ਐਵੇਂ ਨਾ ਸਮਝਿਉ ਜੂਠੇ ਚੱਟਦੇ ਪਤੀਲੇ, ਕੁੱਤਿਆਂ ਦੇ ਨਾਂ ਜ਼ਮੀਨ ਲੱਗੀ ਐ ਚਾਲੀ ਕਿੱਲੇ

ਰਾਜਪੁਰਾ : ਬਾਬਾ ਬੁੱਲੇ ਸ਼ਾਹ ਕਹਿੰਦਾ ਕਿ ਬੁੱਲਿਆ ਉਠ ਯਾਰ ਮਨਾ ਲੈ ਨਹੀਂ ਤੇ ਬਾਜ਼ੀ ਲੈ ਗਏ ਕੁੱਤੇ। ਬਾਬੇ ਬੁੱਲ ਨੇ ਇਹ ਲਫ਼ਜ਼ ਰੱਬ ਦੀ ਮੁਹੱਬਤ ਦਾ ਬਿਆਨ ਕਰਦਿਆਂ ਕਹੇ ਹਨ। ਪਰ ਆਮ ਤੌਰ ਤੇ ਕੁੱਤਿਆਂ ਨੂੰ ਦੁਰਕਾਰਿਆ ਹੀ ਜਾਂਦਾ ਹੈ। ਜੇ ਅਜਿਹੇ ਸਮਿਆਂ ਵਿਚ ਇਹ ਕਿਹਾ ਜਾਵੇ ਕਿ ਕਿਤੇ ਕੁੱਤਿਆਂ ਨੂੰ ਬੰਦਿਆਂ ਵਰਗੀ ਹੀ ਨਹੀਂ ਸੱਗੋਂ ਬੰਦਿਆਂ ਤੋਂ ਵੀ ਵੱਧ ਇੱਜ਼ਤ ਮਿਲਦੀ ਹੈ ਤਾਂ ਯਕੀਨ ਕਰਨਾ ਔਖਾ ਲਗਦਾ ਹੈ। ਰਾਜਪੁਰੇ ਤੋਂ ਅੱਠ ਕੁ ਕਿਲੋਮੀਟਰ ਦੂਰ ਪਿੰਡ ਖਾਨਪੁਰ ਰੇਲੂ ਵਿਚ ਇਕ ਹਿੰਦੂ ਮਠ ਵਿਚ ਅਜਿਹਾ ਹੀ ਨਜ਼ਾਰਾ ਵੇਖਣ ਨੂੰ ਮਿਲਦਾ ਹੈ। ਇਸ ਮੱਠ ਦੀ ਚਾਲੀ ਕਿੱਲੇ ਜ਼ਮੀਨ ਹੈ ਜਿਸ ਦੀ ਮਾਲਕੀ ਇੱਥੇ ਰਹਿਣ ਵਾਲੇ ਕੁੱਤਿਆਂ ਦੇ ਨਾਂ ਹੈ। ਜਦੋਂ ਕਦੇ ਮਾਲ ਮਹਿਕਮੇ ਵੱਲੋਂ ਗਿਰਦੌਰੀ ਕੀਤੀ ਜਾਂਦੀ ਹੈ ਤਾਂ ਕਾਗਜ਼ਾਂ ਤੇ ਮਾਲਕ ਵੱਜੋਂ ਕੁੱਤਿਆਂ ਦਾ ਪੰਜਾ ਲਗਦਾ ਹੈ। ਕੁੱਤੇ ਮੱਠ ਦੇ ਕਮਰਿਆਂ ਵਿਚ ਮੰਜਿਆਂ ‘ਤੇ ਪੱਖਿਆਂ ਥੱਲੇ ਪਏ ਹੁੰਦੇ ਹਨ। ਉਨ•ਾਂ ਨੂੰ ਕੋਈ ਕੁੱਤਾ ਕਹਿ ਕੇ ਮੰਜ ਤੋਂ ਥੱਲੇ ਨਹੀਂ ਲਾਹੁੰਦਾ।
