ਬਠਿੰਡਾ: ਇੱਥੇ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪੁੱਜੇ। ਇੱਥੇ ਉਨ੍ਹਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੇਂਦਰ ਅਤੇ ਸੂਬਾ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਆਏ ਦਿਨ ਲੋਕ ਵਿਰੋਧੀ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਦੱਸ ਦਈਏ ਕਿ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਵਿਰੁੱਧ ਆਰਡੀਨੈੱਸ ਬਿੱਲ ਲਿਆਂਦਾ ਗਿਆ। ਜਿਸ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਦੇ ਸਮੇਂ ਵਿੱਚ ਅਕਾਲੀ ਦਲ ਨੂੰ ਵਿਰੋਧੀ ਧਿਰ ਦਾ ਦਰਜਾ ਦੇਣ ਨੂੰ ਤੁਲੇ ਹੋਏ ਹਨ, ਕਿਉਂਕਿ ਅਸੀਂ ਕਿਸੇ ਮੁੱਦੇ ‘ਤੇ ਵਿਰੋਧ ਕਰਦੇ ਹਾਂ ਤਾਂ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਜਾਂਦਾ। ਜਦੋਂਕਿ ਅਕਾਲੀ ਦਲ ਕੋਈ ਵਿਰੋਧ ਕਰਦਾ ਹੈ ਤਾਂ ਉਸ ਨੂੰ ਫੱਟ ਜਵਾਬ ਦਿੰਦੇ ਹਨ। ਇੱਥੋਂ ਤਕ ਕਿ ਜੇ ਅਕਾਲੀ ਦਲ ਵਿਰੋਧ ਕਰਦਾ ਹੈ ਤਾਂ ਉਸ ਨੂੰ ਕੁਝ ਨਹੀਂ ਕਹਿੰਦੇ ਪਰ ਆਮ ਆਦਮੀ ਪਾਰਟੀ ਵਿਰੋਧ ਕਰਦੀ ਹੈ ਤਾਂ ਉਨ੍ਹਾਂ ਖ਼ਿਲਾਫ਼ ਪਰਚੇ ਦਰਜ ਕੀਤੇ ਜਾਂਦੇ ਹਨ। ਮਾਨ ਨੇ ਦੱਸਿਆ ਕਿ ਸਾਡੇ ‘ਤੇ 350 ਪਰਚੇ ਕੀਤੇ ਹਨ।
ਆਪ ਦੇ ਪੰਜਾਬ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਨੂੰ ਮੁੱਖ ਵਿਰੋਧੀ ਧਿਰ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸੇਰ ਦੁਲੋਂ ਇਸ ਲਈ ਹੀ ਰੋਂਦੇ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕਾਰਵਾਈ ਨਹੀਂ ਕਰਦੇ। ਸੁਖਬੀਰ ਦੀ ਐਮਪੀ ਹੈ ਹਰਸਿਮਰਤ ਵੀ ਐਮਪੀ ਹੈ ਅਤੇ ਮੈਂ ਵੀ ਐੱਮਪੀ ਹਾਂ, ਕੈਪਟਨ ਉਨ੍ਹਾਂ ਦੇ ਬੋਲੇ ‘ਤੇ ਜਵਾਬ ਦਿੰਦੇ ਹਨ ਮੇਰੇ ਬੋਲੇ ‘ਤੇ ਜਵਾਬ ਨਹੀਂ ਦਿੰਦੇ। ਮੈਂ ਸ਼ਰੇਆਮ ਕਹਿੰਦਾ ਹਾਂ ਕਿ ਕੈਪਟਨ ਅਮਰਿੰਦਰ ਸਿੰਘ ‘ਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਜ਼ਹਿਰੀਲੀ ਸ਼ਰਾਬ ਮਾਮਲੇ ‘ਤੇ ਕਿਸੇ ਵੀ ਕਾਂਗਰਸੀ ਵਿਧਾਇਕ ‘ਤੇ ਪਰਚਾ ਨਹੀਂ ਹੋਇਆ।
ਮੋਗਾ ਵਿਖੇ ਲੱਗੇ ਸ਼੍ਰੀ ਕਿਸ਼ਨ ਝੰਡੇ ਦੇ ਸਵਾਲ ‘ਤੇ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਧਰਮ ਨਿਰਪੱਖ ਪਾਰਟੀ ਹੈ। ਸਾਡੇ ਮੁੱਦੇ ਤਾਂ ਬੇਰੁਜ਼ਗਾਰੀ, ਮਹਿੰਗਾਈ, ਗਰੀਬੀ ਸਣੇ ਹੋਰ ਬਹੁਤ ਸਾਰੇ ਮੁੱਦੇ ਹਨ।
ਇਸ ਮੌਕੇ ਉਨ੍ਹਾਂ ਤੋਂ ਕੈਪਟਨ ਵਲੋਂ ਵੰਡੇ ਸਮਾਰਟਫੋਨ ਬਾਰੇ ਵੀ ਸਵਾਲ ਕੀਤਾ ਗਿਆ ਜਿਸ ‘ਤੇ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਅੱਜ ਤੋਂ ਸਾਢੇ ਤਿੰਨ ਸਾਲ ਪਹਿਲਾਂ ਵਾਅਦਾ ਕੀਤਾ ਸੀ ਉਹ ਤਾਂ ਵਿਚਾਰੇ ਪੜ੍ਹ ਲਿਖ ਕੇ ਹੁਣ ਟੈਂਕੀ ‘ਤੇ ਚੜ੍ਹ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਨਾਲ ਮਾਨ ਨੇ ਦਾਅਵਾ ਕੀਤਾ ਕਿ 2022 ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਹਰ ਇੱਕ ਵਿਅਕਤੀ ਨੂੰ ਨਾਲ ਲੈ ਕੇ ਚੋਣਾਂ ਲੜੇਗੀ।