-ਡਾ. ਹਰਜਿੰਦਰ ਸਿੰਘ ਦਿਲਗੀਰ
1604 ਵਿਚ ਗੁਰੂ ਅਰਜਨ ਸਾਹਿਬ ਨੇ ਆਦਿ ਗ੍ਰੰਥ ਦਾ ਪਹਿਲਾ ਸਰੂਪ ਤਿਆਰ ਕਰਵਾਇਆ ਸੀ, ਜਿਸ ਨੂੰ ਭਾਈ ਗੁਰਦਾਸ ਜੀ ਨੇ ਅਪਣੇ ਹੱਥੀਂ ਲਿਖਿਆ ਸੀ। ਇਹ ਸਰੂਪ 31 ਜੁਲਾਈ, 1604 ਨੂੰ ਅੰਮਿ੍ਰਤਸਰ ਵਿਚ ਮੁਕੰਮਲ ਹੋਇਆ ਸੀ ਅਤੇ ਇਸ ਦਾ ਪਹਿਲਾ ਪ੍ਰਕਾਸ਼ 16 ਅਗੱਸਤ, 1604 ਦੇ ਦਿਨ ਦਰਬਾਰ ਸਾਹਿਬ ਵਿਚ ਕੀਤਾ ਗਿਆ। ਇਸ ਮਗਰੋਂ ਇਸ ਦੇ ਕਈ ਉਤਾਰੇ/ਨਕਲਾਂ, ਫਿਰ ਨਕਲਾਂ ਤੋਂ ਨਕਲਾਂ, ਨਕਲਾਂ ਤੋਂ ਨਕਲਾਂ, ਨਕਲਾਂ ਤੋਂ ਨਕਲਾਂ, ਨਕਲਾਂ ਤੋਂ ਨਕਲਾਂ, ਨਕਲਾਂ ਤੋਂ ਨਕਲਾਂ, ਅੱਗੇ ਤੋਂ ਅੱਗੇ, ਯਾਨੀ 8-10 ਜਾਂ ਇਸ ਤੋਂ ਵੱਧ ਜਗ੍ਹਾ ਤਕ ਵੀ, ਉਤਾਰੇ/ਨਕਲਾਂ ਤਿਆਰ ਹੁੰਦੇ ਰਹੇ ਸਨ। ਹਰ ਇਕ ਉਤਾਰੇ ਉਤੇ ਲਿਖਿਆ ਜਾਂਦਾ ਸੀ ਕਿ ਇਹ ਕਿੰਨ੍ਹਵੀਂ ਨਕਲ ਹੈ। ਮਿਸਾਲ ਵਜੋਂ ਜੇ ਉਹ ਪਹਿਲੇ ਸਰੂਪ ਦੀ ਤੀਜੀ ਥਾਂ ਨਕਲ ਹੈ ਤਾਂ ਉਸ ’ਤੇ ਲਿਖਿਆ ਹੋਵੇਗਾ : “ਜਪੁ ਗੁਰੂ ਰਾਮਦਾਸ ਜੀ ਦੇ ਦਸਤਖ਼ਤਾਂ ਕੇ ਨਕਲ, ਕੇ ਨਕਲ ਕਾ ਨਕਲ”; ਇੰਜ ਹੀ ਜੇ ਇਸ ਦੀ ਨਕਲ ਹੈ ਤਾਂ ਇਕ ਹੋਰ ‘ਨਕਲਾ ਕਾ ਨਕਲ’ ਸ਼ਾਮਲ ਹੋ ਜਾਵੇਗਾ।
ਆਦਿ ਗ੍ਰੰਥ ਦੀਆਂ ਪਹਿਲੀਆਂ ਨਕਲਾਂ ਵਿਚੋਂ ਇਕ ਸਰੂਪ ਖੁਰਵੱਧੀ (ਹੁਣ ਦੇਹਰਾਦੂਨ) ਵਿਚ ਵੀ ਪਿਆ ਸੀ। ਇਹ ਉਹ ਨਕਲ ਸੀ ਜਿਹੜੀ 1660 ਵਿਚ ਰਾਮ ਰਾਏ ਔਰੰਗਜ਼ੇਬ ਨੂੰ ਮਿਲਣ ਗਿਆ ਲੈ ਗਿਆ ਸੀ। ਸ਼ਾਇਦ ਇਸੇ ਸਮੇਂ ਦੌਰਾਨ ਬੰਨੋ ਵਾਲੀ ਬੀੜ ਵਾਲੀ ਨਕਲ ਤਿਆਰ ਹੋਈ ਸੀ (ਭਾਈ ਬੰਨੋ ਵਲੋਂ ਲਾਹੌਰ ਤੋਂ ਜਿਲਦ ਬੰਨ੍ਹਾਉਣ ਵਾਲੀ ਕਹਾਣੀ ਮਨਘੜਤ ਹੈ)। 