ਪਟਿਆਲਾ : ਪਟਿਆਲਾ ਦੇ ਜਿਲ੍ਹਾ ਤੇ ਸੈਸਨ ਜੱਜ ਸ੍ਰੀ ਰਾਜਿੰਦਰ ਅਗਰਵਾਲ ਵੱਲੋਂ ਚਿਲਡਰਨ ਹੋਮ ਰਾਜਪੁਰਾ ਵਿਖੇ ਰਹਿ ਰਹੇ ਬੱਚਿਆਂ ਨਾਲ ਵੀਡਿਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ ਗਈ । ਇਸ ਦੌਰਾਨ ਉਹਨਾਂ ਨੇ ਚਿਲਡਰਨ ਹੋਮ ਵਿੱਚ ਰਹਿ ਰਹੇ ਬੱਚਿਆਂ ਤੋਂ ਉਨ੍ਹਾਂ ਦੇ ਰਹਿਣ-ਸਹਿਣ, ਪੜ੍ਹਾਈ ਅਤੇ ਕਿਸੇ ਤਰ੍ਹਾਂ ਦੀ ਸ਼ਿਕਾਇਤ ਹੋਣ ਸਬੰਧੀ ਵੀ ਖੁੱਲ੍ਹ ਕੇ ਗੱਲਬਾਤ ਕੀਤੀ । ਉਹਨਾਂ ਸੈਂਟਰ ਦੇ ਪ੍ਰਬੰਧਕਾਂ ਨੂੰ ਕੋਰੋਨਾ ਵਾਇਰਸ ਦੀ ਸਥਿਤੀ ਦੇ ਮੱਦੇਨਜ਼ਰ ਬੱਚਿਆਂ ਨੂੰ ਸਮਾਜਿਕ ਦੂਰੀ , ਹੱਥਾਂ ਨੂੰ ਵਾਰ ਵਾਰ ਧੋਣ ਤੇ ਮਾਸਕ ਦੀ ਵਰਤੋਂ ਲਈ ਕਿਹਾ ਗਿਆ ਇਸ ਤੋਂ ਇਲਾਵਾ ਸਿਹਤ ਅਤੇ ਸਿੱਖਿਆ ਦਾ ਵਿਸ਼ੇਸ਼ ਧਿਆਨ ਰੱਖਣ ਦੀ ਹਦਾਇਤ ਕੀਤੀ ਅਤੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ।
ਸ਼੍ਰੀ ਰਜਿੰਦਰ ਅਗਰਵਾਲ ਨੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿੱਚ ਕਿਸੇ ਪ੍ਰਕਾਰ ਦੀ ਢਿੱਲ ਮੱਠ ਨਾ ਵਰਤੀ ਜਾਵੇ । ਵੀਡੀਓ ਕਾਨਫਰੰਸ ਦੌਰਾਨ ਪ੍ਰਬੰਧਕਾਂ ਵੱਲੋਂ ਬੱਚਿਆਂ ਲਈ ਮਾਸਕਾਂ ਦੀ ਮੰਗ ਕੀਤੀ ਗਈ ਜਿਸ ‘ਤੇ ਸ਼੍ਰੀ ਅਗਰਵਾਲ ਵੱਲੋਂ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਨੂੰ ਹਦਾਇਤ ਕੀਤੀ ਗਈ ਕਿ ਇਸ ਚਿਲਡਰਨ ਹੋਮ ਵਿੱਚ ਮਾਸਕ ਪ੍ਰਦਾਨ ਕਰਵਾਏ ਜਾਣ ।
ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਮਿਸ ਪਰਮਿੰਦਰ ਕੌਰ ਵੱਲੋ ਚਿਲਡਰਨ ਹੋਮ ਵਿੱਚ ਬੱਚਿਆਂ ਵਿੱਚ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਮਾਸਕ ਵੰਡੇ ਗਏ ।ਇਸ ਮੌਕੇ ਚਿਲਡਰਨ ਹੋਮ ਰਾਜਪੂਰਾ ਦੀ ਸੁਪਰਡੈਂਟ ਜਸਬੀਰ ਕੌਰ ਅਤੇ ਸ੍ਰੀ ਪਵਨ ਕੁਮਾਰ ਪੀ.ਐਲ.ਵੀ. ਵਿਸ਼ੇਸ਼ ਤੌਰ ‘ਤੇ ਹਾਜਰ ਰਹੇ । ਚਿਲਡਰਨ ਹੋਮ ਦੇ ਪ੍ਰਬੰਧਕਾ ਵੱਲੋ ਧੰਨਵਾਦ ਕੀਤਾ ਗਿਆ।