ਆਸਟ੍ਰੇਲੀਆ ‘ਚ 50 ਡਾਲਰ ਦਾ ਨੋਟ ਬਣਿਆ ਮਖੌਲ ਦਾ ਕਾਰਨ

0
139

ਸਿਡਨੀ— ਆਸਟ੍ਰੇਲੀਆ ‘ਚ 50 ਡਾਲਰ ਦਾ ਨੋਟ ਮਖੌਲ ਦਾ ਕਾਰਨ ਬਣ ਗਿਆ ਹੈ ਅਤੇ ਇਸ ਕਾਰਨ ਆਸਟ੍ਰੇਲੀਅਨ ਬੈਂਕ ਨੂੰ ਵੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨੋਟ ਨੂੰ ਅਕਤੂਬਰ ਮਹੀਨੇ ਜਾਰੀ ਕੀਤਾ ਗਿਆ ਸੀ ਤੇ ਕਈ ਮਹੀਨਿਆਂ ਬਾਅਦ ਇਸ ਦੀ ਛਪਾਈ ਸਮੇਂ ਹੋਈ ਗਲਤੀ ਸਾਹਮਣੇ ਆਈ ਹੈ। ਲੋਕਾਂ ਵਲੋਂ ਮਜ਼ਾਕ ਉਡਾਇਆ ਜਾ ਰਿਹਾ ਹੈ ਕਿ ਇੰਨੀ ਵੱਡੀ ਗਲਤੀ ਕਿਸ ਤਰ੍ਹਾਂ ਹੋ ਗਈ।
ਆਸਟ੍ਰੇਲੀਆ ਦੀ ਪਹਿਲੀ ਮਹਿਲਾ ਪਾਰਲੀਆਮੈਂਟ ਮੈਂਬਰ ਐਡਿਥ ਕੋਵਨ ਦੀ ਤਸਵੀਰ ਅਤੇ ਉਸ ਦਾ ਭਾਸ਼ਣ ਇਸ ਨੋਟ ‘ਤੇ ਛਪੇ ਹਨ। ਉਸ ਵਲੋਂ ਦਿੱਤੇ ਗਏ ਇਸ ਭਾਸ਼ਣ ‘ਚ ‘ਰਿਸਪੋਨਸੀਬਿਲਟੀ’ (responsibility) ਸ਼ਬਦ ਵੀ ਹੈ, ਜਿਸ ਦੇ ਸਪੈਲਿੰਗ ਗਲਤ ਲਿਖੇ ਹੋਏ ਹਨ। ਇਸ ‘ਚ ‘ਆਈ’ ਅੱਖਰ ਪਾਇਆ ਹੀ ਨਹੀਂ ਗਿਆ। ਐਡਿਥ ਕੋਵਨ ਨੇ ਇਹ ਭਾਸ਼ਣ 1921 ‘ਚ ਦਿੱਤਾ ਸੀ। ਅਸਲ ‘ਚ ਇਹ ਭਾਸ਼ਣ ਇੰਨਾ ਬਰੀਕ ਛਪਿਆ ਹੋਇਆ ਹੈ ਕਿ ਲੰਬੇ ਸਮੇਂ ਤਕ ਕਿਸੇ ਦਾ ਇਸ ‘ਤੇ ਧਿਆਨ ਹੀ ਨਹੀਂ ਗਿਆ।
ਅਧਿਕਾਰੀਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਅਗਲੀ ਵਾਰ ਨੋਟ ਦੀ ਛਪਾਈ ਕਰਨ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਹੁਣ ਤਕ 46 ਮਿਲੀਅਨ ਨੋਟ ਜਾਰੀ ਕੀਤੇ ਜਾ ਚੁੱਕੇ ਹਨ। ਤੁਹਾਨੂੰ ਦੱਸ ਦਈਏ ਕਿ ਐਡਿਥ ਕੋਵਨ ਨੇ ਔਰਤਾਂ ਤੇ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਆਵਾਜ਼ ਉਠਾਈ ਸੀ ਅਤੇ 60 ਸਾਲ ਦੀ ਉਮਰ ‘ਚ ਉਸ ਨੇ ਸੰਸਦ ‘ਚ ਕਦਮ ਰੱਖਿਆ ਸੀ। ਇਸੇ ਲਈ ਸਨਮਾਨ ਵਜੋਂ ਉਸ ਦੀ ਤਸਵੀਰ ਨੋਟ ‘ਤੇ ਛਾਪੀ ਗਈ ਸੀ।