ਨਵੀਂ ਦਿੱਲੀ— ਅਮਰੀਕਾ ‘ਚ ਆਈ. ਟੀ. ਖੇਤਰ ਦੀ ਕੰਪਨੀ ‘ਚ ਨੌਕਰੀ ਕਰਨ ਦਾ ਸੁਪਨਾ ਹੁਣ ਕਿਸਮਤ ਨਾਲ ਹੀ ਪੂਰਾ ਹੋਵੇਗਾ। ਐੱਚ-1ਬੀ ਵੀਜ਼ਾ ‘ਤੇ ਅਮਰੀਕਾ ਦੇ ਨਵੇਂ ਨਿਯਮਾਂ ਨੇ ਇਲੈਕਟ੍ਰਾਨਿਕ ਤੇ ਸੂਚਨਾ ਤਕਨਾਲੋਜੀ (ਆਈ. ਟੀ.) ਇੰਡਸਟਰੀ ਲਈ ਸੰਕਟ ਖੜ੍ਹਾ ਕਰ ਦਿੱਤਾ ਹੈ। ਇਸ ਵੀਜ਼ਾ ‘ਤੇ ਅਮਰੀਕਾ ਨੇ ਇਸ ਸਾਲ ਨਾ ਸਿਰਫ ਗਿਣਤੀ ‘ਚ ਕਟੌਤੀ ਕੀਤੀ ਹੈ ਸਗੋਂ ਨਿਯਮਾਂ ਨੂੰ ਵੀ ਸਖਤ ਕਰ ਦਿੱਤਾ ਹੈ। ਇਮੀਗ੍ਰੇਸ਼ਨ ਨੀਤੀ ‘ਚ ਬਦਲਾਅ ਕਾਰਨ ਅਮਰੀਕਾ ‘ਚ ਐੱਚ-1ਬੀ ਵੀਜ਼ਾ ‘ਤੇ ਕੰਮ ਕਰਨ ਵਾਲੇ ਪੰਜ ਲੱਖ ਭਾਰਤੀ ਆਪਣੇ ਭਵਿੱਖ ਨੂੰ ਲੈ ਕੇ ਚਿੰਤਾਂ ‘ਚ ਘਿਰ ਗਏ ਹਨ।
ਭਾਰਤੀ ਆਈ. ਟੀ. ਇੰਡਸਟਰੀ ਦੇ ਸੰਗਠਨ ਨੈਸਕਾਮ ਮੁਤਾਬਕ, ਨਵੇਂ ਵੀਜ਼ਾ ਨਿਯਮਾਂ ਨਾਲ ਨਾ ਸਿਰਫ ਭਾਰਤੀ ਹੁਨਰਮੰਦਾਂ ਨੂੰ ਨੁਕਸਾਨ ਹੋਵੇਗਾ ਸਗੋਂ ਅਮਰੀਕੀ ਆਈ. ਟੀ. ਕੰਪਨੀਆਂ ਵੀ ਪ੍ਰਭਾਵਿਤ ਹੋਣਗੀਆਂ। ਭਾਰਤੀ ਆਈ. ਟੀ. ਕੰਪਨੀਆਂ ਲੱਖਾਂ ਲੋਕਾਂ ਨੂੰ ਰੁਜ਼ਗਾਰ ਦਿੰਦੀਆਂ ਹਨ, ਜਿਨ੍ਹਾਂ ‘ਚ ਬਹੁਤ ਸਾਰੇ ਲੋਕ ਐੱਚ-1ਵੀਜ਼ਾ ‘ਤੇ ਕੰਮ ਕਰਨ ਲਈ ਸੱਦੇ ਜਾਂਦੇ ਹਨ। ਸੰਗਠਨ ਮੁਤਾਬਕ, ਵੀਜ਼ਾ ਗਿਣਤੀ ਘਟਣ ਨਾਲ ਕੰਪਨੀਆਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੈਸਕਾਮ ਨੇ ਕਿਹਾ ਕਿ ਫਿਲਹਾਲ ਉਹ ਵੀਜ਼ਾ ਨਿਯਮਾਂ ‘ਤੇ ਅਧਿਐਨ ਕਰ ਰਿਹਾ ਹੈ ਤੇ ਇਸ ਦੇ ਬਾਅਦ ਮਾਮਲੇ ‘ਤੇ ਸਪੱਸ਼ਟ ਪੱਖ ਰੱਖੇਗਾ।