ਅਜਿਹੀ ਕੁੜੀ ਦੀ ਕਹਾਣੀ, ਜਿਸ ਦੇ ਤਿੰਨ ਪ੍ਰੇਮੀ ਹਨ ਪਰ ਉਹ ਵੇਸਵਾ ਨਹੀਂ

ਮੁਬੰਈ-24 ਸਾਲਾ ਗਰਿਮਾ ਨੂੰ ਤਿੰਨ ਮੁੰਡਿਆਂ ਨਾਲ ਪਿਆਰ ਹੈ ਅਤੇ ਉਹ ਤਿੰਨੇ ਗਰਿਮਾ ਦੇ ਬੁਆਏਫਰੈਂਡ ਹਨ।ਦਿਲਚਸਪ ਗੱਲ ਇਹ ਹੈ ਕਿ ਗਰਿਮਾ ਦੇ ਇਹ ਤਿੰਨੇ ਮਿੱਤਰ ਆਪਸ ਵਿੱਚ ਵਾਕਫ਼ ਅਤੇ ਤਿੰਨੇ ਹੀ ਇਸ ਰਿਸ਼ਤੇ ਬਾਰੇ ਸਹਿਜ ਹਨ।

ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਕੋਈ ਵਿਅਕਤੀ ਇੱਕੋ ਵੇਲੇ ਹੀ ਤਿੰਨ ਜਣਿਆਂ ਨੂੰ ਪਿਆਰ ਕਿਵੇਂ ਕਰ ਸਕਦਾ ਹੈ?

ਗਰਿਮਾ ਇਸ ਸਵਾਲ ਦਾ ਜਵਾਬ ‘ਹਾਂ’ ਵਿੱਚ ਦਿੰਦੀ ਹੈ।

ਦਰਅਸਲ ਗਰਿਮਾ ਅਤੇ ਉਨ੍ਹਾਂ ਦੇ ਦੋਸਤਾਂ ਵਰਗੇ ਅਜਿਹੇ ਰਿਸ਼ਤਿਆਂ ਨੂੰ ‘ਬਹੁ-ਪ੍ਰੇਮੀ ਰਿਸ਼ਤੇ’ (Polyamorous relationship) ਕਿਹਾ ਜਾਂਦਾ ਹੈ ਅਜਿਹੇ ਰਿਸ਼ਤਿਆਂ ਦੇ ਰੁਝਾਨ ਨੂੰ ‘ਬਹੁ-ਪ੍ਰੇਮੀਵਾਦ’ (Polyamory) ਕਿਹਾ ਜਾਂਦਾ ਹੈ।

ਭਾਰਤ ਸਮੇਤ ਹੁਣ ਦੁਨੀਆਂ ਭਰ ਦੇ ਲੋਕ ਇਸ ਤਰ੍ਹਾਂ ਦੇ ਰਿਸ਼ਤਿਆਂ ਬਾਰੇ ਖੁੱਲ੍ਹ ਕੇ ਗੱਲ ਕਰ ਰਹੇ ਹਨ।

‘ਬਹੁ-ਪ੍ਰੇਮੀ ਰਿਸ਼ਤੇ’ ਕੀ ਹੁੰਦੇ ਹਨ?

ਪਾਲੀਏਮਰੀ (Polyamory) ਗਰੀਕ ਅਤੇ ਲਾਤੀਨੀ ਭਾਸ਼ਾਈ ਸ਼ਬਦਾਂ Poly (ਗਰੀਕ) ਅਤੇ Amor (ਲਾਤੀਨੀ) ਤੋਂ ਮਿਲ ਕੇ ਬਣਿਆ ਹੈ।

Poly ਦਾ ਮਤਲਬ ਹੈ ਕਿ ਕਈ ਜਾਂ ਇੱਕ ਤੋਂ ਵੱਧ ਅਤੇ Amor ਮਤਲਬ ਪਿਆਰ, ਯਾਨਿ ਕਿ ਇੱਕੋ ਵੇਲੇ ਇੱਕ ਤੋਂ ਵੱਧ ਲੋਕਾਂ ਨਾਲ ਪਿਆਰ ਦਾ ਰੁਝਾਨ।

ਪਾਲੀਏਮਰੀ ਦੀ ਇੱਕ ਸਭ ਤੋਂ ਵੱਡੀ ਅਤੇ ਜ਼ਰੂਰੀ ਸ਼ਰਤ ਇਹ ਹੈ ਕਿ ਰਿਸ਼ਤੇ ‘ਚ ਇਮਾਨਦਾਰੀ ਅਤੇ ਖੁੱਲ੍ਹਾਪਣ ਹੋਵੇ। ਇਸ ਰਿਸ਼ਤੇ ਵਿਚਲੇ ਸਾਥੀ ਲਈ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹੋਣ। ਸਾਰਿਆਂ ਦੀ ਅਜਿਹੇ ਰਿਸ਼ਤੇ ਲਈ ਸਹਿਮਤੀ ਹੋਵੇ ਇਸ ਤੋਂ ਬਾਅਦ ਹੀ ਰਿਸ਼ਤਾ ਅੱਗੇ ਵੱਧਦਾ ਹੈ।