ਅਸਲ ਵਿਚ ਇਸ ਮੱਠ ਨਾਲ ਕਈ ਕਥਾਵਾਂ ਮਿਥਹਾਸਕ ਕਥਾਵਾਂ ਜੁੜੀਆਂ ਹੋਈਆਂ ਹਨ। ਕਿਹਾ ਜਾਂਦਾ ਹੈ ਕਿ ਕਦੇ ਪਟਿਆਲੇ ਦੇ ਰਾਜੇ ਮਹਾਰਾਜਾ ਕਰਮ ਸਿੰਘ ਨੇ ਖੁਸ਼ ਹੋ ਕੇ ਮੱਠ ਦੇ ਨਾਂ ਜ਼ਮੀਨ ਲੁਆਉਣੀ ਚਾਹੀ ਤਾਂ ਉਸ ਸਮੇਂ ਦੇ ਗੱਦੀਨਸ਼ੀਨ ਨੇ ਰਾਜੇ ਨੂੰ ਕਿਹਾ ਕਿ ਜੇ ਜ਼ਮੀਨ ਕਿਸੇ ਬੰਦੇ ਦੇ ਨਾਂ ਲੁਆ ਦਿੱਤੀ ਤਾਂ ਹੋ ਸਕਦਾ ਉਹ ਵੇਚ ਜਾਵੇ। ਸੋ ਜ਼ਮੀਨ ਕੋਈ ਵੇਚ ਨਾ ਸਕੇ ਇਸ ਲਈ ਜ਼ਮੀਨ ਕੁੱਤਿਆਂ ਦੇ ਨਾਂ ਲੁਆ ਦਿੱਤੀ। ਇਸ ਮੱਠ ਵਿਚ ਦੁਪਹਿਰ ਤੇ ਸ਼ਾਮ ਨੂੰ ਦੋ ਸਮੇਂ ਸਭ ਤੋਂ ਪਹਿਲਾਂ ਕੁੱਤਿਆਂ ਨੂੰ ਆਵਾਜ਼ ਮਾਰ ਕੇ ਖਾਣਾ ਖੁਆਇਆ ਜਾਂਦਾ ਹੈ। ਉਸ ਤੋਂ ਬਾਅਦ ਮੱਠ ਵਿਚ ਹਾਜ਼ਰ ਸੰਗਤ ਰੋਟੀ ਛਕਦੀ ਹੈ। ਇਸ ਮੱਠ ਦੀ ਪਿੰਡ ਵਿਚ ਬਹੁਤ ਮਾਨਤਾ ਹੈ। ਹਰ ਸਾਲ ਸ਼ਿਵਰਾਤਰੀ ਨੂੰ ਬਹੁਤ ਵੱਡਾ ਮੇਲਾ ਲਗਦਾ ਹੈ। ਪਿੰਡ ਵਿਚ ਵਿਆਹ ਮੌਕੇ ਜੰਨ ਚੜਨ ਤੋਂ ਪਹਿਲਾਂ ਲਾੜਾ ਮੱਠ ਵਿਚ ਮੱਥਾ ਟੇਕ ਕੇ ਜੰਨ ਚੜਦਾ ਹੈ। ਜੇ ਕਿਸੇ ਨੇ ਇਸ ਧਰਤੀ ਤੇ ਕੁੱਤਿਆਂ ਦੀ ਸਰਦਾਰੀ ਵੇਖਣੀ ਹੋਵੇ, ਉਹ ਖਾਨਪੁਰ ਵਿਚ ਗੇੜਾ ਮਰ ਕੇ ਬਾਬੇ ਬੁੱਲੇ ਦੇ ਬੋਲਾਂ ਨੂੰ ਸੱਚ ਹੁੰਦੇ ਦੇਖ ਸਕਦਾ।

Leave a Reply

Your email address will not be published. Required fields are marked *