1678 ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਮਦਮੀ ਸਰੂਪ ਤਿਆਰ ਕਰਵਾਇਆ। ਇਸ ਮਗਰੋਂ ਇਸ ਦੀਆਂ ਵੀ ਹੋਰ ਕਈ ਨਕਲਾਂ (ਅਤੇ ਨਕਲਾਂ ਦੀਆਂ ਨਕਲਾਂ) ਤਿਆਰ ਹੋਈਆਂ ਸਨ; ਜਿਨ੍ਹਾਂ ਵਿਚੋਂ ਇਕ ਡਰੋਲੀ ਭਾਈ ਵਿਚ ਪਈ ਸੀ ਜਿਸ ਨੂੰ 1691 ਵਿਚ ਗੁਰੂ ਸਾਹਿਬ ਦਾ ਦੀਵਾਨ ਨੰਦ ਚੰਦ ਸੰਘਾ ਅਨੰਦਪੁਰ ਸਾਹਿਬ ਤੋਂ ਚੋਰੀ ਕਰ ਕੇ ਲੈ ਗਿਆ ਸੀ। ਇਕ ਸਰੂਪ ਬੁਰਹਾਨਪੁਰ ਵਿਚ ਵੀ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿਚ ਬਹੁਤ ਸਾਰੀਆਂ ਨਕਲਾਂ (ਅਤੇ ਨਕਲ ਦੀਆਂ ਨਕਲਾਂ) ਤਿਆਰ ਹੋਈਆਂ ਸਨ।
1635 ਵਿਚ ਆਦਿ ਗ੍ਰੰਥ ਦਾ ਪਹਿਲਾ ਸਰੂਪ ਕਰਤਾਰਪੁਰ ਜਲੰਧਰ ਵਿਚ ਸੀ। 29 ਅਪ੍ਰੈਲ, 1635 ਦੇ ਦਿਨ ਗੁਰੂ ਹਰਿ ਗੋਬਿੰਦ ਸਾਹਿਬ ਕਰਤਾਰਪੁਰ ਨੂੰ ਛੱਡ ਕੇ ਕੀਰਤਪੁਰ ਚਲੇ ਗਏ। ਗੁਰੂ ਸਾਹਿਬ ਦਾ ਪੋਤਾ ਧੀਰ ਮੱਲ (ਪੁੱਤਰ ਬਾਬਾ ਗੁਰਦਿੱਤਾ), ਕਰਤਾਰਪੁਰ ਹੀ ਰਿਹਾ। ਆਦਿ ਗ੍ਰੰਥ ਦਾ ਪਹਿਲਾ ਸਰੂਪ ਵੀ ਉਸ ਨੇ ਅਪਣੇ ਕੋਲ ਰੱਖ ਲਿਆ। ਗੁਰੂ ਸਾਹਿਬ ਨੇ ਉਸ ਤੋਂ ਲੈਣ ਵਾਸਤੇ ਜ਼ੋਰ ਨਹੀਂ ਲਾਇਆ ਕਿਉਂਕਿ ਹੋਰ ਨਕਲਾਂ ਤਿਆਰ ਹੋ ਚੁਕੀਆਂ ਸਨ। ਕੁੱਝ ਚਿਰ ਮਗਰੋਂ ਧੀਰ ਮੱਲ ਦਾ ਪ੍ਰਵਾਰ ਕਰਤਾਰਪੁਰ ਛੱਡ ਕੇ ਬਕਾਲਾ (ਹੁਣ ਬਾਬਾ ਬਕਾਲਾ) ਚਲਾ ਗਿਆ ਤੇ ਆਦਿ ਗ੍ਰੰਥ ਦਾ ਪਹਿਲਾ ਸਰੂਪ ਵੀ ਨਾਲ ਲੈ ਗਏ। 