ਕੌਡਾਂ ਦਾ ਕਰਜ਼ਾਈ- ਅਜੀਤ ਰਾਹੀ- ਆਸਟ੍ਰੇਲੀਆ

ਦੇਸ਼ ਦੀ ਵੰਡ ਹੋਈ ਨੂੰ ਅੱਧੀ ਸਦੀ ਤੋਂ ਵੀ ਵਧ ਦਾ ਸਮਾਂ ਹੋ ਗਿਆ। ਮੈਂ ਜਾਂ ਮੇਰੀ ਉਮਰ ਦੇ ਮੁੰਡੇ ਜਿਹੜੇ ਉਸ ਸਮੇਂ ਬਚਪਨ ਦੀ ਲਟੋਰ ਉਮਰ ਦੀ ਧੁੱਦਲ ਵਿਚ ਖੇਡਦੇ ਹੁੰਦੇ ਸੀ, ਅੱਜ ਵੀ ਉਨ੍ਹਾਂ ਦਿਨਾਂ ਨੂੰ ਯਾਦ ਕਰਕੇ ਇਕ ਹੌਕੇ ਦਾ ਘੁਟ ਭਰ ਲੈਂਦੇ ਹਾਂ।

ਮੇਰਾ ਜਨਮ ਮੇਰੇ ਨਾਨਕੇ ਪਿੰਡ ਸਮਰਾ ਜੰਡਿਆਲੇ ਚੱਕ ਨੰਬਰ 104 ਵਿਚ ਹੋਇਆ ਸੀ।

ਮੈਂ ਕਿਉਂ ਕਿ ਨਾਨਕਿਆਂ ਅਤੇ ਦਾਦਕਿਆਂ ਦੋਹਾਂ ਦਾ ਲਾਡਲਾ ਸੀ।  ਇਸ ਲਈ ਪੂਰੀ ਤਰ੍ਹਾਂ ਵਿਗੜਣ ਵਿਚ ਮੈਂ ਆਪਣੇ ਵਲੋਂ ਕੋਈ ਕਸਰ ਨਹੀਂ ਛੱਡਣੀ ਚਾਹੁੰਦਾ ਸੀ। ਉਦੋਂ ਮੈਂ ਨੌਆਂ ਜਾਂ ਦੱਸਾਂ ਸਾਲਾਂ ਦਾ ਸੀ। ਮੈਂ ਸਾਰਾ ਦਿਨ ਅਵਾਰਾ ਮੁੰਡਿਆਂ ਨਾਲ ਘੁੰਮਦਾ ਘੁੱਗੀਆਂ ਦੇ ਆਂਡੇ ਭਾਲਦਾ। ਗੁਲੇਲ ਬਣਾ ਕੇ ਪੰਛੀਆਂ ਦੇ ਗੁਲੇਲੇ ਮਾਰਦਾ। ਰੋਟੀ ਵੇਲੇ ਘਰ ਆ ਵੜਦਾ। ਮੇਰੀ ਨਾਨੀ ਮੈਨੂੰ ਬੜਾ ਮਨਾਉਂਦੀ,  “ਜੀਤ ਦੇਖ ਤੂੰ ਵੱਡਾ ਏਂ। ਜੇਕਰ ਤੂੰ ਹੀਂ ਵਿਗੜ ਗਿਆ ਤਾਂ ਮੇਰੀ ਧੀ ਦੀ ਜ਼ਿੰਦਗੀ ਤਾਂ ਹੋਰ ਵੀ ਨਰਕ ਬਣ ਜਾਵੇਗੀ।” ਉਹ ਬੀਬੀ ਦੀ ਜ਼ਿੰਦਗੀ ਨੂੰ ਹੁਣ ਵੀ ਨਰਕ ਹੀ ਸਮਝ ਰਹੀ ਸੀ ਕਿਉਂਕਿ ਮੇਰਾ ਬਾਬਾ ਚੰਗੀ ਮੋਟੀ ਅਫੀਮ ਖਾਂਦਾ ਸੀ। ਜਿਸ ਕਰਕੇ ਉਸਨੇ ਦੇਸ਼ ਦੀ ਜ਼ਮੀਨ ਤਾਂ ਪਹਿਲਾਂ ਹੀ ਵੇਚ ਦਿੱਤੀ ਸੀ। ਹੁਣ ਬਾਰ ਦੀ ਪੈਂਹਟ ਚੱਕ ਮੁਕੰਦ ਪੁਰ ਵਾਲੀ ਨੂੰ ਵੀ ਟੱਕ ਧਰ ਲਿਆ ਸੀ। ਪਰ ਮੈਨੂੰ ਇਨ੍ਹਾਂ ਗੱਲਾਂ ਦੀ ਫਿਕਰ ਕਿੱਥੇ ਸੀ।

ਹੌਲੀ ਹੌਲੀ ਇਸ ਲਟੋਰ ਪੁਣੇ ਵਿਚੋਂ ਇਕ ਹੋਰ ਆਦਤ ਨੇ ਜਨਮ ਲੈ ਲਿਆ। ਇਹ ਸੀ ‘ਕੌਡਾਂ `ਅਤੇ ‘ਅਖਰੋਟ` ਖੇਡਣ ਦੀ ਆਦਤ। ਇਹ ਆਦਤ ਮੈਨੂੰ ਬਾਜ਼ੀਗਰਾਂ ਦੇ ਮੂਲੇ ਤੋਂ ਪਈ ਸੀ। ਕੌਡਾਂ ਜਾਂ ਅਖਰੋਟ ਅਸੀਂ ਦੋ ਤਰ੍ਹਾਂ ਖੇਡਦੇ ਸੀ। ਇਕ ਤਾਂ ਖੁੱਤੀ ਪਾਣ ਸੀ ਤੇ ਦੂੁਸਰਾ ਕੁੰਡਲ। ਇਕ ਗੋਲ ਦਾਇਰੇ ਵਿਚ ਆਪਣੀ ਕੌਡੀ ਰਲਾ ਕੇ ਕੌਡਾਂ ਸਿੱਟੀਆਂ ਜਾਂਦੀਆਂ ਸੀ। ਜਿੰਨੀਆਂ ਆਪਣੀ ਕੌਡੀ ਵਾਂਗ ਸਿੱਧੀਆਂ ਜਾਂ ਪੁੱਠੀਆਂ ਹੁੰਦੀਆਂ, ਉਹ ਜਿੱਤ ਕੇ ਚੁੱਕ ਲਈਆਂ ਜਾਂਦੀਆਂ। ਬਾਕੀਆਂ ਵਿਚੋਂ ਦੂਸਰੇ ਖਿਡਾਰੀ ਇਕ ਕੌਡੀ ਨੂੰ ਕੁੰਡਲ ਵਿਚੋਂ ਕੌਡੀ ਮਾਰਕੇ ਬਾਹਰ ਕੱਢਣ ਲਈ ਕਹਿੰਦੇ, ਜੇ ਕਰ ਤਾਂ ਉਹ ਦੱਸੀ ਹੋਈ ਕੌਡੀ ਬਾਹਰ ਕੱਢ ਦਿੰਦੇ ਤਾਂ ਸਾਰੀਆਂ ਕੌਡਾਂ ਉਸ ਦੀਆਂ ਹੋ ਜਾਂਦੀਆ, ਜੇਕਰ ਉਸਦੀ ਮਾਰੀ ਹੋਈ ਕੌਡੀ ਕਿਸੇ ਹੋਰ ਕੌਡੀ ਨੂੰ ਲਗ ਜਾਂਦੀ ਤਾਂ ਜਿੱਤੀਆਂ ਹੋਈਆਂ ਕੌਡਾਂ ਵੀ ਵਾਪਸ ਕਰਨੀਆਂ ਪੈਂਦੀਆਂ। ਇਸੇ ਤਰ੍ਹਾਂ ਖੁੱਤੀ ਪੈਣ ਵਿਚ ਵੀ ਹੁੰਦਾ। ਜਿੰਨੀਆਂ ਕੌਡਾਂ ਖੁੱਤੀ ਵਿਚ ਪੈ ਜਾਂਦੀਆਂ ਉਹ ਤਾਂ ਜਿੱਤੀਆਂ ਜਾਂਦੀਆਂ ਅਤੇ ਜੇਕਰ ਦੱਸੀ ਹੋਈ ਕੌਡੀ ਕਿਸੇ ਹੋਰ ਕੌਡੀ ਨੂੰ ਛੁਹ ਜਾਂਦੀ ਤਾਂ ਸਭ ਜਿੱਤੀਆਂ ਵੀ ਮੋੜਨੀਆਂ ਪੈਦੀਆਂ।