ਗਰਿਮਾ ਅਤੇ ਉਨ੍ਹਾਂ ਦੇ ਪ੍ਰੇਮੀਆਂ ਦੀ ਕਹਾਣੀ, ਉਨ੍ਹਾਂ ਦੀ ਜ਼ੁਬਾਨੀ
ਮੈਂ ਤਕਰੀਬਨ 13-14 ਸਾਲ ਦੀ ਹੋਵਾਂਗੀ, ਜਦੋਂ ਮੈਨੂੰ ਪਹਿਲੀ ਵਾਰ ਪਿਆਰ ਹੋਇਆ। ਅਸੀਂ ਦੋਵੇਂ ਕਾਫੀ ਖੁਸ਼ ਸੀ।ਸਭ ਕੁਝ ਠੀਕ ਚੱਲ ਰਿਹਾ ਸੀ ਕਿ ਮੈਨੂੰ ਕਿਸੇ ਹੋਰ ਵੱਲ ਖਿੱਚ ਮਹਿਸੂਸ ਹੋਣ ਲੱਗੀ ਪਰ ਮੈਂ ਆਪਣੇ ਪਹਿਲੇ ਸਾਥੀ ਨੂੰ ਵੀ ਨਹੀਂ ਛੱਡਣਾ ਚਾਹੁੰਦੀ ਸੀ।ਪਰ ਅਜਿਹਾ ਕਿਵੇਂ ਸੰਭਵ ਹੋ ਸਕਦਾ ਹੈ ਕਿ ਇੱਕ ਕੁੜੀ ਦੇ ਦੋ ਬੁਆਏਫਰੈਂਡ ਹੋਣ?
ਅਲੱੜ੍ਹਪੁਣੇ ਦੇ ਕੁਝ ਸਾਲ ਬੇਹੱਦ ਉਲਝਣ ਭਰੇ ਅਤੇ ਤਕਲੀਫ਼ਦੇਹ ਸਨ। ਮੈਂ ਗੰਭੀਰ ‘ਆਈਡੈਂਟਿਟੀ ਕ੍ਰਾਈਸਿਸ’ (ਪਛਾਣ ਦਾ ਸੰਕਟ) ਨਾਲ ਜੂਝ ਰਹੀ ਸੀ।ਮੇਰੇ ਕਈ ਜਾਣਕਾਰਾਂ ਨੇ ਮੈਨੂੰ ‘ਚਰਿੱਤਰਹੀਣ’ ਤੱਕ ਕਹਿ ਦਿੱਤਾ ਸੀ। ਕਈਆਂ ਨੇ ਕਿਹਾ ਕਿ ਮੈਨੂੰ ਸੈਕਸ ਦੀ ਆਦੀ ਦੱਸ ਕੇ ਮਨੋ-ਵਿਗਿਆਨਕ ਕੋਲ ਜਾਣ ਦੀ ਸਲਾਹ ਦਿੱਤੀ।ਮੈਂ ਕਾਊਂਸਲਰ ਕੋਲ ਵੀ ਗਈ। ਉਨ੍ਹਾਂ ਮੈਨੂੰ ਹੋਰ ਗੱਲਾਂ ਦੇ ਨਾਲ ਇਹ ਸਝਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਕੋਈ ਵੀ ਮੁੰਡਾ ਆਪਣੀ ਗਰਲਫਰੈਂਡ ਦੇ ਕਈ ਹੋਰ ਬੁਆਏਫਰੈਂਡ ਕਿਵੇਂ ਸਵੀਕਾਰ ਕਰੇਗਾ? ਇਹ ਸਭ ਗੱਲਾਂ ਸੁਣ ਕੇ ਮੈਂ ਇੱਕ ਵਾਰ ਫੇਰ ਆਪਣੇ-ਆਪ ਨੂੰ ਹੀ ਗਲਤ ਸਮਝਣ ਲੱਗ ਪਈ।ਇਸ ਦੌਰਾਨ ਮੈਂ ਪੜ੍ਹਾਈ ਲਈ ਵਿਦੇਸ਼ ਚਲੀ ਗਈ। ਉੱਥੇ ਦੇ ਮਾਹੌਲ ਨੇ ਮੈਨੂੰ ਆਪਣੇ ਆਪ ਨੂੰ ਸਮਝਣ ਵਿੱਚ ਬਹੁਤ ਸਹਾਇਤਾ ਕੀਤੀ।

ਉੱਥੇ ਮੈਂ ਆਧੁਨਿਕ ਰਿਸ਼ਤੇ, ਸੈਕਸ ਅਤੇ ਮਨੁੱਖੀ ਵਿਕਾਸ ਬਾਰੇ ਬਹੁਤ ਕੁਝ ਪੜ੍ਹਿਆ। ਮੈਂ ਕਈ ਅਜਿਹੇ ਲੋਕਾਂ ਨੂੰ ਮਿਲੀ, ਜਿਨ੍ਹਾਂ ਨੇ ਆਪਣੇ ਆਪ ਨੂੰ ਸਵੀਕਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਆਪਣੇ-ਆਪ ਤੇ ਸ਼ਰਮਿੰਦਗੀ ਨਹੀਂ ਹੁੰਦੀ।ਹੌਲੀ-ਹੌਲੀ ਮੈਂ ਵੀ ਗਲਤ ਹੋਣ ਦੀ ਭਾਵਨਾ ਅਤੇ ਸ਼ਰਮਿੰਦਗੀ ਦੀ ਭਾਵਨਾ ਤੋਂ ਬਾਹਰ ਆਉਣ ਲੱਗੀ। ਹੁਣ ਮੈਂ ਵੀ ਖ਼ੁਦ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ।

ਮੈਨੂੰ ਇੱਕ ਸਾਥੀ ਤਾਂ ਮਿਲਿਆ ਪਰ….
ਵਿਦੇਸ਼ ਵਿੱਚ ਮੈਨੂੰ ਇੱਕ ਸਾਥੀ ਮਿਲ ਗਿਆ। ਉਹ ਉਮਰ ਵਿੱਚ ਮੇਰੇ ਤੋਂ ਕਾਫੀ ਵੱਡਾ ਅਤੇ ਸਮਝਦਾਰ ਸੀ। ਮੈਂ ਉਨ੍ਹਾਂ ਨਾਲ ਆਪਣੇ ਸੁਭਾਅ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੇਰੇ ਵਿਚਾਰਾਂ ਜਾਂ ਫਿਰ ਜ਼ਿੰਦਗੀ ਜਿਊਣ ਦੇ ਢੰਗ ਨਾਲ ਕੋਈ ਦਿੱਕਤ ਨਹੀਂ ਸੀ।ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਅਤੇ ਅਸੀਂ ਜ਼ਿੰਦਗੀ ਨੂੰ ਭਰਪੂਰ ਜਿਊਣ ਲੱਗੇ। ਇਹ ਸਭ ਜ਼ਿਆਦਾ ਦੇਰ ਨਹੀਂ ਚੱਲਿਆ। ਇੱਕ ਵਾਰ ਫਿਰ ਮੈਂ ਕਿਸੇ ਹੋਰ ਵੱਲ ਖਿੱਚੀ ਜਾਣ ਲੱਗੀ। ਮੇਰੇ ਇਹ ਸਾਥੀ ਸਿਧਾਂਤਕ ਰੂਪ ਵਿਚ ਤਾਂ’ਪਾਲੀਏਮਰੀ’ ਨਾਲ ਸਹਿਮਤ ਸਨ ਪਰ ਜਦੋਂ ਇਹ ਅਸਲ ਵਿਚ ਸਾਹਮਣੇ ਆਇਆ ਤਾਂ ਉਹ ਇਸ ਨੂੰ ਬਰਦਾਸ਼ਤ ਨਹੀਂ ਕਰ ਸਕੇ।