1676 ਵਿਚ ਧੀਰ ਮੱਲ ਵੀ ਗਿ੍ਰਫ਼ਤਾਰ ਕਰ ਲਿਆ ਗਿਆ ਸੀ; ਉਸ ਦੀ ਮੌਤ 16 ਨਵੰਬਰ, 1677 ਦੇ ਦਿਨ ਰਣਥੰਭੋਰ ਦੇ ਕਿਲ੍ਹੇ ਵਿਚ ਹੋਈ ਸੀ। ਧੀਰ ਮੱਲ ਦਾ ਵੱਡਾ ਪੁੱਤਰ ਰਾਮ ਚੰਦ 24 ਜੁਲਾਈ, 1678 ਦੇ ਦਿਨ ਦਿੱਲੀ ਵਿਚ ਕਤਲ ਕਰ ਦਿਤਾ ਗਿਆ। ਰਾਮ ਚੰਦ ਦੀ ਮੌਤ ਮਗਰੋਂ ਧੀਰ ਮੱਲ ਦਾ ਛੋਟਾ ਭਰਾ ਭਾਰ ਮੱਲ ਤੇ ਉਸ ਦਾ ਪ੍ਰਵਾਰ ਬਕਾਲਾ ਤੋਂ ਫਿਰ ਕਰਤਾਰਪੁਰ ਆ ਗਿਆ। ਭਾਰ ਮੱਲ ‘ਆਦਿ ਗ੍ਰੰਥ’ ਦਾ ਸਰੂਪ ਵੀ ਬਕਾਲਾ ਤੋਂ ਕਰਤਾਰਪੁਰ ਲੈ ਗਿਆ। ਭਾਰ ਮੱਲ 30 ਮਾਰਚ, 1691 ਦੇ ਦਿਨ ਮਰ ਗਿਆ। ਉਸ ਮਗਰੋਂ ਆਦਿ ਗ੍ਰੰਥ ਦਾ ਪਹਿਲਾ ਸਰੂਪ ਉਸ ਦੇ ਪੁੱਤਰ ਨਿਰੰਜਨ ਰਾਏ ਕੋਲ ਕਰਤਾਰਪੁਰ ਵਿਚ ਰਿਹਾ। ਨਿਰੰਜਨ ਰਾਏ ਦੀ ਮੌਤ 27 ਅਕਤੂਬਰ, 1702 ਦੇ ਦਿਨ ਹੋਈ। ਹੁਣ ਆਦਿ ਗ੍ਰੰਥ ਦਾ ਸਰੂਪ ਉਸ ਦੇ ਪੁੱਤਰ ਬਿਕਰਮ ਰਾਏ (ਉਸ ਨੇ ਅਪਣੇ ਨਾਂ ਨਾਲ ਸਿੰਘ ਲਿਖਣਾ ਵੀ ਸ਼ੁਰੂ ਕਰ ਦਿਤਾ ਸੀ) ਕੋਲ ਰਿਹਾ ਅਤੇ ਉਸ ਦੀ ਮੌਤ ਮਗਰੋਂ ਉਸ ਦੇ ਪੁੱਤਰ ਰਾਮ ਸਿੰਘ ਤੇ ਫਿਰ ਰਾਮ ਸਿੰਘ ਦੇ ਪੁੱਤਰ ਵਡਭਾਗ ਸਿੰਘ (1716-1761) ਦੀ ਮਲਕੀਅਤ ਬਣ ਗਿਆ।
ਆਦਿ ਬੀੜ ਦਾ ਸੜ ਜਾਣਾ