ਮੈਂ ਨਾਨੀ ਤੋਂ ਪੈਸੇ ਲੈ ਕੇ ਥੋੜ੍ਹੀਆਂ ਕੌਡਾਂ ਅਤੇ ਅਖਰੋਟ ਹੱਟੀ ਤੋਂ ਲੈ ਆਇਆ ਅਤੇ ਖੇਡਣ ਦਾ ਕੰਮ ਸ਼ੁਰੂ ਕਰ ਲਿਆ। ਗੁੱਲਾ ਇਸ ਖੇਡ ਦਾ ਮਾਹਰ ਸੀ। ਉਹ ਕੁੰਡਲ ਅਤੇ ਖੁੱਤੀ ਦੋਹਾਂ ਖੇਡਾਂ ਵਿਚ ਹੀ ਜਿੱਤ ਜਾਂਦਾ ਸੀ। ਅਸੀਂ ਸਾਰੇ ਹਾਣੀ, ਜਿਹੜੇ ਮੇਰੇ ਵਰਗੇ ਹੀ ਲਟੋਰ ਸੀ, ਇਨ੍ਹਾਂ ਵਿਚੋਂ ਕੋਈ ਵੀ ਸਕੂਲ ਨਹੀਂ ਸੀ ਜਾਂਦਾ। ਹਾਲਾਂ ਕਿ ਪਿੰਡ ਵਿਚ ਹੀ ਪ੍ਰਾਇਮਰੀ ਸਕੂਲ ਸੀ। ਇੱਕ ਮਾਸਟਰ ਮੇਰੇ ਨਾਨਕਿਆਂ ਦੇ ਦੂਸਰੇ ਖਾਲੀ ਪਏ ਘਰ ਦੀ ਬੈਠਕ ਵਿਚ ਰਹਿੰਦਾ ਸੀ। ਇਕ ਦੋ ਵਾਰੀ ਉਸਨੇ ਮੈਨੂੰ ਸਕੂਲ ਲਿਜਾਣ ਦਾ ਯਤਨ ਵੀ ਕੀਤਾ ਪਰ ਮੈਂ ਕਿੱਥੇ ਇਸ ਪੁੱਠੇ ਰਾਹ ਪੈਣ ਵਾਲਾ ਸੀ। ਉਸ ਵੇਲੇ ਮੈਨੂੰ ਸਕੂਲ ਜਾਣਾ ਪੁੱਠਾ ਰਾਹ ਲੱਗਦਾ ਸੀ। ਮੇਰੇ ਮਾਮੇ ਦੇ ਮੁੰਡੇ ਨੇ ਜੋ ਮੈਥੋਂ ਉਮਰ ਵਿਚ ਦਸ ਬਾਰਾਂ ਸਾਲ ਵੱਡਾ ਸੀ, ਮੈਨੂੰ ਆਪਣੇ ਸਕੂਲ ਜਾਣ ਦੇ ਮਾੜੇ ਦਿਨਾਂ ਦੀ ਦਾਸਤਾਂ ਸੁਣਾਈ ਸੀ । ਉਸਨੇ ਮੈਨੂੰ ਦਸਿਆ ਕਿ ਉਹ ਕਈ ਸਾਲ ਸਕੂਲ ਜਾਂਦਾ ਰਿਹਾ ਸੀ। ਉਸਨੇ ਕਿਹਾ ਸਾਰੇ ਸਾਲਾਂ ਵਿਚ ਮੈਨੂੰ “ਵੋਹ ਕਊਆ ਰੋਟੀ ਲੈ ਗਿਆ” ਹੀ ਨਹੀਂ ਸੀ ਪੜ੍ਹਨੀ ਆਈ। ਸਿਆਣਿਆਂ ਦੀਆਂ ਗੱਲਾਂ ਬਚਪਨ ਦੇ ਦਿਨਾਂ ਵਿਚ ਜਲਦੀ ਅਸਰ ਕਰ ਜਾਂਦੀਆਂ ਹਨ। ਇਸ ਲਈ ਮੈਂ ਜਾਣ ਗਿਆ ਸੀ ਕਿ ਸਕੂਲ ਜਾਣ ਵਾਲੇ ਹੋਰ ਹੀ ਪ੍ਰਾਣੀ ਹੁੰਦੇ ਹਨ। ਸਾਡੇ ਵਾਂਗ ਜੱਟਾਂ ਦੇ ਪੁੱਤ ਨਹੀਂ।

ਇਸ ਕਰਕੇ ਹੀ ਮੈਂ ਹੁਣ ਕੁੱਲ ਵਕਤੀ ਕੌਡਾਂ ਅਤੇ ਅਖਰੋਟਾਂ ਦਾ ਖਿਡਾਰੀ ਬਣ ਗਿਆ ਸੀ। ਮਿਹਨਤ ਵਰ ਆਈ ਸੀ, ਮੈਂ ਆਪਣੇ ਹਾਣੀਆਂ ਨੂੰ ਜਿੱਤਣ ਲੱਗ ਗਿਆ ਸੀ। ਪਰ ਗੁੱਲਾ ਮੇਰੀ ਪੇਸ਼ ਨਹੀਂ ਸੀ ਜਾਣ ਦੇਂਦਾ। ਉਹ ਕੁੰਡਲ ਅਤੇ ਖੁੱਤੀ ਦੋਹਾਂ ਵਿਚ ਹੀ ਸਾਨੂੰ ਸਾਰਿਆਂ ਨੂੰ ਭੋਟ ਕੇ ਲੈ ਜਾਂਦਾ। ਅਸੀਂ ਸਾਰੇ ਜਦੋਂ ਉਸ ਕੋਲੋਂ ਹਰ ਜਾਂਦੇ ਤਾਂ ਉਸ ਵੇਲੇ ਸਾਡੇ ਚੇਹਰੇ ਵੇਖਣ ਵਾਲੇ ਹੁੰਦੇ ਸੀ। ਜਦੋਂ ਗੁੱਲਾ ਆਪਣੇ ਝੱਗੇ ਦੇ ਪੱਲੇ ਵਿਚ ਅਖਰੋਟ ਜਾਂ ਕੌਡਾਂ ਭਰ ਰਿਹਾ ਹੁੰਦਾ। ਸਾਨੂੰ ਲੱਗਦਾ ਸਾਡੀ ਸੋਨੇ ਦੀ ਲੰਕਾ ਉਜੜ ਰਹੀ ਹੈ। ਗੁੱਲਾ ਮੈਥੋਂ ਬਿਨਾਂ ਬਾਕੀਆਂ ਨਾਲ ਘਟ ਹੀ ਮਿਲਦਾ ਸੀ।