ਉਨ੍ਹਾਂ ਨੇ ਮੇਰੇ ਨਾਲ ਕੁਝ ਇਸ ਤਰ੍ਹਾਂ ਗੱਲ ਕਰਨੀ ਸ਼ੁਰੂ ਕਰ ਦਿੱਤੀ, ਉਦਾਹਰਣ ਵਜੋਂ- ਕੀ ਮੇਰੇ ਪਿਆਰ ਵਿੱਚ ਕੁਝ ਕਮੀ ਹੈ? ਕੀ ਸਾਡਾ ਰਿਸ਼ਤਾ ਇੰਨ੍ਹਾ ਕਮਜ਼ੋਰ ਹੈ? ਕੀ ਸਾਡੀ ਸੈਕਸ ਲਾਈਫ਼ ਚੰਗੀ ਨਹੀਂ ਹੈ ਜੋ ਤੁਸੀਂ ਕਿਸੇ ਹੋਰ ਦੀ ਖਿੱਚ ਹੋ ਰਹੀ ਹੈ?ਮੈਂ ਉਨ੍ਹਾਂ ਨੂੰ ਸਭ ਕੁਝ ਪਹਿਲਾਂ ਹੀ ਦੱਸ ਚੁੱਕੀ ਸੀ, ਇਸ ਲਈ ਮੇਰੇ ਕੋਲ ਉਨ੍ਹਾਂ ਨੂੰ ਸਮਝਾਉਣ ਲਈ ਹੋਰ ਕੁਝ ਵੀ ਨਹੀਂ ਸੀ। ਇਸ ਤਰ੍ਹਾਂ ਅਸੀਂ ਹੌਲੀ-ਹੌਲੀ ਦੂਰ ਹੁੰਦੇ ਗਏ ।ਜਦੋਂ ਮੈਂ ਆਪਣੇ ਆਪ ਨੂੰ ਕਿਹਾ, “ਕ਼ਬੂਲ ਹੈ”….
ਕੁਝ ਸਾਲਾਂ ਬਾਅਦ ਮੈਂ ਭਾਰਤ ਵਾਪਸ ਆ ਗਈ। ਹੁਣ ਮੇਰੇ ਕੋਲ ਪਾਲੀਏਮਰੀ ਬਾਰੇ ਬਹੁਤ ਸਾਰੀ ਜਾਣਕਾਰੀ ਇਕੱਠੀ ਹੋ ਚੁੱਕੀ ਸੀ। ਇਸ ਲਈ ਮੈਂ ਇਸ ਬਾਰੇ ਹੋਰ ਪੜ੍ਹਨ ਦੇ ਨਾਲ ਨਾਲ ਖੋਜ ਵੀ ਕਰਨੀ ਸ਼ੁਰੂ ਕੀਤੀ।ਸਮੇਂ ਦੇ ਨਾਲ-ਨਾਲ ਮੈਨੂੰ ਪਤਾ ਲੱਗਾ ਕਿ ਭਾਰਤ ਵਿੱਚ ਵੀ ਬਹੁਤ ਸਾਰੇ ਲੋਕ ‘ਪਾਲੀਐਮਰਜ਼’ ਹਨ। ਹੁਣ ਮੈਂ ਨਿੱਜੀ ਤੌਰ ‘ਤੇ ਘੱਟੋ-ਘੱਟ 100 ਅਜਿਹੇ ਲੋਕਾਂ ਨੂੰ ਜਾਣਦੀ ਹਾਂ ਜੋ ਆਪਣੇ ਆਪ ਨੂੰ ‘ਪਾਲੀਐਮਰਜ਼’ ਮੰਨਦੇ ਹਨ। ਉਨ੍ਹਾਂ ਨੇ ਇਸ ਲਈ ਸੋਸ਼ਲ ਮੀਡੀਆ ‘ਤੇ ਵਿਸ਼ੇਸ਼ ਤੌਰ ‘ਤੇ ਕਮਿਊਨਿਟੀ ਅਤੇ ਸਪੋਰਟ ਗਰੁੱਪਸ ਵੀ ਬਣਾਏ ਹੋਏ ਹਨ।

ਮੈਂ ਵੀ ਉਨ੍ਹਾਂ ਦੇ ਇੱਕ ਅਜਿਹੇ ਹੀ ਇਕੱਠ ਵਿੱਚ ਗਈ ਅਤੇ ਉੱਥੇ ਜਾਕੇ ਮੈਨੂੰ ਬਹੁਤ ਚੰਗਾ ਲੱਗਿਆ। ਮੈਨੂੰ ਲੱਗਿਆ ਕਿ ਮੈਂ ਇਕੱਲੀ ਨਹੀਂ ਹਾਂ। ਇਸੇ ਤਰ੍ਹਾਂ ਮੇਰੀ ਜ਼ਿੰਦਗੀ ਸਹੀ ਰਸਤੇ ‘ਤੇ ਵਾਪਸ ਆਉਣ ਲੱਗੀ।

