ਬਰਨਾਲਾ/ ਹੰਡਿਆਇਆ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਧੀਨ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵੱਲੋਂ ਖੇਤੀ ਮੌਸਮ ਸਲਾਹ ਸੇਵਾਵਾਂ ਆਰੰਭੀਆਂ ਗਈਆਂ ਹਨ।
ਇਹ ਜਾਣਕਾਰੀ ਦਿੰਦੇ ਹੋਏ ਕੇਵੀਕੇ ਬਰਨਾਲਾ ਦੇ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਡਾ. ਪ੍ਰਹਿਲਾਦ ਸਿੰਘ ਤੰਵਰ ਨੇ ਦੱਸਿਆ ਕਿ ਮੌਸਮ ਸਲਾਹ ਦਾ ਉਦੇਸ਼ ਕਿਸਾਨਾਂ ਨੂੰ ਮੌਸਮ ਦੀ ਭਵਿੱਖਬਾਣੀ ਅਤੇ ਫਸਲਾਂ ਉਤੇ ਮੌਸਮ ਦੇ ਪ੍ਰਭਾਵ ਤੋਂ ਜਾਣੂ ਕਰਵਾਉੁਣਾ ਹੈ।
ਡਾ. ਤੰਵਰ ਨੇ ਦੱਸਿਆ ਕਿ ਜਲਵਾਯੂ ਪਰਿਵਰਤਨ ਅਤੇ ਮੌਸਮ ਨਾਲ ਜੁੜੀਆਂ ਗਤੀਵਿਧੀਆਂ ਜਿਵੇਂ ਕਿ ਬੇਮੌਸਮੀ ਬਾਰਸ਼, ਗੜੇ, ਦਿਨ ਅਤੇ ਰਾਤ ਦੇ ਤਾਪਮਾਨ ਵਿਚ ਅਚਾਨਕ ਤਬਦੀਲੀ ਆਦਿ ਨਾਲ ਫਸਲਾਂ ਦੇ ਝਾੜ ’ਤੇ ਮਾੜਾ ਅਸਰ ਪੈਂਦਾ ਹੈ। ਫਸਲਾਂ ਨੂੰ ਮੌਸਮੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾਉਣਾ ਤਾਂ ਭਾਵੇਂ ਸੰਭਵ ਨਹੀਂ, ਪਰ ਮੌਸਮ ਦੀ ਸਹੀ ਭਵਿੱਖਬਾਣੀ ਪ੍ਰਾਪਤ ਕਰ ਕੇ ਖੇਤੀ ਕਾਰਜਾਂ ਜਿਵੇਂ ਕਿ ਕੀਟਨਾਸ਼ਕ ਸਪਰੇਆਂ, ਸਿੰਜਾਈ ਆਦਿ ਲਈ ਢੁਕਵੀਂ ਵਿਉਂਤਬੰਦੀ ਕੀਤੀ ਜਾ ਸਕਦੀ ਹੈ।
ਇਸ ਦੇ ਮੱਦੇਨਜ਼ਰ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਖੇਤੀ ਮੌਸਮੀ ਸਲਾਹ ਸੇਵਾਵਾਂ ਕਿਸਾਨਾਂ ਤੱਕ ਪਹੁੰਚਾਉਣ ਦਾ ਹੀਲਾ ਕੀਤਾ ਗਿਆ ਹੈ, ਜਿਸ ਤਹਿਤ ਜ਼ਿਲ੍ਹਾ ਖੇਤੀ ਮੌਸਮ ਯੂਨਿਟ ਸਥਾਪਿਤ ਕੀਤਾ ਗਿਆ ਹੈ। ਕੇਵੀਕੇ ਹੰਡਿਆਇਆ ਨੇ ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਗਾਊਂ ਮੌਸਮ ਜਾਣਕਾਰੀ ਫੋਨ, ਮੈਸਿਜ ਅਤੇ ਵਟਸਐਪ ਗਰੁੱਪਾਂ ਰਾਹੀਂ ਭੇਜਣ ਦੀ ਕਵਾਇਦ ਆਰੰਭੀ ਹੈ। ਜਿਹੜੇ ਕਿਸਾਨ ਵਟਸਐਪ ਗਰੁੁੱਪ ਨਾਲ ਜੁੜ ਕੇ ਇਨ੍ਹਾਂ ਸੇਵਾਵਾਂ ਦਾ ਲਾਭ ਲੈਣਾ ਚਾਹੁੰਦੇ ਹਨ, ਉਹ 62832-11798 ਸੰਪਰਕ ਨੰਬਰ ’ਤੇ ਆਪਣਾ ਨਾਮ, ਪਿੰਡ ਆਦਿ ਮੈਸੇਜ ਜਾਂ ਫੋਨ ਕਰ ਕੇ ਦਰਜ ਕਰਵਾ ਸਕਦੇ ਹਨ।