ਅਪ੍ਰੈਲ, 1757 ਵਿਚ ਅਹਿਮਦ ਸ਼ਾਹ ਦੁਰਾਨੀ ਨੇ ਦਿੱਲੀ ’ਤੇ ਹਮਲਾ ਕਰ ਕੇ ਅਪਣੇ ਸਮੇਂ ਦੀ ਸੱਭ ਤੋਂ ਵੱਡੀ ਲੁੱਟ ਕੀਤੀ ਅਤੇ 28000 ਘੋੜਿਆਂ, ਬਲਦਾਂ ਅਤੇ ਖੋਤਿਆਂ ਦੇ ਲੁੱਟ ਦਾ ਮਾਲ ਲੈ ਕੇ ਅਫ਼ਗ਼ਾਨਿਸਤਾਨ ਨੂੰ ਚਲ ਪਿਆ। ਰਸਤੇ ਵਿਚ ਸਰਹੰਦ ਕੋਲ ਸਿੱਖਾਂ ਨੇ ਹਮਲਾ ਕਰ ਕੇ ਉਸ ਦੇ ਲੁੱਟ ਦੇ ਮਾਲ ਦਾ ਕੁੱਝ ਭਾਰ ਹਲਕਾ ਕਰ ਦਿਤਾ। ਇਸ ਮਗਰੋਂ ਸਿੱਖਾਂ ਨੇ ਇਸ ਕਾਫ਼ਲੇ ’ਤੇ ਮਲੇਰਕੋਟਲੇ ਕੋਲ ਇਕ ਵਾਰ ਫਿਰ ਹਮਲਾ ਕੀਤਾ। (ਉਂਜ ਸਿੱਖ ਝਨਾ ਦਰਿਆ ਤਕ ਅਫ਼ਗ਼ਾਨਾਂ ਦੇ ਕਾਫ਼ਲੇ ’ਤੇ ਹਮਲਾ ਕਰ ਕੇ ਇਸ ਦਾ ਮਾਲ ਲੁਟਦੇ ਲੁਟਦੇ ਮਾਲ ਦਾ ਭਾਰ ਘਟਾਉਂਦੇ ਰਹੇ ਸਨ)। ਇਸ ਐਕਸ਼ਨ ’ਤੇ ਅਹਿਮਦ ਸ਼ਾਹ ਦੁੱਰਾਨੀ ਦਾ ਪੁੱਤਰ ਤੈਮੂਰ ਬਹੁਤ ਗੁੱਸੇ ਵਿਚ ਆਇਆ ਅਤੇ ਉਸ ਨੇ ਸਿੱਖਾਂ ਤੋਂ ਬਦਲਾ ਲੈਣ ਦਾ ਫ਼ੈਸਲਾ ਕੀਤਾ।
ਜਦ ਤੈਮੂਰ ਤੇ ਅਹਿਮਦ ਸ਼ਾਹ ਦਾ ਜਰਨੈਲ ਜਹਾਨ ਖ਼ਾਨ ਜਲੰਧਰ ਪੁੱਜੇ ਤਾਂ ਜਲੰਧਰ ਦੇ ਫ਼ੌਜਦਾਰ ਨਾਸਰ ਅਲੀ ਨੇ ਉਸ ਨੂੰ ਸਰਹੰਦ ਨੇੜੇ ਸਿੱਖਾਂ ਵਲੋਂ ਲੁਟ-ਮਾਰ ਦਾ ਬਦਲਾ ਲੈਣ ਵਾਸਤੇ ਕਰਤਾਰਪੁਰ ’ਤੇ ਹਮਲਾ ਕਰਨ ਵਾਸਤੇ ਸਲਾਹ ਦਿਤੀ। ਉਸ ਵੇਲੇ ਕਰਤਾਰਪੁਰ ਵਿਚ ਵਡਭਾਗ ਸਿੰਘ (ਧੀਰ ਮੱਲ ਦੀ ਪੰਜਵੀਂ ਪੀੜ੍ਹੀ) ਰਹਿ ਰਿਹਾ ਸੀ ਅਤੇ ਭਾਈ ਗੁਰਦਾਸ ਦੀ ਕਲਮ ਨਾਲ ਲਿਖਿਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਉਸ ਕੋਲ ਹੀ ਸੀ। ਤੈਮੂਰ ਨੇ ਇਸ ਨਗਰ ’ਤੇ ਹਮਲਾ ਕਰ ਕੇ, ਲੋਕਾਂ ਦਾ ਕਤਲੇਆਮ ਕੀਤਾ ਅਤੇ ਲੁਟ-ਮਾਰ ਕਰਨ ਮਗਰੋਂ ਇਸ ਸ਼ਹਿਰ ਨੂੰ ਅੱਗ ਲਾ ਦਿਤੀ। ਇਸ ਅੱਗ ਵਿਚ ਗੁਰਦੁਆਰਾ ਥੰਮ੍ਹ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਵੀ ਸੜ ਗਏ। ਇਸ ਮੌਕੇ ’ਤੇ ਵਡਭਾਗ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਤੇ ਉਸ ’ਤੇ ਬਹੁਤ ਤਸ਼ੱਦਦ ਕੀਤਾ ਗਿਆ (ਇਕ ਰਾਤ ਨੂੰ ਉਸ ਦੇ ਕੁੱਝ ਚੇਲੇ ਉਸ ਨੂੰ ਹਿਰਾਸਤ ਵਿਚੋਂ ਕੱਢ ਕੇ ਮੌਜੂਦਾ ਹਿਮਾਂਚਲ ਦੇ ਪਿੰਡ ਮੌੜੀ ਵਿਚ ਲੈ ਗਏ। ਉਹ ਏਨਾ ਦਹਿਲ ਗਿਆ ਕਿ ਮੁੜ ਕੇ ਮੌੜੀ ਪਿੰਡ ’ਚੋਂ ਕਿਤੇ ਨਹੀਂ ਗਿਆ ਤੇ ਦਹਿਸ਼ਤ ਨਾਲ ਦਹਿਲਿਆ ਹੋਇਆ ਉਹ ਚਾਰ ਸਾਲ ਮਗਰੋਂ 31 ਦਸੰਬਰ, 1761 ਦੇ ਦਿਨ ਮਰ ਗਿਆ)।
ਕਰਤਾਰਪੁਰ ਵਿਚਲੇ ਮੌਜੂਦਾ ਸਰੂਪ (ਸਰੂਪਾਂ) ਦੀ ਅਸਲੀਅਤ
1765 ਤੋਂ ਮਗਰੋਂ, ਜਦ ਸਿੱਖਾਂ ਦਾ ਰਾਜ ਕਇਮ ਹੋ ਗਿਆ ਤਾਂ ਧੀਰ ਮੱਲ ਦੇ ਖ਼ਾਨਦਾਨ ਦੇ ਇਕ ਪ੍ਰਵਾਰ ਨੇ ਕਰਤਾਰਪੁਰ ਆ ਕੇ ਫਿਰ ਕਬਜ਼ਾ ਕਰ ਲਿਆ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ (ਭਾਈ ਗੁਰਦਾਸ ਲਿਖਤ) ਸੜ ਚੁੱਕਾ ਸੀ; ਇਸ ਕਰ ਕੇ ਇਨ੍ਹਾਂ ਧੀਰਮਲੀਆਂ ਨੇ ਕੁੱਝ ਪੁਰਾਣੀਆਂ ਹੱਥ ਲਿਖਤ ਬੀੜਾਂ ਲੱਭ ਕੇ ਹਾਸਲ ਕੀਤੀਆਂ, ਜਿਹੜੀਆਂ ਕਿ ਖਾਰੀ ਬੀੜ ਦੀਆਂ ਨਕਲਾਂ ਹਨ।
ਅੱਜ ਉਹ ਜਿਸ ਸਰੂਪ ਨੂੰ ਭਾਈ ਗੁਰਦਾਸ ਦਾ ਲਿਖਿਆ ਹੋਣਾ ਦਸਦੇ ਹਨ, ਉਹ ਦਰਅਸਲ ਇਕ ਨਹੀਂ ਚਾਰ ਬੀੜਾਂ ਹੀ ਹਨ। ਉਹ ਕਦੇ ਕਿਸੇ ਨੂੰ ਅਸਲ ਬੀੜ ਕਹਿ ਦੇਂਦੇ ਹਨ ਤੇ ਕਦੇ ਕਿਸੇ ਨੂੰ। ਇਨ੍ਹਾਂ ਨੇ ਜਦ ਭਾਈ ਜੋਧ ਸਿੰਘ ਨੂੰ ਬੀੜ ਦਿਖਾਈ ਤਾਂ ਉਨ੍ਹਾਂ ਨੇ ਉਸ ਬੀੜ ਦੇ ਹਿਸਾਬ ਨਾਲ ਕਿਤਾਬ ਲਿਖ ਦਿਤੀ ਤੇ ਜਦ ਕਿਸੇ ਹੋਰ ਨੂੰ ਕੋਈ ਹੋਰ ਬੀੜ ਦਿਖਾਈ ਤਾਂ ਉਸ ਨੇ ਉਸ ਦੇ ਹਿਸਾਬ ਨਾਲ ਇਸ ਬਾਰੇ ਲੇਖ ਲਿਖ ਦਿਤਾ। ਇਸੇ ਕਰ ਕੇ ਜੋਧ ਸਿੰਘ, ਜੀ. ਬੀ. ਸਿੰਘ, ਪ੍ਰੋ. ਸਾਹਿਬ ਸਿੰਘ, ਕਾਨ੍ਹ ਸਿੰਘ ਨਾਭਾ ਨੇ ਵੱਖ-ਵੱਖ ਨਤੀਜੇ ਕੱਢੇ ਹਨ। ਦਰਅਸਲ ਇਹ ਸਾਰੀਆਂ ਖਾਰੀ ਬੀੜ ਦੀਆਂ ਨਕਲਾਂ ਹਨ।
ਪਹਿਲਾਂ ਉਹ ਵਿਦਵਾਨਾਂ ਨੂੰ ਇਹ ਸਰੂਪ ਦਿਖਾ ਦੇਂਦੇ ਸਨ ਪਰ ਹੁਣ ਉਹ ਕਿਸੇ ਨੂੰ ਵੀ ਨਹੀਂ ਦਿਖਾਉਦੇ। 1998 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੇਰੇ (ਡਾ. ਹਰਜਿੰਦਰ ਸਿੰਘ ਦਿਲਗੀਰ) ਹੇਠ ਇਕ ਸਬ ਕਮੇਟੀ ਬਣਾਈ ਸੀ ਪਰ ਕਰਤਾਰਪੁਰੀਆਂ ਨੇ ਜਵਾਬ ਦਿਤਾ ਸੀ ਕਿ ਅਸੀ ਹੁਣ ਇਹ ਸਰੂਪ ਸਿਰਫ਼ ਦੂਰੋਂ ਹੀ ਦਿਖਾਉਦੇ ਹਾਂ।
ਗੁਰੂ ਗ੍ਰੰਥ ਸਾਹਿਬ ਦੀ ਗੁਰਗੱਦੀ ਵਾਲੀ ‘ਦਮਦਮੀ ਬੀੜ’ ਦਾ ਮਸਲਾ
1678 ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਨਵਾਂ ਮੁਕੰਮਲ ਸਰੂਪ ਤਿਆਰ ਕਰਵਾਉਣਾ ਸ਼ੁਰੂ ਕੀਤਾ। ਉਸ ਵਕਤ ਗੁਰੂ ਗ੍ਰੰਥ ਸਾਹਿਬ ਦੀ ‘ਆਦਿ ਬੀੜ’ ਧੀਰਮਲੀਆਂ ਕੋਲ ਮੌਜੂਦ ਸੀ। ਧੀਰਮੱਲ ਆਪ ਤਾਂ ਮਰ ਚੁੱਕਾ ਸੀ ਤੇ ਉਸ ਦੇ ਵੱਡੇ ਪੁੱਤਰ ਰਾਮ ਚੰਦ ਨੂੰ ਵੀ ਦਿੱਲੀ ਵਿਚ ਕਤਲ ਕਰਵਾ ਦਿਤਾ ਸੀ। 