ਨਵੀਂ ਦਿੱਲੀ : ਪੰਜਾਬ ‘ਚ ਕੋਰੋਨਾ ਵਾਇਰਸ ਨਾਲ ਐਤਵਾਰ ਰਾਤ ਦੂਜੀ ਮੌਤ ਹੋਈ। ਅੰਮ੍ਰਿਤਸਰ ਜ਼ਿਲ੍ਹੇ ‘ਚ 68 ਸਾਲਾ ਬਜ਼ੁਰਗ ਨੇ ਦਮ ਤੋੜ ਦਿੱਤਾ। ਇਸ ਨੂੰ ਮਿਲਾ ਕੇ ਦੇਸ਼ ‘ਚ ਹੁਣ ਤਕ ਕੋਰੋਨਾ ਨਾਲ 31 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ‘ਚ ਕੋਰੋਨਾ ਵਾਇਰਸ ਦੇ ਕੁਲ ਪਾਜੀਟਿਵ ਮਾਮਲਿਆਂ ਦੀ ਗਿਣਤੀ 1142 ਹੋ ਗਈ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਦੇ ਰਹਿਣ ਵਾਲੇ 68 ਸਾਲਾ ਪਾਠੀ ਹਰਭਜਨ ਸਿੰਘ ਦੀ ਐਤਵਾਰ ਰਾਤ 8 ਵਜੇ ਅੰਮ੍ਰਿਤਸਰ ਸਥਿੱਤ ਗੁਰੂ ਨਾਨਕ ਕਾਲਜ ‘ਚ ਮੌਤ ਹੋ ਗਈ। ਦੱਸਿਆ ਗਿਆ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਹ ਸ਼ੂਗਰ ਦਾ ਮਰੀਜ਼ ਸੀ। ਇਹ ਬਜ਼ੁਰਗ ਨਵਾਂਸ਼ਹਿਰ ਦੇ ਪਿੰਡ ਪਠਲਾਵਾ ‘ਚ ਜਰਮਨੀ ਤੋਂ ਇਟਲੀ ਹੁੰਦੇ ਹੋਏ ਪਰਤੇ 72 ਸਾਲਾ ਬਜ਼ੁਰਗ ਬਲਦੇਵ ਸਿੰਘ ਦੇ ਸੰਪਰਕ ‘ਚ ਆਇਆ ਸੀ। ਬਲਦੇਵ ਸਿੰਘ ਦੀ ਬੀਤੀ 18 ਮਾਰਚ ਨੂੰ ਮੌਤ ਹੋ ਗਈ ਸੀ।
ਪਾਠੀ ਹਰਭਜਨ ਸਿੰਘ ਨੂੰ 5 ਪਰਿਵਾਰਕ ਮੈਂਬਰਾਂ ਸਮੇਤ ਬੀਤੀ 19 ਮਾਰਚ ਨੂੰ ਹੁਸ਼ਿਆਰਪੁਰ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਇਨ੍ਹਾਂ ਸਾਰਿਆਂ ਦੀ ਰਿਪੋਰਟ 20 ਮਾਰਚ ਨੂੰ ਪਾਜੀਟਿਵ ਆਈ ਸੀ। ਫਿਰ ਉਨ੍ਹਾਂ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਬਜ਼ੁਰਗ ਦੀ ਪਤਨੀ, ਨੂੰਹ ਅਤੇ ਗੁਆਂਢ ‘ਚ ਰਹਿੰਦੀ ਔਰਤ ਦੀ ਰਿਪੋਰਟ ਪਾਜੀਟਿਵ ਆਈ ਸੀ।
ਕੇਰਲ ਅਤੇ ਮਹਾਰਾਸ਼ਟਰ ਜਿਹੇ ਸੂਬਿਆਂ ‘ਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 200 ਨੂੰ ਪਾਰ ਕਰ ਗਈ ਹੈ। ਦਿੱਲੀ ਅਤੇ ਨਾਲ ਲੱਗਦੇ ਗਾਜ਼ੀਆਬਾਦ ਅਤੇ ਗ੍ਰੇਟਰ ਨੋਇਡਾ ‘ਚ ਹਜ਼ਾਰਾਂ ਦੀ ਗਿਣਤੀ ‘ਚ ਮਜ਼ਦੂਰ ਫਸੇ ਨਜ਼ਰ ਆਏ, ਕਿਉਂਕਿ ਕੇਂਦਰ ਸਰਕਾਰ ਨੇ ਬੀਤੇ ਦਿਨੀਂ ਸੂਬਿਆਂ ਨੂੰ 21 ਦਿਨ ਦੀ ਦੇਸ਼ ਪੱਧਰੀ ਤਾਲਾਬੰਦੀ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਸ਼ਹਿਰਾਂ ‘ਚ ਲੋਕਾਂ ਦੀ ਆਵਾਜਾਈ ਨੂੰ ਰੋਕਣ ਲਈ ਕਿਹਾ ਹੈ। ਜਿਹੜੇ ਲੋਕ ਆਪਣੇ ਘਰ ਵਾਪਸ ਜਾਣ ਲਈ ਪਹਿਲਾਂ ਹੀ ਰਵਾਨਾ ਹੋ ਚੁੱਕੇ ਹਨ, ਉਨ੍ਹਾਂ ਨੂੰ ਹੁਣ ਕੋਈ ਰਸਤਾ ਸਮਝ ਨਹੀਂ ਆ ਰਿਹਾ। ਦਰਅਸਲ, ਉੱਤਰ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੀ ਦਿੱਲੀ ਦੀ ਸਰਹੱਦ ਨੂੰ ਐਤਵਾਰ ਦੁਪਹਿਰ 2 ਵਜੇ ਸੀਲ ਕਰ ਦਿੱਤਾ ਗਿਆ ਸੀ।