ਜਦੋਂ ਇਤਿਹਾਸ ਬਦਲਦਾ ਬਦਲਦਾ ਰਹਿ ਗਿਆ- ਗੁਰਚਰਨ ਨੂਰਪੁਰ
ਸੰਨ 1845 ਦੇ ਦਸੰਬਰ ਮਹੀਨੇ ਦੀ 18 ਤਰੀਕ ਜਦੋਂ ਅੰਗਰੇਜ਼ ਸਰਕਾਰ ਅਤੇ ਪੰਜਾਬ ਦੀਆਂ ਫੌਜਾਂ ਦਰਮਿਆਨ ਪਿੰਡ ਮੁੱਦਕੀ ਜ਼ਿਲ੍ਹਾ ਫਿਰੋਜ਼ਪੁਰ ਦੇ ਸਥਾਨ ‘ਤੇ ਦਿਲ ਹੂਲਵਾਂ ਯੁੱਧ ਹੋਇਆ। ਇੱਕ ਪਾਸੇ ਅੰਗਰੇਜ਼ ਹਕੂਮਤ ਜਿਸ ਦੇ ਰਾਜ ਵਿੱਚ ਕਦੇ ਸੂਰਜ ਅਸਤ ਨਹੀਂ ਸੀ ਹੁੰਦਾ, ਦੁਨੀਆ ਦੀ ਸਭ ਤੋਂ ਤਾਕਤਵਾਰ ਫੌਜ। ਦੂਜੇ ਪਾਸੇ ਜਮਰੌਦ (ਅਫ਼ਗ਼ਾਨਿਸਤਾਨ) ਤੱਕ ਝੰਡਾ ਝੁਲਾਉਣ ਵਾਲੀ ਸਿੱਖ ਫੌਜ। ਇਹ ਉਹ ਜੰਗ ਸੀ ਜਿਸ ਵਿੱਚ ਹਿੰਦੁਸਤਾਨ ਦਾ ਗਵਰਨਰ ਜਨਰਲ ਲਾਰਡ ਹਾਰਡਿੰਗ ਬੜੀ ਦਿਲਚਸਪੀ ਨਾਲ ਅਪਣੇ ਹੀ ਫੌਜੀ ਜਰਨੈਲ ਹਿਊ ਗੱਫ ਦੇ ਅਧੀਨ ਹੋ ਕੇ ਸਿੱਖ ਫੌਜ ਦੇ ਵਿਰੁੱਧ ਲੜਿਆ। ਉਹ ਜੰਗ ਜਿਸ ਨੂੰ ਕਵੀ ਸ਼ਾਹ ਮੁਹੰਮਦ ਨੇ ਹਿੰਦੁਸਤਾਨ ਅਤੇ ਪੰਜਾਬ ਦਰਮਿਆਨ ਲੜੀ ਜਾਣ ਵਾਲੀ ਜੰਗ ਕਿਹਾ।
ਅੰਗਰੇਜ਼ ਹਕੂਮਤ ਨੇ ਹਿੰਦੁਸਤਾਨ ਦੀਆਂ ਵੱਡੀਆਂ ਵੱਡੀਆਂ ਰਿਆਸਤਾਂ ਨੂੰ ਅਪਣੇ ਕਬਜੇ ਵਿੱਚ ਲੈ ਲਿਆ ਪਰ ਮਹਾਰਾਜਾ ਰਣਜੀਤ ਸਿੰਘ ਵੱਲ ਅੱਖ ਚੁੱਕ ਕੇ ਵੇਖਣ ਦਾ ਉਹਨਾਂ ਦਾ ਅਜੇ ਹੀਆ ਨਹੀਂ ਸੀ ਪੈਂਦਾ। ਜੂਨ 1939 ਵਿੱਚ ਰਣਜੀਤ ਸਿੰਘ ਦੀ ਮੌਤ ਹੋਈ। ਲਾਹੌਰ ਸਰਕਾਰ ਦੀ ਸਥਿਤੀ ਡਾਵਾਂਡੋਲ ਹੋ ਗਈ। ਅੰਗਰੇਜ਼ਾਂ ਨੇ ਮੌਕੇ ਦਾ ਫਾਇਦਾ ਉਠਾ ਕੇ ਪੰਜਾਬ ਨੂੰ ਅਪਣੇ ਕਬਜ਼ੇ ਹੇਠ ਕਰਨ ਲਈ ਜੁਗਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਹਿੰਦੁਸਤਾਨ ਦੇ ਗਵਰਨਰ ਜਨਰਲ ਲਾਰਡ ਐਲਨਬਰਾ ਨੂੰ ਤਬਦੀਲ ਕਰਕੇ ਉਹਦੀ ਥਾਂ ਲਾਰਡ ਹਾਰਡਿੰਗ ਦੀ ਨਿਯੁਕਤੀ ਕੀਤੀ ਗਈ। ਲਾਰਡ ਹਾਰਡਿੰਗ ਜੰਗੀ ਮੁਹਿੰਮਾਂ ਲਈ ਮਾਹਿਰ ਮੰਨਿਆ ਜਾਂਦਾ ਸੀ, ਜਿਸ ਨੇ ਨੈਪੋਲੀਅਨ ਦੀ ਕਮਾਨ ਹੇਠ ਕਈ ਜੰਗਾਂ ਲੜੀਆਂ। ਲਾਹੌਰ ਹਕੂਮਤ ਦੀ ਘੇਰਾ ਬੰਦੀ ਕਰਨ ਲਈ ਲੁਧਿਆਣਾ, ਅੰਬਾਲਾ ਅਤੇ ਫਿਰੋਜ਼ਪੁਰ ਵਿੱਚ ਅੰਗਰੇਜ਼ੀ ਫੌਜ ਦੀਆਂ ਵੱਡੀਆਂ ਬਟਾਲੀਅਨਾਂ ਉਤਾਰੀਆਂ ਗਈਆਂ। ਪੰਜਾਬ ਦੀ ਫੌਜ ਦਾ ਟਾਕਰਾ ਕਰਨ ਲਈ ਬੰਬਈ ਤੋਂ ਵਿਸ਼ੇਸ਼ ਤੋਪਾਂ ਵੱਡੀ ਗਿਣਤੀ ਵਿੱਚ ਮੰਗਵਾਈਆਂ ਗਈਆਂ। ਫੌਜ ਨੂੰ ਸਤਲੁਜ ਦਰਿਆ ਪਾਰ ਕਰਾਉਣ ਲਈ ਬੰਬਈ ਵਿੱਚ ਹੀ ਮਜਬੂਤ ਬੇੜੇ ਬੇੜੀਆਂ ਬਣਵਾਏ ਗਏ। ਅਪਣੇ ਵਿਸ਼ੇਸ਼ ਜਾਸੂਸ ਭੇਜ ਕੇ ਪੰਜਾਬ ਦੀ ਫੌਜ ਦੇ ਸੈਨਾ ਪਤੀ ਤੇਜਾ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਦੇ ਪ੍ਰਧਾਨ ਮੰਤਰੀ ਲਾਲ ਸਿੰਘ ਨੂੰ ਅਪਣੇ ਨਾਲ ਗੰਢਿਆ। ਕਿਹਾ ਜਾਂਦਾ ਹੈ ਕਿ ਇਸ ਸਮੇਂ ਪੰਜਾਬ ਦੀ ਫੌਜ ਇੰਨੀ ਸ਼ਕਤੀਸ਼ਾਲੀ ਸੀ ਕਿ ਅੰਗਰੇਜ਼ ਉਹਨਾਂ ਨਾਲ ਸਿੱਧੀ ਟੱਕਰ ਲੈ ਕੇ ਜਿੱਤਣ ਦੀ ਸੋਚ ਵੀ ਨਹੀਂ ਸਕਦੇ ਸਨ। ਬਣੀ ਯੋਜਨਾ ਤਹਿਤ ਲਾਲ ਸਿੰਘ ਅਤੇ ਤੇਜਾ ਸਿੰਘ ਨੇ ਸਿੱਖ ਫੌਜ ਨੂੰ ਅੰਗਰੇਜ਼æਾਂ ਖ਼ਿਲਾਫ਼ ਭੜਕਾਉਣਾ ਸ਼ੁਰੂ ਕਰ ਦਿੱਤਾ ਕਿ ਅੰਗਰੇਜ਼ ਸਾਡੇ ‘ਤੇ ਹਮਲਾ ਕਰਨ ਲਈ ਸਤਲੁਜ ਪਾਰ ਵੱਡੀ ਪੱਧਰ ‘ਤੇ ਜੰਗੀ ਤਿਆਰੀਆਂ ਕਰ ਰਹੇ ਹਨ। ਇਹਨਾਂ ਤਕਰੀਰਾਂ ਦਾ ਇਹ ਅਸਰ ਹੋਇਆ ਕਿ 11 ਦਸੰਬਰ 1845 ਨੂੰ ਕਰੀਬ 60,000 ਪੰਜਾਬ ਦੇ ਜਵਾਨਾਂ ਨੇ ਤੇਜਾ ਸਿੰਘ ਦੀ ਅਗਵਾਈ ਹੇਠ ਮੱਖੂ ਕਸਬੇ ਨੇੜਿਓ ਸਭਰਾਵਾਂ ਦੇ ਸਥਾਨ ਤੋਂ ਸਤਲੁਜ ਦਰਿਆ ਪਾਰ ਕੀਤਾ। ਇਸ ਤੋਂ ਦੋ ਦਿਨ ਬਾਅਦ 13 ਦਸੰਬਰ ਨੂੰ ਹਿੰਦੁਸਤਾਨ ਦੇ ਗਵਰਨਰ ਲਾਰਡ ਹਾਰਡਿੰਗ ਨੇ ਮਹਾਰਾਜੇ ਦੀ ਫੌਜ ਨਾਲ ਜੰਗ ਦਾ ਐਲਾਨ ਕਰ ਦਿਤਾ। ਲਾਹੌਰ ਫੌਜ ਨੇ ਫਿਰੋਜ਼ਪੁਰ ਤੋਂ 20 ਮੀਲ ਦੂਰ ਫਿਰੋਜ਼ਸ਼ਾਹ ਫੇਰੂ ਸ਼ਹਿਰ ਪਿੰਡਾਂ ਨੇੜੇ ਅਪਣਾ ਕੈਂਪ ਲਗਾ ਕੇ ਮੋਰਚੇ ਬਣਾਉਣੇ ਸ਼ੁਰੂ ਕਰ ਦਿੱਤੇ। ਅੰਗਰੇਜ਼ ਫੌਜ ਦੇ ਸੈਨਾਪਤੀ ਹਿਊ ਗੱਫ ਨੇ ਸਿੱਖਾਂ ਤੋਂ 4 ਮੀਲ ਦੂਰ ਮੁੱਦਕੀ ਪਿੰਡ ਵਿੱਚ ਡੇਰੇ ਲਾਈ ਬੈਠੀ ਅੰਗਰੇਜ਼ੀ ਫੌਜ ਨੂੰ ਸਿੱਖਾਂ ਨਾਲ ਦੋ ਹੱਥ ਕਰਨ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਗੱਦਾਰ ਲਾਲ ਸਿੰਘ ਅਤੇ ਤੇਜਾ ਸਿੰਘ, ਜੋ ਅੰਗਰੇਜ਼ਾਂ ਦੀ ਬਣਾਈ ਯੋਜਨਾ ਤਹਿਤ ਪੰਜਾਬ ਦੀ ਸ਼ਕਤੀਸ਼ਾਲੀ ਫੌਜ ਨੂੰ ਕਮਜੋæਰ ਕਰਨ ਲਈ ਉਕਸਾਅ ਕੇ ਇਧਰ ਲਿਆਏ ਸਨ, ਨੇ ਸਿੱਖ ਫੋਜ ਨੂੰ ਦੋ ਹਿੱਸਿਆਂ ਵਿੱਚ ਵੰਡ ਦਿਤਾ। ਲਾਲ ਸਿੰਘ ਅਤੇ ਤੇਜਾ ਸਿੰਘ ਨਹੀਂ ਚਾਹੁੰਦੇ ਸਨ ਕਿ ਸਿੱਖ ਫੌਜ ਸੰਗਠਤ ਰਹਿ ਕੇ ਗੋਰਿਆਂ ਨਾਲ ਲੜੇ। ਇਸੇ ਮਕਸਦ ਨਾਲ 18 ਦਸੰਬਰ ਨੂੰ ਸਵੇਰਸਾਰ ਹੀ ਲਾਲ ਸਿੰਘ ਫੌਜ ਦੀ ਇੱਕ ਟੁੱਕੜੀ ਲੈ ਕੇ ਮੁੱਦਕੀ ਪਿੰਡ ਵੱਲ ਵਧਿਆ। ਸ਼ਾਮ 4 ਵਜੇ ਦੇ ਕਰੀਬ ਪਿੰਡ ਦੇ ਲਹਿੰਦੇ ਪਾਸੇ ਪਾਣੀ ਦੀ ਇੱਕ ਖੱਡ ਦੇ ਨੇੜੇ ਲਹੂ ਵੀਟਵੀਂ ਲੜਾਈ ਹੋਈ। ਇਹ ਲੜਾਈ ਭਾਵੇਂ ਕੁਝ ਘੰਟਿਆਂ ਦੀ ਸੀ ਪਰ ਸਿੱਖ ਫੌਜੀ ਇੰਨੀ ਵੀਰਤਾ ਨਾਲ ਲੜੇ ਕਿ ਅੰਗਰੇਜ਼ ਹੈਰਾਨ ਰਹਿ ਗਏ। ਇਤਿਹਾਸਕਾਰਾਂ ਅਨੁਸਾਰ ਅੰਗਰੇਜ਼ਾਂ ਨੂੰ ਇਹ ਲੜਾਈ ਬੜੀ ਮਹਿੰਗੀ ਪਈ। ਇੱਥੇ ਰੌਬਰਟਸੇਲ, ਸਰ ਜਾਨ ਮੈਕਾਸਕਿਲ, ਆਰ ਹੈਰੀ ਅਤੇ ਬ੍ਰਿਗੇਡੀਅਰ ਬੋਲਟਨ ਵਰਗੇ ਵੱਡੇ ਅੰਗਰੇਜ਼ ਅਫਸਰ ਮਾਰੇ ਗਏ। ਸਿੱਖ ਫੌਜ ਦਾ ਵੀ ਕਾਫੀ ਜਾਨੀ ਨੁਕਸਾਨ ਹੋਇਆ। ਇੱਕ ਅੰਦਾਜੇ ਮੁਤਾਬਕ ਇੱਥੇ 2 ਤੋਂ 3 ਹਜ਼ਾਰ ਦੇ ਕਰੀਬ ਸਿੱਖ ਸ਼ਹੀਦ ਹੋਏ। ਕੁਝ ਇਤਿਹਾਸਕਾਰਾਂ ਨੇ ਇਹ ਗਿਣਤੀ 872 ਦੱਸੀ ਹੈ। ਇਹ ਗਿਣਤੀ ਵੀ ਸਪਸ਼ਟ ਨਹੀਂ ਹੈ। ਅਫਸੋਸ ਦੀ ਗੱਲ ਇਹ ਹੈ ਕਿ ਅਪਣੀ ਧਰਤੀ ਮਾਂ ਦੀ ਰੱਖਿਆ ਲਈ ਜੂਝਣ ਵਾਲੇ ਇਹਨਾਂ ਸੂਰਬੀਰਾਂ ‘ਚੋਂ ਕਿਸੇ ਇੱਕ ਦਾ ਨਾਮ ਵੀ ਕਿਸੇ ਨੂੰ ਪਤਾ ਨਹੀਂ। ਹਨੇਰਾ ਹੋਣ ‘ਤੇ ਅੰਗਰੇਜ਼ ਫੌਜ ਮੈਦਾਨ ‘ਚੋਂ ਪਿਛਾਂਹ ਹਟ ਗਈ ਅਤੇ ਸਿੱਖ ਫੌਜ ਨੂੰ ਵਾਪਸੀ ਦਾ ਹੁਕਮ ਹੋ ਗਿਆ। ਕਸਬਾ ਮੁੱਦਕੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਉਹ ਪਾਣੀ ਦੀ ਖੱਡ ਅੱਜ ਵੀ ਮੌਜੂਦ ਹੈ। ਅੰਗਰੇਜ਼ ਅਫਸਰਾਂ ਦੀਆਂ ਕਬਰਾਂ ਵੀ ਕੁਝ ਘਰਾਂ ਵਿੱਚ ਬਣੀਆਂ ਹੋਈਆਂ ਹਨ। ਪਰ ਕਿਸੇ ਸਿੱਖ ਸਿਪਾਹੀ ਦੀ ਯਾਦਗਾਰ ਕਿਤੇ ਨਹੀਂ ਬਣੀ ਹੋਈ। ਪਾਣੀ ਦੀ ਇਹ ਇਤਿਹਾਸਕ ਖੱਡ ਨੇ ਹੁਣ ਗੰਦੇ ਛੱਪੜ ਦਾ ਰੂਪ ਲਿਆ ਹੋਇਆ ਹੈ। ਅਸੀਂ ਅਪਣੇ ਵਿਰਸੇ ਪ੍ਰਤੀ ਕਿੰਨੇ ਲਾ ਪ੍ਰਵਾਹ ਹਾਂ ਇਹਦੀ ਇੱਕ ਸਿਖਰ ਨੂੰ ਇਸ ਇਤਿਹਾਸਕ ਗੰਦੇ ਛੱਪੜ ਦੇ ਰੂਪ ‘ਚ ਅੱਜ ਵੀ ਵੇਖਿਆ ਜਾ ਸਕਦਾ ਹੈ। ਇਹੋ ਖੱਡ ਹੈ ਜਿਸ ਬਾਰੇ ਕਵੀ ਸ਼ਾਹ ਮੁਹੰਮਦ ਅਪਣੇ ਕਿੱਸੇ ਵਿੱਚ ਲਿਖਦਾ ਹੈ:-
ਇੱਕ ਪਿੰਡ ਦਾ ਨਾਮ ਜੋ ਮੁੱਦਕੀ ਸੀ,
ਉੱਥੇ ਭਰੀ ਸੀ ਪਾਣੀ ਦੀ ਖੱਡ ਮੀਆਂ
ਘੋੜ ਚੜ੍ਹੇ ਅਕਾਲੀਏ ਕਰ ਧਾਵਾ,
ਝੰਡੇ ਆਣਕੇ ਦਿੱਤੇ ਸੀ ਗੱਡ ਮੀਆਂ।
ਇਸ ਘਟਨਾ ਤੋਂ ਬਾਅਦ ਤਿੰਨ ਦਿਨ ਤਕ ਤੇਜਾ ਸਿੰਘ ਅਤੇ ਲਾਲ ਸਿੰਘ ਨੇ ਅੰਗਰੇਜ਼ਾਂ ਨੂੰ ਤਿਆਰੀ ਕਰਨ ਦਾ ਮੌਕਾ ਦਿੱਤਾ। ਕੁਝ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਤੇਜਾ ਸਿੰਘ ਨੇ ਸਤਲੁਜ ਪਾਰ ਕਰਦਿਆਂ ਸਾਰ ਫਿਰੋਜ਼ਪੁਰ ਜਾ ਕੇ ਮਿ: ਲਿਟਲਰ ਨੂੰ ਪੁੱਛਿਆ ਕੇ ਮੇਰੇ ਲਈ ਕੀ ਹੁਕਮ ਹੈ ਅਤੇ ਅੰਗਰੇਜ਼ ਅਫਸਰਾਂ ਨੇ ਆਖਿਆ ਕਿ ਉਹ ਅਪਣੀ ਫੌਜ ਨੂੰ ਕੁਝ ਦਿਨਾਂ ਲਈ ਰੋਕ ਕੇ ਰੱਖਣ। ਮੁੱਦਕੀ ਦੀ ਜੰਗ ਤੋਂ ਬਾਅਦ ਤੀਜੇ ਦਿਨ 21 ਦਸੰਬਰ ਨੂੰ ਸਵੇਰ ਹੁੰਦਿਆਂ ਹੀ ਜਨਰਲ ਹਿਊ ਗਫ਼ ਅਪਣੇ ਨਾਲ 10,000 ਸਿਪਾਹੀ ਲੈ ਕੇ ਮਿਸ਼ਰੀ ਵਾਲੇ ਪਿੰਡ ਵਿੱਚ ਪਹੁੰਚ ਗਿਆ। ਅੰਗਰੇਜ਼ਾਂ ਨੇ ਨੇੜਲੇ ਮੁੱਦਕੀ, ਲੋਹਾਮ, ਵਾੜਾ ਭਾਈਕਾ, ਮਿਸ਼ਰੀਵਾਲਾ ਆਦਿ ਪਿੰਡਾਂ ਦੇ ਲੋਕਾਂ ਤੋਂ ਜਬਰਦਸਤੀ ਗੱਡੇ, ਬਲਦ, ਊਠ ਲਏ ਅਤੇ ਇਹਨਾਂ ਨੂੰ ਜੰਗੀ ਸਾਜੋ ਸਮਾਨ ਤੋਪਾਂ ਬਾਰੂਦ ਆਦਿ ਢੋਣ ਲਈ ਵਰਤਿਆ। ਸਥਾਨਕ ਲੋਕਾਂ ਦੀ ਵੀ ਡਰਾ ਧਮਕਾਅ ਕੇ ਇਸ ਕੰਮ ਵਿੱਚ ਮਦਦ ਲਈ ਗਈ। ਲੋਕਾਂ ਵਿੱਚ ਇਹ ਪ੍ਰਚਾਰ ਕੀਤਾ ਗਿਆ ਕਿ ਜਿਹਨਾਂ ਨੇ ਲਾਹੌਰ ਫੌਜ ਦੀ ਮਦਦ ਕੀਤੀ, ਉਹਨਾਂ ਦੀਆਂ ਜ਼ਮੀਨਾਂ ਜਬਤ ਕਰ ਲਈਆਂ ਜਾਣਗੀਆਂ। ਮਿਸ਼ਰੀ ਵਾਲੇ ਪਿੰਡ ਪਹੁੰਚ ਕੇ ਫਿਰੋਜ਼ਪੁਰ ਤੋਂ ਆਉਣ ਵਾਲੀ ਲਿਟਲਰ ਦੀ ਕਮਾਨ ਹੇਠਲੀ ਬਟਾਲੀਅਨ ਦੀ ਉਡੀਕ ਕੀਤੀ ਗਈ। ਦੁਪਹਿਰ ਦੇ ਕਰੀਬ ਇੱਕ ਵਜੇ ਇਹ ਅੰਗਰੇਜ਼ ਸਿਪਾਹੀਆਂ ਦੀ 18000 ਹਜਾਰ ਫੌਜ ਪੰਜਾਬ ਦੀ ਫੌਜ ਨਾਲ ਲੜਨ ਲਈ ਤਿਆਰ ਸੀ।
ਅੰਗਰੇਜ਼ ਫੌਜੀ ਅਫਸਰ ਬਰੂਸ ਜੋ ਇਸ ਜੰਗ ਵਿੱਚ ਆਪ ਵੀ ਲੜਿਆ, ਉਹ ਲਿਖਦਾ ਹੈ, “ਹੁਣ 18 ਹਜ਼ਾਰ ਫੌਜ ਸਿੱਖ ਫੌਜ ਨਾਲ ਲੜਨ ਲਈ ਤਿਆਰ ਖੜੀ ਸੀ। ਢਲਦਾ ਸੂਰਜ ਮੈਦਾਨ ਉੱਤੇ ਉਹਨਾਂ ਦੇ ਲੰਬੇ ਪ੍ਰਛਾਵੇਂ ਸੁੱਟ ਰਿਹਾ ਸੀ। ਲਹੂ ਲਿਬੜੇ ਰੈਜੀਮੈਂਟਾਂ ਦੇ ਝੰਡੇ, ਡਰੈਗਨ ਰੈਜੀਮੈਂਟ ਦੇ ਸਪਾਹੀਆਂ ਦੀਆ ਲੰਮੀਆ ਲਾਲਾਂ ਤੇ ਚਿੱਟੀਆਂ ਕਲਗੀਆਂ ਬੇ ਆਵਾਜ਼ ਹਵਾ ਵਿੱਚ ਝੁਕੀਆ ਪਈਆਂ ਸਨ। ਘਬਰਾਏ ਹੋਏ ਤੇ ਦਬਾਓ ਵਿੱਚ ਆਏ ਫੌਜੀ ਅਰਦਾਸਾਂ ਕਰ ਰਹੇ ਸਨ ਕਿ ਉਹ ਜਿਉਂਦੇ ਬਚ ਨਿਕਲਣ।”