ਮੇਰੇ ਇਕ ਮਿੱਤਰ ਕਣਕ ਨਾਥ ਹੋਰਾਂ ਦਾ ਭਾਣਜਾ ਮਹਿੰਦਰ ਹੁੰਦਾ ਸੀ। ਉਹ ਵੀ ਕਦੀ ਕਦੀ ਨਾਨਕੀਂ ਆ ਜਾਂਦਾ ਸੀ। ਇਕ ਵਾਰੀ ਮੈਂ ਤੇ ਗੁੱਲਾ ਦੋਵੇਂ ਹੀ ਖੇਡ ਰਹੇ ਸੀ। ਮੈਂ ਗੁੱਲੇ ਕੋਲ ਅਖਰੋਟ ਅਤੇ ਕੌਡਾਂ ਸਭ ਹਾਰ ਗਿਆ। ਤਾਂ ਗੁੱਲੇ ਨੂੰ ਪਤਾ ਨਹੀਂ ਮੇਰੇ ਉਤੇ ਤਰਸ ਆਇਆ ਜਾਂ ਆਪਣੀ ਖੇਡ ਜਾਰੀ ਰੱਖਣ ਲਈ ਉਸਨੇ ਮੈਨੂੰ ਕੌਡਾਂ ਦੇ ਕੁਝ ਗੰਡੇ ਉਧਾਰ ਦੇ ਦਿੱਤੇ। ਚਾਰ ਕੌਡਂਾ ਦਾ ਇਕ ਗੰਡਾ ਹੁੰਦਾ ਸੀ। ਮੈਂ ਉਹ ਵੀ ਹਾਰ ਗਿਆ। ਫਿਰ ਉਸ ਨੇ ਹੋਰ ਉਧਾਰ ਦੇ ਦਿੱਤੇ। ਮੈਂ ਉਹ ਵੀ ਹਾਰ ਗਿਆ। ਇਸ ਤਰ੍ਹਾਂ ਉਹ ਉਧਾਰ ਦੇਈ ਗਿਆ ਅਤੇ ਮੈਂ ਹਾਰਦਾ ਗਿਆ। ਮੈਂ ਇਤਨੀਆਂ ਕੌਡਾਂ ਉਧਾਰ ਲੈ ਕੇ ਹਾਰ ਗਿਆ ਕਿ ਮੈਨੂੰ ਲੱਗਣ ਲੱਗਾ ਕਿ ਮੈਂ ਜ਼ਿੰਦਗੀ ਦਾ ਸਭ ਕੁਝ ਹਾਰ ਗਿਆ ਹੋਵਾਂ।

ਮੈਂ ਨਿਰਾਸ਼ ਹੋ ਕੇ ਘਰ ਆ ਗਿਆ । ਅਗਲੇ ਦਿਨ ਗੁੱਲੇ ਨੇ ਸਾਰੇ ਮੁੰਡਿਆਂ ਦੇ ਸਾਹਮਣੇ ਮੈਥੋਂ ਹਾਰੀਆਂ ਹੋਈਆਂ ਕੌਡਾਂ ਮੰਗ ਲਈਆਂ। ਮੈਨੂੰ ਬੜੀ ਸ਼ਰਮ ਆਈ। ਦੋ ਤਿੰਨ ਦਿਨ ਜਦੋਂ ਉਹ ਕੌਡਾਂ ਮੰਗਣੋਂ ਨਾ ਹਟਿਆ ਤਾਂ ਮੈਂ ਸ਼ਰਮ ਅਤੇ ਡਰ ਦਾ ਮਾਰਾ ਮੁੰਡਿਆਂ ਵਿਚ ਜਾਣੋਂ ਹਟ ਗਿਆ। ਨਾਨੇ ਨਾਨੀ ਨੇ ਸਮਝਿਆ ਮੈਂ ਲਟੋਰੀ ਤੋਂ ਸੁਧਰ ਗਿਆ ਹਾਂ। ਫਿਰ ਇਕ ਦਿਨ ਗੁੱਲਾ ਸਾਡੇ ਘਰ ਆਇਆ। ਘਰ ਨਾਨੀ ਹੀ ਸੀ। ਉਸਨੇ ਮੈਨੂੰ ਬਾਹਰ ਆਉਣ ਲਈ ਹਾਕ ਮਾਰੀ। ਮੈਂ ਗੇਟ ਤੱਕ ਗਿਆ। ਉਸਨੇ ਮੈਥੋਂ ਕੌਡਾਂ ਮੰਗੀਆਂ, ਮੈਂ ਬਹਾਨਾ ਪਾ ਦਿੱਤਾ। ਇਸ ਤਰ੍ਹਾਂ ਮੈਂ ਉਸ ਨਾਲ ਕਈ ਵਾਰ ਝੂਠੇ ਵਾਇਦੇ ਕੀਤੇ, ਹੁਣ ਮੇਰੇ ਨਾਨਾ ਨਾਨੀ ਨੂੰ ਵੀ ਥੋੜਾ-ਥੋੜਾ ਸ਼ੱਕ ਪੈਣ ਲੱਗ ਪਿਆ ਕਿ ਗੁੱਲਾ ਬਾਜ਼ੀਗਰਾਂ ਦਾ ਮੁੰਡਾ ਬਾਰ ਬਾਰ ਆਉਂਦਾ ਹੈ।