ਅਤੇ ਫਿਰ ਪਿਆਰ ਹੋ ਗਿਆ…
ਇਸੇ ਦੌਰਾਨ ਮੈਂ ਡੇਟਿੰਗ ਐਪ ਟਿੰਡਰ ‘ਤੇ ਮਿਹਿਰ ਨੂੰ ਮਿਲੀ, ਕੁਝ ਮੁਲਾਕਾਤਾਂ ਤੋਂ ਬਾਅਦ ਮੈਂ ਮਿਹਿਰ ਨੂੰ ਆਪਣੇ ਬਾਰੇ ਸਾਰੀਆਂ ਗੱਲਾਂ ਦੱਸ ਦਿੱਤੀਆਂ। ਅਸੀਂ ਇਸ ਰਿਸ਼ਤੇ ਨੂੰ ਪੂਰੀ ਇਮਾਨਦਾਰੀ ਅਤੇ ਬਿਨ੍ਹਾਂ ਕਿਸੇ ਦਬਾਅ ਦੇ ਜੀਉਣ ਦਾ ਫੈਸਲਾ ਲਿਆ।

ਮੇਰੇ ਅਤੇ ਮਿਹਿਰ ਦੇ ਰਿਸ਼ਤੇ ਤੋਂ ਬਾਅਦ ਮੈਂ ਕਿਸੇ ਹੋਰ ਨੂੰ ਵੀ ਪਸੰਦ ਕਰਨਾ ਸ਼ੁਰੂ ਕਰ ਦਿੱਤਾ। ਮੈਂ ਉਸਨੂੰ ਡੇਟ ਕਰਨਾ ਚਾਹੁੰਦੀ ਸੀ। ਮੈਂ ਇਹ ਗੱਲ ਮਿਹਿਰ ਨੂੰ ਦੱਸੀ ਤਾਂ ਉਨ੍ਹਾਂ ਨੇ ਮੈਨੂੰ ਉਸ ਨੂੰ ਮਿਲਣ ਨੂੰ ਆਖਿਆ। ਜਦੋਂ ਮੈਂ ਉਸਨੂੰ ਮਿਲਕੇ ਆਈ ਤਾਂ ਮੈਂ ਮਿਹਿਰ ਨੂੰ ਦੱਸਿਆ ਕਿ ਸਾਡੇ ਵਿੱਚ ਸਰੀਰਕ ਸਬੰਧ ਵੀ ਬਣੇ।

ਇਹ ਸਭ ਸੁਨਣ ਤੋਂ ਬਾਅਦ ਮਿਹਿਰ ਨੇ ਬਹੁਤ ਹੀ ਸੋਚ ਸਮਝ ਕੇ ਪ੍ਰਤੀਕ੍ਰਿਆ ਦਿੱਤੀ। ਅਜਿਹਾ ਨਹੀਂ ਕਿ ਉਨ੍ਹਾਂ ਨੂੰ ਬੁਰਾ ਨਹੀਂ ਲੱਗਿਆ ਜਾਂ ਫਿਰ ਈਰਖਾ ਨਹੀਂ ਮਹਿਸੂਸ ਹੋਈ। ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਬਹੁਤ ਸਹਿਜ ਤਰੀਕੇ ਪ੍ਰਗਟ ਕੀਤੀਆਂ। ਉਨ੍ਹਾਂ ਦੇ ਵਿਹਾਰ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਮੈਂ ਸਮਝ ਗਈ ਸੀ ਕਿ ਮਿਹਿਰ ਅੱਗੇ ਵੀ ਮੇਰਾ ਸਾਥ ਦੇਣਗੇ। ਬਾਅਦ ਵਿੱਚ ਉਹ ਮੇਰੇ ਦੂਜੇ ਸਾਥੀ ਨੂੰ ਵੀ ਮਿਲੇ।

ਕੁਝ ਸਮੇਂ ਬਾਅਦ ਮੈਨੂੰ ਤੀਜਾ ਵਿਅਕਤੀ ਵੀ ਪਸੰਦ ਆਇਆ ਅਤੇ ਮੈਂ ਉਸ ਨਾਲ ਵੀ ਆਪਣੇ ਰਿਸ਼ਤੇ ਨੂੰ ਅੱਗੇ ਵਧਾਇਆ। ਸਿੱਧੇ ਅਤੇ ਸਧਾਰਨ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਇਸ ਵੇਲੇ ਮੇਰੇ ਤਿੰਨ ਬੁਆਏਫਰੈਂਡ ਹਨ ਅਤੇ ਤਿੰਨੋ ਇੱਕ ਦੂਜੇ ਨੂੰ ਜਾਣਦੇ ਹਨ। ਹਾਲਾਂਕਿ ਮੇਰੇ ਪ੍ਰਾਇਮਰੀ (ਮੁੱਖ) ਪਰਟਨਰ ਮਿਹਿਰ ਹੀ ਹਨ ਅਤੇ ਸਭ ਤੋਂ ਜ਼ਿਆਦਾ ਸਮਾਂ ਵੀ ਮੈਂ ਉਨ੍ਹਾਂ ਦੇ ਨਾਲ ਹੀ ਬਤੀਤ ਕਰਦੀ ਹਾਂ।

ਪਾਲੀਐਮਰਸ ਹੋਣ ਦੀ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਤੁਹਾਡੇ ਕੋਲ ਆਪਣੇ-ਆਪ ਲਈ ਸਮਾਂ ਬਹੁਤ ਘੱਟ ਜਾਂਦਾ ਹੈ। ਲੋਕਾਂ ਲਈ ਇੱਕ ਰਿਸ਼ਤਾ ਨਿਭਾਉਣਾ ਹੀ ਔਖਾ ਹੁੰਦਾ ਹੈ ਅਤੇ ਮੈਂ ਦੋ-ਦੋ, ਤਿੰਨ-ਤਿੰਨ ਰਿਸ਼ਤੇ ਇੱਕੋ ਸਮੇਂ ‘ਤੇ ਸੰਭਾਲਦੀ ਹਾਂ। ਅਜਿਹੇ ਵਿੱਚ ਸਮਾਂ ਸੰਭਾਲਣਾ ਅਕਸਰ ਹੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ।

