ਬੀਜਿੰਗ — ਚੀਨ ਵਿਚ ਇਕ ਅਪਾਹਜ ਸ਼ਖਸ ਨੇ ਹੌਂਸਲੇ ਦੀ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ। ਇਸ ਮਿਸਾਲ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਅਸਲ ਵਿਚ 70 ਸਾਲ ਦੇ ਇਸ ਬਜ਼ੁਰਗ ਨੇ ਬੀਤੇ 19 ਸਾਲਾਂ ਤੋਂ ਇਕ ਪਰਬਤ ‘ਤੇ 17,000 ਰੁੱਖ ਲਗਾ ਕੇ ਉਸ ਨੂੰ ਹਰਿਆਲੀ ਭਰੂਪਰ ਕਰ ਦਿੱਤਾ ਹੈ। ਇਹੀ ਨਹੀਂ ਉਹ ਇਨ੍ਹਾਂ ਰੁੱਖਾਂ ਦੀ ਚੰਗੀ ਤਰ੍ਹਾਂ ਦੇਖਭਾਲ ਵੀ ਕਰ ਰਹੇ ਹਨ।
ਸਮਾਜ ਤੇ ਵਾਤਾਵਰਣ ਦੀ ਭਲਾਈ ਲਈ ਲਗਾਏ ਰੁੱਖ
ਉੱਤਰੀ ਚੀਨ ਦੇ ਹੇਬੇਈ ਸੂਬੇ ਦੇ ਮਾਯੂ ਪਿੰਡ ਵਿਚ ਰਹਿਣ ਵਾਲੇ ਮਾ ਸੈਂਕਸੀਆਓ ਦੇ ਇਕ ਬੀਮਾਰੀ ਕਾਰਨ ਦੋਵੇਂ ਪੈਰ ਖਰਾਬ ਹੋ ਗਏ ਸਨ। ਫਿਰ ਉਨ੍ਹਾਂ ਨੇ ਬਣਾਉਟੀ ਪੈਰ ਲਗਵਾਏ। ਸ਼ੁਰੂਆਤ ਵਿਚ ਉਨ੍ਹਾਂ ਨੇ ਪੈਸੇ ਕਮਾਉਣ ਲਈ ਰੁੱਖ ਲਗਾਉਣੇ ਸ਼ੁਰੂ ਕੀਤੇ ਸਨ ਪਰ ਅੱਜ ਉਹ ਸਮਾਜ ਤੇ ਵਾਤਾਵਰਣ ਦੀ ਭਲਾਈ ਲਈ ਰੁੱਖ ਲਗਾਉਂਦੇ ਹਨ। ਮਾ ਦੇ ਹੌਂਸਲੇ ਨੂੰ ਦੇਖ ਸਥਾਨਕ ਲੋਕ ਦੰਦਾਂ ਹੇਠ ਉਂਗਲੀ ਦਬਾ ਲੈਂਦੇ ਹਨ। ਜਿੱਥੇ ਇਸ ਪਹਾੜ ‘ਤੇ ਕਿਸੇ ਸਧਾਰਨ ਇਨਸਾਨ ਲਈ ਚੜ੍ਹਨਾ ਸੋਖਾ ਨਹੀਂ ਹੈ ਉੱਥੇ ਮਾ ਆਪਣੇ ਔਜਾਰਾਂ ਦੀ ਮਦਦ ਨਾਲ ਆਸਾਨੀ ਨਾਲ ਚੜ੍ਹ ਜਾਂਦੇ ਹਨ ਅਤੇ ਰੁੱਖ ਲਗਾਉਂਦੇ ਹਨ।
ਫੌਜ ‘ਚ ਕਰ ਚੁੱਕੇ ਹਨ ਕੰਮ