ਇਕ ਦਿਨ ਤਾਂ ਗੁੱਲੇ ਨੇ ਹੱਦ ਹੀ ਕਰ ਦਿੱਤੀ। ਮੇਰਾ ਨਾਨਾ ਛਪੜ `ਚੋਂ ਮੱਝਾਂ ਨੂੰ ਪਾਣੀ ਪਿਲਾ ਕੇ ਲਿਆਇਆ ਸੀ। ਉਸ ਨੇ ਮੱਝਾਂ ਤਾਂ ਕੀਲਿਆਂ ਨਾਲ ਬੰਨ੍ਹ ਦਿੱਤੀਆਂ ਸੀ। ਪਰ ਮੱਝਾਂ ਮੋੜਨ ਵਾਲਾ ਸੋਟਾ ਹਾਲੀ ਉਸਦੇ ਹੱਥ ਵਿਚ ਹੀ ਸੀ। ਇਤਨੇ ਨੂੰ ਗੁੱਲਾ ਚਾਹਮਲਿਆ ਹੋਇਆ ਵਿਹੜੇ ਵਿਚ ਆ ਵੜਿਆ। ਨਾਨੇ ਨੂੰ ਵਿਹੜੇ ਵਿਚ ਵੇਖਕੇ ਟਿੱਚਰ ਵਜੋਂ ਕਹਿਣ ਲੱਗਾ, “ਤਿਰੀ ਰਿਰੀ ਰੀ ਤਾਂ, ਬਾਬਾ ਕੌੜਾਂ ਦੇਣੀਆਂ ਕਿ ਨਾਂ।” ਭਾਈਆ ਸ਼ਾਇਦ ਪਹਿਲਾਂ ਹੀ ਮੱਝਾਂ ਉਤੇ ਖਿਝਿਆ ਹੋਇਆ ਸੀ। ਮੈਂ ਤਾਂ ਗੁੱਲੇ ਨੂੰ ਗੇਟ ਵੜਦਾ ਦੇਖ ਕੇ ਹੀ ਦਲਾਨ ਅੰਦਰ ਜਾ ਵੜਿਆ ਸੀ। ਮੈਂ ਬੂਹਾ ਢੋ ਕੇ ਝੀਤ ਵਿਚੋ ਦੇਖ ਰਿਹਾ ਸੀ। ਭਾਈਏ ਨੇ ਹੱਥਲਾ ਸੋਟਾ ਛੱਡਵਾਂ ਗੁੱਲੇ ਦੇ ਮਾਰਿਆ। ਜੋ ਉਸਦੀਆਂ ਲੱਤਾਂ ਵਿਚ ਲੱਗਾ। ਗੁੱਲੇ ਨੇ ਇਕ ਚੀਕ ਮਾਰੀ ਅਤੇ ਲੰਙ ਮਾਰਦਾ ਗੇਟੋਂ ਬਾਹਰ ਹੋ ਗਿਆ। ਦੋ ਤਿੰਨ ਗਾਲਾਂ ਭਾਈਏ ਨੇ ਮੈਨੂੰ ਵੀ ਕੱਢੀਆਂ। ਉਸ ਤੋਂ ਬਾਅਦ ਗੁੱਲੇ ਨੂੰ ਮੈਂ ਆਪਣੀ ਗਲੀ ਵਿਚ ਵੀ ਕਦੀ ਨਹੀਂ ਵੇਖਿਆ। ਅਸੀਂ ਸਭ ਜੱਟਾਂ ਦੇ ਮੁੰਡੇ ਹਾਣੀ ਖੇਡਦੇ ਰਹਿੰਦੇ। ਉਨ੍ਹਾਂ ਦਾ ਤੇ ਪਤਾ ਨਹੀਂ ਪਰ ਮੈਂ ਅੰਦਰੋ ਅੰਦਰੋ ਗੁੱਲੇ ਨੂੰ ਯਾਦ ਹੀ ਕਰਦਾ । ਉਸਦੇ ਨਾ ਆਉਣ ਉਤੇ ਖੁਸ਼ ਵੀ ਹੁੰਦਾ। ਪਰ ਪਤਾ ਨਹੀਂ ਇਹ ਕਿਸ ਤਰ੍ਹਾਂ ਦੀ ਸੋਚ ਸੀ ਜੋ ਸੁਖਾਵੀਂ ਵੀ ਸੀ ਦੁਖਾਵੀਂ ਵੀ।

ਫਿਰ ਇਕ ਦਿਨ ਮੈਨੂੰ ਅਤੇ ਮੇਰੇ ਮਾਮੇ ਦੇ ਮੁੰਡੇ ਨੂੰ ਨਾਨੀ ਮੁਲਤਾਨ ਸਾਡੇ ਮਾਪਿਆਂ ਪਾਸ ਛੱਡ ਆਈ। ਇਥੇ ਆ ਕੇ ਗੁੱਲੇ ਦੀ ਥਾਂ ਬੱਕੇ ਨਾਲ ਡੰਗਰ ਚਾਰਨ ਦੀ ਸਾਂਝ ਪੈ ਗਈ। ਇਸ ਸਾਂਝ ਦਾ ਕਤਲ ਉਸ ਦਿਨ ਹੋ ਗਿਆ ਜਿਸ ਦਿਨ 1947 ਦੇ ਇਕ ਭਿਆਨਕ ਦਿਨ ਅਸੀਂ ਆਪਣਾ ਸਮਾਨ ਗੱਡਿਆਂ ਉਤੇ ਲੱਦਕੇ ਆਪਣੇ ਘਰਾਂ ਨੂੰ ਛੱਡਕੇ ਕਿਸੇ ਅਗਿਆਤ ਦੁਨੀਆਂ ਵੱਲ ਤੁਰੇ ਸੀ। ਬੱਕਾ ਅਤੇ ਉਸ ਦੀ ਮਾਂ ਦੂਰ ਖੜੇ ਸਾਨੂੰ ਦੇਖ ਰਹੇ ਸੀ। ਬੱਕਾ ਮਾਂ ਦੇ ਪਾਸੇ ਨਾਲ ਲੱਗ ਕੇ ਰੋ ਰਿਹਾ ਸੀ ਅਤੇ ਮੈਂ ਗੱਡੇ ਉਤੇ ਬੈਠਾ ਬੀਬੀ ਦੀ ਬੁੱਕਲ ਵਿਚ ਹੰਝੂ ਵਹਾ ਰਿਹਾ ਸੀ। ਬੀਬੀ ਨੇ ਆਪਣੀਆਂ ਅੱਖਾਂ ਦੇ ਅੱਥਰੂ ਪੂੰਝਦਿਆਂ ਕਿਹਾ ਸੀ, “ਪੁੱਤਰੋ ਰੋਵੋ ਨਾ ਆਪਾਂ ਜਲਦੀ ਹੀ ਮੁੜ ਆਉਣਾ ਹੈ।” ਉਹ ਜਲਦੀ ਮੁੜ ਆਉਣ ਦੀ ਤਾਂਘ ਕਦੀ ਵੀ ਨਾ ਮਰੀ। ਪਹਿਲਾਂ ਨਾਨਾ ਨਾਨੀ ਤੁਰ ਗਏ ਫਿਰ ਬੀਬੀ ਭਾਪਾ ਵੀ ਪੂਰੇ ਹੋ ਗਏ।