‘ਲੋਕ ਮੈਨੂੰ ਵੇਸਵਾ ਆਖਦੇ ਹਨ ਤਾਂ ਇਹ ਦਿੰਦੀ ਹਾਂ ਜਵਾਬ’ਮੈਂ ਆਪਣੇ ਮਾਤਾ-ਪਿਤਾ ਨੂੰ ਦੱਸ ਚੁੱਕੀ ਹਾਂ ਕਿ ਮੇਰੇ ਇੱਕ ਤੋਂ ਵੱਧ ਪ੍ਰੇਮੀ ਹਨ। ਉਨ੍ਹਾਂ ਨੇ ਕੁਝ ਹੱਦ ਤੱਕ ਮੈਨੂੰ ਸਵੀਕਾਰ ਤਾਂ ਕਰ ਲਿਆ ਹੈ ਪਰ ਉਨ੍ਹਾਂ ਨੂੰ ਪਾਲੀਐਮਰਸ ਦੀ ਧਾਰਨਾ ਬਾਰੇ ਜ਼ਿਆਦਾ ਸਮਝ ਨਹੀਂ ਆਉਂਦਾ।

ਮਿਹਿਰ ਨੂੰ ਬਾਰੇ ਉਹ ਕਾਫ਼ੀ ਸਹਿਜ ਹਨ, ਉਹ ਸਾਡੇ ਘਰ ਵੀ ਆਉਂਦੇ ਹਨ। ਮੇਰੇ ਪਰਿਵਾਰ ਬਾਕੀ ਦੋਹਾਂ ਬਾਰੇ ਇੰਨੇ ਸਹਿਜ ਨਹੀਂ ਹਨ। ਮੈਂ ਉਨ੍ਹਾਂ ਦੋਹਾਂ ਬਾਰੇ ਘਰ ਵਿੱਚ ਗੱਲ ਨਹੀਂ ਕਰਦੀ।ਜੇਕਰ ਤੁਸੀਂ ਵਿਆਹ ਬਾਰੇ ਪੁੱਛਦੇ ਹੋ ਤਾਂ ਮੈਂ ਵਿਆਹ ਨਾਂ ਦੀ ਸੰਸਥਾ ਦੇ ਹੀ ਵਿਰੁੱਧ ਹਾਂ। ਮੈਂ ਸਮਝਦੀ ਹਾਂ ਕਿ ਇਹ ਇੱਕ ਮਰਦ ਪ੍ਰਧਾਨ ਮਾਨਸਿਕਤਾ ਨਾਲ ਜੁੜੀ ਹੋਈ ਸੰਸਥਾ ਹੈ, ਇਸ ਦਾ ਆਧਾਰ ਸਮਾਜਿਤ ਤੋਂ ਜ਼ਿਆਦਾ ਆਰਥਿਕ ਹੈ। ਹਾਂ, ਜੇ ਮੇਰੇ ‘ਤੇ ਬਹੁਤ ਜ਼ਿਆਦਾ ਦਬਾਅ ਬਣਾਇਆ ਗਿਆ ਜਾਂ ਫਿਰ ਮੈਂ ਭਵਿੱਖ ਵਿੱਚ ਜੇਕਰ ਆਪਣੇ ਵਿਚਾਰ ਬਦਲੇ ਤਾਂ ਮੈਂ ਮਿਹਿਰ ਨਾਲ ਵਿਆਹ ਕਰਵਾਉਣਾ ਚਾਹਾਂਗੀ।

ਹੁਣ ਵੀ ਕਈ ਲੋਕ ਅਜਿਹੇ ਹਨ ਜੋ ਮੈਨੂੰ ਚਰਿੱਤਰਹੀਣ ਅਤੇ ‘ਸਲੱਟ’ ਆਖਦੇ ਹਨ। ਮੈਨੂੰ ਫਰਕ ਪੈਣਾ ਬੰਦ ਹੋ ਚੁੱਕਾ ਹੈ। ਕੋਈ ਜ਼ਿਆਦਾ ਬੋਲਦਾ ਹੈ ਤਾਂ ਮੈਂ ਸਿੱਧਾ ਕਹਿ ਦਿੰਦੀ ਹਾਂ ਕਿ ਮੈਂ ਹਾਂ- ਹਾਂ ਮੈਨੂੰ ਅਲੱਗ-ਅਲੱਗ ਆਦਮੀਆਂ ਨਾਲ ਰਿਸ਼ਤੇ ਬਣਾਉਣਾ ਪਸੰਦ ਹੈ। ਫਿਰ ਕੀ?

ਮਿਹਿਰ ਇਸ ਰਿਸ਼ਤੇ ਦੇ ਬਾਰੇ ਕੀ ਸੋਚਦੇ ਹਨ?
ਮਿਹਿਰ ਨੇ ਬੀਬੀਸੀ ਦੱਸਿਆ ਕਿ ਉਨ੍ਹਾਂ ਨੂੰ ਗਰਿਮਾ ਦੀ ਸਭ ਤੋਂ ਚੰਗੀ ਗੱਲ ਇਹ ਲੱਗਦੀ ਹੈ ਕਿ ਉਹ ਉਸ ਨਾਲ ਪੂਰੀ ਇਮਾਨਦਾਰੀ ਨਾਲ ਰਹਿ ਸਕਦੇ ਹਨ। ਉਨ੍ਹਾਂ ਨੂੰ ਗਰਿਮਾ ਤੋਂ ਕੁਝ ਲੁਕਾਉਣਾ ਨਹੀਂ ਪੈਂਦਾ। ਗਰਿਮਾ ਉਨ੍ਹਾਂ ਬਾਰੇ ਕੋਈ ਰਾਇ ਨਹੀਂ ਬਣਾਉਂਦੀ।

ਮਿਹਿਰ ਦਾ ਕਹਿਣਾ ਹੈ, “ਗਰਿਮਾ ਬੇਹੱਦ ਸਮਝਦਾਰ ਅਤੇ ਹੋਣਹਾਰ ਹੈ। ਉਹ ਆਪਣੇ ਵਿਚਾਰਾਂ ਨਾਲ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਹਾਲਾਂਕਿ ਰਿਸ਼ਤੇ ਦੀ ਸ਼ੁਰੂਆਤ ਵਿੱਚ ਮੈਂ ਇਸ ਬਾਰੇ ਥੋੜਾ ਡਰਦਾ ਜ਼ਰੂਰ ਸੀ ਕਿ ਜੇਕਰ ਉਸ ਨੂੰ ਮੇਰੇ ਤੋਂ ਕੋਈ ਵਧੀਆ ਮਿਲ ਗਿਆ ਤਾਂ ਉਹ ਮੈਨੂੰ ਛੱਡ ਦੇਵੇਗੀ। ਪਰ ਹੌਲੀ-ਹੌਲੀ ਮੈਨੂੰ ਸਮਝ ਆ ਗਿਆ ਕਿ ਭਾਵੇਂ ਜੋ ਹੋ ਜਾਵੇ, ਉਹ ਹਮੇਸ਼ਾ ਮੇਰੇ ਨਾਲ ਰਹੇਗੀ।”ਮਿਹਿਰ ਦਾ ਕਹਿਣਾ ਹੈ ਕਿ ਉਸ ਨੂੰ ਕਈ ਵਾਰ ਬੁਰਾ ਲੱਗਦਾ ਹੈ ਕਿ ਜਦੋਂ ਉਹ ਗਰਿਮਾ ਨਾਲ ਸਮਾਂ ਬਤੀਤ ਕਰਨਾ ਚਾਹੁੰਦੇ ਹਨ ਤਾਂ ਉਹ ਕਿਸੇ ਨਾਲ ਹੁੰਦੀ ਹੈ। ਫਿਰ ਵੀ ਉਹ ਗੱਲਬਾਤ ਨਾਲ ਆਪਣੀਆਂ ਸਾਰੀਆਂ ਭਾਵਨਾਵਾਂ ਇੱਕ-ਦੂਜੇ ਨੂੰ ਦੱਸ ਦਿੰਦੇ ਹਨ ਅਤੇ ਇਸ ਨਾਲ ਕਾਫ਼ੀ ਗੱਲਾਂ ਠੀਕ ਹੋ ਜਾਂਦੀਆਂ ਹਨ।ਕੀ ਮਿਹਿਰ ਦਾ ਪਰਿਵਾਰ ਗਰਿਮਾ ਨੂੰ ਜਾਣਦਾ ਹੈ?

ਇਸ ਦੇ ਜਵਾਬ ਵਿਚ ਉਹ ਆਖਦੇ ਹਨ, “ਮੇਰਾ ਪਰਿਵਾਰ ਜਾਣਦਾ ਹੈ ਕਿ ਗਰਿਮਾ ਮੇਰੀ ਗਰਲਫ਼ਰੈਂਡ ਹੈ, ਪਰ ਮੈਂ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਹੋਇਆ ਕਿ ਗਰਿਮਾ ਪਾਲੀਐਮਰਸ ਹੈ। ਮੈਨੂੰ ਨਹੀਂ ਲੱਗਦਾ ਕਿ ਉਹ ਕਦੇ ਇਸ ਨੂੰ ਸਵੀਕਾਰ ਕਰ ਸਕਣਗੇ। ਹਾਂ ਮੇਰੇ ਕਰੀਬੀ ਦੋਸਤ ਜ਼ਰੂਰ ਇਸ ਗੱਲ ਬਾਰੇ ਜਾਣਦੇ ਹਨ।”

ਮਿਹਿਰ ਮੁਤਾਬਿਕ ਪਾਲੀਐਮਰਸ ਰਿਸ਼ਤੇ ਵਿੱਚ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ- ਗੱਲਬਾਤ ਦੀ।ਉਨ੍ਹਾਂ ਦਾ ਕਹਿਣਾ ਹੈ, “ਕਈ ਵਾਰ ਤੁਹਾਡਾ ਪਾਰਟਨਰ ਇਨਾਂ ਰੁੱਝਿਆ ਹੋਇਆ ਹੁੰਦਾ ਹੈ ਕਿ ਤੁਹਾਨੂੰ ਇੱਕ-ਦੂਜੇ ਨਾਲ ਗੱਲ ਕਰਨ ਦਾ ਸਮਾਂ ਹੀ ਨਹੀਂ ਮਿਲਦਾ। ਅਜਿਹੇ ਵਿੱਚ ਥੋੜੀ ਦਿੱਕਤ ਜ਼ਰੂਰ ਮਹਿਸੂਸ ਹੁੰਦੀ ਹੈ। ਹਾਲਾਂਕਿ ਇਸ ਰਿਸ਼ਤੇ ਦੀ ਸਭ ਤੋਂ ਸੋਹਣੀ ਗੱਲ ਇਹ ਹੈ ਕਿ ਦੋਸ਼ ਭਾਵਨਾ ਤੋਂ ਪਰੇ ਹੋਕੇ ਇੱਕ-ਦੂਸਰੇ ਦੇ ਨਾਲ ਇਮਾਨਦਾਰ ਹੋਣਾ। ਤੁਹਾਨੂੰ ਕੁਝ ਲੁਕਾਉਣਾ ਨਹੀਂ ਪੈਂਦਾ। ਤੁਸੀਂ ਨਵੇਂ ਲੋਕਾਂ ਨੂੰ ਮਿਲ ਸਕਦੇ ਹੋ, ਉਨ੍ਹਾਂ ਨੂੰ ਡੇਟ ਕਰ ਸਕਦੇ ਹੋ ਅਤੇ ਇਸ ਬਾਰੇ ਆਪਣੇ ਸਾਥੀ ਨੂੰ ਖੁੱਲ੍ਹ ਕੇ ਦੱਸ ਵੀ ਸਕਦੇ ਹੋ।”

