ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚਿੜੀਆਘਰ ਵਿਖੇ ਸੈਲਾਨੀਆਂ ਨੂੰ ਸਬਜ਼ੀਆਂ ਦੀ ਪਨੀਰੀ ਅਤੇ ਬੂਟੇ ਵੰਡੇ

ਵਾਤਾਵਰਣ ਦੀ ਸੰਭਾਲ ਲਈ ਲੋਕ ਅੱਗੇ ਆਉਣ-ਡੀ ਐਫ ਓ

ਜ਼ੀਰਕਪੁਰ : ਜੰਗਲਾਤ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਛੱਤਬੀੜ ਚਿੜੀਆਘਰ ਦੇਖਣ ਆਏ ਸਕੂਲੀ ਬੱਚਿਆਂ ਅਤੇ ਹੋਰ ਸੈਲਾਨੀਆਂ ਨੂੰ ਸਬਜ਼ੀਆਂ ਦੀ ਪਨੀਰੀ ਅਤੇ ਹੋਰ ਬੂਟੇ ਵੰਡੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਣ ਮੰਡਲ ਅਫਸਰ ਗੁਰਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਛੱਤਬੀੜ ਚਿੜੀਆਘਰ ਵਿਖੇ ਹਾਈਬਰਿਡ ਸਬਜ਼ੀਆਂ ਜਿਸ ਵਿਚ ਗੋਭੀ, ਬੈਂਗਣ, ਟਮਾਟਰ ਆਦਿ ਦੀ ਪਨੀਰੀ ਅਤੇ ਬੂਟੇ ਵੀ ਵੰਡੇ ਗਏ। ਜੰਗਲਾਤ ਵਿਭਾਗ ਵੱਲੋਂ ਇਹ ਉਪਰਾਲਾ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੀਤਾ ਗਿਆ ਤੇ ਪਨੀਰੀ ਪ੍ਰਾਪਤ ਕਰਨ ਵਾਲੇ ਲੋਕਾਂ ਵੱਲੋਂ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਵਿਭਾਗੀ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਅਤੇ ਮਿਸ਼ਨ ਤੰਦਰੁਸਤ ਪੰਜਾਬ ਬਾਰੇ ਵੀ ਜਾਗਰੂਕ ਕੀਤਾ ਗਿਆ। ਵਣ ਮੰਡਲ ਅਫਸਰ ਨੇ ਦੱਸਿਆ ਕਿ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਤੇ ਘਰ ਘਰ ਹਰਿਆਲੀ ਮਿਸ਼ਨ ਤਹਿਤ ਲੋਕਾਂ ਵਿੱਚ ਲਗਾਤਾਰ ਬੂਟੇ ਵੰਡੇ ਜਾ ਰਹੇ ਸਨ ਤੇ ਹੁਣ ਸਬਜ਼ੀਆਂ ਦੀ ਪਨੀਰੀ ਵੰਡ ਕੇ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਆਰੰਬ ਕੀਤੀ ਗਈ ਆਈ ਹਰਿਆਲੀ ਐਪ ਰਾਹੀਂ ਘਰ-ਘਰ ਹਰਿਆਲੀ ਮੁਹਿੰਮ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਦਾ ਹੁੰਗਾਰਾ ਮਿਲ ਰਿਹਾ ਹੈ। ਜਿਸ ਤਹਿਤ ਲੋਕ ਜੰਗਲਾਤ ਵਿਭਾਗ ਵੱਲੋਂ ਮੁਫਤ ਦਿੱਤੇ ਜਾ ਰਹੇ ਬੂਟੇ ਹਾਸਿਲ ਕਰ ਕੇ ਪਿੰਡਾਂ ਤੇ ਸ਼ਹਿਰਾਂ ਵਿੱਚ ਲਗਾ ਰਹੇ ਹਨ। ਗੁਰਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪੰਜਾਬ ਦੇ ਰਵਾਇਤੀ ਬੂਟੇ ਹੀ ਵੰਡੇ ਜਾ ਰਹੇ ਹਨ ਜੋ ਕਿ ਪੰਜਾਬ ਦੇ ਵਾਤਾਵਰਨ ਵਿੱਚ ਚੰਗੀ ਤਰਾਂ ਵਧਦੇ-ਫੁਲਦੇ ਹਨ।

Leave a Reply

Your email address will not be published. Required fields are marked *