ਜਲੰਧਰ : ਪੰਜਾਬ ਵਿਚ ਕਰੋਨਾ ਦੀ ਲਾਗ ਦੇ ਸੱਜਰੇ 13 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਥਿਤੀ ਖ਼ਰਾਬ ਹੋ ਗਈ ਹੈ। ਇਸ ਤੋਂ ਇਲਾਵਾ ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਪਠਾਨਕੋਟ ਦੇ ਮਰੀਜ਼ ਨੇ ਦਮ ਤੋੜ ਦਿੱਤਾ। ਜਲੰਧਰ ਜ਼ਿਲ੍ਹੇ ਦੇ 10 ਅਤੇ ਸੰਗਰੂਰ ਜ਼ਿਲ੍ਹੇ ਦੇ 3 ਪਾਜ਼ੇਟਿਵ ਮਾਮਲੇ ਦਰਜ ਹੋਏ ਹਨ।
ਜਾਣਕਾਰੀ ਮੁਤਾਬਕ ਪਠਾਨਕੋਟ ਦੇ ਕਰੋਨਾ ਪਾਜ਼ੇਟਿਵ 60 ਸਾਲਾ ਵਿਅਕਤੀ ਦੀ ਹਾਲਤ ਬਹੁਤ ਹੀ ਜ਼ਿਆਦਾ ਗੰਭੀਰ ਚਲੀ ਆ ਰਹੀ ਸੀ ਜਿਸ ਕਾਰਨ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਹੋਇਆ ਸੀ, ਜਿਸ ਦੀ ਅੱਜ ਮੌਤ ਹੋ ਗਈ। ਇਸ ਦੇ ਨਾਲ ਹੀ ਕਰੋਨਾ ਮਹਾਮਾਰੀ ਕਾਰਨ ਪੰਜਾਬ ਵਿਚ ਇਹ 47ਵੀਂ ਮੌਤ ਹੈ।
ਇਸ ਤੋਂ ਇਲਾਵਾ ਗੜ੍ਹਦੀਵਾਲਾ ਦੇ ਪਿੰਡ ਭਾਨਾ ਦਾ ਇਕ ਵਿਅਕਤੀ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ। ਜਿਹੜਾ ਮਰੀਜ਼ ਪਿੰਡ ਭਾਨਾ ਦਾ ਪਾਜ਼ੇਟਿਵ ਪਾਇਆ ਗਿਆ ਹੈ ਉਸ ਦੀ ਪਛਾਣ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਲਛਕਰ ਸਿੰਘ ਵਜੋਂ ਹੋਈ ਹੈ ਜਿਹੜਾ ਕਿ ਕਿਸੇ ਮਾਮਲੇ ਦੇ ਸਬੰਧ ‘ਚ ਲੁਧਿਆਣਾ ਜੇਲ ਵਿਚ ਸੀ ਤੇ 28 ਮਈ ਨੂੰ ਉਸ ਦੀ ਜ਼ਮਾਨਤ ਹੋਣ ‘ਤੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ। 27 ਮਈ ਨੂੰ ਉਸ ਦਾ ਕੋਵਿਡ-19 ਟੈਸਟ ਕਰਵਾਇਆ ਗਿਆ ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ।
ਜੇਕਰ ਪੰਜਾਬ ਵਿਚਲੇ ਕਰੋਨਾ ਪੀੜਤਾਂ ਦੀ ਗਿਣਤੀ ਦਾ ਅੰਕੜਿਆ ਵੇਖਿਆ ਜਾਵੇ ਤਾਂ ਗਿਣਤੀ 2300 ਤੋਂ ਟੱਪ ਗਈ ਹੈ। ਇਸ ਤੋਂ ਇਲਾਵਾ ਦਹਿਸ਼ਤ ਭਰੇ ਮਾਹੌਲ ਵਿੱਚ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2006 ਮਰੀਜ਼ ਇਸ ਨਾਮੁਰਾਦ ਬਿਮਾਰੀ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 296 ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 47 ਲੋਕਾਂ ਦੀ ਮੌਤ ਹੋ ਚੁੱਕੀ ਹੈ।