ਮੈਂ ਜ਼ਿੰਦਗੀ ਦੇ ਬੀਤ ਗਏ ਵਰ੍ਹਿਆਂ ਵਿਚ ਆਪਣੇ ਉਸ ਦੇਸ਼ ਅਤੇ ਘਰ ਜਾਣ ਦੀ ਸੋਚ ਨੂੰ ਕਦੀ ਵੀ ਭੁਲਾ ਨਹੀਂ ਸਕਿਆ। ਜਿਸਨੂੰ ਲੋਕ ਪਾਕਿਸਤਾਨ ਕਹਿੰਦੇ ਹਨ। ਹਰ ਵਾਰ ਦੇਖਣ ਜਾਣ ਦਾ ਖਿਆਲ ਨੇੜੇ ਆ ਕੇ ਦਮ ਤੋੜ ਜਾਂਦਾ ਰਿਹਾ ਪਰ ਅਖੀਰ 2001 ਵਿਚ ਮੈਂ ਜੁਲਾਈ  ਦੇ ਮਹੀਨੇ ਵਿਚ ਪਾਕਿਸਤਾਨ ਗਿਆ। ਸਨਾਵਰ ਚੱਧੜ ਨੇ ਪੈਂਦੀ ਸੱਟੇ ਮੈਨੂੰ ਕਹਿ ਦਿੱਤਾ,”ਨਨਕਾਣਾ ਸਾਹਿਬ ਤੁਹਾਨੂੰ ਮੈਂ ਲੈ ਕੇ ਜਾਵਾਂਗਾ। ਕਿਸੇ ਹੋਰ ਨੂੰ ਨਾ ਹਾਂ ਕਰਿਆ ਜੇ।“

ਮੈਂ ਕਿਹਾ ਉਥੋਂ ਅੱਗੇ ਮੈਂ ਆਪਣੇ ਨਾਨਕਿਆਂ ਦੇ ਪਿੰਡ ਜਿਥੇ ਮੇਰਾ ਜਨਮ ਹੋਇਆ ਸੀ, ਉਥੇ ਵੀ ਜਾਣਾ ਹੈ ਤੇ ਨਾਲੇ ਆਪਣੇ ਪਿੰਡ ਪੈਂਹਟ ਚੱਕ ਵੀ ਜਾਣਾ ਹੈ। ਉਸ ਨੇ ਕਿਹਾ, “ਸਭ ਥਾਂ ਚੱਲਾਂਗੇ ਤੁਸੀਂ ਫਿਕਰ ਨਾ ਕਰੋ।“

ਅਸੀਂ ਉਸ ਦਿਨ ਜਨਮ ਸਥਾਨ ਅਤੇ ਹੋਰ ਕਈ ਗੁਰੂ ਘਰਾਂ ਦੇ ਦਰਸ਼ਨ ਕਰ ਲਏ। ਦੋ ਗੁਰੂ ਘਰਾਂ ਦੇ ਦਰਸ਼ਨ ਰਹਿ ਗਏ ਜੋ ਅਗਲੇ ਦਿਨ ਉਤੇ ਦੇਖਣ ਲਈ ਰਹਿਣ ਦਿੱਤੇ। ਗਰਮੀਆਂ ਦੇ ਦਿਨ ਲੰਬੇ ਹੁੰਦੇ ਹਨ। ਅਸੀਂ ਸੂਰਜ ਖੜੇ ਹੀ ਸਨਾਵਰ ਦੇ ਪਿੰਡ ਚੱਕ ਨੰਬਰ ਇੱਕ ਵਿਚ ਪਹੁੰਚ ਗਏ। ਅੱਗੇ ਉਸ ਦੇ ਘਰ ਮੋਹਰੇ ਇਕ ਸਿੱਖ ਨੂੰ ਵੇਖਣ ਲਈ ਲੋਕਾਂ ਦੀ ਭੀੜ ਲੱਗੀ ਹੋਈ ਸੀ। ਬਹੁਤੀ ਸੰਨ 1947 ਤੋਂ ਬਾਅਦ ਦੀ ਪੀੜ੍ਹੀ ਸੀ। ਕਈ ਪਹਿਲੀ ਪੀੜ੍ਹੀ ਦੇ ਬਜ਼ੁਰਗ ਵੀ ਸਨ।

ਮੈਂ ਅਚਾਨਕ ਭੀੜ ਨੂੰ ਇਕ ਸਵਾਲ ਕਰ ਦਿੱਤਾ ਕਿ ਤੁਹਾਡੇ ਵਿਚੋਂ ਕੋਈ ਚੱਕ ਨੰਬਰ 104 ਬਾਰੇ ਜਾਣਦਾ ਹੈ? ਇਕ ਮੌਲਵੀ ਦਿਸ ਰਿਹਾ ਚਿੱਟੀ ਬਹੁਤੀ ਅਤੇ ਕਾਲੀ ਘਟ ਦਾਹੜੀ ਵਾਲਾ ਬੋਲਿਆ ‘ਹਾਂ`। ਮੇਰੇ ਨਾਨਕੇ ਹਨ ਅਤੇ ਮੇਰਾ ਤਾਂ ਜਨਮ ਵੀ ਉਥੋਂ ਦਾ ਹੈ। ਮੈ ਉਸਦੇ ਨੇੜੇ ਹੋ ਗਿਆ ਮੈਂ ਕਿਹਾ, “ਮੇਰੇ ਵੀ ਉਥੇ ਨਾਨਕੇ ਸਨ ਅਤੇ ਮੇਰਾ ਜਨਮ ਵੀ ਉਥੇ ਦਾ ਹੈ।” ਉਸਨੇ ਮੈਨੂੰ ਜੱਫੀ ਪਾ ਲਈ ਅਤੇ ਆਖਿਆ ”ਫਿਰ ਤੇ ਆਪਾਂ ਮਸੇਰ ਭਰਾ ਹੋਏ ਕਿ।“

ਹੌਲੀ ਹੌਲੀ ਭੀੜ ਖਿੰਡ ਗਈ। ਮੇਰਾ ਮਸੇਰ ਭਰਾ ਉਥੇ ਡਾਕਟਰੀ ਦੀ ਛੋਟੀ ਜਿਹੀ ਦੁਕਾਨ ਕਰਦਾ ਸੀ ਅਤੇ ਸਵੇਰ ਸ਼ਾਮ ਮਸੀਤ ਵਿਚ ਨਮਾਜ਼ ਵੀ ਪੜ੍ਹਦਾ ਸੀ। ਮੈਂ ਉਸ ਨੂੰ ਕਿਹਾ ”ਮੈਂ ਆਪਣੇ ਨਾਨਕੀ ਜਾਣਾ ਸੀ ਕੀ ਉਹ ਮੇਰੇ ਨਾਲ ਜਾ ਸਕਦਾ ਹੈ“ ਉਹ ਖੁਸ਼ ਹੋ ਕੇ ਬੋਲਿਆ, “ਭਰਾ ਆਪਣੇ ਨਾਨਕੀਂ ਚੱਲਾਂਗੇ।”

