀ ਆਨ ਜੱਟਾ ਤੋਂ ਪ੍ਰੇਰਿਤ ਬਾਅਦ ‘ਚ ਭਾਰਤ ‘ਚ ਵੱਖ ਵੱਖ ਜ਼ੁਬਾਨਾਂ ‘ਚ ਕਈ ਫ਼ਿਲਮਾਂ ਬਣੀਆ ਹਨ।ਗਿੱਪੀ ਸੂਬੇਦਾਰ ਜੋਗਿੰਦਰ ਸਿੰਘ ਵੀ ਬਣਾਉਂਦਾ ਹੈ।ਉਮੀਦ ਹੈ ਕਿ ਉਹ ਸਿਨੇਮਾ ਬਣਾਉਣ ਦੇ ਅਜਿਹੇ ਕ੍ਰਾਫਟ ਨੂੰ ਵਿਸ਼ਲੇਸ਼ਣਾਤਮਕ ਨਜ਼ਰੀਏ ਤੋਂ ਜ਼ਰੂਰ ਤਰਜੀਹ ਦੇਣਗੇ।

~ ਹਰਪ੍ਰੀਤ ਸਿੰਘ ਕਾਹਲੋਂ

Leave a Reply

Your email address will not be published. Required fields are marked *