ਪਰਿਵਾਰ ਅਤੇ ਵਿਆਹ?
ਇਸ ਸਵਾਲ ‘ਤੇ ਮਿਹਿਰ ਹੱਸਦੇ ਹੋਏ ਆਖਦੇ ਹਨ ਕਿ, “ਇਸ ਬਾਰੇ ਤਾਂ ਅਸੀਂ ਤਕਰੀਬਨ ਰੋਜ਼ ਹੀ ਗੱਲ ਕਰਦੇ ਹਾਂ। ਜੇਕਰ ਸਾਡੇ ਵਿੱਚ ਸਭ ਕੁਝ ਠੀਕ ਰਿਹਾ ਅਤੇ ਵਿਆਹ ਕਰਵਾਉਣਾ ਹੋਇਆ ਤਾਂ ਗਰਿਮਾ ਨਾਲ ਹੀ ਕਰਵਾਊਂਗਾ। ਬਸ ਇੱਕ ਡਰ ਮੇਰੇ ਮਨ ਅੰਦਰ ਹੈ। ਹੋ ਸਕਦਾ ਹੈ ਕਿ ਸਾਨੂੰ ਆਪਣੇ ਕਰੀਅਰ ਲਈ ਅਲੱਗ-ਅਲੱਗ ਸ਼ਹਿਰਾਂ ਅਤੇ ਦੇਸ਼ਾਂ ਵਿੱਚ ਜਾਣਾ ਪਵੇ ਅਤੇ ਮੈਂ ਲੌਂਗ-ਡਿਸਟੈਂਸ ਰਿਲੇਸ਼ਨਸ਼ਿਪ ਨਿਭਾਉਣ ਵਿੱਚ ਬਹੁਤ ਚੰਗਾ ਨਹੀਂ ਹਾਂ।”

ਪਾਲੀਐਮਰਸ ਜਮਾਂਦਰੂ ਪ੍ਰਵਿਰਤੀ ਹੈਂ ਜਾਂ ਫਿਰ ਇੱਕ ਚੋਣ?
ਇਸ ਬਾਰੇ ਮਾਹਰਾਂ ਇੱਕ ਮਤ ਨਹੀਂ ਹਨ।

ਸੈਕਸ, ਪਿਆਰ ਅਤੇ ਇਨਸਾਨੀ ਇੱਛਾਵਾਂ ਬਾਰੇ ਚਰਚਾ ਕਰਨ ਵਾਲੇ ਪ੍ਰੋਜੈਕਟ ‘ਏਜੈਂਟ ਆਫ਼ ਇੱਸ਼ਕ’ ਦੀ ਅਗਵਾਈ ਕਰਨ ਵਾਲੀ ਪਾਰੋਮਿਤਾ ਵੋਹਰਾ ਨੇ ਬੀਬੀਸੀ ਨੂੰ ਕਿਹਾ, “ਸਮਾਜ ਸ਼ਸਤਰੀਆਂ ਦੀ ਮੰਨੀਏ ਤਾਂ ਇਨਸਾਨ ਵਿੱਚ ਪਾਲੀਏਮਰੀ ਭਾਵ ਇੱਕ ਤੋਂ ਵੱਧ ਪ੍ਰੇਮੀ ਰੱਖਣ ਦੀ ਆਦਤ ਜਨਮ ਤੋਂ ਹੀ ਮੌਜੂਦ ਹੁੰਦੀ ਹੈ। ਬਾਅਦ ਵਿੱਚ ਸੱਭਿਅਤਾ ਦੇ ਵਿਕਾਸ ਨਾਲ ਲੋਕਾਂ ਨੇ ਮਨੁੱਖੀ ਜੀਵਨ ਬਹੁਤ ਸਾਰੇ ਸਮਾਜਿਕ ਨਿਯਮਾਂ ਵਿੱਚ ਬੰਨ੍ਹ ਦਿੱਤਾ, ਉਦਾਹਰਣ ਵਜੋਂ ਇੱਕ ਵਿਅਕਤੀ ਨੂੰ ਇੱਕ ਹੀ ਸਾਥੀ ਰੱਖਣ ਦੀ ਆਗਿਆ ਹੈ। ਹਾਲਾਂਕਿ ਕੁਝ ਲੋਕਾਂ ਲਈ ਇਹ ਸਿਰਫ਼ ਇੱਕ ਚੋਣ ਹੋ ਸਕਦੀ ਹੈ।”

ਪਾਰੋਮਿਤਾ ਨੇ ਦੱਸਿਆ, “ਮੈਂ ਨਹੀਂ ਕਹਿੰਦੀ ਕਿ ਇੱਕ ਹੀ ਪਾਰਟਨਰ ਰੱਖਣ ਦਾ ਅਭਿਆਸ ਮਾੜਾ ਹੈ। ਕਈ ਤਰੀਕਿਆਂ ਨਾਲ ਇਹ ਮਨੁੱਖੀ ਜੀਵਨ ਵਿੱਚ ਅਨੁਸ਼ਾਸਨ ਲਿਆਉਂਦਾ ਹੈ ਪਰ ਨਾਲ ਹੀ ਇਹ ਸਾਨੂੰ ਝੂਠੇ ਰਿਸ਼ਤਿਆਂ ਵਿੱਚ ਬੰਨ੍ਹੇ ਰਹਿਣ ਲਈ ਵੀ ਮਜਬੂਰ ਕਰਦਾ ਹੈ। ਅਸੀਂ ਦੂਸਰੇ ਰਿਸ਼ਤਿਆਂ ਵਿੱਚ ਹੁੰਦੇ ਹੋਏ ਵੀ ਆਪਣੇ ਸਾਥੀ ਨੂੰ ਝੂਠ ਬੋਲਦੇ ਹਾਂ ਅਤੇ ਇਸ ਸਾਹ-ਘੁੱਟਵੇ ਮਾਹੌਲ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਦਿੰਦੇ ਹਾਂ। ਪਾਲੀਏਮਰੀ ਘੱਟੋ-ਘੱਟ ਸਾਨੂੰ ਝੂਠੇ ਰਿਸ਼ਤਿਆਂ ਨੂੰ ਤੋੜ ਕੇ ਇਮਾਨਦਾਰੀ ਨਾਲ ਜੀਊਣ ਦਾ ਮੌਕਾ ਦਿੰਦੀ ਹੈ।”

