ਕਰੋੜਪਤੀ ਕੌਂਸਲਰਾਂ ਦੇ ਗੁਦਾਮ ਵੀ ਮਨਾਹੀ ਖੇਤਰ ਵਿੱਚ ਸ਼ਾਮਿਲ
ਜੀਰਕਪੁਰ-ਮਾਣਯੋਗ ਪੰਜਾਬ ਅਤੇ ਹਰਿਅਣਾ ਹਾਈਕੋਰਟ ਦੇ ਹੁਕਮਾ ਤੇ ਅੰਤਰਰਾਸਟਰੀ ਹਵਾਈ ਅੱਡੇ ਦੀ ਦੀਵਾਰ ਨੇੜੇ ਬਣੀਆਂ ਉਸਾਰੀਆ ਢਾਹੁਣ ਦੇ ਹੁਕਮ ਦੇਣ ਤੋਂ ਬਾਅਦ ਸਿਆਸੀ ਆਗੂਆਂ ਦੀ ਸ਼ਹਿ ਅਤੇ ਮੋਹਨ ਦਾਸ ਦੀ ਸ਼ਿਫਾਰਿਸ਼ ਨਾਲ ਹਵਾਈ ਅੱਡੇ ਦੀ ਦੀਵਾਰ ਦੇ 100 ਮੀਟਰ ਦੇ ਘੇਰੇ ਅੰਦਰ ਉਸਾਰੀਆ ਕਰਨ ਵਾਲੇ ਲੋਕਾਂ ਦ ਿਰਾਤਾਂ ਦੀ ਨੀਂਦ ਉੜੀ ਪਈ ਹੈ। ਲੋਕਾਂ ਦਾ ਕਹਿਣਾ ਹੈ ਕਿ ਸਿਆਸੀ ਆਗੂਆਂ ਨੇ ਉਨ੍ਹਾਂ ਦੀਆਂ ਇਮਾਰਤਾਂ ਦੀ ਸੁਰਖਿਆ ਦੀ ਗਰੰਟੀ ਕਰਕੇ ਉਨ੍ਹਾ ਨੂੰ ਦੀਵਾਰ ਨੇੜੇ ਜਮੀਨਾ ਵੇਚੀਆ ਸਨ ਜਿਸ ਦੀ ਉਸਾਰੀ ਲਈ ਉਨ੍ਹਾਂ ਵਲੋਂ ਮੋਹਨ ਦਾਸ ਦੀ ਸ਼ਿਫਾਰਿਸ਼ ਵੀ ਲਗਵਾਉਣੀ ਪਈ ਸੀ। ਹਵਾਈ ਅੱਡੇ ਦੇ ਨੇੜੇ ਜਿਨ੍ਹਾਂ ਗੁਦਾਮਾ ਨੂੰ ਹਵਾਈ ਅੱਡੇ ਲਈ ਖਤਰਾ ਦਸਿਆ ਜਾ ਰਿਹਾ ਹੈ ਉਸ ਵਿੱਚ ਨਗਰ ਕੌਂਸਲ ਦੇ ਇੱਕ ਕਰੋੜਪਤੀ ਕੌਂਸਲਰ ਦਾ ਗੁਦਾਮ ਵੀ ਸ਼ਾਮਿਲ ਹੈ। ਪਤਾ ਲਗਿਆ ਹੈ ਕਿ ਇਨ੍ਹਾ ਗੁਦਾਮਾ ਨੂੰ ਬਚਾਉਣ ਲਈ ਬਹੁਤ ਲੋਕਾਂ ਵਲੋਂ ਜੁਗਾੜਬਾਜੀ ਆਰੰਭ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵਲੋਂ ਉਸਾਰੀਆ ਕਰਵਾਉਣ ਵਾਲੇ ਮੋਹਨ ਦਾਸ ਸਮੇਤ ਹੋਰ ਸਿਫਾਰਿਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਬੀਤੇ ਲੰਬੇ ਸਮੇ ਤੋਂ ਹਵਾਈ ਅੱਡੇ ਦੀ ਦੀਵਾਰ ਨੇੜੇ ਕਿਸੇ ਵੀ ਤਰਾਂ ਦੀ ਉਸਾਰੀ ਤੇ ਮੁਕੰਮਲ ਰੋਕ ਲੱਗੀ ਹੋਈ ਸੀ। ਨਗਰ ਕੌਂਸ਼ਲ ਵਲੋਂ ਸ਼ਿਕਾਇਤ ਮਿਲਣ ਤੇ ਵਿਖਾਵੇ ਲਈ ਕਾਰਵਾਈ ਕੀਤੀ ਜਾਂਦੀ ਸੀ ਅਤੇ ਮੁੜ ਅਣਪਛਾਤੇ ਕਿਸੇ ਮੋਹਨ ਦਾਸ ਦੀ ਸ਼ਿਫਾਰਿਸ਼ ਜਾਂ ਕੌਂਸ਼ਲਰਾਂ ਦੀ ਸ਼ਹਿ ਤੇ ਉਸਾਰੀਆਂ ਮੁਕੰਮਲ ਹੋ ਜਾਂਦੀਆਂ ਸਨ।ਇਨ੍ਹਾਂ ਉਸਾਰੀਆਂ ਕਰਵਾਉਣ ਦੇ ਸਿਰ ਤੇ ਹੀ ਨਗਰ ਕੌਂਸ਼ਲ ਦੇ ਕਈ ਅਫਸਰ ਲੱਖਪਤੀ ਬਣ ਚੁੱਕੇ ਹਨ ਅਤੇ ਜਿਨ੍ਹਾਂ ਵਿੱਚੋਂ ਕੁਝ ਅਫਸਰ ਹੋਰ ਮਾਮਲਿਆ ਵਿੱਚ ਮੁਅਤਲ ਚੱਲ ਰਹੇ ਹਨ। ਮੋਹਨ ਦਾਸ ਦੀ ਸ਼ਿਫਾਰਿਸ਼ ਇੰਨੀ ਤਾਕਤਵਰ ਸੀ ਕਿ ਉਸ ਦੇ ਸਾਹਮਣੇ ਹਵਾਈ ਅੱਡੇ ਦੇ ਅਧਿਕਾਰੀਆ ਵਲੋਂ ਹਵਾਈ ਅੱਡੇ ਦੀ ਸੁਰਖਿਆ ਦੀ ਦਿੱਤੀ ਜਾਦੀ ਦੁਹਾਈ ਵੀ ਬੌਨੀ ਹੋ ਜਾਂਦੀ ਸੀ। ਪਿੰਡ ਦੇ ਕੁਝ ਵਸਨੀਕਾਂ ਨੇ ਅਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦਸਿਆ ਕਿ ਉਨ੍ਹਾਂ ਵਲੋਂ ਇਸ ਦੀਵਾਰ ਨੇੜੇ ਹੋ ਰਹੀਆ ਉਸਾਰੀਆਂ ਦੀ ਨਗਰ ਕੌਂਸ਼ਲ ਵਿੱਚ ਕੀਤੀ ਜਾਂਦੀ ਸ਼ਿਕਾਇਤ ਅਧਿਕਾਰੀਆਂ ਵਲੋਂ ਰੱਦੀ ਦੀ ਟੋਕਰੀ ਵਿੱਚ ਪਾ ਦਿੱਤੀ ਜਾਂਦੀ ਸੀ ਉਲਟਾ ਸਬੰਧਤ ਕੌਂਸਲਰ ਉਨ੍ਹਾਂ ਦੇ ਪਿੱਛੇ ਪੈ ਜਾਂਦੇ ਸਨ। ਉਨ੍ਹਾਂ ਸਪਸਟ ਤੌਰ ਤੇ ਕਿਹਾ ਕਿ ਅਜਿਹੀਆ ਇਮਾਰਤਾਂ ਦੀ ਉਸਾਰੀ ਲਈ ਸਬੰਧਤ ਕੌਂਸਲਰ ਅਤੇ ਸਮਾਕਾਲੀਨ ਬਰਾਬਰ ਦੇ ਜਿੰਮੇਵਾਰ ਹਨ। ਬੀਤੀ 26 ਸਤੰਬਰ ਨੂੰ ਹਾਈਕੋਰਟ ਵਲੋਂ ਸਖਤੀ ਵਰਤਦੇ ਹੋਏ ਇਨ੍ਹਾ ਉਸਾਰੀਆਂ ਨੂੰ ਢਾਹੁਣ ਦੇ ਹੁਕਮ ਦੇਣ ਨਾਲ ਵਧੇਰੇ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਪਰ ਉਨ੍ਹਾ ਨੂੰ ਡਰ ਸਤਾ ਰਿਹਾ ਹੈ ਕਿ ਇੱਕ ਵਾਰ ਫਿਰ ਮੋਹਨ ਦਾਸ ਦੀ ਸ਼ਿਫਾਰਿਸ਼ ਭਾਰੀ ਪੈ ਸਕਦੀ ਹੈ ਅਤੇ ਨਗਰ ਕੌਂਸ਼ਲ ਦੇ ਅਧਿਕਾਰੀ ਅਜਿਹੀ ਉਸਾਰੀਆਂ ਨੂੰ ਬਚਾਉਣ ਦਾ ਕੋਈ ਜੁਗਾੜ ਲੱਭ ਸਕਦੇ ਹਨ। ਉਨ੍ਹਾਂ ਹਵਾਈ ਅੱਡੇ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਹਵਾਈ ਅੱਡੇ ਦੀ ਸੁਰਖਿਆ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਮਨਾਹੀ ਖੇਤਰ ਵਿੱਚ ਬਣੀਆ ਇਮਾਰਤਾਂ ਨੂੰ ਤੁੜਵਾਉਣ ਲਈ ਨਗਰ ਕੌਂਸ਼ਲ ਅਧਿਕਾਰੀਆਂ ਨਾਲ ਰਾਬਤਾ ਬਣਾ ਕੇ ਰਖਿਆ ਜਾਵੇ।