ਇੱਕ ਹੋਰ ਅੰਗਰੇਜ਼ ਕੈਪਨ ਜੌਹਨ ਜੋ ਇਸ ਜੰਗ ਵਿੱਚ ਲੜਿਆ 80ਵੀਂ ਪਿਆਦਾ ਰੈਜੀਮੈਂਟ ਦਾ ਅਫਸਰ ਸੀ, ਨੇ ਅਪਣੀ ਡਾਇਰੀ ਵਿੱਚ ਲਿਖਿਆ ਹੈ, “ਚਾਰ ਵਜੇ ਬਿਗਲ ਵੱਜਿਆ ਉੱਚਾ ਤੇ ਸਾਫ, ਬਟਾਲੀਅਨਾਂ ਨੇ ਲਾਈਨ ਵਿੱਚ ਖਿਲਰ ਕੇ ਨਿੱਕੇ ਨਿੱਕੇ ਦਰਖਤਾਂ ਦੇ ਜੰਗਲ ‘ਚੋਂ ਅੱਗੇ ਵਧਣਾ ਸ਼ੁਰੂ ਕੀਤਾ। ਅਸੀਂ ਮੀਲ ਕੁ ਦੂਰ ਖੁੱਲੀ੍ਹ ਥਾਂ ਵੱਲ ਜਾ ਰਹੇ ਸਾਂ ਜਿਹੜੀ ਸਿੱਖਾਂ ਦੇ ਮੋਰਚਿਆਂ ਤੋਂ 300 ਗਜ ਉਰਾਂਹ ਸੀ। ਛੇਤੀ ਹੀ ਸਾਡੀ ਫੌਜ ‘ਤੇ ਤੋਪਾਂ ਦੀ ਮਾਰ ਸ਼ੁਰੂ ਹੋ ਗਈ। ਸਿੱਖਾਂ ਦੀਆ ਤੋਪਾਂ ਦੇ ਗੋਲੇ ਅਤੇ ਗੋਲੀਆਂ ਦਰਖਤਾਂ ਵਿੱਚੋਂ ਦੀ ਘੂਕਦੇ ਆ ਕੇ ਸਾਡੇ ਗਲ ਪੈ ਰਹੇ ਸਨ। ਇਸ ਤੋਂ ਪਹਿਲਾਂ ਕਿ ਸਾਡੇ ਤੋਪਚੀ ਉਹਨਾਂ ਨੂੰ ਅਪਣੀ ਮਾਰ ਹੇਠ ਲਿਆਉਂਦੇ ਉਹਨਾਂ ਦੀਆਂ ਤੋਪਾਂ ਸਾਡੀ ਭਿਆਨਕ ਤਬਾਹੀ ਕਰ ਰਹੀਆਂ ਸਨ।”
ਜਾਰਜ ਬਰੂਸ ਲਿਖਦਾ ਹੈ, “ਲੜਾਈ ਅੰਗਰੇਜ਼ਾਂ ਦੇ ਵਿਰੁੱਧ ਜਾ ਰਹੀ ਸੀ। ਅੰਗਰੇਜ਼ ਪਿਆਦਾ ਫੌਜ ਦੇ ਪਿੱਛੇ ਹਟਣ ‘ਤੇ ਸਿੱਖ ਜੈਕਾਰੇ ਛੱਡਦੇ। ਉਹਨਾਂ ਦੀਆਂ ਤੋਪਾਂ ਸਾਡੀਆਂ ਤੋਪਾਂ ਨਾਲੋਂ ਗੋਲੇ ਵੀ ਬਹੁਤੇ ਛੱਡ ਰਹੀਆਂ ਸਨ। ਇਹ ਗੋਲੇ ਅਤੇ ਜੈਕਾਰੇ ਜੰਗ ਦੇ ਰੌਲੇ ਰੱਪੇ ਤੋਂ ਹੋਰ ਉੱਚੇ ਹੋ ਕੇ ਸੁਣੀਂਦੇ। ਇਸ ਵੇਲੇ ਸੱਜੇ ਪਾਸਿਓ ਜਨਰਲ ਗਿਲਬਰਟ ਦੀਆਂ ਡਵੀਜਨਾਂ ਜਿਹਨਾਂ ਦਾ ਆਗੂ ਗਫ ਸੀ ਅਤੇ ਖੱਬੇ ਵੈਲੇਸ ਦੀਆਂ ਡਵੀਜਨਾਂ ਜਿਹਨਾਂ ਦਾ ਆਗੂ ਹਿੰਦੁਸਤਾਨ ਦਾ ਗਵਰਨਰ ਹਾਰਡਿੰਗ ਸੀ, ਨੇ ਨਾਲੋਂ ਨਾਲ ਸਿੱਖਾਂ ‘ਤੇ ਹੱਲਾ ਬੋਲ ਦਿੱਤਾ।” ਉਹ ਲਿਖਦਾ ਹੈ “ਅਸੀਂ ਤੋਪਾਂ ਦੇ ਗੋਲਿਆਂ ਦੀ ਮਾਰ ਸਹਿੰਦੇ ਅੱਗੇ ਵਧੇ। ਸਾਡੀ ਫੌਜ ਦੀ ਤਬਾਹੀ ਲਈ ਬਰੂਦੀ ਸੁਰੰਗਾਂ ਵਿਛਾਈਆਂ ਹੋਈਆਂ ਸਨ ਜੋ ਸਾਡੇ ਪੈਰਾਂ ਹੇਠ ਆ ਕੇ ਫਟਦੀਆਂ। ਕੱਟ ਵੱਡ ਦਾ ਕਹਿਰ ਸੀ। ਫਿਰ ਵੀ ਸਾਡੇ ਸਾਥੀਆਂ ਨੇ ਹੱਲਾ ਜਾਰੀ ਰੱਖਿਆ। ਕੱਲੀਆਂ ਸੰਗੀਨਾਂ ਨਾਲ ਉਹ ਸਿੱਖਾਂ ਦੇ ਮੋਰਚਿਆਂ ‘ਤੇ ਟੁੱਟ ਪਏ ਤੇ ਉਹਨਾਂ ਦੀਆਂ ਅਗਲੀਆਂ ਤੋਪਾਂ ‘ਤੇ ਕਬਜ਼ਾ ਕਰ ਲਿਆ। ਸਿੱਖ ਇੱਕ ਪੈਰ ਵੀ ਪਿਛਾਂਹ ਨਾ ਹਟੇ ਸਗੋਂ ਅਪਣੀਆਂ ਤੋਪਾਂ ਕੋਲ ਹੀ ਲੜਦੇ ਸਾਡੇ ਸਾਥੀਆਂ ਨੂੰ ਮਾਰਦੇ ਮਰ ਗਏ। ਅਚਾਨਕ ਬਰੂਦੀ ਸੁਰੰਗਾਂ ਦੇ ਫਟਣ ਨਾਲ ਉਹਨਾਂ ਦੇ ਕੈਂਪਾਂ ਨੂੰ ਅੱਗ ਲੱਗ ਗਈ। ਸਾਡਾ ਅੱਗੇ ਵਧਣਾ ਰੁਕ ਗਿਆ। ਅਸੀਂ ਕੁਝ ਪਿੱਛੇ ਹਟੇ ਗਏ। ਸਿੱਖਾਂ ਦੇ ਮੋਰਚਿਆਂ ਅੱਗੇ ਖਾਈਆਂ ਸਨ ਜੋ ਟਹਿਣੀਆਂ ਤੇ ਪੱਤਿਆਂ ਨਾਲ ਢੱਕੀਆਂ ਹੋਈਆਂ ਸਨ। ਅੰਗਰੇਜ਼ ਫੌਜੀ ਉਹਨਾਂ ਵਿੱਚ ਡਿਗਦੇ ਲਾਹਨਤਾਂ ਪਾਉਂਦੇ ਗਾਹਲਾਂ ਕੱਢਦੇ ਇੱਕ ਦੂਜੇ ਉੱਤੇ ਡਿੱਗ ਰਹੇ ਸਨ। ਅਪਣੀਆਂ ਬੰਦੂਕਾਂ ਗਲ ‘ਚ ਪਾ ਕੇ ਮੁਸ਼ਕਲ ਨਾਲ ਬਾਹਰ ਨਿਕਲਦੇ। ਗਿਲਬਰਟ ਦੀ ਡਵੀਜਨ, ਜਿਸ ਦੀ ਕਮਾਨ ਗਫ ਆਪ ਕਰ ਰਿਹਾ ਸੀ, ਦੇ ਸਾਰੇ ਮੱਥੇ ਉੱਤੇ ਦੋਵਾਂ ਪਾਸਿਆਂ ਦੇ ਫੌਜੀ ਗੁੱਥ ਮਗੁੱਥਾ ਹੋਏ। ਛੇਤੀ ਹੀ ਹੇਠਲੀ ਖਾਈ ਤੇ ਇਸ ਦੇ ਉਤਲੇ ਹਿੱਸੇ ਸਿੱਖਾਂ, ਹਿੰਦੁਸਤਾਨੀਆਂ ਅਤੇ ਅੰਗਰੇਜ਼ਾਂ ਦੀਆਂ ਲਾਸ਼ਾਂ ਨਾਲ ਢੱਕੇ ਗਏ। ਤਰਕਾਲਾਂ ਦੇ ਹਨੇਰੇ ਵਿੱਚ ਜਦੋਂ ਘਮਸਾਨ ਦਾ ਜੰਗ ਮਚ ਰਿਹਾ ਸੀ ਤਾਂ ਇੱਕ ਗੋਲਾ ਸਿੱਖ ਫੌਜ ਦੇ ਅਸਲੇਖਾਨੇ ਵਿੱਚ ਜਾ ਲੱਗਾ। ਬਰੂਦ ਫਟਣ ਲੱਗ ਪਿਆ। ਇੱਕ ਢੇਰ ਪਿਛੋਂ ਦੂਜਾ। ਇਸ ਹਫੜਾ ਦਫੜੀ ਦਾ ਫਾਇਦਾ ਉਠਾ ਕੇ ਸਿੱਖਾਂ ਨੇ ਜਿਹੜੇ ਗੋਰੇ ਉਹਨਾਂ ਦੇ ਮੋਰਚਿਆਂ ਵਿੱਚ ਆਣ ਵੜੇ ਸਨ, ਸਭ ਨੂੰ ਖਤਮ ਕਰ ਦਿੱਤਾ।” ਇਸ ਤਰ੍ਹਾਂ ਸਿੱਖਾਂ ਨੇ ਅਪਣੇ ਕੈਂਪ ਵਿੱਚ ਅੱਗ ਲੱਗਣ ਦੇ ਬਾਵਜੂਦ ਇੱਕ ਵਾਰ ਫਿਰ ਅੰਗਰੇਜ਼ੀ ਫੌਜ ਦੇ ਹੱਲੇ ਨੂੰ ਨਕਾਰਾ ਕਰ ਦਿੱਤਾ। ਪਲਾਂ ਛਿਣਾਂ ਵਿੱਚ ਵੱਡੀ ਗਿਣਤੀ ਵਿੱਚ ਚਲਦੇ ਫਿਰਦੇ ਮਨੁੱਖੀ ਸਰੀਰ ਲਾਸ਼ਾਂ ਦੇ ਢੇਰ ਬਣ ਗਏ। ਲੜਾਈ ਚਾਰ ਵਜੇ ਸ਼ੁਰੂ ਹੋਈ ਤੇ ਹਨੇਰਾ ਹੋਣ ਤਕ ਚਲਦੀ ਰਹੀ।
ਇੱਕ ਵਿਸ਼ਾਲ ਇਲਾਕੇ ਵਿੱਚ ਲੜੀ ਗਈ ਇਸ ਜੰਗ ਬਾਰੇ 50ਵੀਂ ਅੰਗਰੇਜ਼ ਰੈਜੀਮੈਂਟ ਦਾ ਲੈਫਟੀਨੈਂਟ ਬੈਲਰਜ਼, ਜੋ ਜੰਗ ਵਿੱਚ ਸ਼ਾਮਲ ਸੀ, ਲਿਖਦਾ ਹੈ-” ਉਹ ਬੜੀ ਡਰਾਉਣੀ ਰਾਤ ਸੀ। ਪਿੰਡ ਦੇ ਇੱਕ ਪਾਸੇ ਇੱਕ ਕੈਂਪ ਸੜ ਰਿਹਾ ਸੀ। ਸੁਰੰਗਾਂ, ਸਿੱਕੇ ਤੇ ਬਾਰੂਦ ਨਾਲ ਭਰੀਆਂ ਗੱਡੀਆਂ ਫਟ ਰਹੀਆਂ ਸਨ। ਜਿਹੜੇ ਸਿਪਾਹੀ ਅੱਗਾਂ ਬਾਲਦੇ ਉਹਨਾਂ ਨੂੰ ਬੁਝਾ ਦੇਣ ਲਈ ਉੱਚੀ ਉੱਚੀ ਹੁਕਮ ਸੁਣੀਂਦੇ। ਸਿੱਖਾਂ ਨੂੰ ਨੇੜੇ ਆਉਣ ਤੋਂ ਰੋਕਣ ਲਈ ਗੋਲੀਆਂ ਦੀ ਵਾਛੜ ਕੀਤੀ ਜਾ ਰਹੀ ਸੀ। ਵੱਡੀਆਂ ਤੋਪਾਂ ਦੀ ਗਰਜ ਅਤੇ ਠਾਹ ਠਾਹ ਲਗਾਤਾਰ ਸੁਣਾਈ ਦੇ ਰਹੀ ਸੀ। ਗੋਲੇ ਲਗਾਤਾਰ ਸ਼ੂਕ ਰਹੇ ਸਨ। ਬਿਗਲ ਵੱਜ ਰਹੇ ਸਨ, ਢੋਲ ਸੁਣੀਂਦੇ ਸਨ ਤੇ ਦੁਸ਼ਮਣ ਜੈਕਾਰੇ ਛੱਡ ਰਹੇ ਸਨ। ਤ੍ਰੇਹ, ਥਕਾਵਟ ਅਤੇ ਸਰਦੀ ਦਾ ਕੋਈ ਅੰਤ ਨਹੀਂ ਸੀ। ਇਹ ਬੁੱਝਣਾ ਔਖਾ ਸੀ ਕਿ ਜੋ ਫੌਜ ਬਚੀ ਹੈ ਉਹ ਹਾਰੀ ਹੈ ਜਾਂ ਜਿੱਤੀ। ਇਹ ਸਾਰੀਆਂ ਗੱਲਾਂ ਰਾਤ ਨੂੰ ਬੜਾ ਖੌਫਨਾਕ ਬਣਾ ਰਹੀਆਂ ਸਨ।” ਫਿਰੋਜ਼ਸ਼ਾਹ ਦੀ ਇਸ ਲੜਾਈ ਵਿੱਚ ਲੜਨ ਵਾਲਾ ਇੱਕ ਹੋਰ ਅੰਗਰੇਜ਼ ਅਫਸਰ ਰਾਬਰਟ ਕਸਟ ਲਿਖਦਾ ਹੈ, “ਅੰਗਰੇਜ਼ਾਂ ਵੱਲੋਂ ਫੱਟੜਾਂ ਨੂੰ ਬਚਾਣ ਲਈ ਬਿਨਾਂ ਸ਼ਰਤ ਹਥਿਆਰ ਸੁੱਟ ਦੇਣ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ।”
ਇਸ ਲੜਾਈ ਵਿੱਚ ਸ਼ਾਮਲ ਇੱਕ ਹੋਰ ਅੰਗਰੇਜ਼ ਅਫਸਰ ਸਰ ਹੋਪ ਗਰਾਂਟ ਨੇ ਲਿਖਿਆ ਹੈ “ਸੱਚਮੁੱਚ ਹੀ ਉਹ ਰਾਤ ਬੜੀ ਉਦਾਸੀ ਤੇ ਕੁਸ਼ਗਣੀ ਰਾਤ ਸੀ। ਹਿੰਦੁਸਤਾਨ ਦੇ ਇਤਿਹਾਸ ਵਿੱਚ ਸਾਡੀਆਂ ਜੰਗਾਂ ਦੇ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਕਦੀ ਅੰਗਰੇਜ਼ੀ ਫੌਜ ਦੀ ਐਨੇ ਵੱਡੇ ਪੈਮਾਨੇ ‘ਤੇ ਇਹੋ ਜਿਹੀ ਹਾਰ, ਜਿਸ ਦਾ ਅਰਥ ਬੀ ਨਾਸ ਹੋਣਾ ਹੋਵੇ, ਦੇ ਨੇੜੇ ਕਦੇ ਨਹੀਂ ਸੀ ਅੱਪੜੀ। ਸਿੱਖਾਂ ਨੇ ਦੁਬਾਰਾ ਅਪਣੇ ਸਾਰੇ ਮੋਰਚੇ ਖੋਹ ਲਏ ਸਨ। ਹੰਭੀਆਂ ਹੋਈਆਂ ਤੇ ਆਹੂ ਲੱਥੀਆਂ ਸਾਡੀਆਂ ਡਵੀਜਨਾਂ ਇੱਕ ਵੱਡੇ ਰਕਬੇ ਵਿਚ ਬਿਨਾਂ ਆਪਸੀ ਤਾਲ ਮੇਲ ਦੇ ਪਈਆਂ ਸਨ।”
