ਐਡਮਿੰਟਨ (ਕਿਰਤਮੀਤ) : ਮੇਪਲ ਲੀਫ਼ ਰਾਈਟਰਜ਼ ਫਾਉਂਡੇਸ਼ਨ ਆਫ਼ ਐਡਮਿੰਟਨ ਵਲੋਂ ਸਹਾਰਾ ਦੇ ਦਫ਼ਤਰ ਵਿਖੇ ਬਹੁ-ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਕਾਰਜਕਾਰੀ ਮੈਂਬਰ ਮੱਖਣ ਕੁਹਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਦਲਬੀਰ ਸਾਂਗਿਆਨ ਨੇ ਮੱਖਣ ਕੁਹਾੜ ਨੂੰ ਭਾਰਤ ਦੀ ਰਾਜਨੀਤਕ ਸਥਿਤੀ ‘ਤੇ ਚਾਨਣਾ ਪਾਉਣ ਲਈ ਬੇਨਤੀ ਕੀਤੀ।
ਮੱਖਣ ਕੁਹਾੜ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਅੱਜ ਦੇ ਦੌਰ ਵਿਚ ਸ਼ਹੀਦ ਭਗਤ ਦੀ ਦੇਣ ਬਹੁਤ ਹੈ। ਸਮੇਂ ਦੀਆਂ ਸਰਕਾਰਾਂ ਨੇ ਭਾਗਤ ਸਿੰਘ ਹਮੇਸ਼ਾ ਆਰੀਆ ਸਮਾਜੀ ਜਾਂ ਸਿੱਖ ਦੇ ਤੌਰ ‘ਤੇ ਜਾਂ ਧਰਮ ਦੇ ਨਾਂ ‘ਤੇ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਉਸ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਣ ਲਈ ਸਰਕਾਰਾਂ ਨੇ ਹਮੇਸ਼ਾ ਯਤਨ ਕੀਤਾ ਹੈ।
ਭਗਤ ਸਿੰਘ ਦੀ ਲੜਾਈ ਆਜ਼ਾਦੀ ਤੱਕ ਹੀ ਸੀਮਤ ਨਹੀਂ ਸੀ। ਉਹ ਇਨਕਲਾਬ ਚਾਹੁੰਦਾ ਸੀ। ਉਹ ਮਜ਼ਦੂਰ ਜਮਾਤ ਦੀ ਆਜ਼ਾਦੀ ਅਤੇ ਸਾਮਰਾਜਵਾਦ ਦੇ ਖ਼ਾਤਮੇ ਤੋਂ ਉਪਰੰਤ ਸਮਾਜਵਾਦ ਦੀ ਪੂਰਨ ਸਥਾਪਤੀ ਚਾਹੁੰਦਾ ਸੀ। ਭਗਤ ਸਿੰਘ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖ਼ਾਤਮੇ ਤੱਕ ਲੜਾਈ ਜਾਰੀ ਰੱਖਣ ਦਾ ਸੰਦੇਸ਼ ਦਿੰਦਾ ਹੈ। ਲੋਕਾਂ ਦੇ ਨਾਲ-ਨਾਲ ਸਾਹਿਤਕਾਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਲੋਕਾਂ ਤੱਕ ਲੈ ਕੇ ਜਾਣ ਅਤੇ ਇਨਕਲਾਬ ਦੀ ਲੜਾਈ ਨੂੰ ਜਾਰੀ ਰੱਖਣ।
