ਨਵੀਂ ਦਿੱਲੀ— ਹੁਣ ਟੀ. ਵੀ. ਦੇਖਣਾ ਮਹਿੰਗਾ ਹੋਣ ਜਾ ਰਿਹਾ ਹੈ। ਟਰਾਈ ਦੇ ਨਵੇਂ ਨਿਯਮਾਂ ਕਾਰਨ ਜਨਵਰੀ ਤੋਂ ਤੁਹਾਨੂੰ ਕੇਬਲ ਅਤੇ ਡੀ. ਟੀ. ਐੱਚ. ਬਿੱਲ ਲਈ ਹਰ ਮਹੀਨੇ ਪਹਿਲਾਂ ਤੋਂ ਵਧ ਰਕਮ ਖਰਚ ਕਰਨੀ ਪੈ ਸਕਦੀ ਹੈ। ਹਾਲਾਂਕਿ ਹੁਣ ਤੁਸੀਂ ਆਪਣੀ ਮਰਜ਼ੀ ਨਾਲ ਚੈਨਲ ਚੁਣ ਸਕੋਗੇ, ਯਾਨੀ ਜੋ ਚੈਨਲ ਤੁਸੀਂ ਦੇਖਣਾ ਚਾਹੁੰਦੇ ਹੋ ਸਿਰਫ ਉਨ੍ਹਾਂ ਦੇ ਹੀ ਪੈਸੇ ਦੇਣਗੇ ਪੈਣਗੇ। ਇਸ ਲਈ ਹਰ ਪੇਡ ਚੈਨਲ ਤੁਹਾਨੂੰ ਐੱਮ. ਆਰ. ਪੀ. ‘ਤੇ ਖਰੀਦਣਾ ਪਵੇਗਾ ਜਾਂ ਫਿਰ ਤੁਸੀਂ ਕਿਸੇ ਗਰੁੱਪ ਦੇ ਸਾਰੇ ਚੈਨਲ ਇਕੋ ਵਾਰ ‘ਚ ਖਰੀਦ ਸਕੋਗੇ।
130 ਰੁਪਏ ‘ਚ ਮਿਲਣਗੇ 100 ਚੈਨਲ-
100 ਐੱਸ. ਡੀ. ਚੈਨਲਾਂ ਦਾ ਬੇਸਿਕ ਪੈਕ 130 ਰੁਪਏ ‘ਚ ਮਿਲੇਗਾ, ਜਿਸ ‘ਚ ਫ੍ਰੀ-ਟੂ-ਏਅਰ (ਐੱਫ. ਟੀ. ਏ.) ਅਤੇ ਕੁਝ ਪੇਡ ਚੈਨਲ ਹਨ। ਦੂਰਦਰਸ਼ਨ ਦੇ ਚੈਨਲਾਂ ਨੂੰ ਛੱਡ ਕੇ ਐੱਫ. ਟੀ. ਏ. ਚੈਨਲ ਲੈਣੇ ਵੀ ਗਾਹਕਾਂ ਲਈ ਲਾਜ਼ਮੀ ਨਹੀਂ ਹਨ। ਜੇਕਰ ਕੋਈ ਗਾਹਕ ਐੱਫ. ਟੀ. ਏ. ਚੈਨਲ ਲੈਣਾ ਚਾਹੁੰਦਾ ਹੈ ਤਾਂ ਉਸ ਲਈ ਕੋਈ ਚਾਰਜ ਨਹੀਂ ਲੱਗੇਗਾ। ਸਟਾਰ ਇੰਡੀਆ, ਜ਼ੀ ਐਂਟਰਟੇਨਮੈਂਟ, ਸੋਨੀ ਪਿਕਚਰ ਨੈੱਟਵਰਕਸ ਵਰਗੇ ਟਾਪ ਟੀ. ਵੀ. ਨੈੱਟਵਰਕਸ ਦੇ ਪ੍ਰੋਗਰਾਮਾਂ ਦਾ ਮਜ਼ਾ ਲੈਣ ਲਈ ਤੁਹਾਨੂੰ ਇਨ੍ਹਾਂ ਚੈਨਲਾਂ ਨੂੰ ਐੱਮ. ਆਰ. ਪੀ. ‘ਤੇ ਖਰੀਦਣਾ ਪਵੇਗਾ। ਕਿਹੜੇ ਚੈਨਲ ਦਾ ਕਿੰਨਾ ਐੱਮ. ਆਰ. ਪੀ. ਹੈ, ਇਸ ਦੀ ਜਾਣਕਾਰੀ ਤੁਹਾਨੂੰ ਟੀ. ਵੀ. ਸਕ੍ਰੀਨ ‘ਤੇ ‘ਇਲੈਕਟ੍ਰਾਨਿਕ ਪ੍ਰੋਗਰਾਮ ਗਾਇਡ (ਈ. ਪੀ. ਜੀ.) ਜ਼ਰੀਏ ਮਿਲੇਗੀ। ਤੁਸੀਂ ਆਪਣੀ ਮਰਜ਼ੀ ਨਾਲ ਚੈਨਲ ਦੀ ਚੋਣ ਕਰ ਸਕੋਗੇ।
ਕਲਰ, ਸੋਨੀ ਤੇ ਸਟਾਰ ਪਲਸ ਮਿਲਣਗੇ ਮਹਿੰਗੇ-
ਜੇਕਰ ਤੁਸੀਂ ਸਟਾਰ ਪਲਸ, ਜ਼ੀ ਟੀ. ਵੀ., ਕਲਰ, ਸੋਨੀ ਅਤੇ ਸੋਨੀ ਸਬ ‘ਚੋਂ ਕੋਈ ਚੈਨਲ ਦੇਖਣਾ ਪਸੰਦ ਕਰਦੇ ਹੋ ਤਾਂ ਤੁਹਾਨੂੰ ਜਨਵਰੀ ਤੋਂ ਉਸ ਨੂੰ 19 ਰੁਪਏ ਦੇ ਐੱਮ. ਆਰ. ਪੀ. ‘ਤੇ ਖਰੀਦਣਾ ਹੋਵੇਗਾ। ਇਸ ਦੇ ਇਲਾਵਾ ਸਟਾਰ ਭਾਰਤ ਲਈ 10 ਰੁਪਏ ਅਤੇ ਐਂਡ ਟੀ. ਵੀ. ਦੇ 12 ਰੁਪਏ ਹਰ ਮਹੀਨੇ ਲੱਗਣਗੇ। ਉੱਥੇ ਹੀ ਖਬਰਾਂ ਵਾਲੇ ਚੈਨਲ ਈ. ਟੀ. ਨਾਓ, ਟਾਈਮਸ ਨਾਓ 3 ਰੁਪਏ ਅਤੇ 5 ਰੁਪਏ ‘ਚ ਮਿਲਣਗੇ। ਨਿਊਜ਼ 18 ਪੰਜਾਬ/ਹਰਿਆਣਾ, ਜ਼ੀ ਪੰਜਾਬ/ਹਰਿਆਣਾ/ਹਿਮਾਚਲ, ਜ਼ੀ ਨਿਊਜ਼ ਦਾ ਐੱਮ. ਆਰ. ਪੀ. 50-50 ਪੈਸੇ ਹੈ। ਜੇਕਰ ਐੱਚ. ਡੀ. ਚੈਨਲ ਦੇਖਣਾ ਹੈ ਤਾਂ ਉਸ ਦੀ ਕੀਮਤ ਜ਼ਿਆਦਾ ਹੋਵੇਗੀ।