ਲਾਰਡ ਹਾਰਡਿੰਗ ਨੇ ਉਹ ਤਲਵਾਰ, ਜੋ ਕਦੇ ਉਸ ਨੂੰ ਨੈਪੋਲੀਅਨ ਨਾਲ ਜੰਗਾਂ ਲੜਦਿਆਂ ਇਨਾਮ ਵਜੋਂ ਹਾਸਲ ਹੋਈ ਸੀ, ਅਪਣੇ ਪੁੱਤਰ ਨੂੰ ਦੇ ਕੇ ਵਾਪਸ ਮੁੱਦਕੀ ਭੇਜ ਦਿੱਤਾ। ਨਾਲ ਇਹ ਹਦਾਇਤ ਕੀਤੀ ਕਿ ਸਾਡਾ ਇੱਥੋਂ ਜਿੱਤ ਕੇ ਨਿਕਲਣਾ ਹੁਣ ਲਗਭਗ ਅਸੰਭਵ ਹੈ। ਜੇਕਰ ਹਾਰ ਹੋ ਗਈ ਤਾਂ ਉਸ ਦੇ ਸਾਰੇ ਨਿੱਜੀ ਕਾਗਜ਼ ਸਾੜ ਦਿੱਤੇ ਜਾਣ। ਅੰਗਰੇਜ਼ਾਂ ਦਾ ਗੋਲਾ ਬਾਰੂਦ ਖਤਮ ਹੋ ਗਿਆ ਸੀ। ਹਰ ਪਾਸੇ ਨਿਰਾਸ਼ਤਾ ਦਾ ਆਲਮ ਸੀ। ਅੰਗਰੇਜ਼ ਜਰਨੈਲਾਂ ਨੇ ਆਪ ਮੰਨਿਆ ਕਿ ਸਿੱਖ ਹੈਰਾਨੀਜਨਕ ਵੀਰਤਾ ਨਾਲ ਲੜੇ। ਧਰਤੀ ‘ਤੇ ਦੂਰ ਤਕ ਰੱਤ ਹੀ ਰੱਤ ਹੋ ਗਈ। ਜੰਗ ਵਿੱਚ ਫੱਟੜ ਦੋਹਾਂ ਪਾਸਿਆਂ ਦੇ ਸਿਪਾਹੀ ਕਰਾਹਉਂਦੇ ਬਾਲਾਂ ਵਾਂਗ ਰੋਂਦੇ ਜੰਗੀ ਮੈਦਾਨ ਤੋਂ ਬਾਹਰ ਦੇ ਰੁੱਖਾਂ ਦੀ ਓਟ ਲੈਂਦੇ। ਲਾਸ਼ਾਂ ਦੇ ਉੱਤੋਂ ਦੀ ਰਿੜ ਰਿੜ ਕੇ ਬਚਦੇ ਬਚਾਉਂਦੇ ਪਾਣੀ ਪਾਣੀ ਦੀ ਦੁਹਾਈ ਦਿੰਦੇ। ਹਿੰਦੁਸਤਾਨ ਦਾ ਗਵਰਨਰ ਜਨਰਲ ਲਾਰਡ ਹਾਰਡਿੰਗ ਪੰਜਾਬ ਦੇ ਜਾਇਆਂ ਅੱਗੇ ਗੋਡੇ ਟੇਕਣ ਲਈ ਤਿਆਰ ਹੋ ਗਿਆ। ਮੇਵਾ ਸਿੰਘ, ਮਾਖੇ ਖਾਂ, ਮਜਹਰ ਅਲੀ, ਸ਼ਮਸ਼ੇਰ ਸਿੰਘ, ਰਤਨ ਸਿੰਘ ਆਦਿ ਕੁਝ ਨਾਮ ਹਨ, ਜੋ ਸਿੱਖ ਫੌਜ ਵੱਲੋਂ ਬੜੀ ਬਹਾਦਰੀ ਨਾਲ ਲੜੇ। ਪੰਜਾਬ ਦੇ ਮਹਾਨ ਲੋਕ ਜਿਹਨਾਂ ਵਿੱਚ ਹਿੰਦੂ ਮੁਸਲਮਾਨ ਅਤੇ ਸਿੱਖ ਲਗਭਗ ਸਾਰੀਆਂ ਕੌਮਾਂ ਦੇ ਲੋਕ ਸਨ, ਇੰਨੀ ਬਹਾਦਰੀ ਨਾਲ ਲੜੇ ਕਿ ਇਹਨਾਂ ਯੋਧਿਆਂ ਨੇ ਅੰਗਰੇਜ਼ੀ ਫੌਜ ਨੂੰ ਭੈਭੀਤ ਕਰ ਦਿੱਤਾ। ਕਾਲੀ ਹਨੇਰੀ ਠੰਡੀ ਰਾਤ ਵਿੱਚ ਪੰਜਾਬੀ ਸੂਰਮੇ ਜੈਕਾਰੇ ਛੱਡ ਰਹੇ ਸਨ। ਉਹ ਜਾਣਦੇ ਸਨ ਕਿ ਉਹ ਅਪਣੀ ਸਰ ਜ਼ਮੀ ਅਤੇ ਅਣਖ ਗੈਰਤ ਲਈ ਲੜ ਰਹੇ ਹਨ। ਦਰਿਆਓਂ ਪਾਰ ਆ ਲੰਘ ਕੇ ਉਹਨਾਂ ਨੇ ਅੰਗਰੇਜ਼ੀ ਹਕੂਮਤ ਦੀ ਹੈਂਕੜ ਭੰਨ ਦਿੱਤੀ ਸੀ। ਕੈਪਟਨ ਕੁਮਿੰਗ ਲਿਖਦਾ ਹੈ “ਸਾਡੇ ‘ਚੋਂ ਕੋਈ ਵਿਰਲੇ ਹੀ ਹੋਣਗੇ ਜਿਹਨਾਂ ਨੂੰ ਇਹ ਵਿਸ਼ਵਾਸ ਨਾ ਹੋਵੇ ਕਿ ਇਹ ਰਣਭੂਮੀ ਸਾਡੀ ਕਬਰ ਨਹੀਂ ਬਣੇਗੀ।” ਵੱਡੀ ਗਿਣਤੀ ਵਿੱਚ ਮਾਰੀ ਗਈ ਅਤੇ ਫੱਟਣ ਹੋਈ ਅੰਗਰੇਜ਼ੀ ਫੌਜ ਤਰਾਹ ਤਰਾਹ ਕਰ ਰਹੀ ਸੀ। ਹੱਡ ਚੀਰਵੀਂ ਸਰਦੀ ਤੇ ਥਕਾਵਟ ਨਾਲ ਫੌਜ ਇੰਨੀ ਬੇਹਾਲ ਹੋ ਗਈ ਕਿ ਲੜਨਾਂ ਜਿਵੇਂ ਉਹਨਾਂ ਦੇ ਵੱਸੋਂ ਬਾਹਰੀ ਗੱਲ ਹੋ ਗਈ ਸੀ। ਇਹ ਉਹ ਸਮਾਂ ਸੀ ਜਦੋਂ ਪੰਜਾਬ ਦੇ ਸੂਰਬੀਰਾਂ ਨੇ ਹਿੰਦੁਸਤਾਨ ਦੀ ਕਿਸਮਤ ਲਿਖਣ ਲਈ ਅਪਣਾ ਲਹੂ ਡੋਹਲ ਕੇ ਸ਼ਿਆਹੀ ਤਿਆਰ ਕਰ ਲਈ ਸੀ, ਬਸ ਲਿਖਿਆ ਜਾਣਾ ਹੀ ਬਾਕੀ ਸੀ।
ਅਗਲੇ ਦਿਨ 22 ਦਸੰਬਰ ਨੂੰ ਸੂਰਬੀਰ ਪੰਜਾਬੀਆਂ ਨੂੰ ਜਾਪਿਆ ਕਿ ਮੈਦਾਨ ਉਹਨਾਂ ਦੇ ਹੱਥ ਵਿੱਚ ਹੈ। ਉਹ ਜਨਰਲ ਹਿਊ ਗੱਫ ਅਤੇ ਹਾਰਡਿੰਗ ਨੂੰ ਘੇਰਨ ਲੈਣ ਲਈ ਬੇਤਾਬ ਹੋ ਰਹੇ ਸਨ। ਜਦੋਂ ਪੰਜਾਬ ਦੀ ਹੀ ਨਹੀਂ ਬਲਕਿ ਹਿੰਦੁਸਤਾਨ ਦੀ ਕਿਸਮਤ ਉਹ ਅਪਣੇ ਹੱਥਾਂ ਨਾਲ ਲਿਖ ਸਕਦੇ ਸਨ, ਪੈਦਲ ਅਤੇ ਘੋੜ ਸਵਾਰ ਜਵਾਨ ਹਮਲਾ ਕਰਨ ਲਈ ਅੱਗੇ ਵਧ ਰਹੇ ਸਨ, ਇੱਕ ਜ਼ੋਰਦਾਰ ਅਟੈਕ ਹੋਣ ਵਾਲਾ ਸੀ ਤਾਂ ਐਨ ਇਸੇ ਮੌਕੇ ਗੱਦਾਰ ਤੇਜਾ ਸਿੰਘ ਨੇ ਬਿਗਲਰਾਂ ਨੂੰ ਹੁਕਮ ਕੀਤਾ ਕਿ ਉਹ ਫੌਜ ਨੂੰ ਪਿਛਾਂਹ ਮੁੜਨ ਦਾ ਬਿਗਲ ਵਜਾਉਣ। ਬਿਗਲ ਵੱਜਿਆ, ਬਿਗਲ ਕਾਹਦਾ ਵੱਜਿਆ ਪੰਜਾਬ ਸਮੇਤ ਹਿੰਦੁਸਤਾਨ ਦੀ ਕਿਸਮਤ ਸੌਂ ਗਈ। ਦੇਸ਼ ਦੀ ਗੁਲਾਮੀ ਤੇ ਹਜਾਰਾਂ ਸੂਰਬੀਰਾਂ ਦੀ ਕੁਰਬਾਨੀ ਦਾ ਇੱਕ ਵਾਰ ਫਿਰ ਮੁੱਢ ਬੱਝ ਗਿਆ।
ਵੋ ਜਬਰ ਭੀ ਦੇਖਾ ਹੈ ਤਵਾਰੀਖ਼ ਕੇ ਅਹਿਦੋਂ ਕਾ
ਲਮਹੋਂ ਨੇ ਖਤਾ ਕੀ ਔਰ ਸਦੀਓ ਨੇ ਸਜ਼ਾ ਪਾਈ।
ਇਸ ਤਰਾਂ੍ਹ ਹਜਾਰਾਂ ਸੂਰਬੀਰਾਂ ਦੀ ਕੁਰਬਾਨੀ ਦਾ ਮੁੱਲ ਵੱਟ ਕੇ ਜੇਬਾਂ ਭਰਨ ਵਾਲੇ ਗੱਦਾਰਾਂ ਤੇਜਾ ਸਿੰਘ ਅਤੇ ਲਾਲ ਸਿੰਘ ਦੀ ਖੋਟੀ ਨੀਅਤ ਕਰਕੇ ਇਤਿਹਾਸ ਬਦਲਦਾ ਬਦਲਦਾ ਰਹਿ ਗਿਆ। ਵਾਪਸੀ ਦੇ ਬਿਗੁਲ ਤੋਂ ਹੈਰਾਨ ਸਿੱਖ ਫੌਜ ਨੇ ਸਤਲੁਜ ਵੱਲ ਚਾਲੇ ਪਾ ਦਿੱਤੇ ਤੇ ਹਾਰੇ ਹੋਏ ਅੰਗਰੇਜ਼ ਜਿੱਤ ਦੀਆਂ ਚਾਂਗਰਾਂ ਮਾਰਨ ਲੱਗ ਪਏ। ਉਸ ਸਮੇਂ ਦਾ ਪੰਜਾਬ ਦਾ ਦਰਵੇਸ਼ ਕਵੀ ਸ਼ਾਹ ਮੁਹੰਮਦ ਖੂਨ ਦੇ ਅੱਥਰੂ ਰੋਇਆ। ਉਸ ਲਿਖਿਆ ਸੀ
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
ਉਹ ਜੰਗ ਜਿਸ ਨੂੰ ਅੰਗਰੇਜ਼ਾਂ ਨੇ ਬਅਟਟਲ ਾ ਰੇਅਲ ਕਿਹਾ, ਦੋ ਕੌਮਾਂ ਦਰਮਿਆਨ ਲੜੀ ਜੰਗ ਦੀ ਅਹਿਮੀਅਤ ਦਿੱਤੀ। ਜੰਗ ਵਿੱਚ 694 ਅੰਗਰੇਜ਼ 1000 ਪੰਜਾਬ ਦੇ ਲੋਕ ਮੌਤ ਦੀ ਭੇਂਟ ਚੜ੍ਹ ਗਏ। ਇਹ ਗਿਣਤੀ ਸਮੇਂ ਦੀ ਅੰਗਰੇਜ਼ੀ ਸਰਕਾਰ ਵੱਲੋਂ ਦਰਸਾਈ ਗਈ। ਪਰ ਇਹ ਗਿਣਤੀ ਸਹੀ ਨਹੀਂ ਹੈ। ਦੋਹਾਂ ਧਿਰਾਂ ਵਲੋਂ ਜੰਗ ਵਿੱਚ ਸ਼ਹੀਦ ਹੋਏ ਲੋਕਾਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ ਪਰ ਸਹੀ ਤੱਥ ਉਜਾਗਰ ਕਰਨੇ ਅੰਗਰੇਜ਼ੀ ਸਰਕਾਰ ਦੇ ਪੱਖ ਵਿੱਚ ਨਹੀਂ ਸਨ। ਇਹ ਜਿੱਤੀ ਹੋਈ ਜੰਗ ਦੋ ਗੱਦਾਰਾਂ ਕਾਰਣ ਪੰਜਾਬ ਦੀ ਧਰਤੀ ਦੇ ਵਾਰਸ ਹਾਰ ਚੁੱਕੇ ਸਨ। ਖਿੰਡੀ ਪੁੰਡੀ ਫੌਜ ਨੇ ਸਤਲੁਜ ਵੱਲ ਦਾ ਰੁੱਖ ਕਰ ਲਿਆ। ਹੁਕਮ ਦੀ ਬੱਧੀ ਫੌਜ ਨੂੰ ਪਹਿਲੇ ਦਿਨ ਹੋਈ ਲੜਾਈ ਵਿੱਚ ਸ਼ਹੀਦ ਹੋਇਆਂ ਦੀਆਂ ਲਾਸ਼ਾਂ ਅਤੇ ਫੱਟੜ ਹੋਏ ਫੌਜੀਆਂ ਨੂੰ ਸੰਭਾਲਣ ਵੀ ਨਾ ਦਿੱਤਾ ਗਿਆ। ਵਾੜਾ ਭਾਈ ਕਾ ਪਿੰਡ ਦੇ ਕੁਝ ਖੇਤ ਹਨ, ਜਿਹਨਾਂ ਨੂੰ ਅੱਜ ਵੀ ਲੋਕ ‘ਸਿਰੀਆਂ ਵਾਲਾ ਖੇਤ’ ਆਖਦੇ ਹਨ। ਕਿਹਾ ਜਾਂਦਾ ਹੈ ਕਿ ਇਹਨਾਂ ਖੇਤਾਂ ਵਿੱਚ ਵੱਢੇ ਪਏ ਮਨੁੱਖੀ ਸਿਰ ਜੋ ਵੱਡੀ ਗਿਣਤੀ ਵਿੱਚ ਸਨ, ਕਈ ਦਿਨ ਰੁਲਦੇ ਰਹੇ। ਜ਼ਖ਼ਮੀ ਹੋਏ ਸਿੰਘ ਜਿਹਨਾਂ ਦੀਆਂ ਲੱਤਾਂ ਬਾਹਾਂ ਉੱਡ ਗਈਆਂ ਸਨ, ਕਈ ਦਿਨ ਪਾਣੀ ਪਾਣੀ ਪੁਕਾਰਦੇ ਰਹੇ। ਇਸ ਧਰਤੀ ‘ਤੇ ਵਾਪਰੀਆਂ ਦਰਦਨਾਕ ਦਿਲ ਕੰਬਾਊ ਘਟਨਾਵਾਂ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਲੋਕ ਅੱਜ ਵੀ ਕਹਿੰਦੇ ਹਨ ਕਿ ਕਦੇ ਕਦੇ ਇਹਨਾਂ ਇਲਾਕਿਆਂ ਚੋਂ ਅੱਜ ਵੀ ਪਾਣੀ ਪਾਣੀ ਦੀਆਂ ਅਵਾਜ਼ਾਂ ਆਉਂਦੀਆਂ ਹਨ। ਇਸ ਤੋਂ ਬਾਅਦ ਅੰਗਰੇਜ਼ਾਂ ਅਤੇ ਸਿੱਖਾਂ ਦੀਆਂ ਬੱਦੋਵਾਲ, ਆਲੀਵਾਲ, ਅਤੇ ਸਭਰਾਵਾਂ ਦੀਆਂ ਜੰਗਾਂ ਹੋਈਆਂ। 10 ਫਰਵਰੀ 1846 ਨੂੰ ਸਭਰਾਵਾਂ ਦੀ ਲੜਾਈ ਤੋਂ ਬਾਅਦ ਅੰਗਰੇਜ਼ਾਂ ਨੇ ਸਤਲੁਜ ਦਰਿਆ ਨੂੰ ਪਾਰ ਕਰ ਲਿਆ।
ਮੁੱਦਕੀ ਅਤੇ ਫਿਰੋਜ਼ਸ਼ਾਹ ਆਦਿ ਕੁਝ ਥਾਵਾਂ ‘ਤੇ ਅੰਗਰੇਜ਼ ਹਕੂਮਤ ਵੱਲੋਂ 1870 ਵਿੱਚ ਅਪਣੇ ਸਿਪਾਹੀਆਂ ਦੀ ਯਾਦ ਵਿੱਚ ਲਾਟਾਂ ਉਸਾਰੀਆਂ ਗਈਆਂ ਹਨ। ਮੁੱਦਕੀ ਨੇੜੇ ਅੰਗਰੇਜ਼ ਸਿਪਾਹੀਆਂ ਦੀ ਯਾਦਗਾਰ ‘ਤੇ ਸਾਡੀ ਭਾਰਤ ਸਰਕਾਰ ਵੱਲੋਂ ਇੱਕ ਚੌਕੀਦਾਰ ਵੀ ਨਿਯੁਕਤ ਕੀਤਾ ਹੋਇਆ ਹੈ। ਉਸ ਦੇ ਦੱਸਣ ਮੁਤਾਬਕ ਅੱਜ ਵੀ ਅੰਗਰੇਜ਼ ਅਪਣੇ ਵੱਡੇ ਵਡੇਰਿਆਂ ਦੀਆਂ ਇਹਨਾਂ ਯਾਦਗਾਰਾਂ ਨੂੰ ਸਿਜਦਾ ਕਰਨ ਪੁਜਦੇ ਹਨ। ਦੂਜੇ ਪਾਸੇ ਉਹਨਾਂ ਗੁੰਮਨਾਮ ਪੰਜਾਬੀ ਯੋਧਿਆਂ ਜਿਹਨਾਂ ਨੇ ਦੇਸ਼ ਕੌਮ ਲਈ ਅਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ, ਦੀ ਕੋਈ ਢੁੱਕਵੀਂ ਯਾਦਗਾਰ ਨਹੀਂ ਹੈ।
ਇਹਨਾਂ ਖੇਤਾਂ ਵਿੱਚ ਡੁੱਲ੍ਹੀ ਹੈ ਰੱਤ ਸਾਡੀ,
ਇੱਥੇ ਕਿਵੇਂ ਨਾ ਸਾਵੀਆਂ ਹੋਣ ਫਸਲਾਂ।
ਅਫਸੋਸ ਇਹ ਹੈ ਕਿ ਇੱਥੇ ਸ਼ਹੀਦ ਹੋਣ ਵਾਲੇ ਸੂਰਬੀਰਾਂ ‘ਚੋਂ ਕਿਸੇ ਇੱਕ ਦਾ ਵੀ ਨਾਮ ਸਥਾਨਕ ਲੋਕ ਨਹੀਂਂ ਜਾਣਦੇ। 1930 ਵਿੱਚ ਇੱਥੇ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਇੱਕ ਗੁਰਦੁਆਰਾ ਸ਼ਹੀਦਗੰਜ ਸਾਹਿਬ ਬਣਾਇਆ ਗਿਆ ਅਤੇ ਇਸ ਜੰਗੀ ਸਾਜੋ ਸਮਾਨ ਨੂੰ ਸੰਭਾਲਣ ਲਈ ਪਿੰਡ ਘੱਲ ਕਲਾਂ ਵਿਖੇ ਇੱਕ ਇੱਕ ਮਿਊਜ਼ੀਅਮ, ਜਿਸ ਦਾ ਉਦਘਾਟਨ ਸੰਜੇ ਗਾਂਧੀ ਨੇ ਅਪਣੇ ਸਮੇਂ ਵਿੱਚ ਕੀਤਾ ਸੀ, ਬਣਾਇਆ ਗਿਆ ਹੈ। ਇੱਥੇ ਜੰਗ ਨਾਲ ਸਬੰਧਤ ਕੁਝ ਗਿਣਤੀ ਦੀਆਂ ਤਸਵੀਰਾਂ, ਪਿਸਤੌਲਾਂ, ਬੰਦੂਕਾਂ, ਤਲਵਾਰਾਂ, ਨਿੱਕੀਆਂ ਵੱਡੀਆਂ ਕੁਝ ਤੋਪਾਂ ਪਈਆਂ ਹਨ। ਹਰ ਸ਼ੈਅ ਦੀ ਹਾਲਤ ਖਸਤਾ ਹੈ। ਮਿਊਜ਼ੀਅਮ ਦੀ ਬਿਲਡਿੰਗ ਫਰਸ਼ ਤੋਂ ਲੈ ਕੇ ਛੱਤਾਂ ਤਕ ਮੁਰੰਮਤ ਨੂੰ ਤਰਸਦੀ ਪਰਤੀਤ ਹੁੰਦੀ ਹੈ। ਮਿਊਜ਼ੀਅਮ ਦੇ ਸਟਾਫ ਨਾਲ ਗੱਲ ਕੀਤਿਆਂ ਪਤਾ ਲੱਗਾ ਕਿ ਘੱਟ ਹੀ ਲੋਕ ਹਨ ਜੋ ਮਿਊਜ਼ੀਅਮ ਦੇਖਣ ਆਉਂਦੇ ਹਨ। ਸ਼ਾਇਦ ਸਾਡੀ ਮਨੋਬਿਰਤੀ ਹੀ ਅਜਿਹੀ ਹੈ ਕਿ ਅਪਣੇ ਮਹਾਨ ਵਿਰਸੇ ‘ਚੋਂ ਕੁਝ ਸਿੱਖਣਾ ਸਾਡੇ ਵੱਸ ਦੀ ਗੱਲ ਨਹੀਂ।
ਮੋ: 98550-51099
ਇੱਕ ਪਿੰਡ ਦਾ ਨਾਮ ਜੋ ਮੁੱਦਕੀ ਸੀ,
ਉੱਥੇ ਭਰੀ ਸੀ ਪਾਣੀ ਦੀ ਖੱਡ ਮੀਆਂ
ਘੋੜ ਚੜ੍ਹੇ ਅਕਾਲੀਏ ਕਰ ਧਾਵਾ,
ਝੰਡੇ ਆਣਕੇ ਦਿੱਤੇ ਸੀ ਗੱਡ ਮੀਆਂ।