9 ਅਗੱਸਤ, 1678 ਵਿਚ ਰਾਮ ਚੰਦ ਦੀ ਅੰਤਿਮ ਰਸਮ ’ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭਾਈ ਮਨੀ ਸਿੰਘ ਨੂੰ ਬਕਾਲਾ ਭੇਜਿਆ। ਰਸਮ ਪੂਰੀ ਹੋਣ ਮਗਰੋਂ ਭਾਈ ਮਨੀ ਸਿੰਘ ਨੇ ਭਾਰ ਮੱਲ ਨੂੰ ਆਖਿਆ ਕਿ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਨਵਾਂ ਸਰੂਪ ਤਿਆਰ ਕਰਨਾ ਚਾਹੁੰਦੇ ਹਨ, ਇਸ ਕਰ ਕੇ ਉਹ ਕੁੱਝ ਦਿਨਾਂ ਵਾਸਤੇ ‘ਆਦਿ ਬੀੜ’ ਦੇ ਦੇਵੇ। ਭਾਰ ਮੱਲ ਨੇ ਬੀੜ ਚੱਕ ਨਾਨਕੀ ਭੇਜਣ ਵਾਸਤੇ ਅਸਿੱਧੇ ਤਰੀਕੇ ਨਾਲ ਨਾਂਹ ਕਰ ਦਿਤੀ ਅਤੇ ਆਖਿਆ ਕਿ ਮੈਂ ਹੁਣ ਬਕਾਲਾ ਛੱਡ ਕੇ ਕਰਤਾਰਪੁਰ (ਜਲੰਧਰ) ਰਹਿਣ ਲੱਗ ਪੈਣਾ ਹੈ। ਗੁਰੂ ਸਾਹਿਬ ਕਿਸੇ ਨੂੰ ਉਥੇ ਭੇਜ ਕੇ ‘ਆਦਿ ਬੀੜ’ ਦਾ ਉਤਾਰਾ ਕਰਵਾ ਲੈਣ। ਇਸ ਮਗਰੋਂ ਗੁਰੂ ਸਾਹਿਬ ਭਾਈ ਮਨੀ ਰਾਮ (ਸਿੰਘ) ਨੇ ਗੁਰੂ ਸਾਹਿਬ ਦੀ ਹਦਾਇਤ ’ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕਰ ਕੇ ਦਮਦਮੀ ਸਰੂਪ ਤਿਆਰ ਕੀਤਾ। ਕਿਉਂਕਿ ਇਹ ਸਰੂਪ ਦਮਦਮਾ ਸਾਹਿਬ (ਅਨੰਦਪੁਰ ਸਾਹਿਬ) ਵਿਚ ਮੁਕੰਮਲ ਕੀਤਾ ਗਿਆ ਸੀ ਇਸ ਕਰ ਕੇ ਇਸ ਨੂੰ ‘ਦਮਦਮੀ ਬੀੜ’ ਨਾਂ ਦਿਤਾ ਗਿਆ ਸੀ (ਇਹ ਦਮਦਮਾ ਤਲਵੰਡੀ ਸਾਬੋ ਵਾਲਾ ਨਹੀਂ ਹੈ)।
1706 ਵਿਚ, ਇਸ ਆਖ਼ਰੀ ਸਰੂਪ ਦੀ ਨਕਲ ਤਲਵੰਡੀ ਸਾਬੋ ਵਿਚ ਤਿਆਰ ਕੀਤੀ ਗਈ। ਇਸ ਮਗਰੋਂ ਇਸ ਦੇ ਕਈ ਉਤਾਰੇ ਕੀਤੇ ਗਏ ਸਨ। ਇਕ ਚਰਚਾ ਮੁਤਾਬਕ ਬਾਬਾ ਦੀਪ ਸਿੰਘ ਨੇ 4 ਉਤਾਰੇ ਕੀਤੇ ਸਨ (ਭਾਵੇਂ ਕੋਈ ਪੁਰਾਣਾ ਤਵਾਰੀਖ਼ੀ ਸੋਮਾ ਇਸ ਦੀ ਤਾਈਦ ਨਹੀਂ ਕਰਦਾ)। 