ਅਗਲੇ ਦਿਨ ਸਵੇਰੇ ਹੀ ਮੈਂ, ਸਨਾਵਰ, ਉਸਦਾ ਭਰਾ ਅਤੇ ਮੇਰਾ ਨਵਾਂ ਬਣਿਆ ਮਸੇਰ ਭਰਾ ਕਾਰ ਵਿਚ 104 ਚੱਕ ਸਮਰਾ ਜੰਡਿਆਲੇ ਨੂੰ ਚੱਲ ਪਏ। ਕਈ ਘੰਟੇ ਮਗਰੋਂ ਅਸੀਂ ਜਦੋਂ ਪਿੰਡ ਦੇ ਨੇੜੇ ਪਹੁੰਚ ਗਏ ਤਾਂ ਉਹ ਕਹਿਣ ਲੱਗਾ, “ਤੁਸੀਂ ਆਪਣਾ ਘਰ ਪਹਿਚਾਣ ਲਵੋਗੇ?” ਮੈਂ ਕਿਹਾ ਮੈਨੂੰ ਪਿੰਡ ਦੇ ਬਾਹਰ ਬਣੇ ਪ੍ਰਾਇਮਰੀ ਸਕੂਲ ਕੋਲ ਲੈ ਚੱਲੋ। ਉਹ ਕਹਿਣ ਲੱਗਾ ਹੁਣ ਤਾਂ ਉਹ ਹਾਈ ਸਕੂਲ ਹੈ। ਮੈਂ ਕਿਹਾ ਸਕੂਲ ਕੋਲ ਛੱਪੜ ਅਤੇ ਪਿੱਪਲ ਸਨ। ਉਹ ਬੋਲਿਆ ਹੁਣ ਛੱਪੜ ਕੋਈ ਨਹੀ ਅਤੇ ਪਿੱਪਲ ਦੀ ਥਾਂ ਸਫੈਦੇ ਅਤੇ ਪਾਪੂਲਰ ਲਾ ਦਿੱਤੇ ਹਨ। ਗੱਲਾਂ ਕਰਦਿਆਂ ਪਿੰਡ ਆ ਗਿਆ। ਹੁਣ ਅਸੀਂ ਸਕੂਲ ਦੇ ਕੋਲ ਸੀ। ਸੱਜੇ ਪਾਸੇ ਪਿੰਡ ਸੀ ਅਤੇ ਖੱਬੇ ਪਾਸੇ ਸਕੂਲ ਸੀ। ਮੈਂ ਕਿਹਾ, “ਆ ਜਿਹੜੀ ਪਿੰਡ ਵਿਚ ਸੜਕ ਜਾਂਦੀ ਹੈ ਇਸ ਦੇ ਸਿਰੇ ਉਤੇ ਕੁੜੀਆਂ ਦਾ ਪ੍ਰਾਇਮਰੀ ਸਕੂਲ ਹੈ।” ਉਹ ਕਹਿਣ ਲੱਗਾ ਬਿਲਕੁਲ ਠੀਕ ਹੈ। ਹੁਣ ਅਸੀਂ ਕਾਰ ਤੋਂ ਬਾਹਰ ਆ ਗਏ ਸੀ। ਉਸ ਦੇ ਨਾਨਕਿਆਂ ਦਾ ਘਰ ਵੀ ਇਸ ਗਲੀ ਵਿਚ ਸੀ। ਅਸੀਂ ਉਨ੍ਹਾਂ ਦੇ ਘਰ ਚਲੇ ਗਏ। ਮੈਂ ਜਲਦੀ ਤੋਂ ਜਲਦੀ ਆਪਣਾ ਘਰ ਦੇਖਣਾ ਚਾਹੁੰਦਾ ਸੀ। ਪਰ ਇਹ ਕਿਵੇਂ ਹੋਵੇ। ਦੋ ਦੋਹਤੇ ਆਪਣੇ ਨਾਨਕੀਂ ਆਏ ਹੋਣ ਅਤੇ ਉਨ੍ਹਾਂ ਨੂੰ ਚਾਹ ਪਾਣੀ ਨਾ ਪਿਲਾਇਆ ਜਾਵੇ। ਚਾਹ ਬੜੇ ਉਚੇਚ ਨਾਲ ਪਿਲਾਈ ਗਈ। ਚਾਹ ਪੀਦਿਆਂ ਮੈਂ ਆਪਣੇ ਮਸੇਰ ਦੇ ਮਾਮੇ ਪੁੱਤਰਾਂ ਨੂੰ ਪੁਛਿਆ ”ਇਥੇ ਕੁ ਪਿੰਡ ਦੇ ਵਿਚਕਾਰ ਜਿਹੜਾ ਖੂਹ ਸੀ ਉਹ ਹੈਗਾ ਏ ਕਿ ਨਹੀਂ?“ ਉਨ੍ਹਾਂ ਬੜੇ ਦੁੱਖ ਨਾਲ ਦਸਿਆ ਉਹ ਤਾਂ ਬੜੇ ਚਿਰ ਦਾ ਪੂਰ ਦਿੱਤਾ ਜੇ। ਸੁਣਕੇ ਮੇਰੇ ਮਨ ਨੂੰ ਇਕ ਧੱਕਾ ਲੱਗਾ।

ਚਾਹ ਪੀ ਕੇ ਮੈਂ ਪਿੰਡ ਦੇ ਲੋਕਾਂ ਦੇ ਇਕੱਠ ਵਿਚ ਘਿਰਿਆ ਆਪਣੇ ਉਸ ਘਰ ਵਲ ਜਾ ਰਿਹਾ ਸੀ ਜਿਥੇ ਮੈਂ ਜਨਮ ਲਿਆ ਸੀ ਅਤੇ ਜਿਸ ਬਾਰੇ ਮੈਂ ਇਥੇ ਆਉਣ ਤੋਂ ਪਹਿਲਾਂ ਇਕ ਕਵਿਤਾ ਲਿਖੀ ਸੀ, ‘ਇਥੇ ਹੀ ਕਿਤੇ’। ਮੇਰਾ ਦਿਲ ਧੜਕ ਰਿਹਾ ਸੀ। ਅੱਜ ਵਰ੍ਹਿਆਂ ਬਾਅਦ ਇਸ ਰਾਹ ਉਤੇ ਤੁਰਕੇ ਇੰਜ ਲੱਗ ਰਿਹਾ ਸੀ ਜਿਵੇਂ ਇਹ ਰਾਹ ਬੜਾ ਛੋਟਾ ਹੋ ਗਿਆ ਹੋਵੇ। ਕਿਉਂਕਿ ਬਚਪਨ ਦੇ ਛੋਟੇ ਪੈਰਾਂ ਦੀ ਪੈੜ ਛਾਪ ਹਾਲੀ ਮਨ ਕੈਨਵਸ ਤੋਂ ਮਿਟੀ ਨਹੀਂ ਸੀ।