ਕਵੀ ਦਰਬਾਰ ਦੀ ਸ਼ੁਰੂਆਤ ਪਰਮਿੰਦਰ ਧਾਲੀਵਾਲ ਨੇ ਆਪਣੀ ਕਵਿਤਾ ‘ਸੁਣ ਵੀਰ ਭਗਤ ਸਿੰਘ’ ਰਾਹੀਂ ਕੀਤੀ। ਉਪਰੰਤ ਰਵਿੰਦਰ ਸ਼ੇਰਗਿੱਲ, ਪਵਿੱਤਰ ਧਾਲੀਵਾਲ ਨੇ ਆਪਣੀ ਕਵਿਤਾ ‘ਉਦਾਸ ਦਿਲ’ ਸੁਣਾਈ। ਬਖ਼ਸ਼ ਸੰਘਾ ਨੇ ਆਪਣੀ ਆਉਣ ਵਾਲੀ ਕਿਤਾਬ ਵਿਚੋਂ ‘ਬੇਰੁਜ਼ਗਾਰ’ ਕਵਿਤਾ ਸੁਣਾਈ। ਰਬਿੰਦਰ ਸਰਾਂ ਨੇ ਇਨਕਲਾਬੀਆਂ ਨੂੰ ਸਮਰਪਤ ਫ਼ੈਜ਼ ਅਹਿਮਦ ਫ਼ੈਜ਼ ਦੀ ਲਿਖੀ ਕਵਿਤਾ ਸੁਣਾਈ।
ਭਾਰਤ ਤੋਂ ਆਏ ਬਲਵਿੰਦਰ ਬਾਲਮ ਨੇ ਆਪਣੀ ਗ਼ਜ਼ਲ ”ਜਾ ਵੇ ਅੰਬਰ ਸਾਰਾ ਤੈਨੂੰ ਦੇ ਦਿੱਤਾ, ਕੱਲਾ ਕੱਲਾ ਤਾਰਾ ਤੈਨੂੰ ਦੇ ਦਿੱਤਾ’ ਸਾਂਝੀ ਕੀਤੀ। ਇਸ ਤੋਂ ਬਾਅਦ ਹਿੰਦੀ ਕਵਿਤਰੀ ਵਸੁੰਦਾ ਤਿਵਾੜੀ ਨੇ ਆਪਣੀ ਕਵਿਤਾ ‘ਰਾਸ਼ਟਰ ਧਵਜ ਕੀ ਕਲਪਨਾ’ ਸੁਣਾਈ। ਭਾਰਤ ਤੋਂ ਆਏ ਬਲਦੇਵ ਰਾਜ ਨੇ ਆਪਣੇ ਵਿਚਾਰ ਰੱਖੇ।
ਉਰਦੂ ਦੇ ਕਵੀ ਡਾ. ਤੌਕੀਰ ਹੈਦਰ ਨੇ ਆਪਣੀ ਨਜ਼ਮ ‘ਵੇਸ਼ਿਆ’ ਅਤੇ ਗ਼ਜ਼ਲ ਤਰੰਨਮ ਵਿਚ ਸੁਣਾਈ। ਉਰਦੂ ਦੇ ਹੀ ਕਵੀ ਜਮੀਲ ਅਹਿਮਦ ਚੌਧਰੀ ਨੇ ਭਗਤ ਸਿੰਘ ਨੂੰ ਸਮਰਪਤ ਇਨਕਲਾਬੀ ਨਜ਼ਮਾਂ ਸੁਣਾਈਆਂ। ਸਟੇਜ ਸਕੱਤਰ ਦਲਬੀਰ ਸਾਂਗਿਆਨ ਨੇ ਆਪਣੀ ਕਵਿਤਾ ‘ਵਿਕਾਸ ਦਾ ਮਾਡਲ’ ਸੁਣਾਈ। ਜਸਵੀਰ ਸੰਘਾ ਨੇ ਬਖ਼ਸ਼ ਸੰਘਾ ਦਾ ਲਿਖਿਆ ਗੀਤ ਗਾਇਆ। ਮੁੱਖ ਮਹਿਮਾਨ ਮੱਖਣ ਕੁਹਾੜ ਨੇ ਆਪਣੀਆਂ ਗ਼ਜ਼ਲਾਂ ‘ਅਣਜੰਮੀਆਂ ਨੂੰ ਮਿਲਣ ਸਜ਼ਾਵਾਂ’ ਅਤੇ ‘ਰੁੱਤ ਬਦਲੇ ਹੀ ਤੇਜ਼ ਹਵਾਵਾਂ ਕਿਹੜੇ ਦੇਸ਼ੋਂ ਆਈਆਂ ਨੇ, ਖ਼ੁਸ਼ਬੂਆਂ ਦੇ ਸਾਹ ਸੂਤੇ ਨੇ ਕਲੀਆਂ ਕਮਲਾਈਆਂ ਨੇ’ ਪੇਸ਼ ਕੀਤੀਆਂ। ਸੰਸਥਾ ਦੇ ਪ੍ਰਧਾਨ ਡਾ. ਪੀ.ਆਰ. ਕਾਲੀਆ ਨੇ ਆਪਣੀ ਹਿੰਦੀ ਕਵਿਤਾ ‘ਤੀਸਰਾ ਕੌਨ ਹੈ’ ਖ਼ੂਬਸੂਰਤ ਢੰਗ ਨਾਲ ਸਾਂਝੀ ਕੀਤੀ। ਅਖੀਰ ਵਿਚ ਕਿਰਤਮੀਤ ਨੇ ਆਪਣੀ ਕਵਿਤਾ ‘ਕੈਦੀ ਹੀ ਤਾਂ ਹਾਂ’ ਸੁਣਾਈ।