6 ਅਕਤੂਬਰ, 1708 ਨੂੰ ਇਸੇ ਮੁਕੰਮਲ ਸਰੂਪ ਨੂੰ ਸਦੀਵੀ ਗੁਰੂ ਵਜੋਂ ਗੁਰਗੱਦੀ ਦਿਤੀ ਸੀ ਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਕਿਹਾ ਜਾਣ ਲੱਗਾ ਸੀ।
ਜਿਸ ਦਮਦਮੀ ਸਰੂਪ ਨੂੰ ਗੁਰੂ ਗੋਬਿੰਦ ਸਾਹਿਬ ਨੇ ਗੁਰਗੱਦੀ ਦਿਤੀ ਸੀ; ਉਹ ਨਾਂਦੇੜ ਵਿਚ ਪਿਆ ਸੀ। ਭਾਈ ਦਯਾ ਸਿੰਘ ਤੇ ਬਾਈ ਧਰਮ ਸਿੰਘ ਦੀ ਮੌਤ ਮਗਰੋਂ ਸਿੱਖ ਉਸ ਦਮਦਮੀ ਸਰੂਪ ਨੂੰ ਉਥੋਂ ਪੰਜਾਬ ਲੈ ਆਏ ਸਨ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੌਂਪ ਦਿਤਾ ਸੀ। ਇਹ ਸਰੂਪ ਕਾਫ਼ੀ ਦੇਰ ਤਕ ਕਸ਼ਮੀਰ ਵਿਚ ਰਿਆਸੀ ਡੇਰੇ ’ਤੇ ਕਾਇਮ ਰਿਹਾ। ਇਸ ਮਗਰੋਂ ਸ਼ਾਇਦ ਉਹ ਬਿਰਧ ਹੋਣ ਕਰ ਕੇ ਦਰਿਆ ਬੁਰਦ ਕਰ ਦਿਤਾ ਗਿਆ ਸੀ; ਪਰ ਹੁਣ ਉਹ ਉਥੇ ਮੌਜੂਦ ਨਹੀਂ ਹੈ।
ਸਿੱਖਾਂ ਕੋਲ ਹੁਣ ਨਾ ਤਾਂ ਕਰਤਾਰਪੁਰੀ ਬੀੜ ਮੌਜੂਦ ਹੈ ਤੇ ਨਾ ਦਮਦਮੀ ਬੀੜ; ਪਰ ਦਮਦਮੀ ਸਰੂਪ (ਜਿਸ ਨੂੰ ਗੁਰਗੱਦੀ ਦਿਤੀ ਗਈ ਸੀ) ਦੀਆਂ ਬਹੁਤ ਸਾਰੀਆਂ ਸਹੀ ਨਕਲਾਂ ਮੌਜੂਦ ਹਨ। ਰਾਗਮਾਲਾ ਅਤੇ ਕੁੱਝ ਕੁ ਹੋਰ ਕਵਿਤਾਵਾਂ, ਜਿਨ੍ਹਾਂ ਬਾਰੇ ਵਿਦਵਾਨ ਸਪੱਸ਼ਟ ਕਰ ਚੁੱਕੇ ਹਨ, ਮਗਰੋਂ ਪਾ ਕੇ ਸਰੂਪ ਨੂੰ ਵਿਗਾੜਨ ਦੀ ਕੋਸ਼ਿਸ਼ ਕਈ ਵਾਰ ਹੁੰਦੀ ਰਹੀ ਹੈ; ਪਰ, ਸਹੀ ਸਰੂਪ ਅੱਜ ਵੀ ਕਾਇਮ ਹੈ।
ਫ਼ੋਨ ਨੰ.: 440-7775499320 (ਇੰਗਲੈਂਡ)