ਅਚਾਨਕ ਭੀੜ ਨੂੰ ਚੀਰਦੀ ਇਕ ਸਿਆਣੀ ਜਿਹੀ ਦਿਸਦੀ ਔਰਤ ਮੇਰੇ ਅੱਗੇ ਆ ਗਈ। ਉਸਨੇ ਮੇਰੇ ਸਿਰ ਤੇ ਪਿਆਰ ਦੇ ਕੇ ਪੁਛਿਆ ”ਸੁਖ ਨਾਲ ਤੁਸੀਂ ਕਿਹਨਾਂ ਦੇ ਘਰ ਜਾਣਾ ਏ। ਮੈਨੂੰ ਸਭ ਦਾ ਪਤਾ ਹੈ।“ ਇਤਨੇ ਨੂੰ ਅਸੀਂ ਕੁੜੀਆਂ ਦੇ ਸਕੂਲ ਦੇ ਮੋਹਰੇ ਚਲੇ ਗਏ ਸੀ। ਸਕੂਲ ਦੇ ਸਾਹਮਣੇ ਸੜਕ ਦੇ ਦੂਸਰੇ ਪਾਸੇ ਮੇਰੇ ਨਾਨਕਿਆਂ ਦਾ ਘਰ ਸੀ। ਮੈਂ ਕਿਹਾ, “ਇਸ ਸਾਹਮਣੇ ਘਰ ਵਿਚ ।” ਉਹ ਬੋਲੀ ”ਭੰਡਾਲੀਆਂ ਦੇ।“ ਮੇਰੇ ਨਾਨਕੇ ਮਗਰੋਂ ਨੂਰਮਹਿਲ ਕੋਲ ਦੀਆਂ ਭੰਡਾਲਾਂ ਦੇ ਸਨ। ਮੈਂ ਕਿਹਾ ਮੈਂ ਉਨ੍ਹਾਂ ਦਾ ਦੋਹਤਾ ਹਾਂ। ਬੀਬੀ ਕਰਤਾਰੀ ਦਾ ਮੁੰਡਾ। ਇਹ ਕਹਿ ਕੇ ਉਸ ਨੇ ਮੈਨੂੰ ਕਲਾਵੇ ਵਿਚ ਲੈ ਲਿਆ। ਮੈਂ ਸਚ ਮੁਚ ਇਕ ਬੱਚਾ ਬਣ ਗਿਆ ਸੀ। ਉਸ ਔਰਤ ਮੂੰਹੋਂ ਆਪਣੀ ਮਾਤਾ ਦੇ ਪੇਕਿਆਂ ਦਾ ਨਾਂ ਸੁਣਕੇ।

ਘਰ ਬਿਲਕੁਲ ਬਦਲ ਚੁੱਕਾ ਸੀ ਜਾਂ ਬਦਲ ਦਿੱਤਾ ਗਿਆ ਸੀ। ਇਕ ਘਰ ਦੇ ਤਿੰਨ ਘਰ ਬਣ ਗਏ ਸੀ। ਸਾਹਮਣੇ ਪਾਸੇ ਦੇ ਮਾਲਕ ਨੇ ਘਰ ਦਾ ਬੂਹਾ ਖੋਲ੍ਹਿਆ । ਮੈਂ ਕਿਹਾ ਇਥੇ ਖੂੰਜੇ ਵਿਚ ਖੂੁਹੀ ਹੁੰਦੀ ਸੀ। ਉਸ ਕਿਹਾ ”ਹਾਂ ਹੁੰਦੀ ਸੀ ਪਰ ਪੂਰ ਦਿੱਤੀ ਹੈ।“ ਮੈਂ ਕਿਹਾ ”ਇਹ ਤਾਂ ਬਹੁਤ ਵੱਡਾ ਵਿਹੜਾ ਹੁੰਦਾ ਸੀ। ਇਥੇ ਪੌੜੀ ਚੜ੍ਹਦੀ ਸੀ। ਇਥੇ ਵੱਡਾ ਦਲਾਨ ਸੀ, ਇਥੇ ਦੋ ਕੋਠੜੀਆਂ ਸੀ।“  ਉਹ ਘਰ ਦਾ ਮਾਲਕ ਹੈਰਾਨੀ ਨਾਲ ਮੇਰੇ ਵਲ ਦੇਖੀ ਜਾ ਰਿਹਾ ਸੀ। ਨਾਲੇ ਹਾਂ ਵਿਚ ਸਿਰ ਹਿਲਾ ਰਿਹਾ ਸੀ। ਇਤਨੇ ਨੂੰ ਘਰ ਵਾਲਿਆਂ ਕੋਕਾ ਕੋਲਾ ਦੀ ਬੋਤਲ ਲੈ ਆਂਦੀ। ਮੈਂ ਕਿਹਾ ਮੈਂ ਇਹ ਕੋਕ ਨਹੀਂ ਪੀਣਾ। ਮੈਂ ਤਾਂ ਇਸ ਧਰਤੀ ਦੇ ਇਸ ਨਲਕੇ ਤੋਂ ਪਾਣੀ ਪੀਣ ਨੂੰ ਵਰ੍ਹਿਆਂ ਤੋਂ ਤਰਸ ਰਿਹਾ ਹਾਂ। ਨਲਕਾ ਵਿਹੜੇ ਵਿਚ ਲਗਾ ਹੋਇਆ ਸੀ। ਮੈਂ ਭਾਵੁਕ ਹੁੰਦਾ ਜਾ ਰਿਹਾ ਸਾਂ। ਉਹ ਇਕ ਵੱਡਾ ਘਰ ਤਿੰਨ ਭਰਾਵਾਂ ਨੇ ਵੰਡ ਕੇ ਤਿੰਨ ਘਰਾਂ ਵਿਚ ਤਬਦੀਲ ਕਰ ਲਿਆ ਸੀ। ਮੈਂ ਭੀੜ ਵਿਚ ਘਿਰਿਆ ਘਰ ਤੋਂ ਬਾਹਰ ਨਿਕਲ ਆਇਆ। ਜਿਥੇ ਮੇਰੇ ਨਾਨਕਿਆਂ ਦਾ ਦੂਸਰਾ ਘਰ ਸੀ। ਮੈਂ ਉਸ ਪਾਸੇ ਵੱਲ ਇਸ਼ਾਰਾ ਕਰਕੇ ਕਿਹਾ ”ਉਥੇ ਸਾਡੀ ਬੈਠਕ ਹੁੰਦੀ ਸੀ।“ ਜਿਸ ਦੀ ਥਾਂ ਉਤੇ ਹੁਣ ਕੁਝ ਹੋਰ ਬਣ ਗਿਆ ਸੀ। ਪਿੰਡ ਦੇ ਖੂੰਜੇ ਵਿਚਲੇ ਗੁਰਦੁਆਰੇ ਬਾਰੇ ਜਦੋਂ ਮੈਂ ਪੁਛਿਆ ਤਾਂ ਪਤਾ ਲੱਗਾ ਕਿ ਉਥੇ ਕੋਈ ਹੋਰ ਘਰ ਰਹਿੰਦਾ ਹੈ।

ਜਿਉਂ ਜਿਉਂ ਪਿੰਡ ਵਿਚ ਇਕ ਸਿਖ ਦੇ ਆਉਣ ਦੀ ਖ਼ਬਰ ਫੈਲਦੀ ਜਾਂਦੀ ਸੀ ਤਿਉਂ ਤਿਉਂ ਲੋਕਾਂ ਦਾ ਇਕੱਠ ਵਧਦਾ ਜਾਂਦਾ ਸੀ। ਮੈਂ ਆਪਣੇ ਘਰ ਦੇ ਮੋਹਰੇ ਹੀ ਖੜਾ ਸੀ। ਸਭ ਕੁਝ ਅਖਾਂ ਅੱਗੇ ਘੁੰਮ ਰਿਹਾ ਸੀ। ਅਚਾਨਕ ਭੀੜ ਦੀ ਨਜ਼ਰ ਇਕ ਐਸੇ ਨਵੇਂ ਆ ਰਹੇ ਬੰਦੇ ਉਤੇ ਪਈ ਜੋ ਸੋਟੀ ਫੜੀ ਬੜੀ ਫੁਰਤੀ ਦੀ ਤੋਰ ਤੁਰਿਆ ਆ ਰਿਹਾ ਸੀ। ਭੀੜ ਵਿਚੋਂ ਕਿਸੇ ਨੇ ਕਿਹਾ ”ਲਓ ਜੀ ਇਹ ਬੰਦਾ ਤੁਹਾਨੂੰ ਪੁਰਾਣੇ ਪਿੰਡ ਵਿਚੋਂ ਸਭ ਕੁਝ ਦਸ ਦੇਵੇਗਾ। ਇਹ ਇਕੋ ਹੀ ਹੁਣ ਪੁਰਾਣਿਆਂ ਬੰਦਿਆਂ ਵਿਚੋਂ ਬਚਿਆ ਹੈ।“

