ਮਲੌਦ : ਮਰਹੂਮ ਸੰਤ ਰਾਮ ਸਿੰਘ ਅਤੇ ਮਾਤਾ ਗੁਰਬਚਨ ਕੌਰ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਾਬਰਪੁਰ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਪਹਿਲੀਆਂ ਪੰਜ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਧਾਰਮਿਕ ਅਤੇ ਸਮਾਜ ਸੇਵੀ ਸਖ਼ਸੀਅਤ ਬਾਬਾ ਅਵਤਾਰ ਸਿੰਘ ਸੁਲ੍ਹਾਕੁਲ ਮੰਦਿਰ ਬਾਬਰਪੁਰ ਲੁਧਿਆਣਾ ਨੇ ਸਨਮਾਨਤ ਕੀਤਾ।
ਬਾਬਾ ਅਵਤਾਰ ਸਿੰਘ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਜਿੰਦਗੀ ਦੇ ਅਸਮਾਨ ਵਿੱਚ ਉਡਣ ਲਈ ਖੰਭਾਂ ਦੀ ਨਹੀਂ ਸਗੋਂ ਸੋਚਾਂ ਨੂੰ ਸਾਣ ’ਤੇ ਲਾਉਣ ਦੀ ਲੋੜ ਹੁੰਦੀ ਹੈ। ਜਿੰਨੀ ਉਚੀ ਤੁਹਾਡੀ ਸੋਚ ਹੋਵੇਗੀ, ਓਨੀ ਹੀ ਵੱਡੀ ਤੁਹਾਡੀ ਉਡਾਰੀ ਹੋਵੇਗੀ। ਇਸ ਲਈ ਹਮੇਸਾ ਆਪਣੀ ਸੋਚ ਦਾ ਘੇਰਾ ਵਿਸਾਲ ਕਰ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਸਰਕਾਰੀ ਸਕੂਲ ਦੇ ਉਨ੍ਹਾਂ ਹੋਣ ਹੋਣਹਾਰ ਉਡਾਰੂਆਂ ਦਾ ਮਾਣ-ਤਾਣ ਕਰ ਰਿਹਾ ਹਾਂ ਜਿਹੜੇ ਮਾਂ-ਬੋਲੀ ਪੰਜਾਬੀ ਵਿੱਰੁਧ ਚਲ ਰਹੇ ਕਾਨਵੈਂਟ ਸਕੂਲਾਂ ਦੇ ਤੂਫਾਨ ਵਿੱਚ ਵੀ, ਮਾਂ-ਬੋਲੀ ਦੇ ਵਿਹੜੇ ਦੇ ਰੌਸ਼ਨ ਚਿਰਾਗ਼ ਬਣੇ ਰਹੇ ਹਨ।
ਬਾਬਾ ਅਵਤਾਰ ਸਿੰਘ ਨੇ ਸਮਾਗਮ ਦੌਰਾਨ ਸਮਾਰਟ ਸਕੂਲ ਬਣਾਉਣ ਲਈ ਇੱਕ ਲੱਖ 51 ਹਜਾਰ ਰੁਪਏ ਸਕੂਲ ਪ੍ਰਬੰਧਕਾਂ ਨੂੰ ਦਿੱਤੇ। ਇਸ ਸਮਾਗਮ ਵਿੱਚ ਬੱਚਿਆਂ ਦੇ ਖਾਣ-ਪੀਣ ਅਤੇ ਟਰਾਫੀਆਂ ਤੇ ਹੋਰ ਸਟੇਸ਼ਨਰੀ ਦਾ ਪ੍ਰਬੰਧ ਸ. ਮਲਕੀਤ ਸਿੰਘ ਸਵਿੱਟਜ਼ਰਲੈਂਡ ਚੇਅਰਮੈਨ ਸ਼ਬਦ ਗੁਰੂ ਵਿਚਾਰ ਮੰਚ ਸੁਸਾਇਟੀ ਬਾਬਰਪੁਰ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਕੀਤਾ ਗਿਆ। ਸਮਾਗਮ ਨੂੰ ਸਫਲਤਾਪੂਰਵਕ ਸਿਰੇ ਚੜ੍ਹਾਉਣ ਲਈ ਸ਼ਬਦ ਗੁਰੂ ਵਿਚਾਰ ਮੰਚ ਸੁਸਾਇਟੀ ਬਾਬਰਪੁਰ, ਲੁਧਿਆਣਾ ਦੇ ਮੁੱਖ ਸੇਵਾਦਾਰ ਡਾ. ਦੀਦਾਰ ਸਿੰਘ ਨੇ ਵਿਸੇਸ਼ ਉਪਰਾਲਾ ਕੀਤਾ। ਸਮਾਗਮ ਦੌਰਾਨ ਮਾ. ਰੰਜੀਵ ਸਿੰਘ, ਤਰਲੋਚਨ ਸਿੰਘ ਗਿੱਲ, ਗੁਰਜੀਤ ਸਿੰਘ, ਜਸਬੀਰ ਸਿੰਘ, ਭੁਪਿੰਦਰ ਸਿੰਘ, ਡਾ. ਰਣਜੀਤ ਸਿੰਘ ਬੇਰ ਕਲਾਂ, ਸੁਖਮਿੰਦਰ ਸਿੰਘ ਤੋਂ ਇਲਾਵਾ ਸਕੂਲ ਸਟਾਫ਼ ਅਤੇ ਪਿੰਡ ਵਾਸੀ ਹਾਜ਼ਰ ਸਨ।