ਪੇਸ਼ੇਵਰ ਮਨੋਵਿਗਿਆਨੀ ਸ਼ਿਖਾ, ਭਾਰਤ ਦੀ ਸੁਪਰੀਮ ਕੋਰਟ ਦੇ ਹਾਲੀਆ ਫੈਸਲੇ ਦਾ ਜ਼ਿਕਰ ਕਰਦੇ ਹਨ ਜਿਸ ਵਿੱਚ ਅਡਲਟਰੀ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ, “ਅਦਾਲਤ ਦੇ ਇਸ ਫੈਸਲੇ ਦੇ ਪਿੱਛੇ ਵੀ ਕਿਤੇ ਨਾ ਕਿਤੇ ਇਹ ਸੱਚ ਲੁਕਿਆ ਹੋਇਆ ਹੈ ਕਿ ਮਨੁੱਖੀ ਇੱਛਾਵਾਂ ‘ਤੇ ਕਿਸੇ ਦਾ ਵੀ ਜ਼ੋਰ ਨਹੀਂ ਹੈ ਅਤੇ ਘੱਟੋ-ਘੱਟ ਇਸ ਨੂੰ ਜੁਰਮ ਤਾਂ ਨਹੀਂ ਮੰਨਿਆ ਜਾ ਸਕਦਾ।”

ਸਮਾਜ ਵਿਗਿਆਨੀਆਂ ਦੀ ਰਾਇ
ਸਾਰੇ ਖੋਜੀਆਂ ਦਾ ਦਾਅਵਾ ਹੈ ਕਿ ਮਨੁੱਖ ਸੁਭਾਅ ਤੋਂ ਮੋਨੋਗੈਮਸ (ਇੱਕ ਰਿਸ਼ਤੇ ਵਾਲਾ) ਹੈ ਹੀ ਨਹੀਂ। ਇਸ ਦਾ ਮਤਲਬ ਇਹ ਹੈ ਕਿ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਕਿਸੇ ਵਿਅਕਦੀ ਦਾ ਉਮਰ ਭਰ ਇੱਕੋ ਹੀ ਇਨਸਾਨ ਨਾਲ ਰਿਸ਼ਤਾ ਹੋਵੇ।

ਅਮਰੀਕੀ ਲੇਖਕ ਕ੍ਰਿਸਟੋਫਰ ਰਾਇਨ ਨੇ ਇਸ ਵਿਸ਼ੇ ‘ਤੇ Sex at Dawn: How we Mate, Why we Stray ਅਤੇ What it Means for Modern Relationships ਵਰਗੀਆਂ ਕਈ ਕਿਤਾਬਾਂ ਲਿਖੀਆਂ ਹਨ।

ਕ੍ਰਿਸਟੋਫਰ ਆਖਦੇ ਹਨ ਕਿ ਮਨੁੱਖ ਇੱਕ ‘ਮੋਨੋਗਮਸ’ ਵਜੋਂ ਵਿਕਸਿਤ ਹੋਇਆ ਹੀ ਨਹੀਂ ਹੈ।

ਕ੍ਰਿਸਟੋਫਰ ਮੁਤਾਬਕ, “ਜੇਕਰ ਅਸੀਂ ਇੱਕ ਸਮੇਂ ‘ਤੇ ਇੱਕ ਹੀ ਸਾਥੀ ਦੇ ਨਾਲ ਹਾਂ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਮੋਨੋਗੈਮਸ ਹਾਂ। ਪੂਰੀ ਜ਼ਿੰਦਗੀ ਵਿੱਚ ਸਾਡੇ ਇੱਕ ਤੋਂ ਵੱਧ ਲੋਕਾਂ ਨਾਲ ਸਬੰਧ ਹੁੰਦੇ ਹਨ ਅਤੇ ਇਸ ਨੂੰ ਮੋਨੋਗੈਮੀ ਨਹੀਂ ਕਿਹਾ ਜਾ ਸਕਦਾ।”

ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਦੇ ਪ੍ਰੋਫੈਸਰ ਡੇਵਿਡ ਪੀ. ਬਰੈਸ਼ ਦਾ ਮੰਨਣਾ ਹੈ ਕਿ ਮੋਨੋਗੈਮੀ ਭਾਵ ਇੱਕ ਹੀ ਸਾਥੀ ਰੱਖਣ ਦਾ ਰਿਵਾਜ਼ ਹਾਲ ਦੀ ਘੜੀ ਦਾ ਹੈ। ਪ੍ਰੋਫੈਸਰ ਬਰੈਸ਼ ਨੇ ਸੈਕਸ, ਮਨੁੱਖੀ ਵਿਕਾਸ ਅਤੇ ਸਰੀਰਕ ਸਬੰਧਾਂ ਵਿੱਚ ਬੇਵਫ਼ਾਈ ਵਰਗਿਆਂ ਵਿਸ਼ਿਆਂ ‘ਤੇ ਕਈ ਕਿਤਾਬਾਂ ਲਿਖੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਪੁਰਾਣੇ ਸਮਿਆਂ ਦੌਰਾਨ ਲੋਕ ਇੱਕ ਹੀ ਸਮੇਂ ‘ਤੇ ਕਈ ਰਿਸ਼ਤਿਆਂ ਵਿੱਚ ਹੁੰਦੇ ਸਨ ਅਤੇ ਇਸ ਨੂੰ ਗਲਤ ਵੀ ਨਹੀਂ ਮੰਨਿਆ ਜਾਂਦਾ ਸੀ।ਪ੍ਰੋਫੈਸਰ ਬਰੈਸ਼ ਦਾ ਮੰਨਣਾ ਹੈ ਕਿ ਮਨੁੱਖ ਕੁਦਰਤੀ ਤੌਰ ‘ਤੇ ਮੋਨੋਗੈਮਸ ਨਹੀਂ ਹੈ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਮੋਨੋਗੈਮੀ ਗੈਰ-ਕੁਦਰਤੀ ਹੈ। ਕੁਝ ਲੋਕ ਅਜਿਹੇ ਵੀ ਹਨ ਜੋ ਆਪਣੀ ਪੂਰੀ ਜ਼ਿੰਦਗੀ ਇੱਕ ਹੀ ਪਾਰਟਨਰ ਦੇ ਨਾਲ ਬਤੀਤ ਕਰ ਦਿੰਦੇ ਹਨ।

 

Leave a Reply

Your email address will not be published. Required fields are marked *