ਜਾਣਕਾਰੀ ਮੁਤਾਬਕ ਰਿਟਾਇਰਡ ਫੌਜੀ ਮਾ ਅਕਸਰ ਆਪਣੇ ਘਰੋਂ ਸੂਰਜ ਨਿਕਲਣ ਤੋਂ ਪਹਿਲਾਂ ਸਵੇਰੇ 5 ਵਜੇ ਆਪਣੇ ਪਿੰਡ ਸਥਿਤ ਤਾਹੰਗ ਪਰਬਤ ਲੜੀ ‘ਤੇ ਰੁੱਖ ਲਗਾਉਣ ਲਈ ਨਿਕਲਦੇ ਹਨ। ਉਹ ਆਪਣਾ ਭੋਜਨ ਨਾਲ ਲੈ ਜਾਂਦੇ ਹਨ। ਆਮਤੌਰ ‘ਤੇ ਉਹ ਪੂਰਾ ਦਿਨ ਪਹਾੜ ‘ਤੇ ਬਿਤਾਉਂਦੇ ਹਨ। ਪਹਾੜ ‘ਤੇ ਚੜ੍ਹਨ ਤੋਂ ਪਹਿਲਾਂ ਉਹ ਆਪਣੇ ਨਕਲੀ ਪੈਰਾਂ ਨੂੰ ਹਟਾ ਦਿੰਦੇ ਹਨ। ਪਹਾੜ ‘ਤੇ ਰੁੱਖ ਲਗਾਉਣ ਅਤੇ ਅੱਗੇ ਜਾਣ ਲਈ ਉਹ spade ਦੀ ਵਰਤੋਂ ਕਰਦੇ ਹਨ। ਉਹ ਮੋਟੇ ਦਸਤਾਨੇ ਹੱਥਾਂ ਵਿਚ ਪਹਿਨਦੇ ਹਨ ਅਤੇ ਰੁੱਖ ਲਗਾਉਣ ਦੀ ਪ੍ਰਕਿਰਿਆ ਪੂਰੀ ਕਰਦੇ ਹਨ। ਇਸ ਵਿਚ ਖੋਦਾਈ ਕਰਨਾ, ਮਿੱਟੀ ਹਟਾਉਣਾ, ਰੁੱਖ ਲਗਾਉਣਾ ਅਤੇ ਮਿੱਟੀ ਨਾਲ ਢੱਕਣਾ ਆਦਿ ਸ਼ਾਮਲ ਹੈ। ਮਾ ਦੱਸਦੇ ਹਨ ਅਜਿਹਾ ਕਰਨ ਵਿਚ ਕਈ ਵਾਰ ਉਨ੍ਹਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ।
ਰੁੱਖਾਂ ਨੂੰ ਮੰਨਦੇ ਹਨ ਫੌਜੀ
ਮਾ ਆਪਣੇ ਕੰਮ ਵਿਚ ਚੀਨੀ ਸਰਕਾਰ ਵੱਲੋਂ ਦਿੱਤੀ ਆਰਥਿਕ ਮਦਦ ਲਈ ਧੰਨਵਾਦ ਕਰਦੇ ਹਨ। ਮਾ ਕਹਿੰਦੇ ਹਨ,”ਜਦੋਂ ਉਹ ਰੁੱਖਾਂ ਨਾਲ ਸਮਾਂ ਬਿਤਾਉਂਦੇ ਹਨ ਤਾਂ ਖੁਦ ਨੂੰ ਸੁਰੱਖਿਅਤ ਅਤੇ ਖੁਸ਼ ਮਹਿਸੂਸ ਕਰਦੇ ਹਨ। ਉਨ੍ਹਾਂ ਲਈ ਇਹ ਸਿਰਫ ਰੁੱਖ ਨਹੀਂ ਹਨ ਸਗੋਂ ਫੌਜੀ ਹਨ। ਇਸ ਲਈ ਜਦੋਂ ਤੱਕ ਮੈਂ ਜਿਉਂਦਾ ਹਾਂ ਮੈਂ ਆਉਣ ਵਾਲੀਆਂ ਪੀੜ੍ਹੀਆਂ ਲਈ ਰੁੱਖ ਲਗਾਉਂਦਾ ਰਹਾਂਗਾ।”