ਸਰਹਿੰਦ : ਆਪਣੀਆਂ ਲਿਖਤਾਂ ਨਾਲ ਸਿੱਖ ਜਗਤ ਵਿਚ ਤਰਥੱਲੀ ਮਚਾਉਣ ਵਾਲੇ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਦਾ ਅੱਜ ਦੇਹਾਂਤ ਹੋ ਗਿਆ। ਇਸ ਸਬੰਧੀ ਜਾਣਕਾਰੀ ਅੱਜ ਡਾ. ਦੀਦਾਰ ਸਿੰਘ ਸਰਹਿੰਦ (ਸ਼ਬਦ ਗੁਰੂ ਵਿਚਾਰ ਮੰਚ ਸੁਸਾਇਟੀ ਰਜਿ.) ਨੇ ਦਿੱਤੀ। ਡਾ. ਦੀਦਾਰ ਸਿੰਘ ਨੇ ਦੱਸਿਆ ਕਿ 98 ਸਾਲਾ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਦਾ ਦੇਹਾਂਤ ਅੱਜ ਤੜਕੇ 6 ਵਜੇ ਕਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਹੋਇਆ। ਇਥੇ ਜ਼ਿਕਰਯੋਗ ਹੈ ਕਿ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਆਪਣੀਆਂ ਲਿਖਤਾਂ ਦੇ ਵਿਵਾਦ ਕਾਰਨ ਸਿੱਖ ਜਗਤ ਵਿੱਚ ਬਹੁਤ ਹੀ ਜਾਣੇ ਪਛਾਣੇ ਸਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਨ੍ਹਾਂ ਨੂੰ ਅਕਾਲ ਤਖ਼ਤ ਨੇ ਉਨ੍ਹਾਂ ਦੀਆਂ ਲਿਖਤਾਂ ਕਾਰਨ ਸਿੱਖ ਪੰਥ ਵਿਚੋਂ ਛੇਕ ਦਿੱਤਾ ਸੀ। ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ 1922 ਵਿਚ ਮੁਲਤਾਨ ਸ਼ਹਿਰ ਵਿੱਚ ਪੈਦਾ ਹੋਏ ਸਨ। ਉਨ੍ਹਾਂ ਨੇ ਮੁਢਲੀ ਸਿੱਖਿਆ ਸਰਕਾਰੀ ਹਾਈ ਸਕੂਲ ਮੀਆਂ ਚੁਨੂੰ ਵਿਚ ਕੀਤੀ ਅਤੇ ਮਿੰਟਗੁਮਰੀ ਦੇ ਸਰਕਾਰੀ ਕਾਲਜ ਤੋਂ ਉੱਚ ਵਿਦਿਆ ਹਾਸਲ ਕੀਤੀ।
ਉਨ੍ਹਾਂ ਦੀ ਪੁਸਤਕ ਲੜੀ ‘ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ’ ਨੇ ਸਿੱਖ ਜਗਤ ਵਿਚ ਬਹੁਤ ਵਿਵਾਦ ਪੈਦਾ ਕੀਤੇ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਵੀ ਕੀਤਾ ਤੇ ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਦੇ ਨਾਲ ਜੁੜ ਕੇ ਖੜੇ ਵੀ ਹੋਏ। ਸ. ਕਾਲਾ ਅਫ਼ਗਾਨਾ ਨੇ ਲੰਮੇ ਸਮੇਂ ਤੋਂ ਚਲੀਆਂ ਆ ਰਹੀਆਂ ਗਲਤ ਸਿੱਖ ਮਰਿਆਦਾਵਾਂ ‘ਤੇ ਬਹੁਤ ਤਿੱਖੀਆਂ ਟਿੱਪਣੀਆਂ ਕੀਤੀਆਂ। ਬਹੁਤ ਸਾਰੇ ਸਿੱਖ ਲੇਖਕਾਂ ਜਿਵੇਂ ਭਾਈ ਵੀਰ ਸਿੰਘ ਤੇ ਸਿੱਖ ਵਿਚਾਰਵਾਨਾਂ ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਗੁਰਬਚਨ ਸਿੰਘ ਦਮਦਮੀ ਟਕਸਾਲ ਦੇ ਮੁਖੀ ਆਦਿ ਵਿਰੁੱਧ ਵੀ ਉਨ੍ਹਾਂ ਨੇ ਆਪਣੀਆਂ ਲਿਖਤਾਂ ਵਿਚ ਲਿਖਿਆ।
1947 ਦੇਸ਼ ਦੀ ਵੰਡ ਸਮੇਂ ਉਹ ਮੁਲਤਾਨ ਤੋਂ ਗੁਰਦਾਸਪੁਰ ਆ ਗਏ ਤੇ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਉਹ ਪੁਲਿਸ ਵਿੱਚ ਭਰਤੀ ਹੋ ਗਏ। 1981 ਵਿਚ ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਸਿੱਖ ਜਗਤ ਦੀਆਂ ਰਹੁਰੀਤਾਂ ਤੇ ਸਿੱਖਾਂ ਬਾਰੇ ਲਿਖਣਾ ਸ਼ੁਰੂ ਕੀਤਾ। ਉਨ੍ਹਾਂ ਦੀਆਂ ਕਿਤਾਬਾਂ ‘ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ’, ‘ਝਟਕਾ ਪ੍ਰਕਾਸ਼’, ‘ਗੁਰਬਾਣੀ ਦੀ ਕਸਵੱਟੀ ‘ਤੇ ਗੁਰਬਿਲਾਸ ਪਾਤਸ਼ਾਹੀ ਛੇਵੀਂ’ ਬਹੁਤ ਹੀ ਜ਼ਿਆਦਾ ਵਿਵਾਦਮਈ ਰਹੀਆਂ ਜਿਸ ਕਾਰਨ ਅਕਸਰ ਹੀ ਉਨ੍ਹਾਂ ਦੀ ਸਿੱਖ ਜਗਤ ਵਿਚ ਚਰਚਾ ਰਹਿੰਦੀ ਸੀ।