ਰੋਬੇਟ ਨੂੰ ਪਾਈ ਹੁਕ ਸਿੱੱਧਾ ਪਹੁੰਚਿਆ ‘ਇੰਡੀਆ ਬੁਕ ਆਫ ਰਿਕਾਰਡਜ਼’

0
100

ਲੁਧਿਆਣਾ: ਲੁਧਿਆਣਾ ਦੇ ਰਹਿਣ ਵਾਲੇ 13 ਸਾਲਾ ਭਵਿਆ ਬਾਂਸਲ ਨੇ ਅਜਿਹਾ ਕਮਾਲ ਕਰ ਦਿਖਾਇਆ ਹੈ, ਜੋ ਕਿ ਸਰਹੱਦ ‘ਤੇ ਡਟੇ ਜਵਾਨਾਂ ਦੀ ਢਾਲ ਬਣੇਗਾ ਅਤੇ ਦੁਸ਼ਮਣਾਂ ਦੇ ਛੱਕੇ ਛੁਡਾ ਦੇਵੇਗਾ। ਅਸਲ ‘ਚ 13 ਸਾਲਾ ਭਵਿਆ ਬਾਂਸਲ ਨੇ ‘ਡਰੀਮ ਮਸ਼ੀਨ’ ਨਾਂ ਦੀ ਇਕ ਅਜਿਹੀ ਰੋਬੇਟ ਮਸ਼ੀਨ ਤਿਆਰ ਕੀਤੀ ਹੈ, ਜੋ ਫੌਜ ਦੇ ਜਵਾਨਾਂ ਦੀਆਂ ਕੀਮਤੀ ਜਾਨਾਂ ਬਚਾਵੇਗੀ। ਇਹ ਮਸ਼ੀਨ ਬਣਾ ਕੇ ਭਵਿਆ ਨੇ ‘ਇੰਡੀਆ ਬੁਕ ਆਫ ਰਿਕਾਰਡਜ਼’ ‘ਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਇਸ ਬਾਰੇ ਭਵਿਆ ਬਾਂਸਲ ਦਾ ਕਹਿਣਾ ਹੈ ਕਿ ਉਸ ਦੇ ਦਿਮਾਗ ‘ਚ ਖਿਆਲ ਆਇਆ ਕਿ ਉਹ ਆਪਣੇ ਦੇਸ਼ ਦੀ ਫੌਜ ਦੀ ਮਦਦ ਲਈ ਕੋਈ ਨਾ ਕੋਈ ਅਜਿਹੀ ਮਸ਼ੀਨ ਤਿਆਰ ਕਰੇ, ਜੋ ਲੜਾਈ ਦੇ ਸਮੇਂ ਦੇਸ਼ ਦੀ ਫੌਜ ਨੂੰ ਸਹਿਯੋਗ ਕਰੇ ਅਤੇ ਦੁਸ਼ਮਣਾਂ ਨੂੰ ਧੂੜ ਚਟਾਵੇ।
ਭਵਿਆ ਬਾਂਸਲ ਨੇ ਦੱਸਿਆ ਕਿ ‘ਡਰੀਮ ਮਸ਼ੀਨ’ ਇਕ ਅਜਿਹੀ ਰੋਬੇਟ ਮਸ਼ੀਨ ਹੈ, ਜੋ ਕਿ ਰਿਮੋਟ ਨਾਲ ਚੱਲਦੀ ਹੈ ਅਤੇ ਇਸ ‘ਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ। ਇਸ ਦੇ ਨਾਲ ਹੀ ਇਸ ‘ਚ ਵਾਈ-ਫਾਈ ਐਪਲੀਕੇਸ਼ਨ ਹੈ, ਜੋ ਸੈਟੇਲਾਈਟ ਦੇ ਨਾਲ ਚੱਲੇਗੀ। ਇਹ ਮਸ਼ੀਨ 2 ਕਿਲੋਮੀਟਰ ਦੀ ਦੂਰੀ ਤੋਂ ਆਪਰੇਟ ਕੀਤੀ ਜਾ ਸਕਦੀ ਹੈ। ਇਸ ਮਸ਼ੀਨ ਦੀ ਖਾਸੀਅਤ ਇਹ ਹੈ ਕਿ ਇਸ ਨਾਲ ਫੌਜ ਨੂੰ ਭੋਜਨ ਭੇਜਿਆ ਜਾ ਸਕਦਾ ਹੈ ਅਤੇ ਦੁਸ਼ਮਣ ਦੇ ਇਲਾਕੇ ‘ਤੇ ਨਜ਼ਰ ਰੱਖੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਸ ਮਸ਼ੀਨ ‘ਚ ਯੁੱਧ ਦੀ ਸਮੱਗਰੀ ਵੀ ਭੇਜੀ ਜਾ ਸਕਦੀ ਹੈ ਅਤੇ ਦੁਸ਼ਮਣ ਦੇ ਘਰ ਅੰਦਰ ਵੜ ਕੇ ਬੰਬ ਧਮਾਕਾ ਵੀ ਕੀਤਾ ਜਾ ਸਕਦਾ ਹੈ।
ਭਵਿਆ ਦਾ ਕਹਿਣਾ ਹੈ ਕਿ ਇਸ ਨਾਲ ਸਾਡੇ ਦੇਸ਼ ਦੇ ਜਵਾਨਾਂ ਦੀਆਂ ਕੀਮਤਾਂ ਜਾਨਾਂ ਤਾਂ ਬਚਣਗੀਆਂ ਹੀ, ਨਾਲ ਹੀ ਮੁਸ਼ਕਲ ਦੀ ਘੜੀ ‘ਚ ਫੌਜ ਲਈ ਇਹ ਮਸ਼ੀਨ ਲਾਹੇਵੰਦ ਸਿੱਧ ਹੋਵੇਗੀ। ਭਵਿਆ ਹੋਰ ਵੀ ਅਜਿਹੀਆਂ ਮਸ਼ੀਨਾਂ ਬਣਾਉਣਾ ਚਾਹੁੰਦਾ ਹੈ, ਜੋ ਦੇਸ਼ ਦੇ ਕੰਮ ਆ ਸਕਣ। ਦੇਸ਼ ਦੇ ਫੌਜ ਮੁਖੀ ਵਲੋਂ ਭਵਿਆ ਦੀ ਇਸ ਮਸ਼ੀਨ ਦੀ ਤਾਰੀਫ ਦੇ ਨਾਲ-ਨਾਲ ਉਸ ਦੀ ਹੌਂਸਲਾ-ਅਫਜ਼ਾਈ ਕੀਤੀ ਗਈ ਹੈ।