ਤਪਾ (ਬਰਨਾਲਾ) : ਬਰਨਾਲਾ ਜ਼ਿਲ੍ਹੇ ਲਈ ਰਾਹਤ ਭਰੀ ਖਬਰ ਹੈ ਕਿ ਤਪਾ ਨੇੜਲੇ ਪਿੰਡ ਤਾਜੋਕੇ ਦੇ 18 ਸਾਲਾ ਨੌਜਵਾਨ ਜਸਵੀਰ ਸਿੰਘ ਨੇ ਕੋਵਿਡ-19 ’ਤੇ ਫ਼ਤਹਿ ਪ੍ਰਾਪਤ ਕਰਦਿਆਂ ਤੰਦਰੁਸਤ ਹੋ ਕੇ ਘਰ ਵਾਪਸੀ ਕੀਤੀ ਹੈ।
ਬਰਨਾਲਾ ਦੇ ਸੋਹਲ ਪੱਤੀ ਆਈਸੋਲੇਸ਼ਨ ਕੇਂਦਰ ਤੋਂ ਪਿੰਡ ਤਾਜੋਕੇ ਦੇ ਹੈਲਥ ਐਂਡ ਵੈਲਨੈਸ ਸੈਂਟਰ ਵਿਖੇ ਪਹੁੰਚਣ ’ਤੇ ਜਸਵੀਰ ਸਿੰਘ ਨੂੰ ਸੀਨੀਅਰ ਮੈਡੀਕਲ ਅਫਸਰ ਜਸਵੀਰ ਸਿੰਘ ਔਲਖ ਨੇ ਗੁਲਦਸਤਾ ਭੇਟ ਕੀਤਾ ਅਤੇ ਸਿਹਤ ਕਰਮਚਾਰੀਆਂ, ਪੰਚਾਇਤ ਤੇ ਪਰਿਵਾਰਕ ਮੈਂਬਰਾਂ ਨੇ ਤਾੜੀਆਂ ਵਜਾ ਕੇ ਉਸ ਦਾ ਸਵਾਗਤ ਕੀਤਾ ਗਿਆ। ਭਾਵੁਕ ਮਾਹੌਲ ਵਿਚ ਮਾਪਿਆਂ ਨੇ ਡਾਕਟਰੀ ਸਟਾਫ ਤੇ ਸਿਹਤ ਵਿਭਾਗ ਵੱੱਲੋਂ ਇਲਾਜ ਦੌਰਾਨ ਜਸਵੀਰ ਸਿੰਘ ਦੀ ਵਧੀਆ ਦੇਖਭਾਲ ਕਰਨ ਅਤੇ ਤੰਦਰੁਸਤ ਘਰ ਵਾਪਸੀ ’ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਧੰਨਵਾਦ ਕੀਤਾ।
ਇਸ ਮੌਕੇ ਐਸਐਮਓ ਡਾ. ਜਸਬੀਰ ਸਿੰਘ ਔਲਖ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਦੀ ਅਗਵਾਈ ਵਿਚ ਸਿਹਤ ਵਿਭਾਗ ਕਰੋਨਾ ਵਿਰੁੱਧ ‘ਮਿਸ਼ਨ ਫਤਿਹ’ ਵਿਚ ਜੁਟਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿੰਡ ਤਾਜੋਕੇ ਦੇ ਨੌਜਵਾਨ ਦੀ ਕੋਵਿਡ ਟੈਸਟ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਅੱਜ ਉਸ ਨੂੰ ਘਰ ਭੇਜ ਦਿੱਤਾ ਗਿਆ ਹੈ। ਹੁਣ ਜ਼ਿਲ੍ਹੇ ਵਿਚ ਕਰੋਨਾ ਵਾਇਰਸ ਦੇ 2 ਐਕਟਿਵ ਕੇਸ ਰਹਿ ਗਏ ਹਨ।
ਇਸ ਮੌਕੇ ਸਰਪੰਚ ਗੁਰਮੀਤ ਸਿੰਘ, ਪੰਚਾਇਤ ਮੈਂਬਰ ਇੰਦਰਜੀਤ ਸਿੰਘ, ਬਲਵੀਰ ਸਿੰਘ, ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ, ਸੀਐਚਓ ਗਗਨਦੀਪ ਕੌਰ, ਸੁਪਰਵਾਈਜ਼ਰ ਜਸਪਾਲ ਸਿੰਘ, ਸਿਹਤ ਕਰਮਚਾਰੀ ਸੰਜੇ ਮਲਹੋਤਰਾ, ਸੰਦੀਪ ਕੌਰ ਤੇ ਆਸ਼ਾ ਵਰਕਰ ਮੌਜੂਦ ਸਨ।