ਉਸ ਬੰਦੇ ਦੇ ਤੇੜ ਚਿੱਟੀ ਚਾਦਰ, ਗਲ ਚਿੱਟਾ ਕੁੜਤਾ, ਸਿਰ ਉਤੇ ਚਿੱਟੀ ਪੱਗ, ਪੈਰੀਂ ਖੱਲ ਦੀ ਜੁੱਤੀ, ਮੋਢੇ ਉਤੇ ਚਾਰਖਾਨੇ ਦਾ ਪਰਨਾ, ਉਸਨੂੰ ਸ਼ਰੀਫ ਮਨੁੱਖ ਹੋਣ ਦਾ ਪ੍ਰਮਾਣ ਪੱਤਰ ਦੇ ਰਿਹਾ ਸੀ। ਉਹ ਭੀੜ ਨੂੰ ਚੀਰਦਾ ਸਿੱਧਾ ਮੇਰੇ ਕੋਲ ਆਇਆ। ਉਸ ਨੇ ਮੇਰੇ ਨਾਲ ਬੜੀ ਗਰਮ ਜੋਸ਼ੀ ਨਾਲ ਹੱਥ ਮਿਲਾਇਆ। ਫਿਰ ਉਸ ਨੇ ਪੁਛਿਆ ”ਸਰਦਾਰ ਜੀ ਕਿਹਨਾਂ ਵਿਚੋਂ ਹੋ।“ ਜਦੋਂ ਮੈਂ ਆਪਣੇ ਬਾਰੇ ਦਸਿਆ ਤਾ ਉਸ ਬੰਦੇ ਦੀਆਂ ਅੱਖਾਂ ਸਧਾਰਨ ਨਾਲੋਂ ਵਧ ਚੌੜੀਆਂ ਹੋ ਗਈਆਂ। ਉਸ ਨੇ ਭਾਵੁਕ ਹੋਏ ਨੇ ਹੀ ਜੱਫੀ ਪਾ ਕੇ ਮੈਨੂੰ ਪੁਛਿਆ ”ਜੀਤ ਤੂੰ , ਮੈਨੂੰ ਪਛਾਣਿਆ?“ ਉਸ ਦੇ ਜੀਤ ਕਹਿੰਦਿਆਂ ਹੀ ਮੇਰੀ ਧਾ ਨਿਕਲ ਗਈ। ਮੈਂ ਕਿਹਾ ”ਗੁੱਲਾ“। ਉਸ ਤੋਂ ਅੱਗੇ ਮੈਂ ਕੁਝ ਨਾ ਬੋਲ ਸਕਿਆ। ਲੋਕ ਵੀ ਹੈਰਾਨ ਹੋਏ ਸਾਨੂੰ ਰੋਂਦਿਆਂ ਨੂੰ ਦੇਖ ਵੀ ਰਹੇ ਸੀ ਅਤੇ ਰੋ ਵੀ ਰਹੇ ਸੀ। ਮੈਂ ਗਲਵਕੜੀ ਛੱਡ ਕੇ ਗੁੱਲੇ ਨੂੰ ਫੜ ਕੇ ਆਪਣੇ ਸਾਹਮਣੇ ਕਰਕੇ ਵੇਖਿਆ ਜਿਵੇਂ ਕੋਈ ਕਲਾਕਾਰ ਆਪਣੀ ਖੂਬਸੂਰਤ ਕਲਾ ਕਿਰਤ ਨੂੰ ਨਿਹਾਰਦਾ ਹੈ। ਅਚਾਨਕ ਇਕ ਖਿਆਲ ਬਿਜਲੀ ਦੇ ਕਰੰਟ ਵਾਂਗ ਮੇਰੇ ਦਿਮਾਗ ਵਿਚ ਫਿਰ ਗਿਆ। ਮੈਂ ਕਿਹਾ ”ਗੁੱਲਿਆ, ਮੈਂ ਤਾਂ ਤੇਰਾ ਕੌਡਾਂ ਦਾ ਕਰਜਾਈ ਹਾਂ।“ ਗੁੱਲੇ ਦੀ ਫਿਰ ਧਾ ਨਿਕਲ ਗਈ। ਉਸਨੇ ਮੈਨੂੰ ਮੁੜ ਜੱਫੀ ਪਾ ਲਈ ਰੋਂਦਾ ਹੋਇਆ ਕਹੀ ਜਾ ਰਿਹਾ ਸੀ, “ਜੀਤ ਮੈਂ ਤਾਂ ਤੇਰਾ ਜ਼ਿੰਦਗੀ ਦਾ ਕਰਜਾਈ ਹਾਂ।। ਕੌਡਾਂ ਸੋਹਰੀਆ ਕੀ ਚੀਜ਼ ਹਨ। ਅਸੀਂ ਸਭ ਤੁਹਾਡੇ ਬਾਅਦ ਸਚ ਮੁਚ ਯਤੀਮ ਹੋ ਗਏ ਸੀ।“ ਉਸ ਤੋਂ ਬਾਦ ਜਿਤਨੀ ਦੇਰ ਮੈਂ ਪਿੰਡ ਵਿਚ ਰਿਹਾ ਮੈਂ ਗੁੱਲੇ ਦਾ ਹੱਥ ਨਹੀਂ ਛੱਡਿਆ।

ਜਦੋਂ ਤੁਰਨ ਲੱਗੇ ਕਾਰ ਵਿਚ ਬੈਠਣ ਤੋਂ ਪਹਿਲਾਂ ਆਪਣੇ ਬਟੂਏ ਵਿਚੋਂ ਜਿਤਨੇ ਕੁ ਵੀ ਨੋਟ ਮੇਰੇ ਹੱਥ ਵਿਚ ਆਏ ਮੈਂ ਗੁੱਲੇ ਦੀ ਜੇਬ ਵਿਚ ਪਾ ਦਿੱਤੇ ਅਤੇ ਕਿਹਾ, ”ਗੁਲਿਆ ਤੇਰਾ ਕੌਡਾਂ ਦਾ ਕਰਜ ਤਾਂ ਸਦਾ ਹੀ ਮੇਰੇ ਸਿਰ ਰਹੇਗਾ। ਇਹ ਉਸਦਾ ਵਿਆਜ ਹੀ ਸਮਝ ਲਈਂ।“

 

Leave a Reply

Your email address will not be published. Required fields are marked *